(ਸਮਾਜ ਵੀਕਲੀ)
ਆਮ ਹੀ ਲੋਕ ਕਹਿ ਦਿੰਦੇ ਹਨ ਕਿ ਬੁਢਾਪਾ ਤਾਂ ਆਪਣੇ ਆਪ ਵਿੱਚ ਇੱਕ ਰੋਗ ਹੁੰਦਾ ਹੈ। ਪਰ ਇਹੋ ਜਿਹੇ ਦਿਲ ਢਾਹੁਣ ਵਾਲੇ ਸ਼ਬਦ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਕਿਉਂ ਕਿ ਜ਼ਿੰਦਗੀ ਵਿੱਚ ਆਉਣ ਵਾਲ਼ੀ ਸਭ ਤੋਂ ਕਮਜ਼ੋਰ ਅਵਸਥਾ ਬਾਰੇ ਜੇ ਪਹਿਲਾਂ ਹੀ ਇਹੋ ਜਿਹੀ ਵਿਚਾਰਧਾਰਾ ਪੈਦਾ ਕਰ ਲਵਾਂਗੇ ਤਾਂ ਫਿਰ ਉਸ ਆਉਣ ਵਾਲ਼ੀ ਬੁਢਾਪੇ ਦੀ ਅਵਸਥਾ ਨਾਲ਼ ਹੱਥ ਦੋ ਚਾਰ ਕਰਨ ਦੀ ਹਿੰਮਤ ਕਿੱਥੋਂ ਆਵੇਗੀ? ਜੇ ਕਿਤੇ ਹੁਣ ਦੇ ਹਾਲਾਤਾਂ ਤੇ ਨਜ਼ਰ ਮਾਰੀਏ ਤਾਂ ਅੱਜ ਦੇ ਬੁਢਾਪੇ ਨੂੰ ਕਮਜ਼ੋਰ ਅਵਸਥਾ ਹੋਣ ਦੇ ਨਾਲ ਨਾਲ ਹੋਰ ਵੀ ਕਈ ਪ੍ਰਸਥਿਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਹਿਲਾਂ ਤਾਂ ਪਰਿਵਾਰ ਸਾਂਝੇ ਹੋਣ ਕਰਕੇ ਵੱਡੇ ਸਾਰੇ ਪਰਿਵਾਰ ਦੇ ਇੱਕ ਜਾਂ ਦੋ ਬਜ਼ੁਰਗਾਂ ਨੂੰ ਪਰਿਵਾਰ ਦੇ ਸਾਰੇ ਜੀਅ ਇੱਕ ਦੂਜੇ ਦੇ ਸਹਿਯੋਗ ਨਾਲ ਪੂਰੀ ਦੇਖ਼ ਭਾਲ ਕਰਦੇ ਸਨ। ਉਹਨਾਂ ਸਮਿਆਂ ਵਿੱਚ ਲੋਕ ਲੱਜ ਵੀ ਸਭ ਤੋਂ ਵੱਡਾ ਗਹਿਣਾ ਸੀ ਜਿਸ ਕਰਕੇ ਸਾਰੇ ਲੋਕ ਆਪਣੇ ਬਜ਼ੁਰਗਾਂ ਪ੍ਰਤੀ ਫਰਜ਼ਾਂ ਨੂੰ ਨਿਭਾਉਂਦੇ ਹੋਏ ਜਿੱਥੇ ਸਮਾਜ ਵਿੱਚ ਆਪਣੀ ਇੱਜ਼ਤ ਵਧਾਉਂਦੇ ਸਨ, ਉੱਥੇ ਹੀ ਉਹ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਫ਼ਰਜ਼ਾਂ ਪ੍ਰਤੀ ਜਾਗਰੂਕ ਕਰਦੇ ਸਨ। ਜਿਸ ਕਰਕੇ ਬਜ਼ੁਰਗ ਰੁਲਦੇ ਨਹੀਂ ਸਨ ਸਗੋਂ ਉਹ ਆਪਣੇ ਬੱਚਿਆਂ ਦੁਆਰਾ ਆਪਣੀ ਕੀਤੀ ਜਾਣ ਵਾਲੀ ਦੇਖਭਾਲ ਸਦਕਾ ਆਪਣੀ ਜ਼ਿੰਦਗੀ ਦੇ ਆਖਰੀ ਪੜਾਅ ਦਾ ਆਨੰਦ ਮਾਣਦੇ ਹੋਏ ਖ਼ੁਸ਼ੀ ਖ਼ੁਸ਼ੀ ਸੰਸਾਰਿਕ ਯਾਤਰਾ ਪੂਰੀ ਕਰਦੇ ਸਨ।
ਜੁੱਗ ਕੀ ਬਦਲਿਆ ਕਿ ਇੱਕੀਵੀਂ ਸਦੀ ਦੇ ਬਦਲਦੇ ਭੇਖ ਨੇ ਸਾਡੇ ਸਮਾਜ ਦਾ ਹਰ ਇੱਕ ਰੰਗ ਹੀ ਬਦਲ ਕੇ ਰੱਖ ਦਿੱਤਾ ਹੈ। ਅੱਜ ਦੇ ਮਨੁੱਖ ਦੇ ਪੈਦਾ ਹੋਣ ਤੋਂ ਲੈਕੇ ਬਚਪਨ,ਜਵਾਨੀ , ਪੜ੍ਹਾਈ,ਰਹਿਣ ਸਹਿਣ , ਪਹਿਰਾਵਾ,ਬੋਲੀ , ਪਰਿਵਾਰਾਂ ਦੇ ਢਾਂਚੇ ਮਤਲਬ ਕਿ ਪੂਰੀ ਦੀ ਪੂਰੀ ਜੀਵਨ ਸ਼ੈਲੀ ਵਿੱਚ ਹੀ ਬਦਲਾਅ ਆ ਗਿਆ ਹੈ। ਇਸ ਤੇਜ਼ੀ ਨਾਲ ਬਦਲਦੇ ਹੋਏ ਦੌਰ ਵਿੱਚ ਸਾਰੀਆਂ ਧਿਰਾਂ ਭਾਵ ਬਚਪਨ,ਜਵਾਨੀ ਅਤੇ ਬੁਢਾਪਾ ਸਾਰੇ ਹੀ ਸੰਘਰਸ਼ ਦੇ ਦੌਰ ਵਿੱਚੋਂ ਗੁਜ਼ਰਦੇ ਨਜ਼ਰ ਆ ਰਹੇ ਹਨ। ਸਾਰੇ ਪਾਸੇ ਮਾਰਾ- ਮਾਰ ਤੇ ਹਫੜਾ ਦਫੜੀ ਮੱਚੀ ਹੋਈ ਲੱਗਦੀ ਹੈ। ਦੇਖਿਆ ਜਾਵੇ ਤਾਂ ਨਰਸਰੀ ਤੋਂ ਲੈਕੇ ਘਰ ਵਸਾਉਣ ਤੱਕ,ਘਰ ਵਸਾਉਣ ਤੋਂ ਲੈਕੇ ਬੱਚਿਆਂ ਅਤੇ ਪਰਿਵਾਰਾਂ ਦੇ ਪਾਲਣ ਪੋਸ਼ਣ ਤੱਕ ਹਰ ਕੋਈ ਸੰਘਰਸ਼ ਕਰਦਾ ਹੀ ਨਜ਼ਰ ਆ ਰਿਹਾ ਹੈ। ਪਰ ਉਹ ਆਪਣੀ ਤਾਕਤ ਦੇ ਜ਼ੋਰ ਤੇ ਸਭ ਕੁਝ ਕਰਦੇ ਅੱਗੇ ਤੁਰੇ ਜਾਂਦੇ ਹਨ।ਪਰ ਅੱਜ ਦੀ ਜ਼ਿੰਦਗੀ ਦਾ ਸਭ ਤੋਂ ਦੁਖਦਾਈ ਪੱਖ ਇਕਹਿਰੇ ਤੋਂ ਵੀ ਟੁੱਟ ਚੁੱਕੇ ਅਧੂਰੇ ਰਹਿ ਗਏ ਪਰਿਵਾਰਾਂ ਕਾਰਨ ਅੱਜ ਦਾ ਬੁਢਾਪਾ ਰੁਲ ਰਿਹਾ ਹੈ।
ਸਾਡੇ ਅੱਜ ਦੇ ਸਮਾਜਿਕ ਦਾਇਰੇ ਵਿੱਚ, ਘਰ ਵਿੱਚ ਇੱਕ ਜਾਂ ਦੋ ਬੱਚਿਆਂ ਦਾ ਹੋਣਾ ਤੇ ਉਹਨਾਂ ਦਾ ਪੜ੍ਹਾਈ ਜਾਂ ਰੋਜ਼ਗਾਰ ਕਰਕੇ ਵਿਦੇਸ਼ ਚਲੇ ਜਾਣਾ , ਮਗਰੋਂ ਬਜ਼ੁਰਗਾਂ ਦਾ ਵੱਡੇ ਵੱਡੇ ਘਰਾਂ ਵਿੱਚ ਇਕੱਲੇ ਰਹਿ ਜਾਣਾ ,’ਤੇ ਜੇ ਉਹਨਾਂ ਬਜ਼ੁਰਗ ਜੋੜਿਆਂ ਵਿੱਚੋਂ ਕੋਈ ਇੱਕ ਪਹਿਲਾਂ ਰੁਖ਼ਸਤ ਹੋ ਜਾਏ ਤਾਂ ਇਕੱਲੇ ਬਜ਼ੁਰਗ ਦਾ ਬੁਢਾਪਾ ਕੱਟਣਾ, ਬਹੁਤ ਦੁਖਦਾਈ ਅਵਸਥਾ ਪੈਦਾ ਕਰਦਾ ਹੈ। ਮੈਨੂੰ ਕਿਤੇ ਇੱਕ ਬਜ਼ੁਰਗ ਮਿਲ਼ੇ, ਉਹਨਾਂ ਨਾਲ ਬੈਠੇ ਬੈਠੇ ਗੱਲ ਸ਼ੁਰੂ ਹੋਈ ਤਾਂ ਆਖਣ ਲੱਗੇ,”ਬੇਟਾ ਜੀ….ਮੇਰੇ ਕੋਲ ਬਹੁਤ ਜ਼ਮੀਨ ਜਾਇਦਾਦ ਹੈ… ਸਾਰਾ ਕੁਝ ਮੇਰੇ ਨਾਂ ਹੈ…. ਮੇਰਾ ਪੁੱਤਰ ਤੇ ਨੂੰਹ ਵਿਦੇਸ਼ ਵਿੱਚ ਰਹਿੰਦੇ ਹਨ….. ਉੱਥੇ ਉਹਨਾਂ ਦੇ ਬੱਚੇ ਸਕੂਲਾਂ ਨੂੰ ਚਲੇ ਜਾਂਦੇ ਹਨ……ਉਹ ਦੋਵੇਂ ਕੰਮ ਤੇ ਚਲੇ ਜਾਂਦੇ ਹਨ….. ਤੇ ਓਥੇ ਵੀ ਮੈਂ ਸਾਰਾ ਦਿਨ ਇਕੱਲਾ ਰਹਿੰਦਾ……ਮੇਰੀ ਪਤਨੀ ਤਾਂ ਪੰਦਰਾਂ ਵਰ੍ਹੇ ਪਹਿਲਾਂ ਗੁਜ਼ਰ ਗਈ ਸੀ…… ਮੈਂ ਫਿਰ ਸੋਚਿਆ ਇੱੱਥੇ ਹੀ ਬਿਰਧ ਆਸ਼ਰਮ ਵਿੱਚ ਰਹਿ ਲੈਂਦਾ ਹਾਂ….. ਇੱਥੇ ਮੈਨੂੰ ਹਰ ਇੱਕ ਸੁੱਖ ਸਹੂਲਤ ਹੈ…. ਉਹ ਮੇਰਾ ਪੂਰਾ ਧਿਆਨ ਰੱਖਦੇ ਹਨ… ਮੈਨੂੰ ਮੇਰੇ ਵਰਗੇ ਸੰਗੀ ਸਾਥੀ ਗੱਲਾਂ ਬਾਤਾਂ ਕਰਨ ਲਈ ਹਨ… ਮੈਨੂੰ ਲੱਗਿਆ ਓਥੇ ਨਾਲੋਂ ਜ਼ਿਆਦਾ ਇੱਥੇ ਠੀਕ ਹੈ….!”
ਇਹ ਸੁਣ ਕੇ ਮੇਰੇ ਅੰਦਰੋਂ ਇੱਕ ਹਉਕਾ ਜਿਹਾ ਨਿਕਲ਼ ਗਿਆ …. ਤੇ ਉਸ ਵਿੱਚੋਂ ਮੈਨੂੰ ਮੇਰੇ ਪੰਜਾਬ ਦੇ ਬਹੁਤੇ ਬਜ਼ੁਰਗਾਂ ਦਾ ਭਵਿੱਖ ਨਜ਼ਰ ਆਉਣ ਲੱਗਿਆ। ਸੁੱਖ ਸਹੂਲਤਾਂ ਇੱਕ ਪਾਸੇ ਪਰ ਜਿਹੜੇ ਪਰਿਵਾਰਾਂ ਨੂੰ ਪਾਲਿਆ ਪੋਸਿਆ ਹੋਵੇ ,ਉਸ ਵਿੱਚ ਬੈਠ ਕੇ, ਉਹਨਾਂ ਨੂੰ ਵਧਦੇ ਫੁਲਦੇ ਦੇਖ਼ ਕੇ ਮਨੁੱਖ ਦੇ ਅੱਧੇ ਰੋਗ ਦੂਰ ਹੋ ਜਾਂਦੇ ਹਨ। ਇੱਕ ਹੋਰ ਮੇਰੇ ਜਾਣ ਪਛਾਣ ਵਾਲਿਆਂ ਨਾਲ਼ ਗੱਲ ਹੋਈ ਤਾਂ ਉਹ ਦੱਸਣ ਲੱਗੇ ,”ਸਾਨੂੰ ਵਿਦੇਸ਼ ਵਿੱਚ ਬੀਮਾਰ ਬਜ਼ੁਰਗ ਸੰਭਾਲਣੇ ਔਖੇ ਨਹੀਂ… ਬੱਸ ਅਸੀਂ ਤਾਂ ਆਪਣੇ ਬੀਮਾਰ ਭਾਪਾ ਜੀ ਨੂੰ ਹਸਪਤਾਲ ਛੱਡ ਆਏ ਸੀ….. ਬਾਕੀ ਕੰਮ ਸਰਕਾਰ ਦਾ….. ਸਾਨੂੰ ਸੰਭਾਲਣ ਦੀ ਐਨੀ ਕਿੱਥੇ ਵਿਹਲ….. ਅਸੀਂ ਤਾਂ ਹਫ਼ਤੇ ਬਾਅਦ ਜਾ ਕੇ ਦੇਖ ਆਉਂਦੇ ਸੀ….. ਜਦੋਂ ਉਹ ਪੂਰੇ ਹੋਏ ਤਾਂ ਉਨ੍ਹਾਂ ਨੇ ਸਾਨੂੰ ਕਰੀਮੇਸ਼ਨ ਦੀ ਤਰੀਕ ਲੈ ਕੇ ਦੇ ਦਿੱਤੀ ਸੀ…. ਅਸੀਂ ਉਸ ਦਿਨ ਜਾ ਕੇ ਕਰ ਆਏ….!”
ਮੈਂ ਸੋਚਿਆ ਫਰਕ ਤਾਂ ਇੱਥੇ ਇਕੱਲੇ ਤੇ ਓਥੇ ਇਕੱਲੇ ਰਹਿਣ ਵਿੱਚ ਕੋਈ ਬਹੁਤਾ ਨਹੀਂ ਹੈ।
ਵੈਸੇ ਵੀ ਜਿਹੜੇ ਬਜ਼ੁਰਗ ਘਰਾਂ ਵਿੱਚ ਰਹਿ ਵੀ ਰਹੇ ਹਨ ਉਹਨਾਂ ਦੀ ਦੇਖਭਾਲ ਕਰਨ ਲਈ ਕੋਈ ਨਹੀਂ ਰਿਹਾ, ਕਿਸੇ ਬਜ਼ੁਰਗ ਦੀ ਮੌਤ ਹੋਣ ਤੇ ਉਸ ਦੇ ਮੁੱਕ ਚੁੱਕੇ ਸਰੀਰ ਨੂੰ ਹਫ਼ਤਾ ਹਫ਼ਤਾ ਮਸ਼ੀਨ ਵਿੱਚ ਪੈ ਕੇ ਆਪਣੇ ਸੰਸਕਾਰ ਲਈ ਆਪਣੀਆਂ ਔਲਾਦਾਂ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਸੱਚ ਮੁੱਚ ਇਹ ਇੱਕ ਚਿੰਤਾ ਦਾ ਵਿਸ਼ਾ ਹੈ ਜਿਸ ਦਾ ਕੋਈ ਹੱਲ ਨਜ਼ਰ ਨਹੀਂ ਆ ਰਿਹਾ। ਸਾਡੀ ਬਦਲਦੀ ਹੋਈ ਜੀਵਨ ਸ਼ੈਲੀ ਨੂੰ ਕੌੜਾ ਸੱਚ ਸਮਝਦੇ ਹੋਏ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ ।
ਬਰਜਿੰਦਰ ਕੌਰ ਬਿਸਰਾਓ…
9988901324