(ਸਮਾਜ ਵੀਕਲੀ)
ਹਰ ਲੇਖਕ ਦੀ ਰਚਨਾ ਉਦੋਂ ਸਫ਼ਲ ਹੋ ਜਾਂਦੀ ਹੈ ਜਦੋਂ ਉਸ ਦੇ ਪਾਠਕ ਉਹਨਾਂ ਨੂੰ ਪੜ੍ਹਨ ਤੋਂ ਬਾਅਦ ਫੋਨ ਕਰਕੇ ਰਚਨਾ ਅਤੇ ਰਚਨਾਕਾਰ ਦਾ ਆਪਣੇ ਸੁੰਦਰ ਲਫ਼ਜ਼ਾਂ ਰਾਹੀਂ ਵਿਸ਼ਲੇਸ਼ਣ ਕਰਕੇ ਉੱਤਮ ਸਾਬਤ ਕਰ ਦੇਣ।ਅਸਲ ਵਿੱਚ ਪਾਠਕਾਂ ਦੁਆਰਾ ਰਚਨਾ ਨੂੰ ਪਿਆਰ ਮਿਲਣਾ ਲੇਖ਼ਕ ਦੀ ਲਿਖ਼ਣ ਸ਼ੈਲੀ ਨੂੰ ਨਿਖ਼ਾਰਨ ਲਈ ਕਿਸੇ ਊਰਜਾ ਸ਼ਕਤੀ ਤੋਂ ਘੱਟ ਨਹੀਂ ਹੁੰਦਾ। ਅਖ਼ਬਾਰਾਂ ਵਿੱਚ ਛਪੀਆਂ ਰਚਨਾਵਾਂ ਪੜ੍ਹ ਕੇ ਪਾਠਕ ਜਦ ਮੇਰੇ ਨਾਲ ਗੱਲ ਬਾਤ ਕਰਦੇ ਹਨ ਤਾਂ ਮੈਂ ਉਹਨਾਂ ਦੇ ਫੋਨ ਖਿੜੇ ਮੱਥੇ ਸਵੀਕਾਰ ਕਰਦੀ ਹਾਂ ਕਿਉਂਕਿ ਮੇਰੇ ਲਈ ਸਾਰੇ ਪਾਠਕ ਬਹੁਤ ਹੀ ਸਨਮਾਨ ਯੋਗ ਹਸਤੀਆਂ ਹਨ। ਹੁਣ ਤਾਂ ਮੇਰੇ ਨਾਲ ਪੱਕੀ ਤਰ੍ਹਾਂ ਜੁੜੇ ਪਾਠਕ ਮੇਰੇ ਪਰਿਵਾਰ ਜਾਂ ਰਿਸ਼ਤੇਦਾਰਾਂ ਵਾਂਗ ਲੱਗਦੇ ਹਨ। ਕੋਈ ਲਿਖਤ ਤੇ ਜੇ ਉਹਨਾਂ ਵਿੱਚੋਂ ਕਿਸੇ ਦਾ ਫੋਨ ਨਾ ਆਵੇ ਤਾਂ ਦਿਮਾਗ਼ ਵਿੱਚ ਉਹਨਾਂ ਦਾ ਖਿਆਲ ਜ਼ਰੂਰ ਆਉਂਦਾ ਹੈ।
ਅਨਵਰ ਭਾਈ ਜਦ ਆਪਣੀ ਮਿੱਠੀ ਪਾਕਿਸਤਾਨੀ ਲਹਿਜ਼ੇ ਦੀ ਪੰਜਾਬੀ ਵਿੱਚ ਗੱਲ ਕਰਦੇ ਹਨ ਤਾਂ ਜਿਵੇਂ ਕੰਨਾਂ ਵਿੱਚ ਮਿਸ਼ਰੀ ਘੋਲ ਰਹੇ ਹੋਣ। ਉਹਨਾਂ ਨਾਲ਼ ਗੱਲ ਕਰਕੇ ਸੱਚਮੁੱਚ ਬਹੁਤ ਚੰਗਾ ਲੱਗਦਾ ਹੈ ਕਿਉਂਕਿ ਕਿ ਐਨੀ ਸੋਹਣੀ ਮਿੱਠੀ ਅਵਾਜ਼ ਤੇ ਤਹਿਜ਼ੀਬ ਦਾ ਮਿਸ਼ਰਣ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ।
“ਅੱਜ ਤੇ ਤੁਸਾਂ ਕਮਾਲ ਕਰ ਛੱਡਿਆ ਏ…. ਕਿਆ ਖੂਬ ਲਿਖ਼ਦੇ ਹੋ ਤੁਸੀਂ…. ਅੱਜ ਮੈਂ ਤੁਹਾਡੀ ਰਚਨਾ ਪੜ੍ਹੀ ਤੇ ਕਮਾਲ ਈ ਕੀਤੀ ਪਈ ਜੇ ਤੁਸਾਂ…. ਪੜ੍ਹ ਕੇ ਮਨ ਖ਼ੁਸ਼ ਹੋ ਗਿਆ…..!” ਸ਼ੁਰੂਆਤੀ ਗੱਲ ਇਸ ਤਰ੍ਹਾਂ ਹੀ ਸ਼ੁਰੂ ਹੁੰਦੀ ਸੀ।
ਇਸ ਵਾਰ ਉਹਨਾਂ ਦਾ ਫੋਨ ਆਇਆ ਤਾਂ ਮੈਂ ਵੀ ਆਖਿਆ,”ਭਾਈ ਜਾਨ! ਤੁਹਾਡੀਆਂ ਦੋ ਗੈਰਹਾਹਜ਼ਰੀਆਂ ਲੱਗ ਗਈਆਂ ਨੇ…. ਤੁਸੀਂ ਦੋ ਰਚਨਾਵਾਂ ਤੇ ਫੋਨ ਨਹੀਂ ਕੀਤਾ….!” ਉਹਨਾਂ ਨੇ ਦੱਸਿਆ ਕਿ ਉਹਨਾਂ ਕੋਲ ਲਹਿੰਦੇ ਵੱਲੋਂ ਮਹਿਮਾਨ ਆਏ ਹੋਣ ਕਰਕੇ ਮਸ਼ਰੂਫ਼ ਸਨ।ਫਿਰ ਗੱਲਾਂ ਕਰਦੇ ਕਰਦੇ ਅਨਵਰ ਭਾਈ ਆਖਣ ਲੱਗੇ,”ਮੈਨੂੰ ਤੁਹਾਡੇ ਨਾਲ ਗੱਲ ਕਰਕੇ ਜ਼ਰਾ ਅਹਿਸਾਸ ਨਹੀਂ ਹੁੰਦਾ ਕਿ ਮੈਂ ਕਿਸੇ ਹੋਰ ਨਾਲ ਗੱਲ ਕਰਨਾ ਪਿਆ ਆਂ…. ਮੇਰੀ ਇੱਕ ਭਾਬੀ ਸ਼ਬਨਮ ਲਾਹੌਰ ਰਹਿੰਦੀ ਜੇ…. ਉਸ ਦੀ ਅਵਾਜ਼ ਤੇ ਤੁਸਾਂ ਦੀ ਅਵਾਜ਼….. ਹੂਬਹੂ….. ਓਹੀ ਜੇ…. ਜ਼ਰਾ ਜਿੰਨਾ ਵੀ ਫਰਕ ਨਹੀਂ ਜੇ…. ਮੈਂ ਤੇ ਓਧਰ ਵੀ ਗੱਲ ਕਰਨਾਂ…..ਤੇ ਸ਼ਬਨਮ ਨੂੰ ਦੱਸਨਾਂ ਏ ਆਂ ਕਿ ….. ਮੈਂ ਏਧਰ ਵੀ ਇੱਕ ਸ਼ਬਨਮ ਨਾਲ਼ ਗੱਲ ਕਰਨਾ ਵਾਂ…… ਕਿਉਂ ਕਿ ਓਹੀ ਹੱਸਣ ਦੀ ਅਵਾਜ਼……ਓਹੀ ਗੱਲ ਕਰਨ ਦਾ ਲਹਿਜ਼ਾ….. ਓਹੀ ਅਵਾਜ਼……. ਮੈਨੂੰ ਤੇ ਕਈ ਵਾਰੀ ਖ਼ੁਦ ਭੁਲੇਖਾ ਪੈ ਜਾਂਦਾ ਜੇ…..ਕਿ ਮੈਂ ਸ਼ਬਨਮ ਨਾਲ਼ ਗੱਲ ਕਰਨਾ ਜਾਂ ਤੁਹਾਡੇ ਨਾਲ…..!”
ਅਨਵਰ ਭਾਈ ਦੀ ਗੱਲ ਸੁਣ ਕੇ ਮੈਨੂੰ ਬੜੀ ਖੁਸ਼ੀ ਹੋਈ ਤੇ ਮੈਂ ਆਖਿਆ,”ਭਾਈ ਸਾਹਿਬ, ਮੈਂ ਸ਼ਬਨਮ ਜੀ ਨੂੰ ਜ਼ਰੂਰ ਮਿਲਣਾ ਚਾਹਵਾਂਗੀ….ਕਿ ਮੇਰਾ ਇੱਕ ਕਿਰਦਾਰ ਲਾਹੌਰ ਵਿੱਚ ਵੀ ਹੈ….!”
“…..ਤੇ ਸ਼ਬਨਮ ਵੀ ਆਂਹਦੀ ਏ ਕਿ ਮੈਂ ਚੜ੍ਹਦੇ ਵੱਲ ਆਈ ਤਾਂ ਮਿਲਣਾ ਚਾਹਵਾਂਗੀ….ਮੇਰੇ ਲਈ ਤੇ ਤੁਸੀਂ ਸਾਡੀ ਸ਼ਬਨਮ ਈ ਓ…. ਮੈਂ ਤੇ ਤੁਹਾਡੇ ਨਾਲ ਗੱਲ ਕਰਕੇ ਕਹਿ ਛੱਡਨਾਂ ਕਿ ਮੈਂ ਸ਼ਬਨਮ ਨਾਲ਼ ਗੱਲ ਕਰਕੇ ਹਟਿਆਂ…..!”ਅਨਵਰ ਭਾਈ ਨੇ ਕਿਹਾ।
ਮੈਂ ਫੋਨ ਤੇ ਗੱਲ ਕਰਨ ਤੋਂ ਬਾਅਦ ਬਹੁਤ ਦੇਰ ਤੱਕ ਆਪਣੇ ਆਪ ਨੂੰ ਸ਼ਬਨਮ ਮਹਿਸੂਸ ਕਰਦੀ ਰਹੀ ਤੇ ਹੁਣ ਵੀ ਜਦੋਂ ਮੈਨੂੰ ਅਨਵਰ ਭਾਈ ਦਾ ਫੋਨ ਆਉਂਦਾ ਹੈ ਤਾਂ ਮੈਨੂੰ ਆਪਣੇ ਆਪ ਵਿੱਚੋਂ ਸ਼ਬਨਮ ਦਾ ਕਿਰਦਾਰ ਨਜ਼ਰ ਆਉਣ ਲੱਗਦਾ ਹੈ। ਅਨਵਰ ਭਾਈ ਦੀ ਗੱਲ ਸੁਣ ਕੇ ਮੈਨੂੰ ਲੱਗਿਆ ਕਿ ਧਰਤੀ ਤੇ ਖਿੱਚੀਆਂ ਲਕੀਰਾਂ ਚਾਹੇ ਦੋ ਭਰਾਵਾਂ ਜਾਂ ਮੁਲਕਾਂ ਵਿੱਚ ਵੰਡੀਆਂ ਪਾ ਕੇ ਦੀਵਾਰਾਂ ਖੜੀਆਂ ਕਰ ਦਿੰਦੀਆਂ ਹਨ ਪਰ ਕਿਰਦਾਰ ਤਾਂ ਸਾਂਝੇ ਹੀ ਰਹਿੰਦੇ ਹਨ …..ਇਹਨਾਂ ਨੂੰ ਕੋਈ ਵੱਖ ਨਹੀਂ ਕਰ ਸਕਦਾ…. ਇਹਨਾਂ ਦੀ ਰੰਗਤ ਨੂੰ ਕੋਈ ਫਿੱਕਾ ਨਹੀਂ ਕਰ ਸਕਦਾ…. ਚਾਹੇ ਉਹ ਚੜ੍ਹਦੇ ਵੱਲ ਹੋਣ ਜਾਂ ਲਹਿੰਦੇ ਵੱਲ…।
ਹੁਣ ਮੈਨੂੰ ਸ਼ਬਨਮ ਬਣ ਕੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਦਾ ਸਾਂਝਾ ਕਿਰਦਾਰ ਹੋਣ ਤੇ ਆਪਣੇ ਆਪ ਵਿੱਚ ਫ਼ਖ਼ਰ ਜਿਹਾ ਮਹਿਸੂਸ ਹੋਣ ਲੱਗ ਪਿਆ ਹੈ। ਮੈਂ ਸੋਚਦੀ ਹਾਂ ਕਿ ਧਰਮ, ਦੇਸ਼ਾਂ ਕੌਮਾਂ ਦੇ ਤਾਂ ਨਫ਼ਰਤਾਂ ਵਾਲ਼ਿਆਂ ਵੱਲੋਂ ਹੀ ਬਟਵਾਰੇ ਕੀਤੇ ਗਏ ਹਨ ਪਰ ਪਿਆਰ ਕਰਨ ਵਾਲੇ ਤਾਂ ਇੱਕ ਦੂਜੇ ਦੇ ਅਕਸ ਵਿੱਚੋਂ ਇੱਕ ਦੂਜੇ ਨੂੰ ਲੱਭਦੇ ਹਨ ਕਿਉਂਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324