ਏਹੁ ਹਮਾਰਾ ਜੀਵਣਾ ਹੈ -200

ਬਰਜਿੰਦਰ ਕੌਰ ਬਿਸਰਾਓ..

(ਸਮਾਜ ਵੀਕਲੀ)

ਪੁਰਾਣੇ ਸਮਿਆਂ ਵਿੱਚ ਲੋਕ ਜ਼ਿੰਦਗੀ ਖੁੱਲ੍ਹ ਕੇ ਜਿਊਂਦੇ ਸਨ। ਜਿਹੋ ਜਿਹਾ ਖੁੱਲ੍ਹਾ ਵਾਤਾਵਰਨ ਹੁੰਦਾ ਸੀ ਉਹੋ ਜਿਹਾ ਖੁੱਲ੍ਹਾ ਖਾਣ-ਪੀਣ ਹੁੰਦਾ ਸੀ। ਉਹ ਮਿਲਵਰਤਣ ਦੀ ਭਾਵਨਾ ਰੱਖਦੇ ਸਨ ਤੇ ਉਨ੍ਹਾਂ ਦੇ ਖੁੱਲ੍ਹੇ ਸੁਭਾਅ ਹੁੰਦੇ ਸਨ । ਫਿਰ ਉਹੋ ਜਿਹੀ ਹੀ ਉਹਨਾਂ ਦੀ ਖੁਸ਼ਹਾਲ ਜ਼ਿੰਦਗੀ ਹੁੰਦੀ ਸੀ। ਉਦੋਂ ਉਹ ਨਾ ਕਿਸੇ ਨੂੰ ਡਰਾਉਂਦੇ ਸਨ ਨਾ ਆਪ ਡਰਦੇ ਸਨ ,ਨਾ ਸੜਦੇ ਸਨ ,ਨਾ ਕਿਸੇ ਨੂੰ ਸੜਾਉਣ ਦੀ ਭਾਵਨਾ ਹੁੰਦੀ ਸੀ ਕਿਉਂ ਕਿ ਉਦੋਂ ਨਾ ਤਾਂ ਵਿਖਾਵੇ ਅਤੇ ਝੂਠੀ ਸ਼ਾਨੋ ਸ਼ੌਕਤ ਦਾ ਲੋਕਾਂ ਨੂੰ ਬਹੁਤਾ ਧਿਆਨ ਹੁੰਦਾ ਸੀ ਤੇ ਨਾ ਹੀ ਉਹ ਇਹਨਾਂ ਗੱਲਾਂ ਨੂੰ ਪਸੰਦ ਕਰਦੇ ਸਨ।

ਮੰਨਿਆ ਕਿ ਨਵਿਆਂ ਨੂੰ ਲੀਹੇ ਪਾਉਣ ਲਈ ਪੁਰਾਣੀਆਂ ਪੈੜਾਂ ਲੱਭਣੀਆਂ ਹੀ ਪੈਂਦੀਆਂ ਹਨ। ਇਸ ਲਈ ਕਈ ਵਾਰ ਆਮ ਹੀ ਆਖ ਦਿੱਤਾ ਜਾਂਦਾ ਹੈ ਕਿ ਸਾਨੂੰ ਹਮੇਸ਼ਾ ਅਗਾਂਹਵਧੂ ਵਿਚਾਰਾਂ ਨਾਲ ਨਵੇਂ ਜ਼ਮਾਨੇ ਦੀ ਗੱਲ ਕਰਨੀ ਚਾਹੀਦੀ ਹੈ। ਇਹ ਵੀ ਮੰਨਿਆ ਕਿ ਅੱਜ ਦਾ ਨੌਜਵਾਨ ਪੁਰਾਣੀ ਪੀੜ੍ਹੀ ਦੀਆਂ ਗੱਲਾਂ ਸੁਣਨੀਆਂ ਪਸੰਦ ਨਹੀਂ ਕਰਦਾ। ਪਰ ਨਵੀਂ ਪੀੜ੍ਹੀ ਜਿੰਨਾਂ ਚਿਰ ਤੱਕ ਪਿਛਲੇ ਜ਼ਮਾਨੇ ਦੇ ਲੋਕਾਂ ਦੇ ਰਹਿਣ ਸਹਿਣ ਅਤੇ ਉਹਨਾਂ ਦੀ ਵਿਚਾਰਧਾਰਾ ਤੋਂ ਜਾਣੂ ਨਹੀਂ ਹੋਵੇਗੀ ਓਨਾਂ ਚਿਰ ਤੱਕ ਅੱਜ ਦੇ ਸਮੇਂ ਦਾ ਲੁਤਫ਼ ਕਿਵੇਂ ਉਠਾ ਸਕਣਗੇ। ਪਿਛਲੀਆਂ ਪੀੜ੍ਹੀਆਂ ਨੂੰ ਜਾਣੇ ਬਿਨਾਂ ਅੱਜ ਦੀਆਂ ਪ੍ਰਾਪਤੀਆਂ ਦਾ ਆਨੰਦ ਨਹੀਂ ਉਠਾਇਆ ਜਾ ਸਕਦਾ ਤੇ ਪੁਰਾਣਿਆਂ ਦੇ ਤਜ਼ਰਬਿਆਂ ਨੂੰ ਰਾਹਨੁਮਾ ਬਣਾਏ ਬਿਨਾਂ ਨਵਿਆਂ ਰਾਹਾਂ ਨੂੰ ਸ਼ਿੰਗਾਰਿਆ ਨਹੀਂ ਜਾ ਸਕਦਾ। ਸਾਡੀਆਂ ਬੀਤੀਆਂ ਪੀੜ੍ਹੀਆਂ ਦੀਆਂ ਗੱਲਾਂ ਸੁਣ ਕੇ ਉਹਨਾਂ ਦੀ ਸਾਦੀ ਜੀਵਨਸ਼ੈਲੀ ਤੋਂ ਤਾਂ ਹਰ ਕੋਈ ਪ੍ਰਭਾਵਿਤ ਹੋ ਜਾਂਦਾ ਹੈ ਪਰ ਉਸ ਮੁਤਾਬਿਕ ਜਿਊਣਾ ਕੋਈ ਨਹੀਂ ਚਾਹੁੰਦਾ।

ਜਿਵੇਂ ਜਿਵੇਂ ਨਵੀਆਂ ਇਜਾਦਾਂ ਨੇ ਸਪੀਡ ਫ਼ੜੀ ,ਉਵੇਂ ਉਵੇਂ ਹੀ ਲੋਕਾਂ ਦੇ ਦਿਮਾਗਾਂ ਦੀ ਸੋਚਣੀ ਨੇ ਸਪੀਡ ਫ਼ੜ ਲਈ। ਕਹਿੰਦੇ ਹਨ ਕਿ ਜ਼ਿਆਦਾ ਸਪੀਡ ਹੀ ਹਾਦਸਿਆਂ ਦਾ ਕਾਰਨ ਬਣਦੀ ਹੈ।ਬਸ ਫੇਰ ਕੀ ਸੀ, ਜਿਵੇਂ ਹੀ ਦਿਮਾਗ ਵਿਚਲੀਆਂ ਸੋਚਾਂ ਨੇ ਤੇਜ਼ ਰਫ਼ਤਾਰੀ ਸ਼ੁਰੂ ਕੀਤੀ ਉਵੇਂ ਉਵੇਂ ਮਨੁੱਖੀ ਦਿਮਾਗ ਆਪਣਾ ਸੰਤੁਲਨ ਖੋਣ ਲੱਗਿਆ। ਜਿਵੇਂ ਜਿਵੇਂ ਦਿਖਾਵੇ ਦਾ ਦੌਰ ਸ਼ੁਰੂ ਹੋਇਆ ਤਿਵੇਂ ਤਿਵੇਂ ਹੀ ਲੋਕਾਂ ਨੂੰ ਆਪਣੀ ਵਿਖਾਵੇ ਵਾਲ਼ੀ ਰਹਿਣੀ ਬਹਿਣੀ,ਵਿਖਾਵੇ ਵਾਲ਼ਾ ਖਾਣ ਪੀਣ, ਵਿਖਾਵੇ ਲਈ ਘੁੰਮਣਾ ਫਿਰਨਾ ਮਾਨੋ ਕਿ ਸਭ ਕੁਝ ਹੀ ਵਿਖਾਵੇ ਦਾ ਹੋ ਜਾਣ ਕਾਰਨ ਆਪਣੀ ਅਸਲੀਅਤ ਨੂੰ ਮਨੁੱਖ ਭੁੱਲ ਹੀ ਗਿਆ ਹੈ।ਇਸ ਦਾ ਅਸਰ ਸਾਡੇ ਭਾਰਤੀ ਸਮਾਜ ਉੱਪਰ ਜ਼ਿਆਦਾ ਪਿਆ ਹੈ।

ਇਸ ਦੌਰ ਵਿੱਚ ਤਾਂ ਇਨਸਾਨ ਸੁਥਰੀ ਸੋਚ ਛੱਡ ਕੇ ਐਨਾ ਬੁਝਦਿਲ ਹੋ ਗਿਆ ਹੈ ਕਿ ਉਸ ਨੂੰ ਆਪਣੀ ਜ਼ਿੰਦਗੀ ਦਾ ਮਹੱਤਵ ਤਾਂ ਛੱਡੋ ਕੀ ਸਮਝਣਾ ਹੈ ਬਲਕਿ ਦੂਜਿਆਂ ਦੀ ਜ਼ਿੰਦਗੀ ਦਾ ਠੇਕਾ ਵੀ ਆਪਣੇ ਹੱਥ ਵਿੱਚ ਲੈ ਲਿਆ ਹੈ।ਉਹ ਵੀ ਸਾਕਾਰਾਤਮਕ ਰਵੱਈਏ ਕਰ ਕੇ ਨਹੀਂ, ਸਗੋਂ ਇਸ ਤੋਂ ਉਲਟ ਨਾਕਾਰਾਤਮਕ ਰਵੱਈਏ ਕਾਰਨ। ਪਹਿਲਾਂ ਪਹਿਲ ਕੋਈ ਕੋਈ ਟਾਂਵਾਂ ਟਾਂਵਾਂ ਹੀ ਆਤਮਹੱਤਿਆ ਕਰਦਾ ਹੁੰਦਾ ਸੀ ਪਰ ਅੱਜ ਦੇ ਸਮੇਂ ਵਿੱਚ ਤਾਂ ਇਸ ਨੂੰ ਮਾਮੂਲੀ ਜਿਹੀ ਗੱਲ ਹੀ ਸਮਝ ਲਿਆ ਗਿਆ ਹੈ।

ਆਪਣੀ ਝੂਠੀ ਸ਼ਾਨੋ ਸ਼ੌਕਤ ਬਣਾਉਣ ਕਰਕੇ ਲੱਖਾਂ ਰੁਪਏ ਕਰਜ਼ਾ ਲੈਣਾ ਆਮ ਜਿਹੀ ਗੱਲ ਹੋ ਗਈ ਹੈ, ਫਿਰ ਜਿਸ ਤੋਂ ਕਰਜ਼ਾ ਫੜਿਆ ਹੋਵੇ ਤਾਂ ਉਸ ਦੇ ਮੰਗਣ ਤੇ ਉਸ ਨੂੰ ਫਸਾਉਣ ਦੇ ਚੱਕਰ ਵਿੱਚ ਆਤਮਹੱਤਿਆ ਕਰਨਾ,ਧੀ ਦੀ ਸਹੁਰੇ ਘਰ ਨਹੀਂ ਬਣਦੀ ਤਾਂ ਸਹੁਰੇ ਪਰਿਵਾਰ ਨੂੰ ਫਸਾਉਣ ਖ਼ਾਤਰ ਆਤਮਹੱਤਿਆ ਕਰਨਾ,ਜਵਾਈ ਦੀ ਸਹੁਰਿਆਂ ਨਾਲ ਨਹੀਂ ਬਣਦੀ ਸਹੁਰਿਆਂ ਦੇ ਸਾਰੇ ਟੱਬਰ ਨੂੰ ਫਸਾਉਣ ਖ਼ਾਤਰ ਆਤਮਹੱਤਿਆ ਕਰਨਾ,ਗੁਆਂਢੀ ਦੀ ਗੁਆਂਢੀ ਨਾਲ ਲੜਾਈ ਹੋ ਜਾਏ ਤਾਂ ਗੁਆਂਢੀ ਨੂੰ ਫਸਾਉਣ ਖ਼ਾਤਰ ਆਤਮਹੱਤਿਆ ਕਰਨਾ,ਪ੍ਰੇਮੀ ਪ੍ਰੇਮਿਕਾ ਨੂੰ ਫਸਾਉਣ ਲਈ, ਪ੍ਰੇਮਿਕਾ ਪ੍ਰੇਮੀ ਨੂੰ ਫਸਾਉਣ ਲਈ, ਇਵੇਂ ਕਿਰਾਏਦਾਰਾਂ ਮਾਲਕ ਮਕਾਨਾਂ ਦੇ ਝਗੜੇ, ਕਿਸੇ ਵੀ ਖੇਤਰ ਵਿੱਚ ਸੁਣਵਾਈ ਨਾ ਹੋਣ ਤੇ ਆਤਮਹੱਤਿਆ ਕਰਨ ਦੀ ਧਮਕੀ ਦੇਣਾ ਜਾਂ ਆਤਮਹੱਤਿਆ ਕਰਨਾ ਆਮ ਜਿਹੀ ਗੱਲ ਹੋ ਗਈ ਹੈ।

ਸਾਡੀ ਸੰਸਕ੍ਰਿਤੀ ਵਿੱਚ ਪਹਿਲਾਂ ਇਹ ਘਟੀਆ ਗੱਲਾਂ ਨੂੰ ਤਰਜੀਹ ਕਿੱਥੇ ਦਿੱਤੀ ਜਾਂਦੀ ਸੀ? ਇਸ ਗੱਲ ਲਈ ਅੱਜ ਕੱਲ੍ਹ ਸਭ ਤੋਂ ਵਧੀਆ ਤਰੀਕੇ ਨਾਲ ਸੋਸ਼ਲ ਮੀਡੀਆ ਦਾ ਪ੍ਰਯੋਗ ਕੀਤਾ ਜਾਂਦਾ ਹੈ।ਮਰਨ ਤੋਂ ਪਹਿਲਾਂ ਵੀਡੀਓ ਬਣਾ ਕੇ ਨਾਂਵਾਂ ਦੀ ਲਿਸਟ ਪੜ੍ਹਕੇ ਸੁਣਾਈ ਜਾਂਦੀ ਹੈ ਕਿ ਕਿਸ ਕਿਸ ਨੂੰ ਕਾਨੂੰਨ ਦੇ ਸ਼ਿਕੰਜੇ ਵਿੱਚ ਫਸਾਉਣਾ ਹੈ ਤੇ ਫਿਰ ਆਤਮਹੱਤਿਆ ਕਰ ਲਈ ਜਾਂਦੀ ਹੈ।ਕਈ ਤਾਂ ਇਹੋ ਜਿਹੇ ਕੇਸ ਆਉਂਦੇ ਹਨ ਕਿ ਉਹ ਕੈਮਰਾ ਚਲਾ ਕੇ ਲਾਈਵ ਆਤਮਹੱਤਿਆ ਕਰਦੇ ਹਨ।

ਸਭ ਤੋਂ ਵੱਧ ਘਟੀਆ, ਘਿਨਾਉਣੀ ਅਤੇ ਦੁੱਖ ਦੀ ਗੱਲ ਉਦੋਂ ਹੁੰਦੀ ਹੈ ਕਿ ਜਦੋਂ ਆਤਮਘਾਤੀ ਪਿੱਛੇ ਬਾਕੀ ਪਰਿਵਾਰ ਨੂੰ ਵੀ ਆਪਣੀ ਘਟੀਆ ਸੋਚ ਦਾ ਸ਼ਿਕਾਰ ਬਣਾਉਂਦਾ ਹੈ ਜਦ ਕਿ ਉਹ ਆਪਣੀ ਜ਼ਿੰਦਗੀ ਜਿਊਣਾ ਚਾਹੁੰਦੇ ਹੁੰਦੇ ਹਨ।ਇੱਕੋ ਇੱਕੋ ਪਰਿਵਾਰ ਦੇ ਚਾਰ ਚਾਰ -ਪੰਜ ਪੰਜ ਮੈਂਬਰਾਂ ਨੂੰ ਮੌਤ ਦੇ ਘਾਟ ਉਤਾਰ ਕੇ ਫਿਰ ਆਤਮਹੱਤਿਆ ਕਰਦਾ ਹੈ।ਇਹ ਤਾਂ ਬੁਜ਼ਦਿਲੀ ਦੀ ਹੱਦ ਹੀ ਹੋ ਚੁੱਕੀ ਹੈ। ਇਹੋ ਜਿਹੀਆਂ ਘਟਨਾਵਾਂ ਸਮਾਜ ਵਿੱਚ ਬਦ ਅਮਨੀ ਅਤੇ ਭੈਅ ਦਾ ਮਾਹੌਲ ਪੈਦਾ ਕਰਦੀਆਂ ਹਨ।ਇਹੋ ਜਿਹੇ ਬੁਝਦਿਲ ਇਨਸਾਨ ਸਮਾਜ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਨੂੰ ਗਲਤ ਸੰਦੇਸ਼ ਦਿੰਦੇ ਹਨ।

ਇਹੋ ਜਿਹੀਆਂ ਘਟਨਾਵਾਂ ਦਿਨੋ ਦਿਨ ਵਧਦੀਆਂ ਹੀ ਜਾ ਰਹੀਆਂ ਹਨ ਕਿਉਂਕਿ ਅੱਜ ਦੇ ਇਨਸਾਨ ਕੋਲ ਸਬਰ, ਸੰਤੋਖ, ਸਹਿਨਸ਼ੀਲਤਾ, ਨਿਮਰਤਾ, ਅਤੇ ਪਰਉਪਕਾਰ ਵਰਗੇ ਸਦਾਚਾਰਕ ਗੁਣਾਂ ਦੀ ਕੋਈ ਅਹਿਮੀਅਤ ਨਹੀਂ ਰਹਿ ਗਈ ਹੈ। ਇਹ ਸਭ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਅਸੀਂ ਆਪਣੇ ਪੁਰਖਿਆਂ ਦੀ ਜੀਵਨਸ਼ੈਲੀ ਨੂੰ ਆਪਣਾ ਆਪਣਾ ਰਾਹ ਦਸੇਰਾ ਬਣਾ ਕੇ ਬੋਚ ਬੋਚ ਕੇ ਪੱਬ ਰੱਖਦੇ ਹੋਏ ਉਨ੍ਹਾਂ ਰਾਹਾਂ ਤੇ ਅੱਗੇ ਵਧੀਏ। ਜ਼ਿੰਦਗੀ ਨੂੰ ‘ਸਹਿਜ ਪਕੇ ਸੋ ਮੀਠਾ ਹੋਏ’ ਦੇ ਸਿਧਾਂਤ ਅਨੁਸਾਰ ਅੱਗੇ ਵਧਾਉਣਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ
9988901324

 

Previous articleThousands rally in Khyber Pakhtunkhwa demanding durable peace
Next articleਰੇਡੀਓ ਚੜ੍ਹਦੀ ਕਲਾ ਵੱਲੋਂ ਸਾਂਝ ਮਾਂਵਾਂ ਧੀਆਂ ਦੀ: 2023 ਲਈ ਪਹਿਲੀ ਮੀਟਿੰਗ ਹੋਈ