(ਸਮਾਜ ਵੀਕਲੀ)
ਚੁਗਲ ਮੰਡਲੀ ਸਾਡੇ ਸਮਾਜ ਦਾ ਇੱਕ ਅਹਿਮ, ਅਟੁੱਟ ਅਤੇ ਅਨਿੱਖੜਵਾਂ ਅੰਗ ਹੈ। ਜਿਹੜੇ ਪਿੰਡਾਂ, ਗਲ਼ੀਆਂ, ਮੁਹੱਲਿਆਂ ਵਿੱਚ ਚੁਗ਼ਲ ਮੰਡਲੀ ਨਹੀਂ ਹੁੰਦੀ ਉਹ ਲੋਕ ਕੱਲਖੋਰ ਗਿਣੇ ਜਾਂਦੇ ਹਨ। ਚੁਗਲ ਮੰਡਲੀਆਂ ਆਮ ਕਰਕੇ ਹਰ ਵਰਗ ਦੇ ਲੋਕਾਂ ਵਿੱਚ ਵੱਖ ਵੱਖ ਰੂਪਾਂ ਵਿੱਚ ਸ਼ਿੰਗਾਰ ਬਣਦੀਆਂ ਹਨ। ਮੱਧਵਰਗੀ ਮੁਹੱਲਿਆਂ ਜਾਂ ਕਲੋਨੀਆਂ ਵਿੱਚ ਗਲ਼ੀਆਂ ਵਿੱਚ ਇੱਕ ਚੁਣਵੇਂ ਜਿਹੇ ਘਰ ਅੱਗੇ ਬੈਠੀਆਂ ਪੰਜ – ਸੱਤ ਜ਼ਨਾਨੀਆਂ , ਅਮੀਰਾਂ ਦੀਆਂ ਔਰਤਾਂ ਕਿੱਟੀ ਪਾਰਟੀਆਂ ਦੇ ਰੂਪ ਵਿੱਚ ਜਾਂ ਵਿਆਹਾਂ ਸ਼ਾਦੀਆਂ ਜਾਂ ਪਾਰਟੀਆਂ ਵਿੱਚ ਇੱਕ ਨੁੱਕਰੇ ਬੈਠੀਆਂ ਆਪਸ ਵਿੱਚ ਮੇਲ਼ ਜੋਲ ਖਾਂਦੀਆਂ ਪੰਜ ਸੱਤ ਤੀਵੀਂਆਂ ਦਾ ਇਕੱਠ “ਚੁਗ਼ਲ ਮੰਡਲੀ” ਹੀ ਹੁੰਦਾ ਹੈ। ਇਸ ਦਾ ਹਿੱਸਾ ਬਣਨ ਵਾਲੀਆਂ ਔਰਤਾਂ ਆਪਣੇ ਆਪ ਨੂੰ ਸਭ ਤੋਂ ਵੱਧ ਸਿਆਣਾ ਤੇ ਦੂਜਿਆਂ ਨੂੰ ਬੇਵਕੂਫ਼ ਬਣਾਉਣ ਲਈ ਪੂਰਾ ਜ਼ੋਰ ਲਾ ਦਿੰਦੀਆਂ ਹਨ।
ਗਲੀ ਵਿੱਚ ਬੈਠੀ ਚੁਗਲ ਮੰਡਲੀ ਦੀਆਂ ਔਰਤਾਂ ਆਮ ਕਰਕੇ ਆਪਣੇ ਘਰ ਦੇ ਕੰਮ ਕਾਰ ਨਿਬੇੜ ਕੇ ਇਕੱਠੀਆਂ ਹੋ ਕੇ ਗਲ਼ੀ ਵਿੱਚ ਕਿਸੇ ਸੁੱਖ ਸਹੂਲਤ ਭਰਪੂਰ ਸਥਾਨ ਭਾਵ ਜਿੱਥੇ ਸਰਦੀਆਂ ਵਿੱਚ ਧੁੱਪ ਅਤੇ ਗਰਮੀਆਂ ਵਿੱਚ ਛਾਂ ਆਉਂਦੀ ਹੋਵੇ ,ਉਸ ਘਰ ਅੱਗੇ ਜਾਂ ਤਾਂ ਕੁਰਸੀਆਂ ਡਾਹ ਕੇ ਤੇ ਜਾਂ ਘਰਾਂ ਦੀਆਂ ਦੇਹੜੀਆਂ ਜਾਂ ਸਰਦਲਾਂ ਉੱਤੇ ਬੈਠ ਜਾਂਦੀਆਂ ਹਨ। ਗਲ਼ੀ ਵਿੱਚ ਲੰਘਦੇ ਹੋਏ ਚੀਜ਼ਾਂ ਵੇਚਣ ਵਾਲੇ ਹਰ ਭਾਈ ਤੋਂ ਚੀਜ਼ਾਂ ਦੇ ਭਾਅ ਪੁੱਛਣਾ,ਮੁੱਲ ਬਣਾਉਣਾ ਜਿਸ ਨੂੰ ਅੰਗਰੇਜ਼ੀ ਵਿੱਚ ਬਾਰਗੇਨਿੰਗ ਕਹਿ ਦਿੰਦੇ ਹਨ, ਕਰਦੀਆਂ ਹਨ, ਕਈ ਵਾਰ ਖ਼ਰੀਦੋ ਫਰੋਖਤ ਕਰ ਵੀ ਲੈਂਦੀਆਂ ਹਨ ਤੇ ਕਈ ਵਾਰ ਮਗ਼ਜ਼ ਮਾਰ ਕੇ ਭਾਈ ਨੂੰ ਰੁਖ਼ਸਤ ਕਰ ਦਿੰਦੀਆਂ ਹਨ।
ਕਈ ਕਈ ਵਾਰ ਤਾਂ ਭਾਈ ਵਿਚਾਰਾ ਆਪਣਾ ਸਮਾਨ ਸਮੇਟਦਾ ਹੋਇਆ ਬੁੜ ਬੁੜ ਕਰਦਾ ਤੁਰਿਆ ਜਾਂਦਾ ਹੈ।ਇਸ ਚੁਗਲ ਮੰਡਲੀ ਵਿੱਚ ਬੈਠੀਆਂ ਔਰਤਾਂ ਆਪਣੇ ਆਪ ਨੂੰ ਸਭ ਤੋਂ ਵੱਧ ਸਿਆਣੀ ਹੋਣ ਦਾ ਦਾਅਵਾ ਕਰਦੀਆਂ ਹੋਈਆਂ ਘਰ ਅੰਦਰਲੀਆਂ ਜਾਂ ਰਿਸ਼ਤੇਦਾਰਾਂ ਨਾਲ ਕੀਤੇ ਵਰਤਾਓ ਦੀਆਂ ਵਧੀਆ ਤੋਂ ਵਧੀਆ ਉਦਾਹਰਣਾਂ ਦਿੰਦੀਆਂ ਹਨ। ਦੂਜੀ ਉਸ ਤੋਂ ਵੱਧ ਤੇ ਤੀਜੀ ਉਸ ਤੋਂ ਵੱਧ,ਜੇ ਕਿਤੇ ਇਹਨਾਂ ਵਿੱਚੋਂ ਇੱਕ ਜਾਣੀ ਉੱਠ ਕੇ ਐਧਰ ਓਧਰ ਹੋ ਜਾਵੇ ਤਾਂ ਉਸੇ ਉੱਤੇ ਚਰਚਾ ਸ਼ੁਰੂ ਕਰ ਦਿੰਦੀਆਂ ਹਨ।
ਇੱਕ ਜਾਣੀ ਆਖੂ,” ਹੂ….. ਆਪਣੇ ਆਪ ਨੂੰ ਵੱਡੀ ਸਿਆਣੀ ਬਣਦੀ ਐ…. ਘਰੇ ਦੇਖਿਆ….. ਕਿੰਨਾ ਖਿਲਾਰਾ ਪਿਆ….. ?…… ਮੈਨੂੰ ਤਾਂ ਬਈ…. ਚੈਨ ਨੀ ਆਉਂਦਾ….. ਜਿੰਨਾ ਚਿਰ ਤੱਕ ਇਕੱਲੀ ਇਕੱਲੀ ਚੀਜ਼ ਦੀ ਡਸਟਿੰਗ ਨਾ ਕਰ ਲਵਾਂ…..!”” ਨਾਲ਼ ਹੀ ਆਪਣੀ ਵਡਿਆਈ ਕਰੇ ਬਿਨਾਂ ਨੀ ਰੁਕ ਸਕਣਾ ,ਬਸ ਫਿਰ ਕੀ ਆ ਨਵਾਂ ਟੌਪਿਕ ਸ਼ੁਰੂ ਹੋ ਜਾਂਦਾ ਹੈ। ਕੋਈ ਕੋਲ਼ ਦੀ ਲੰਘ ਜਾਵੇ ਉਸ ਬਾਰੇ ਅਤੇ ਉਸ ਦੇ ਪਰਿਵਾਰ ਬਾਰੇ, ਫਿਰ ਪਤਾ ਨਹੀਂ ਕਿੰਨੇ ਕੁ ਲੋਕਾਂ ਬਾਰੇ ਇਹ ਦਿਨ ਵਿੱਚ ਚਰਚਾ ਕਰ ਲੈਂਦੀਆਂ ਹਨ। ਇਹਨਾਂ ਨੂੰ ਆਉਂਦੇ ਜਾਂਦੇ ਹਰ ਬੰਦੇ ਬਾਰੇ ਜਾਣਕਾਰੀ ਹੁੰਦੀ ਹੈ ਕਿ ਕੋਈ ਕਿੰਨੇ ਵਜੇ ਗਿਆ ਸੀ ਤੇ ਕਿੰਨੇ ਵਜੇ ਮੁੜਿਆ ਸੀ।
ਵੈਸੇ ਹਾਸਾ ਠੱਠਾ ਕਰਦੀਆਂ ਦਾ ਦਿਨ ਵਧੀਆ ਲੰਘ ਜਾਂਦਾ ਹੈ। ਕਈ ਕਈ ਵਾਰ ਇੱਕ ਦੂਜੇ ਦੀ ਕੀਤੀ ਗੱਲ ਭਾਵ ਚੁਗਲੀ ਨਾਲ ਪੁਆੜਾ ਪੈ ਕੇ ਲੜਾਈ ਵੀ ਹੋ ਜਾਂਦੀ ਹੈ। ਕਈ ਵਾਰ ਬੈਠੇ ਬੈਠੇ ਇਹ ਚੁਗਲ ਮੰਡਲੀ ਤੋਂ ਭਜਨ ਮੰਡਲੀ ਵਿੱਚ ਵੀ ਤਬਦੀਲ ਹੋ ਜਾਂਦੀ ਹੈ,ਕਦੇ ਬੈਠੇ ਬੈਠੇ ਸਲਾਹ ਬਣੇ ਤਾਂ ਸੇਲ ਤੇ ਜਾ ਕੇ ਖ਼ਰੀਦੋ ਫਰੋਖਤ ਕਰਨ ਵਾਲੀ ਸ਼ਾਪਿੰਗ ਮੰਡਲੀ ਵੀ ਬਣ ਜਾਂਦੀ ਹੈ। ਇਸ ਮੰਡਲੀ ਵਿੱਚ ਨਵੇਂ ਨਵੇਂ ਪਕਵਾਨਾਂ ਦੀਆਂ ਰੈਸਪੀਆਂ ਵੀ ਇੱਕ ਦੂਜੇ ਤੋਂ ਪਤਾ ਲੱਗਦੀਆਂ ਰਹਿੰਦੀਆਂ ਹਨ।
ਅਮੀਰਾਂ ਦੀਆਂ ਔਰਤਾਂ ਦੀ ਇਹ ਮੰਡਲੀ “ਕਿੱਟੀ ਪਾਰਟੀ” ਦੇ ਰੂਪ ਵਿੱਚ ਹੁੰਦੀ ਹੈ। ਇਹਨਾਂ ਵਿੱਚ ਬਣਾਵਟੀ ਭਾਸ਼ਾ, ਵਿਵਹਾਰ ਅਤੇ ਦਿਖਾਵਾ ਭਾਰੂ ਹੁੰਦਾ ਹੈ। ਗੱਲ ਬਾਤ ਕਰਨ ਸਮੇਂ ਬਹੁਤ ਤਹਿਜ਼ੀਬ ਵਾਲੇ ਹੋਣ ਦਾ ਦਿਖਾਵਾ ਕਰਨਾ,ਮਹਿੰਗੇ ਮਹਿੰਗੇ ਕੱਪੜਿਆਂ ਅਤੇ ਗਹਿਣਿਆਂ ਦੇ ਦਿਖਾਵੇ ਰਾਹੀਂ ਆਪਣੇ ਆਪ ਨੂੰ ਵੱਧ ਤੋਂ ਵੱਧ ਪੈਸੇ ਵਾਲੇ ਹੋਣ ਦਾ ਜ਼ਿਕਰ ਕਰਨਾ ਹੀ ਇਹਨਾਂ ਦੀ ਗੱਲਬਾਤ ਦਾ ਮੁੱਖ ਵਿਸ਼ਾ ਹੁੰਦਾ ਹੈ। ਇਹ ਜ਼ਿਆਦਾਤਰ ਕਿਹੜੇ ਸ਼ੋਅ ਰੂਮ ਤੋਂ,ਬਰੈਂਡ ਅਤੇ ਕਿੰਨੀ ਕੀਮਤ ਦੀ ਡਰੈੱਸ, ਰਿੰਗ,ਨੈਕਲੇਸ, ਖ਼ਰੀਦੇ ਤੇ ਕਿਹੜੇ ਵੱਡੇ ਸਕੂਲ ਵਿੱਚ ਇਹਨਾਂ ਦੇ ਬੱਚੇ ਪੜ੍ਹਦੇ ਹਨ ।
ਇਹ ਔਰਤਾਂ ਅਕਸਰ ਗੈਰਹਾਜ਼ਰ ਔਰਤ ਦੇ ਕੱਪੜਿਆਂ ਜਾਂ ਬੱਚਿਆਂ ਦੇ ਵਰਤਾਰੇ ਜਾਂ ਘਰ ਵਿੱਚ ਪਏ ਸਮਾਨ ਦੀ ਕੀਮਤ ਬਾਰੇ ਹੀ ਨੁਕਤਾਚੀਨੀ ਕਰਦੀਆਂ ਹਨ। ਇਹ ਔਰਤਾਂ ਆਮ ਕਰਕੇ ਆਪਣੇ ਆਦਮੀਆਂ ਦੇ ਅਹੁਦੇ,ਬਰਥਡੇ ਅਤੇ ਮੈਰਿਜ ਐਨਵਰਸਿਰੀ ਮਨਾਉਣ ਬਾਰੇ ਜਾਂ ਮਨਾਏ ਜਾ ਚੁੱਕੇ ਦਿਨ ਉੱਤੇ ਮਿਲ਼ੇ ਜਾਂ ਦਿੱਤੇ ਤੋਹਫ਼ਿਆਂ ਅਤੇ ਉਹਨਾਂ ਦੀ ਕੀਮਤ ਬਾਰੇ ਹੀ ਚਰਚਾ ਕਰਦਿਆਂ ਦੂਜਿਆਂ ਨੂੰ ਨੀਵਾਂ ਦਿਖਾਉਣ ਲਈ ਜੱਦੋਜਹਿਦ ਕਰ ਰਹੀਆਂ ਹੁੰਦੀਆਂ ਹਨ।
ਵਿਆਹਾਂ ਸ਼ਾਦੀਆਂ ਵਿੱਚ ਇੱਕ ਨੁੱਕਰੇ ਬੈਠੀਆਂ ਔਰਤਾਂ ਦੀ ਮੰਡਲੀ ਥੋੜ੍ਹ ਚਿਰੀ ਹੁੰਦੀ ਹੈ ਜੋ ਅਕਸਰ ਵਿਆਹ ਵਿੱਚ ਪੁੱਛ ਗਿੱਛ ਨੂੰ ਜਾਂ ਕਿਸੇ ਦੇ ਰਵੱਈਏ ਤੋਂ ਤੰਗ ਹੋ ਕੇ ਜਾਂ ਲੈਣ ਦੇਣ ਜਾਂ ਸੁਣਨ ਸੁਣਾਉਣ ਤੋਂ ਤੰਗ ਹੋ ਕੇ ਬਣੀ ਵਕਤੀ ਅਤੇ ਥੋੜ੍ਹ ਚਿਰੀ ਚੁਗਲ ਮੰਡਲੀ ਹੁੰਦੀ ਹੈ ਜੋ ਆਪਣੇ ਰੁੱਸੇ ਰੁੱਸੇ ਮੂੰਹ ਲੈ ਕੇ ਆਪਣੇ ਰੋਸੇ ਦਾ ਵਿਖਾਵਾ ਕਰਦੇ ਹੋਏ ਸ਼ਰੇਆਮ ਗਰੁੱਪ ਬਣਾ ਕੇ ਚੁਗਲੀਆਂ ਕਰਨ ਦਾ ਪ੍ਰਗਟਾਵਾ ਕਰਦੇ ਹਨ। ਕਈ ਵਾਰ ਇਹ ਸ਼ਾਂਤੀ ਨਾਲ ਟਲ਼ ਜਾਂਦੇ ਹਨ ਪਰ ਕਈ ਵਾਰ ਇਸ ਚੁਗਲ ਮੰਡਲੀ ਦਾ ਸਾਈਡ ਇਫੈਕਟ ਵਿਆਹ ਵਿੱਚ ਧੜੇਬੰਦੀ ਪੈਦਾ ਕਰ ਕੇ ਲੜਾਈ ਵੀ ਕਰਵਾ ਦਿੰਦਾ ਹੈ।
ਉਂਝ ਤਾਂ ਚੁਗਲ ਮੰਡਲੀ ਆਪਣੇ ਆਪ ਵਿੱਚ ਹੀ ਇੱਕ ਵਿਲੱਖਣ ਜਿਹੀ ਦੁਨੀਆਂ ਹੁੰਦੀ ਹੈ। ਇਸ ਰਾਹੀਂ ਔਰਤਾਂ ਡਿਪਰੈਸ਼ਨ ਵਰਗੀ ਬੀਮਾਰੀ ਤੋਂ ਦੂਰ ਰਹਿੰਦੀਆਂ ਹਨ। ਨਾਲ ਹੀ ਉਹ ਇੱਕ ਦੂਜੇ ਤੋਂ ਕਈ ਕੁਝ ਨਵਾਂ ਵੀ ਸਿੱਖ ਲੈਂਦੀਆਂ ਹਨ । ਇਸ ਤਰ੍ਹਾਂ ਸਮਾਜ ਵਿੱਚ ਵਿਚਰਦਿਆਂ ਹਰ ਤਰ੍ਹਾਂ ਦੇ ਲੋਕਾਂ ਦੇ ਰੰਗਾਂ ਨੂੰ ਮਾਣਦੇ ਰਹਿਣਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ
9988901324