(ਸਮਾਜ ਵੀਕਲੀ)
ਜੀਹਦੇ ਕੋਲ ਫੋਨ ਨਹੀਂ…ਭਲਾ ਓਹਦੀ ਵੀ ਕੋਈ ਜ਼ਿੰਦਗੀ ਹੈ? ਇਸ ਨਵੇਂ ਜ਼ਮਾਨੇ ਦੀ ਚਮ ਚਮ ਕਰਦੀ ਚਕਾਚੌਂਧ ਵਿੱਚ ਹਰ ਵਰਗ ਅਤੇ ਹਰ ਉਮਰ ਦੇ ਲੋਕਾਂ ਦੀਆਂ ਅੱਖਾਂ ਸ਼ਾਇਦ ਧੁੰਦਲਾ ਰਹੀਆਂ ਹਨ ਕਿਉਂ ਕਿ ਫੋਨਾਂ ਦੀ ਚਮਕ ਹੀ ਅੱਖਾਂ ਵਿੱਚ ਐਨੀ ਪੈਂਦੀ ਹੈ। ਪੁਰਾਣੇ ਸੰਸਕਾਰ ਅਤੇ ਸ਼ਰਮ ਹਯਾ ਦੇ ਉੱਪਰ ਅਜ਼ਦੀ ਵਾਲ਼ੀ ਮੋਟੀ ਪਰਤ ਚੜ੍ਹ ਰਹੀ ਹੈ ਕਿਉਂ ਕਿ ਫੋਨਾਂ ਦੇ ਮੈਸੇਜ ਬਾਕਸਾਂ ਵਿੱਚ ਸਮਿਆਂ ਦੇ ਸੰਸਕਾਰ ਦੱਬ ਗਏ ਹਨ । ਫ਼ੋਨ ਕੀ ਆਏ ਕਿ ਆਪਣੇ ਫ਼ੈਸਲੇ ਲੈਂਦਿਆਂ ਉਮਰਾਂ ਦੇ ਅੰਤਰਾਲ ਨਜ਼ਰੀਂ ਨਹੀਂ ਪੈਂਦੇ, ਉਹਨਾਂ ਨੂੰ ਰਿਸ਼ਤਿਆਂ ਦੇ ਹੱਦਾਂ ਬੰਨੇ ਦਿਖਾਈ ਨਹੀਂ ਦਿੰਦੇ ।
ਪਿਛਲੇ ਇੱਕ ਡੇਢ ਦਹਾਕੇ ਤੋਂ ਮਨੁੱਖੀ ਦਿਮਾਗ ਉੱਤੇ ਫੋਨਾਂ ਨੇ ਐਨੀ ਬੁਰੀ ਤਰ੍ਹਾਂ ਕਬਜ਼ਾ ਕਰ ਲਿਆ ਹੈ ਕਿ ਉਸ ਦੇ ਸੌਂਦੇ- ਜਾਗਦੇ,ਉੱਠਦੇ -ਬੈਠਦੇ,ਘਰ-ਬਾਹਰ, ਰੁੱਝੇ ਹੋਏ ਜਾਂ ਵਿਹਲੇ ਬੈਠਿਆਂ ਮਤਲਬ ਕਿ ਹਰ ਸਮੇਂ ਉਸ ਨੂੰ ਘੜੀ ਘੜੀ ਫੋਨ ਦੇਖਣ ਵਾਲੀ ਬਿਮਾਰੀ ਨੇ ਘੇਰ ਲਿਆ ਹੈ। ਫ਼ੋਨ ਨੁਮਾ ਬਿਮਾਰੀ ਮਨੁੱਖ ਉੱਪਰ ਇਸ ਕਦਰ ਭਾਰੂ ਹੋ ਰਹੀ ਹੈ ਕਿ ਇਹ ਇੱਕ ਪੁਆੜੇ ਦੀ ਜੜ੍ਹ ਜਾਂ ਬੀਮਾਰੀ ਬਣਦੇ ਜਾ ਰਹੇ ਹਨ। ਮੰਨਿਆ ਕਿ ਇਹ ਸਾਡੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਗਏ ਹਨ,ਇਹ ਸਾਡੀ ਸੁੱਖ ਸਹੂਲਤ ਬਣ ਗਏ ਹਨ, ਸਾਡੀ ਪ੍ਰਗਤੀ ਦਾ ਇੱਕ ਹਿੱਸਾ ਹਨ ਪਰ ਅੱਜ ਆਪਾਂ ਇਸ ਗੱਲ ਤੇ ਝਾਤੀ ਮਾਰੀਏ ਕਿ ਇਹ ਪੁਆੜੇ ਦੀ ਜੜ੍ਹ ਵੀ ਬਣ ਗਏ ਹਨ।
ਅੱਜ ਕੱਲ੍ਹ ਫੋਨ ਰਾਹੀਂ “ਇੰਸਟੈਂਟ ਰੀਐਕਸ਼ਨ” ਹੁੰਦਾ ਹੈ। ਘਰਾਂ ਪਰਿਵਾਰਾਂ ਵਿੱਚ ਜਿਹੜੀਆਂ ਗੱਲਾਂ ਨੂੰ ਹਜ਼ਮ ਕਰਨ ਲਈ ਕਈ ਵਾਰ ਥੋੜ੍ਹਾ ਜਿਹਾ ਵਕ਼ਤ ਚਾਹੀਦਾ ਹੁੰਦਾ ਹੈ ਉਹ ਗੱਲਾਂ ਉਸੇ ਸਮੇਂ ਹੀ ਇੱਕ ਦੂਜੇ ਨੂੰ ਫ਼ੋਨ ਮਿਲ਼ਾ ਕੇ “ਕਲੀਅਰ” ਕਰਦੇ ਕਰਦੇ ਰਿਸ਼ਤਿਆਂ ਦੇ ਪਿਆਰ “ਕਲੀਅਰ” ਕਰ ਬੈਠਦੇ ਹਨ। ਮੰਨ ਲਓ ਜੇ ਕਿਸੇ ਇੱਕ ਭਰਾ ਨੇ ਕਿਸੇ ਗੱਲੋਂ ਅਣਬਣ ਕਾਰਨ ਦੂਜੇ ਭਰਾ ਬਾਰੇ ਗੱਲ ਕਰ ਵੀ ਲਈ ਤਾਂ ਤੀਜੇ ਭਰਾ ਨੂੰ ਛੇਤੀ ਹੁੰਦਾ ਹੈ ਕਿ ਉਸੇ ਸਮੇਂ ਉਸ ਦਾ ਹਮਦਰਦੀ ਬਣ ਕੇ ਛੇਤੀ ਛੇਤੀ ਉਸ ਨੂੰ ਦੱਸ ਦਿੱਤਾ ਜਾਵੇ ।
ਬੱਸ ਫੇਰ ਕੀ ਹੈ, ਸ਼ੁਰੂ ਹੋ ਜਾਂਦਾ ਹੈ ਫੋਨਾਂ ਉੱਤੇ ਹੀ ਪੁੱਛਣ ਪੁਛਾਉਣ ਦਾ ਦੌਰ, ਕਈ ਵਾਰ ਉਹ ਇੱਕ ਵੱਡੇ ਪੁਆੜੇ ਦਾ ਕਾਰਨ ਬਣ ਕੇ ਸਦਾ ਲਈ ਮਨਾਂ ਵਿੱਚ ਫ਼ਰਕ ਵਧਾ ਦਿੰਦੇ ਹਨ। ਪਰ ਜਦ ਫੋਨ ਨਹੀਂ ਸਨ ਤਾਂ ਜਦ ਤੱਕ ਇੱਕ ਦੂਜੇ ਨਾਲ ਮੇਲ ਮੁਲਾਕਾਤ ਹੁੰਦੀ ਸੀ ਉਦੋਂ ਤੱਕ ਉਹ ਕੀਤੀ ਕਰਾਈ ਗੱਲ ਅੱਧੀ ਕੁ ਭੁੱਲ ਜਾਂਦੀ ਸੀ ਤੇ ਅੱਧੀ ਕੁ ਬੇਹੀ ਹੋ ਕੇ ਬੇਰਸ ਹੋ ਜਾਂਦੀ ਸੀ। ਪੁੱਛਣ ਪੁਛਾਉਣ ਵਾਲੇ ਸਿਲਸਿਲੇ ਦੇ ਤਹਿਤ ਫ਼ੋਨਾਂ ਦੇ ਬਹੁਤ ਭਿਆਨਕ ਸਿੱਟੇ ਨਿਕਲਦੇ ਹਨ। ਇਹ ਦੋਸਤਾਂ ਮਿੱਤਰਾਂ ਵਿੱਚ, ਭੈਣਾਂ ਭਰਾਵਾਂ ਵਿੱਚ, ਸਹਿਕਰਮੀਆਂ ਵਿੱਚ ਪੁਆੜੇ ਦੀ ਜੜ੍ਹ ਬਣ ਜਾਂਦੇ ਹਨ।
ਫ਼ੋਨ ਨੇ ਸਾਡੇ,ਉੱਠਣ ਬੈਠਣ, ਖਾਣ ਪੀਣ , ਪਾਠ ਪੂਜਾ ਦੇ ਸਮਿਆਂ ਉੱਪਰ ਕਬਜ਼ਾ ਕਰ ਲਿਆ। ਹਰ ਵਿਅਕਤੀ ਪਾਠ ਪੂਜਾ ਖ਼ਤਮ ਕਰਦੇ ਸਾਰ ਪਹਿਲਾਂ ਆ ਕੇ ਆਪਣਾ ਫ਼ੋਨ ਚੈੱਕ ਕਰਦਾ ਹੈ ਜਿਵੇਂ ਪਤਾ ਨਹੀਂ ਉਹਨਾਂ ਪੰਜ ਦਸ ਮਿੰਟਾਂ ਵਿੱਚ ਕਿਹੜੀ ਦੁਨੀਆਂ ਬਦਲ ਗਈ ਹੋਣੀਂ ਹੈ,ਚਾਰ ਬੰਦਿਆਂ ਵਿੱਚ ਬੈਠੇ ਬੈਠੇ ਗੱਲਾਂ ਕਰਦਾ ਕਰਦਾ ਘੜੀ ਘੜੀ ਉਸ ਦੀ ਸਕਰੀਨ ਤੇ ਝਾਤੀਆਂ ਮਾਰਦਾ ਹੈ ,ਖਾਣਾ ਖਾਂਦੇ ਖਾਂਦੇ ਡਾਈਨਿੰਗ ਟੇਬਲ ਤੇ ਬੈਠੇ ਬੈਠੇ ਜਿਵੇਂ ਜਿਵੇਂ ਗਰਾਹੀ ਮੂੰਹ ਵਿੱਚ ਸੁੱਟਦਾ ਹੈ ਤਿਵੇਂ ਤਿਵੇਂ ਸਾਈਡ ਤੇ ਫੋਨ ਵੱਲ ਆਪਣੀ ਗਰਦਨ ਘੁਮਾ ਘੁਮਾ ਕੇ ਦੇਖਦਾ ਹੈ,ਸੌਣ ਲੱਗਿਆਂ ਸਿਰਹਾਣੇ ਆਏਂ ਰੱਖ ਕੇ ਪੈਂਦਾ ਹੈ ਜਿਵੇਂ ਕੋਈ ਬੱਕਰੀਆਂ ਵਾਲਾ ਆਪਣੀ ਬੱਕਰੀ ਨੂੰ ਸਿਰਹਾਣੇ ਬੰਨ੍ਹ ਕੇ ਸੌਂਦਾ ਹੈ ਕਿ ਕਿਤੇ ਕੋਈ ਉਸ ਨੂੰ ਚੋਅ ਕੇ ਨਾ ਲੈ ਜਾਵੇ,ਰਾਤ ਨੂੰ ਅਧਸੁੱਤੇ ਪਏ ਪਏ ਵਾਰ ਵਾਰ ਚੁੱਕ ਕੇ ਦੇਖਦਾ ਹੈ।
ਕਈ ਵਾਰੀ ਤਾਂ ਇਸ ਨੂੰ ਦੇਖਦੇ ਦੇਖਦੇ ਮਨੁੱਖ ਖ਼ੁਦ ਹੀ ਦਿਮਾਗ਼ੀ ਤੌਰ ਤੇ ਐਨਾ ਥੱਕ ਜਾਂਦਾ ਹੈ ਕਿ ਉਸ ਦਾ ਦਿਲ ਕਰਦਾ ਹੈ ਕਿ ਉਹ ਉਸ ਨੂੰ ਪਟਕਾ ਕੇ ਮਾਰੇ।ਪਰ ਨਾ… ਇਹ ਤਾਂ ਓਹਨੂੰ ਬਿਲਕੁਲ ਮਨਜ਼ੂਰ ਨਹੀਂ… ਉਹ ਇਸ ਤੋਂ ਅੱਕਿਆ ਥੱਕਿਆ ਕੁਰਸੀ ਦੀ ਢੋਅ ਤੇ ਸਿਰ ਸੁੱਟ ਕੇ ਦੋ ਮਿੰਟ ਰਿਲੈਕਸ ਹੋਣ ਲਈ ਅੱਖਾਂ ਬੰਦ ਕਰਕੇ ਜ਼ਰੂਰ ਪੈ ਜਾਵੇਗਾ ਪਰ ਇਹ ਬੀਮਾਰੀ ਹੀ ਐਸੀ ਹੈ ਕਿ ਇਸ ਤੋਂ ਰਿਲੈਕਸ ਹੁੰਦਾ ਹੁੰਦਾ ਵੀ ਵਿੱਚ ਦੀ ਝਾਤੀ ਮਾਰ ਹੀ ਲੈਂਦਾ ਹੈ। ਉਸ ਤੋਂ ਅੱਕਿਆ ਥੱਕਿਆ ਹੋਇਆ ਵੀ ਉਸ ਨੂੰ ਛੱਡ ਨਹੀਂ ਪਾਉਂਦਾ।ਪਰ ਮਨੁੱਖ ਨੂੰ ਇਹ ਆਪ ਹੀ ਸਮਝਣਾ ਪੈਣਾ ਹੈ ਕਿ ਆਪਣੀ ਸਿਹਤ ਅਤੇ ਰਿਸ਼ਤਿਆਂ ਉੱਤੇ ਐਨੀ ਛੋਟੀ ਜਿਹੀ ਚੀਜ਼ ਨੂੰ ਐਨਾ ਭਾਰੂ ਨਾ ਹੋਣ ਦੇਵੇ ਕਿ ਉਹ ਇੱਕ ਰੋਗ ਬਣ ਜਾਵੇ। ਹਰ ਚੀਜ਼ ਦੀ ਵਰਤੋਂ ਸਮਝਦਾਰੀ ਅਤੇ ਸੀਮਤ ਸਮੇਂ ਅਨੁਸਾਰ ਹੀ ਕਰਨਾ ਅਸਲੀ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ
9988901324