ਏਹੁ ਹਮਾਰਾ ਜੀਵਣਾ ਹੈ -163

(ਸਮਾਜ ਵੀਕਲੀ)

ਸਾਹਿਤ ਕਿਸੇ ਵੀ ਲਿਖਤ ਨੂੰ ਕਿਹਾ ਜਾ ਸਕਦਾ ਹੈ। ਜ਼ਿਆਦਾ ਸਪਸ਼ਟ ਅਰਥਾਂ ਵਿੱਚ ਇਹ ਆਮ ਬੋਲੀ ਜਾਣ ਵਾਲੀ ਭਾਸ਼ਾ ਤੋਂ ਚਾਹੇ ਵੱਖਰੀ ਰਚਨਾਤਮਕ ਅਤੇ ਸੁਹਜਾਤਮਕ ਰਚਨਾ ਹੁੰਦੀ ਹੈ ਪਰ ਫਿਰ ਵੀ ਇਸ ਉੱਤੇ ਲੇਖ਼ਕ ਦੀ ਬੋਲੀ ਅਤੇ ਸਮਾਜਿਕ ਵਰਤਾਰੇ ਦਾ ਪ੍ਰਭਾਵ ਜ਼ਰੂਰ ਚੜ੍ਹਿਆ ਹੋਇਆ ਹੁੰਦਾ ਹੈ। ਕਵਿਤਾ, ਨਾਵਲ, ਕਹਾਣੀ, ਡਰਾਮਾ ਆਦਿ ਇਸ ਦੇ ਮੁੱਖ ਰੂਪ ਹੁੰਦੇ ਹਨ। ਸਾਹਿਤ ਦੇ ਇੰਨਾਂ ਰੂਪਾਂ ਵਿੱਚੋਂ ਕੋਈ ਵੀ ਰੂਪ ਦੇਖ ਲਵੋ, ਉਹ ਸਾਡੇ ਸਮਾਜ ਵਿੱਚ ਵਾਪਰ ਰਹੀਆਂ ਘਟਨਾਵਾਂ, ਸਾਡੇ ਆਲ਼ੇ ਦੁਆਲ਼ੇ ਵਿੱਚ ਪ੍ਰਾਣੀਆਂ ਦੇ ਆਪਸੀ ਵਿਹਾਰ, ਮੁਸ਼ਕਲਾਂ,ਹਾਸੇ, ਦੁੱਖ,ਸੁੱਖ, ਕਿਰਿਆਵਾਂ ਅਤੇ ਪ੍ਰਤੀਕਿਰਿਆਵਾਂ ਜਾਂ ਹੋਰ ਕੋਈ ਵੀ ਪਹਿਲੂ ਹੋਵੇ, ਵਿੱਚੋਂ ਉਪਜਿਆ ਹੋਇਆ ਹੁੰਦਾ ਹੈ। ਇਸੇ ਲਈ ਸਾਹਿਤ ਅਤੇ ਸਮਾਜ ਦੋਵੇਂ ਇੱਕ ਦੂਜੇ ਦਾ ਅਨਿੱਖੜਵਾਂ ਅੰਗ ਹੁੰਦੇ ਹਨ। ਸਾਹਿਤ ਅਤੇ ਸਮਾਜ ਨੂੰ ਇੱਕ ਦੂਜੇ ਦਾ ਦਰਪਣ ਵੀ ਆਖ ਦਿੱਤਾ ਜਾਵੇ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ।

ਅਜੋਕੇ ਸਮੇਂ ਵਿੱਚ ਅਜਿਹਾ ਸਾਹਿਤ ਰਚਣ ਦੀ ਲੋੜ ਹੈ ਜੋ ਮਨੁੱਖੀ ਜੀਵਨ ਦੀਆਂ ਗਿਰ ਰਹੀਆਂ ਨੈਤਿਕ ਕਦਰਾਂ ਕੀਮਤਾਂ ਨੂੰ ਸੰਭਾਲਣ ਦਾ ਜ਼ਿੰਮਾ ਲਵੇ। ਹਰ ਸਾਹਿਤਕਾਰ ਦਾ ਕਾਰਜ ਸਿਰਫ਼ ਆਪਣੀ ਰਚਨਾ ਲਿਖ਼ਣਾ, ਪੜ੍ਹਨਾ ਜਾਂ ਸੁਣਾ ਕੇ ਪੇਸ਼ ਕਰਨ ਅਤੇ ਵਾਹ ਵਾਹ ਖੱਟਣ ਤੱਕ ਸੀਮਤ ਨਹੀਂ ਹੋਣਾ ਚਾਹੀਦਾ।ਉਸ ਉੱਤੇ ਸਿਰਫ ਆਪਣੀ ਸੋਚ ਅਤੇ ਮਨਸ਼ਾ ਹੀ ਭਾਰੂ ਨਾ ਹੋਣ ਦਿੱਤੀ ਜਾਵੇ। ਸਮਾਜ ਵਿੱਚ ਵਿਚਰਦਿਆਂ ਕਿਸੇ ਵੀ ਰਚਨਾਕਾਰ ਦੁਆਰਾ ਨਿੱਜੀ ਲਾਹੇ ਜਾਂ ਨਾਮਣੇ ਖੱਟਣ ਲਈ ਨਿਰੀਆਂ ਉਹੀ ਗੱਲਾਂ ਬਿਆਨ ਨਾ ਕੀਤੀਆਂ ਜਾਣ ਜੋ ਲੋਕਾਂ ਦੀ ਮੁੱਢਲੀ ਪਸੰਦ ਤਾਂ ਬਣ ਜਾਣ ਪਰ ਨੈਤਿਕਤਾ ਦਾ ਘਾਣ ਕਰਦੀਆਂ ਹੋਣ।

ਸਾਡੀ ਨਵੀਂ ਪੀੜ੍ਹੀ ਪਹਿਲਾਂ ਹੀ ਜਾਣੇ ਅਣਜਾਣੇ ਬਹੁਤ ਸਾਰੀਆਂ ਸਮੱਸਿਆਵਾਂ ਵਿੱਚੋਂ ਗੁਜ਼ਰ ਰਹੀ ਹੈ। ਪਹਿਲਾਂ ਹੀ ਕਈ ਸਮਾਜਿਕ ਕੋਹੜ ਉਹਨਾਂ ਵੱਲ ਮੂੰਹ ਅੱਡੀ ਖੜ੍ਹੇ ਹਨ। ਸਾਡੇ ਬੱਚਿਆਂ ਦੀ ਹਾਲਤ ਬਿਲਕੁਲ ਇਸੇ ਤਰ੍ਹਾਂ ਹੈ ਜਿਵੇਂ ਕੰਡਿਆਲੀਆਂ ਟਾਹਣੀਆਂ ਉੱਤੇ ਨਵੀਆਂ ਫੁੱਟਦੀਆਂ ਕਰੂੰਬਲਾਂ ਹੋਣ। ਪੜ੍ਹਾਈ ਵੱਲ ਪ੍ਰੇਰਿਤ ਕਰਨ ਦੇ ਨਾਲ ਨਾਲ ਅੱਜ ਦੀ ਜਵਾਨੀ ਨੂੰ ਨਸ਼ੇ, ਸੋਸ਼ਲ ਮੀਡੀਆ, ਜਾਂ ਫ਼ੋਕੀ ਸ਼ੁਹਰਤ ਖੱਟਣ ਦੀ ਹੋੜ ਤੋਂ ਬਚਾਉਣ ਲਈ ਮਾਪਿਆਂ ਦੇ ਨਾਲ ਨਾਲ ਸਾਹਿਤ ਜਗਤ ਇਸ ਵਿੱਚ ਬਾਖੂਬ ਯੋਗਦਾਨ ਪਾ ਸਕਦਾ ਹੈ।ਜੇ ਸਾਹਿਤਕਾਰ ਹੀ ਆਪਣੀਆਂ ਰਚਨਾਵਾਂ ਨੂੰ ਦਿਲਚਸਪ ਬਣਾਉਣ ਦੇ ਚੱਕਰ ਵਿੱਚ ਇਹਨਾਂ ਚੀਜ਼ਾਂ ਨੂੰ ਵਡਿਆ ਕੇ ਪੇਸ਼ ਕਰਨਗੇ ਤਾਂ ਨਵੀਂ ਪੀੜ੍ਹੀ ਉੱਪਰ ਉਹੀ ਰੰਗਤ ਚਾੜ੍ਹੇਗਾ। ਇਹੋ ਜਿਹਾ ਸਾਹਿਤ ਸਮਾਜ ਲਈ ਘਾਤਕ ਸਿੱਧ ਹੋਵੇਗਾ। ਸੋਸ਼ਲ ਮੀਡੀਆ ਉੱਪਰ ਸਾਹਿਤਕਾਰਾਂ ਨੂੰ ਸਮਾਜਿਕ ਬੁਰਿਆਈਆਂ ਦਾ ਆਭਾਸ ਕਰਵਾਉਂਦੀਆਂ ਤੇ ਉਹਨਾਂ ਦੇ ਬੁਰੇ ਨਤੀਜਿਆਂ ਤੋਂ ਜਾਣੂ ਕਰਵਾਉਂਦੀਆਂ ਰਚਨਾਵਾਂ ਪੇਸ਼ ਕਰਨ ਦੇ ਨਾਲ ਨਾਲ ਪ੍ਰੇਰਨਾਦਾਇਕ ਅਤੇ ਸਿੱਖਿਆਦਾਇਕ ਰਚਨਾਵਾਂ ਦੀ ਪੇਸ਼ਕਾਰੀ ਕੀਤੀ ਜਾਵੇ ਤਾਂ ਜੋ ਉਹ ਹਰ ਕਿਸੇ ਤੱਕ ਸਹਿਜੇ ਹੀ ਪਹੁੰਚ ਕੇ ਵਰਦਾਨ ਹੋ ਨਿਬੜਨ।

ਸਾਡੇ ਅਜੋਕੇ ਸਮਾਜ ਵਿੱਚ ਸਿਰਫ਼ ਕਿਸ਼ੋਰ ਅਵਸਥਾ ਵੱਲ ਧਿਆਨ ਦੇਣ ਦੀ ਲੋੜ ਹੀ ਨਹੀਂ ਹੈ ਬਲਕਿ ਹਰ ਵਰਗ ਨੂੰ ਸੇਧ ਦੇਣ ਦੀ ਲੋੜ ਹੈ। ਕਈ ਲੇਖਣੀਆਂ ਇਸਤਰੀ ਮਰਦ ਦੇ ਨਾਜਾਇਜ਼ ਸਬੰਧਾਂ ਨੂੰ ਪੇਸ਼ ਕਰਕੇ ਪਿਆਰ ਦੀ ਤਰਫ਼ਦਾਰੀ ਕਰਦੀਆਂ ਬਹੁਤ ਦਿਲਚਸਪ ਢੰਗ ਨਾਲ ਪੇਸ਼ ਕੀਤੀਆਂ ਜਾਂਦੀਆਂ ਹਨ, ਜਿਸ ਦਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਸਾਡੇ ਸਮਾਜ ਵਿੱਚ ਇਹੋ ਜਿਹੀਆਂ ਘਟਨਾਵਾਂ ਦਿਨੋਂ ਦਿਨ ਵਧ ਰਹੀਆਂ ਹਨ, ਜਿਨ੍ਹਾਂ ਦਾ ਸ਼ਿਕਾਰ ਹੋ ਕੇ ਘਰਾਂ ਦੇ ਘਰ ਬਰਬਾਦ ਹੋ ਰਹੇ ਹਨ। ਇਹੋ ਜਿਹਾ ਸਾਹਿਤ ਕਿਸ ਕੰਮ ਦਾ ਜੋ ਸਾਡੀ ਸੱਭਿਅਤਾ ਬਰਬਾਦ ਕਰ ਰਿਹਾ ਹੋਵੇ। ਸੋ ਮੁੱਕਦੀ ਗੱਲ ਇਹ ਹੈ ਕਿ ਸਾਹਿਤਕਾਰਾਂ ਨੂੰ ਆਪਣੀਆਂ ਰਚਨਾਵਾਂ ਨੂੰ ਦਿਲਚਸਪ ਅਤੇ ਵਿਲੱਖਣ ਅੰਦਾਜ਼ ਦੇਣ ਦੇ ਨਾਲ ਨਾਲ ਸਮਾਜ ਦੇ ਹਰ ਵਰਗ ਨੂੰ ਸਮਰਪਿਤ ਰਚਨਾਵਾਂ ਪੇਸ਼ ਕਰਨੀਆਂ ਚਾਹੀਦੀਆਂ ਹਨ ਤਾਂ ਕਿ ਆਮ ਲੋਕਾਂ ਦੀ ਸਮਾਜਿਕ ਅਤੇ ਸੱਭਿਆਚਾਰਕ ਵਿਗੜ ਰਹੀ ਵਿਚਾਰਧਾਰਾ ਨੂੰ ਲੀਹੇ ਪਾਇਆ ਜਾ ਸਕੇ।

ਕੋਈ ਵੀ ਸਾਹਿਤ ਦੀ ਸਿਰਜਣਾ ਅਗਰ ਨਿੱਜੀ ਸਵਾਰਥਾਂ ਤੋਂ ਉੱਪਰ ਉੱਠ ਕੇ ਸਮਾਜ ਨੂੰ ਸੇਧ ਦੇਣ ਵਾਲੀ ਕੀਤੀ ਜਾਵੇ ਤਾਂ ਉਹ ਸਾਹਿਤ ਸਮਾਜ ਲਈ ਵਰਦਾਨ ਸਾਬਤ ਹੋਵੇਗਾ। ਬੇਸ਼ੱਕ ਜਟਿਲ ਅਤੇ ਔਖੀ ਤੋਂ ਔਖੀ ਸ਼ਬਦਾਵਲੀ ਦੀ ਵਰਤੋਂ ਕਰਕੇ ਪੇਸ਼ ਕੀਤੀਆਂ ਰਚਨਾਵਾਂ ਅਕਾਦਮਿਕ ਅਤੇ ਬੁੱਧੀਜੀਵੀ ਖ਼ੇਤਰ ਵਿੱਚ ਸਰਾਹੀਆਂ ਜਾਂਦੀਆਂ ਹਨ ਪਰ ਸਮਾਜ ਵਿੱਚ ਸਰਲ ਤਰੀਕੇ ਨਾਲ ਪੇਸ਼ ਕੀਤੀਆਂ ਗਈਆਂ ਰਚਨਾਵਾਂ ਡੂੰਘਾ ਪ੍ਰਭਾਵ ਪਾਉਂਦੀਆਂ ਹਨ ਕਿਉਂਕਿ ਇਹ ਹਰ ਕਿਸੇ ਦੀ ਸਮਝ ਵਿਚ ਜਲਦੀ ਆ ਜਾਂਦੀਆਂ ਹਨ। ਹਰ ਸਾਹਿਤਕਾਰ ਨੂੰ ਪਿਆਰ, ਹਮਦਰਦੀ, ਸਮਾਜਿਕ ਚੇਤਨਾ, ਯਥਾਰਥਵਾਦੀ, ਅਗਾਂਹਵਧੂ ਤੇ ਇਨਕਲਾਬੀ ਵਿਚਾਰਾਂ ਵਾਲੀਆਂ ਸਮਾਜ ਨੂੰ ਸੇਧ ਦੇਣ ਵਾਲੀਆਂ ਰਚਨਾਵਾਂ ਸਰਲ ਭਾਸ਼ਾ ਵਿੱਚ ਦਿਲਚਸਪ ਢੰਗ ਨਾਲ ਪੇਸ਼ ਕਰਨੀਆਂ ਚਾਹੀਦੀਆਂ ਹਨ। ਕਿਉਂ ਕਿ ਇੱਕ ਸਾਹਿਤਕਾਰ ਦਾ ਹੋਣ ਦੇ ਨਾਤੇ ਉਪਰੋਕਤ ਵਿਚਾਰਾਂ ਨੂੰ ਧਿਆਨ ਗੋਚਰੇ ਰੱਖਦਿਆਂ ਆਪਣੇ ਫ਼ਰਜ਼ਾਂ ਪ੍ਰਤੀ ਸੁਚੇਤ ਰਹਿਣਾ ਅਤੇ ਸਮਾਜ ਨੂੰ ਸੇਧ ਦੇਣਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ
9988901324

 

Previous articleकचरा श्रमिकों का ठेकेदारों के दमन के खिलाफ आगाज
Next articleਪਰਵਾਸ: ਸ਼ੌਕ ਜਾ ਮਜ਼ਬੂਰੀ