ਏਹੁ ਹਮਾਰਾ ਜੀਵਣਾ ਹੈ -204

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਸਾਡੇ ਦੇਸ਼ ਵਿੱਚ ਭਗਤਾਂ ਦੀ ਕੋਈ ਕਮੀ ਨਹੀਂ ਹੈ। ਚਾਹੇ ਉਹ ਧਰਮ ਭਗਤਾਂ ਦੀ ਹੋਵੇ ਜਾਂ ਬੰਦਿਆਂ ਮਗਰ ਲੱਗੇ ਅੰਧ ਭਗਤਾਂ ਦੀ ਹੋਵੇ ,ਅਕਸਰ ਨੂੰ ਭਗਤ ਤਾਂ ਭਗਤ ਹੀ ਹੁੰਦੇ ਹਨ। ਆਪਾਂ ਗੱਲ ਕਰੀਏ ਧਰਮੀ ਭਗਤਾਂ ਦੀ ਤਾਂ ਸਵੇਰੇ ਸਵੇਰੇ ਧਾਰਮਿਕ ਸਥਾਨਾਂ ਵੱਲ ਨੂੰ ਜਾਂਦਿਆਂ ਰਾਹਾਂ ਉੱਤੇ ਭਗਤਾਂ ਦੀ ਆਸਥਾ ਠਾਠਾਂ ਮਾਰ ਰਹੀ ਹੁੰਦੀ ਹੈ। ਕੋਈ ਨੰਗੇ ਪੈਰੀਂ, ਕੋਈ ਮੂੰਹ ਵਿੱਚ ਬੁੜ ਬੁੜ ਕਰਦਾ ਇਸ ਤਰ੍ਹਾਂ ਤੁਰਿਆ ਜਾਂਦਾ ਨਜ਼ਰੀਂ ਪੈਂਦਾ ਹੈ ਕਿ ਲੱਗਦਾ ਹੈ ਕਿ ਆਪਣੇ ਆਪਣੇ ਧਰਮ ਦੀ ਪੋਥੀ ਬੱਸ ਉਹਨਾਂ ਦੇ ਅੰਦਰ ਹੀ ਸਮਾਈ ਹੋਈ ਹੈ। ਧਰਮ ਕਰਮ ਕਰਨ ਤੋਂ ਬਾਅਦ ਦੋ ਕੁ ਘੰਟੇ ਰੁਕ ਕੇ ਉਹਨਾਂ ਲੋਕਾਂ ਨਾਲ਼ ਗੱਲ ਕਰਕੇ ਦੇਖੋ ਤਾਂ ਰੇਡੀਓ ਵਾਂਗ ਉੱਥੇ ਕੋਈ ਹੋਰ ਸਟੇਸ਼ਨ ਹੀ ਚੱਲ ਰਿਹਾ ਹੁੰਦਾ ਹੈ।

ਸ਼ਾਇਦ ਧਾਰਮਿਕ ਆਸਥਾ ਜਾਂ ਪਾਠ ਪੂਜਾ ਉਹਨਾਂ ਲੋਕਾਂ ਦੀ ਜ਼ਿੰਦਗੀ ਵਿੱਚ ਇੱਕ ਟਾਈਮ ਟੇਬਲ ਵਾਂਗ ਸਵੇਰੇ ਸ਼ਾਮ ਦਾ ਹਿੱਸਾ ਹੀ ਹੁੰਦਾ ਹੈ। ਇਹ ਗੱਲ ਤਾਂ ਹਜੇ ਤੱਕ ਸਮਝ ਨਹੀਂ ਪਈ ਕਿ ਧਰਮ ਤੇ ਕਰਮ ਦਾ ਸਬੰਧ ਹੈ ਕਿ ਨਹੀਂ। ਇੱਕ ਧਾਰਮਿਕ ਸਥਾਨ ਦੀ ਕੰਧ ਨਾਲ ਝਾੜੀਆਂ ਵਿੱਚ ਇੱਕ ਛੋਟੀ ਜਿਹੀ ਸੂਈ ਹੋਈ ਕੁੱਤੀ ਝਾੜੀਆਂ ਚੋਂ ਬਾਹਰ ਨਿਕਲ ਕੇ ਰੋਟੀ ਦਾ ਇੱਕ ਸੁੱਕਾ ਟੁੱਕ ਲੱਭਣ ਲਈ ਆਲ਼ੇ ਦੁਆਲ਼ੇ ਦੂਰ ਦੂਰ ਤੱਕ ਜਾਂਦੀ ਹੈ,ਰਾਹ ਵਿੱਚ ਮਿਲਣ ਵਾਲੇ ਕਈ ‘ਰੱਬ ਦੇ ਭਗਤਾਂ ” ਤੋਂ ਤੋਏ ਤੋਏ ਕਰਵਾਉਂਦੀ, ਸੋਟੀਆਂ ਨਾਲ ਕੁੱਟ ਖਾਂਦੀ ਵਾਪਸ ਭੁੱਖਣ ਭਾਣੇ ਆਪਣੇ ਕਤੂਰਿਆਂ ਨੂੰ ਢਿੱਡ ਨਾਲ਼ ਲਾ ਕੇ ਲੁਕ ਜਾਂਦੀ ਹੈ,ਪਰ ਉਸੇ ਕੰਧ ਦੇ ਅੰਦਰਲੇ ਪਾਸੇ ਬਣੇ ਧਾਰਮਿਕ ਸਥਾਨ ਤੇ ਪੱਥਰਾਂ ਤੇ ਚੜ੍ਹਦਾ ਦੁੱਧ ਨਾਲ਼ੀਆਂ ਰਾਹੀਂ ਗਟਰਾਂ ਵਿੱਚ ਜਾਂਦਾ ਹੈ,

ਕਿਸੇ ਧਰਮ ਸਥਾਨ ਦੇ ਗੇਟ ਵੱਲ ਮੂੰਹ ਕਰਕੇ ਖੜ੍ਹੇ ਅਵਾਰਾ ਪਸ਼ੂ ਨੂੰ ਮੋਟੇ ਸਾਰੇ ਡੰਡੇ ਨਾਲ ਜ਼ੋਰ ਦੇਣੇ ਮਾਰ ਕੇ ਭਗਤ ਦਾ ਰਸਤਾ ਸਾਫ਼ ਕੀਤਾ ਜਾਂਦਾ ਹੈ ਜਿਸ ਨੇ ਅੰਦਰ ਜਾ ਕੇ ਪੱਥਰ ਦੇ ਬਣੇ ਪਸ਼ੂ ਦੇ ਪੈਰਾਂ ਤੇ ਮੱਥੇ ਰਗੜਨੇ ਹੁੰਦੇ ਹਨ,ਬਾਹਰ ਅਧਨੰਗੇ ਸਰੀਰ ਵਿੱਚ ਬੈਠਾ ਮੰਗਤਾ ਠੰਢ ਨਾਲ ਠੁਰ ਠੁਰ ਕਰਦਾ, ਹੱਥ ਅੱਡ ਕੇ ਬੈਠਾ ਦਿਖਾਈ ਨਹੀਂ ਦਿੰਦਾ ਪਰ ਅੰਦਰ ਕੰਬਲ ਚੜਾ ਚੜਾ ਕੇ ਆਪਣੀਆਂ ਮੰਨਤਾਂ ਮੰਨੀਆਂ ਜਾਂਦੀਆਂ ਹਨ , ਗ਼ਰੀਬ ਭਰਾ ਦੀ ਮਦਦ ਕਰਨ ਦੀ ਬਜਾਏ ਅਮੀਰ ਭਰਾ ਸੜਕਾਂ ਤੇ ਲੱਖਾਂ ਰੁਪਏ ਦੇ ਲੰਗਰ ਲਵਾ ਕੇ ਰੱਬ ਦਾ ਪੱਕਾ ਭਗਤ ਹੋਣ ਦਾ ਦਾਅਵਾ ਕਰਦਾ ਹੈ, ਤਾਂ ਇਹ ਸਭ ਦੇਖ ਕੇ ਵਾਕਿਆ ਹੀ ਭਗਤਾਂ ਦੀ ਆਸਥਾ ਉੱਤੇ ਅਤੇ ਰੱਬ ਦੇ ਬਣਾਏ ਹੋਏ ਇਹਨਾਂ ਭਗਤਾਂ ਤੇ ਹੈਰਾਨੀ ਹੁੰਦੀ ਹੈ।

ਕੁਝ ਲੋਕਾਂ ਨੇ ਬਹੁਤ ਸਾਰੀਆਂ ਧਾਰਮਿਕ ਪੁਸਤਕਾਂ ਪੜੀਆਂ ਪਰ ਇਹਨਾਂ ਨਾਲ ਉਹਨਾਂ ਨੇ ਸਿਰਫ ਆਪਣੇ ਹੰਕਾਰ ਵਿੱਚ ਹੀ ਵਾਧਾ ਕੀਤਾ, ਅਜਿਹੇ ਲੋਕ ਵੀ ਹਨ ਜੋ ਤੀਰਥਾਂ ਦੇ ਇਸ਼ਨਾਨ ਨੂੰ ਮਹੱਤਵ ਦਿੰਦੇ ਹਨ ਪਰ ਇਹ ਵੀ ਵਿਅਰਥ ਹੀ ਜਾਪਦੀ ਹੈ ਕਿਉਂਕਿ ਗੱਲ ਤਾਂ ਮਨ ਦੀ ਮੈਲ ਲਾਹੁਣ ਦੀ ਹੁੰਦੀ ਹੈ।ਧਾਰਮਿਕ ਲੋਕਾਂ ਦਾ ਪਖੰਡ ਦੇਖ ਕੇ ਅਸੀਂ ਸ਼ਾਇਦ ਧਰਮ ਤੋਂ ਨਫ਼ਰਤ ਕਰਨ ਲੱਗ ਪਈਏ ਅਤੇ ਉਸ ਤੋਂ ਮੂੰਹ ਮੋੜ ਲਈਏ। ਪਰ ਇੰਝ ਵੀ ਨਹੀਂ ਕੀਤਾ ਜਾ ਸਕਦਾ ਕਿਉਂ ਕਿ ਇਸ ਗੱਲ ਨੂੰ ਸਮਝਣ ਵਾਲੇ ਅਤੇ ਧਰਮੀ ਕਰਮੀ ਲੋਕ ਇੱਕ ਸਮਾਜ ਦੇ, ਇੱਕ ਧਰਤੀ ਤੇ ਵਸਣ ਵਾਲੇ ਪ੍ਰਾਣੀ ਹਨ।

ਧਾਰਮਿਕ ਅਸਥਾਨਾਂ ਤੇ ਜਾ ਜਾ ਕੇ ਆਪਣੇ ਮਨ ਵਿੱਚੋਂ ਮੰਗਾਂ ਦੀ ਵੱਡੀ ਸਾਰੀ ਲਿਸਟ ਪੜ੍ਹ ਕੇ ਰੱਬ ਨੂੰ ਹੌਲ਼ੀ ਹੌਲ਼ੀ ਸਣਾਉਣ ਦੀ ਬਿਜਾਏ ਜੇ ਆਪਣਾ ਫਰਜ਼ ਸਮਝਦੇ ਹੋਏ ਕੁਦਰਤ ਦੇ ਬਣਾਏ ਹੋਏ ਜਾਨਵਰਾਂ ਅਤੇ ਜੀਵ ਜੰਤੂਆਂ ਜਾਂ ਲੋੜਵੰਦਾਂ ਵੱਲ ਆਪਣਾ ਧਿਆਨ ਲਿਜਾ ਕੇ ਉਹਨਾਂ ਦੀ ਮਦਦ ਕਰ ਦਈਏ ਤਾਂ ਸ਼ਾਇਦ ਰੱਬ ਅੱਗੇ ਲੰਮੀਆਂ ਅਰਦਾਸਾਂ ਪੜ੍ਹ ਕੇ ਖੁਸ਼ੀ ਪ੍ਰਾਪਤ ਕਰਨ ਨਾਲੋਂ ਵੱਧ ਖੁਸ਼ੀ ਪ੍ਰਾਪਤ ਕਰ ਸਕਦੇ ਹਾਂ। ਹਰ ਇਨਸਾਨ ਨੂੰ ਭਗਤ ਬਣਨ ਤੋਂ ਪਹਿਲਾਂ ਇੱਕ ਚੰਗਾ ਇਨਸਾਨ ਬਣਨਾ ਜ਼ਰੂਰੀ ਹੈ ਕਿਉਂਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ.
9988901324

 

Previous articleਧਰਮ ਬਦਲੀ ਵਿਡੰਬਨਾ
Next articleਬੇਵੱਸ ਬਾਪ