ਏਹੁ ਹਮਾਰਾ ਜੀਵਣਾ ਹੈ -212

ਬਰਜਿੰਦਰ ਕੌਰ ਬਿਸਰਾਓ.

(ਸਮਾਜ ਵੀਕਲੀ)

ਪਿਆਰ ਮਨੁੱਖ ਅੰਦਰੋਂ ਉਪਜਿਆ ਇੱਕ ਸਹਿਜ ਸੁਭਾਅ ਮਨੋ ਵਲਵਲਾ ਹੁੰਦਾ ਹੈ ਜੋ ਆਪਣੇ ਅੰਦਰ ਬਹੁਤ ਕੁਝ ਸਮਾਈ ਬੈਠਾ ਹੁੰਦਾ ਹੈ।ਇਸ ਨੂੰ ਬੁੱਝਣਾ ਬਹੁਤ ਮੁਸ਼ਕਲ ਹੈ। ਇਸ ਦਾ ਭੇਤ ਉਹੀ ਪਾ ਸਕਦਾ ਹੈ, ਜੋ ਇਸ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ।ਕਵੀਆਂ ਨੇ ਪਿਆਰ ਦੀ ਸਮੁੰਦਰਾਂ ਦੀ ਗਹਿਰਾਈ, ਫੁੱਲਾਂ ਦੀ ਖੁਸ਼ਬੋ , ਚੰਨ ਤੇ ਚਕੋਰ, ਤਾਰਿਆਂ ਦੀ ਲੋਅ ਅਤੇ ਹਵਾ ਵਿੱਚ ਉੱਡਦੇ ਰੰਗ ਬਿਰੰਗੇ ਪੰਛੀਆਂ ਨਾਲ਼ ਤੁਲਨਾ ਕੀਤੀ ਹੈ।ਕਿਤੇ ਇਸ ਨੂੰ ਕੁਦਰਤ ਦੇ ਰੰਗ ਦੇ ਅਨੁਭਵ ਦੇ ਰੂਪ ਵਿੱਚ ਪ੍ਰਗਟਿਆ ਹੈ, ਜਿਸ ਨੂੰ ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈ। ਕਿਤੇ ਪਿਆਰ ਨੂੰ ਮਨੁੱਖ ਦੇ ਅੰਦਰ ਦੀ ਇੱਕ ਭਾਵਨਾ ਦੱਸਿਆ ਹੈ ਜੋ ਉਸ ਕੋਲ ਵੱਖੋ ਵੱਖਰੀਆਂ ਸਥਿਤੀਆਂ ਵਿੱਚ ਪੈਦਾ ਹੁੰਦੀ ਹੈ।ਆਮ ਤੌਰ ਤੇ ਪਿਆਰ ਇੱਕ ਸੁਭਾਅ ਹੁੰਦਾ ਹੈ ਜੋ ਕਿਸੇ ਦੂਜੇ ਜੀਵ ਭਾਵ ਜਾਨਵਰ ਜਾਂ ਵਿਅਕਤੀ ਜਾਂ ਸਥਿਤੀ ਦੇ ਪ੍ਰਤੀ ਹੁੰਦਾ ਹੈ।

ਹਰ ਸਮਾਜ ਅਤੇ ਦੇਸ਼ ਵਿੱਚ ਪੁਰਾਣੇ ਸਮਿਆਂ ਤੋਂ ਲੈ ਕੇ ਅਜੋਕੇ ਸਮੇਂ ਵਿੱਚ ਹੀਰ ਰਾਂਝਾ,ਸੱਸੀ ਪੁੰਨੂੰ, ਮਿਰਜ਼ਾ ਸਾਹਿਬਾਂ ਆਦਿ ਅਨੇਕਾਂ ਪ੍ਰੇਮ ਕਥਾਵਾਂ ਪ੍ਰਚਲਿਤ ਹਨ ਜਿਨ੍ਹਾਂ ਵਿੱਚੋਂ ਕਈ ਤਰ੍ਹਾਂ ਦੇ ਪ੍ਰੇਰਣਾਦਾਇਕ ਸਬਕ ਵੀ ਸਿੱਖਣ ਨੂੰ ਮਿਲਦੇ ਹਨ।ਪਰ ਪਿਆਰ ਭਾਵਨਾ ਨਾਲ ਜੁੜਿਆ ਹੋਇਆ ਹੋਣ ਕਰਕੇ ਇਸ ਦਾ ਸੰਬੰਧ ਮਨੁੱਖ ਦੇ ਅੰਤਰੀਵ ਭਾਵ ਨਾਲ ਜੁੜਿਆ ਹੋਇਆ ਹੁੰਦਾ ਹੈ । ਪਿਆਰ ਕਿਸੇ ਹੋਰ ਵਿਅਕਤੀ, ਜਾਨਵਰ ਜਾਂ ਚੀਜ਼ ਵੱਲ ਨਿਰਦੇਸ਼ਤ ਹੁੰਦਾ ਹੈ ਅਤੇ ਇਹ ਸਥਾਈ ਜਾਂ ਅਸਥਾਈ ਹੋ ਸਕਦਾ ਹੈ।ਪਿਆਰ ਘਰ ਤੋਂ ਸ਼ੁਰੂ ਹੋ ਕੇ ਲਗਭਗ ਹਰੇਕ ਰਿਸ਼ਤੇ ਵਿੱਚੋਂ ਦੀ ਵਿਚਰਦਾ ਹੈ ਭਾਵੇਂ ਉਹ ਰਿਸ਼ਤਾ ਮਾਤਾ ਪਿਤਾ ,ਭੈਣ ਭਰਾ, ਪਤੀ ਪਤਨੀ, ਜਾਂ ਹੋਰ ਰਿਸ਼ਤੇਦਾਰ ਸਾਕ ਸੰਬੰਧੀ ਜਾਂ ਦੋਸਤ ਮਿੱਤਰ ਦਾ ਹੋਵੇ ।

ਪਿਆਰ ਤੋਂ ਬਿਨਾਂ ਜ਼ਿੰਦਗੀ ਅਧੂਰੀ ਹੈ,ਇਸ ਵਿੱਚ ਖ਼ਾਲੀਪਣ ਭਰ ਕੇ ਨਿਰਾਸ਼ਤਾ ਭਾਰੂ ਹੋ ਸਕਦੀ ਹੈ।ਅਣਜਾਣ ਵਿਅਕਤੀ ਪ੍ਰਤੀ ਪਿਆਰ ਇੱਕ ਉਹ ਅਨੁਭਵ ਹੈ ,ਜਿਹੜਾ ਕਿਸੇ ਨੂੰ ਬੋਲ ਕੇ ਦੱਸਣ ਦਾ ਨਹੀ ਹੁੰਦਾ ਬਸ ਇਹ ਇੱਕ ਅਹਿਸਾਸ ਹੁੰਦਾ, ਜੋਂ ਕਿਸੇ ਦੀਆਂ ਚੰਗਿਆਈਆਂ ਦੇਖ਼ ਕੇ,ਕਿਸੇ ਦਾ ਕੋਈ ਗੁਣ ਦੇਖ ਕੇ, ਸ਼ਕਲ ਦੇਖਕੇ ਹੋ ਜਾਂਦਾ। ਪਿਆਰ ਕਿਸੇ ਨਾਲ ਵੀ ਹੋ ਜਾਵੇ ਤਾਂ ਇਹ ਇੱਕੋ ਇਨਸਾਨ ਚ ਪੂਰੀ ਦੁਨੀਆ ਦੇ ਦਰਸ਼ਨ ਕਰਵਾ ਦਿੰਦਾ, ਤੇ ਅਗਰ ਪਿਆਰ ਦੂਰ ਹੋ ਜਾਵੇ ਤਾਂ ਦੁਨੀਆ ਦਾ ਅਹਿਸਾਸ ਵੀ ਖਤਮ ਹੋ ਜਾਂਦਾ ਹੈ।ਜੇ ਦੇਖਿਆ ਜਾਏ ਤਾਂ ਪਿਆਰ ਦਾ ਵਲਵਲਾ ਤਾਂ ਸੁਰਤ ਸੰਭਾਲਦੇ ਹੀ ਅੰਦਰ ਪੈਦਾ ਹੋਣ ਲੱਗਦਾ ਹੈ। ਜਿਵੇਂ ਜਿਵੇਂ ਦੂਜਿਆਂ ਦੀਆਂ ਭਾਵਨਾਵਾਂ ਆਪਣੇ ਪ੍ਰਤੀ ਸਮਝ ਲੱਗਦੀਆਂ ਹਨ ਉਨ੍ਹਾਂ ਮੁਤਾਬਕ ਹੀ ਪਿਆਰ ਦਾ ਮਿਆਰ ਤੈਅ ਹੁੰਦਾ ਹੈ।

ਪਿਆਰ ਦਾ ਭਾਵ ਤਾਂ ਜਾਨਵਰਾਂ ਤੇ ਪੰਛੀਆਂ ਵਿੱਚ ਵੀ ਇੱਕ ਦੂਜੇ ਪ੍ਰਤੀ, ਆਪਣੇ ਬੱਚਿਆਂ ਪ੍ਰਤੀ ਓਨਾ ਹੀ ਹੁੰਦਾ ਹੈ ਜਿਵੇਂ ਇਨਸਾਨਾਂ ਅੰਦਰ ਹੁੰਦਾ ਹੈ। ਪਿਆਰ ਦਾ ਵਲਵਲਾ ਪੈਦਾ ਤਾਂ ਸਭ ਦੇ ਅੰਦਰ ਹੁੰਦਾ ਹੈ ਪਰ ਇਸ ਨੂੰ ਸਥਾਈ ਰੂਪ ਵਿੱਚ ਸੰਭਾਲਣਾ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਹੈ। ਪਦਾਰਥਵਾਦੀ ਯੁੱਗ ਵਿੱਚ ਵਸਤੂਆਂ ਅਤੇ ਦੂਜੇ ਦਾ ਧਨ ਪਿਆਰ ਦੀ ਗੂੜ੍ਹਤਾ ਨੂੰ ਤੈਅ ਕਰਦਾ ਹੈ। ਇਸ ਨੂੰ ਚਾਹੇ ਪਿਆਰ ਦਾ ਨਾਂ ਬੇਸ਼ੱਕ ਦੇ ਦਿੱਤਾ ਜਾਵੇ ਪਰ ਇਹ ਅਸਥਾਈ ਖਿੱਚ ਹੁੰਦੀ ਹੈ ਜੋ ਸਿਰਫ਼ ਸਵਾਰਥ ਜਾਂ ਬਣਾਵਟੀ ਚਮਕ ਦੀ ਓਪਰੀ ਪਰਤ ਵਾਲੀ ਖਿੱਚ ਹੁੰਦੀ ਹੈ। ਅਸਲ ਵਿੱਚ ਪਿਆਰ ਸਾਰੇ ਸਵਾਰਥਾਂ ਤੋਂ ਉੱਪਰ ਉੱਠ ਕੇ ਰੂਹ ਤੋਂ ਪੈਦਾ ਹੋਇਆ ਅਹਿਸਾਸ ਹੁੰਦਾ ਹੈ ਜਿਸ ਨੂੰ ਉਹੀ ਨਿਭਾਅ ਸਕਦਾ ਹੈ ਜਿਸ ਦੇ ਅੰਦਰ ਪਦਾਰਥਕ ਖਿੱਚ ਕੋਈ ਮਾਇਨੇ ਨਾ ਰੱਖਦੀ ਹੋਵੇ ।

ਦੂਜਿਆਂ ਪ੍ਰਤੀ ਪਿਆਰ ਦਾ ਭਾਵ ਪੈਦਾ ਕਰਨ ਲਈ ਮਨੁੱਖ ਨੂੰ ਪਹਿਲਾਂ ਆਪਣੇ ਆਪ ਨਾਲ ਪਿਆਰ ਕਰਨ ਦੀ ਸਮਝ ਹੋਣੀ ਬਹੁਤ ਜ਼ਰੂਰੀ ਹੈ।ਜਿਹੜਾ ਵਿਅਕਤੀ ਆਪਣੇ ਆਪ ਨਾਲ ਪਿਆਰ ਨਹੀਂ ਕਰ ਸਕਦਾ ਉਸ ਅੰਦਰ ਦੂਜਿਆਂ ਪ੍ਰਤੀ ਇਹ ਭਾਵਨਾ ਖਾਲਸਾ ਰੂਪ ਵਿੱਚ ਨਹੀਂ ਉਪਜ ਸਕਦੀ। ਕਿਉਂ ਕਿ ਇਹ ਹਰ ਕਿਸੇ ਦੇ ਅੰਦਰੋਂ ਉਪਜੀਆਂ ਹੋਈਆਂ ਵਲਵਲਿਆਂ ਦੀਆਂ ਤਰੰਗਾਂ ਦਾ ਇੱਕ ਧੁਰਾ ਹੀ ਤਾਂ ਹੁੰਦਾ ਹੈ ਜਿਸ ਨੂੰ ਮਨੁੱਖ ਆਪਣੇ ਅਹਿਸਾਸਾਂ ਨਾਲ ਜਿੰਨੀ ਦੂਰ ਤੱਕ ਚਾਹੇ ਫੈਲਾ ਸਕਦਾ ਹੈ। ਅਸਲ ਵਿੱਚ ਮਨੁੱਖੀ ਜੀਵਨ ਵਿੱਚ ਇਹੀ ਪਿਆਰ ਦੀ ਪਰਿਭਾਸ਼ਾ ਹੈ ਤੇ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ 

9988901324

Previous articleਜਸਵੀਰ ਕੌਰ ਮੰਡਿਆਣੀ ਨੇ ਮਾਰਿਆ ਗੋਲਡ ਮੈਡਲਾਂ ਦਾ ਚੌਕਾ
Next articleਸਤਿਕਾਰ