(ਸਮਾਜ ਵੀਕਲੀ)
ਅੱਜ ਕੱਲ੍ਹ ਸਿੱਖਿਆ ਨੀਤੀਆਂ ਬਦਲਣ ਕਾਰਨ ਜਿੱਥੇ ਸਾਰਾ ਸਾਲ ਇਮਤਿਹਾਨ ਚੱਲਦੇ ਰਹਿੰਦੇ ਹਨ ਉੱਥੇ ਨਤੀਜੇ ਵੀ ਉਹਨਾਂ ਦੇ ਆਧਾਰ ਤੇ ਅਤੇ ਸਲਾਨਾ ਇਮਤਿਹਾਨਾਂ ਦੇ ਆਧਾਰ ਤੇ ਸਾਂਝੇ ਤੌਰ ਤੇ ਹੀ ਨਿਰਭਰ ਕਰਦੇ ਹਨ। ਇਸ ਵਿੱਚ ਬੱਚਿਆਂ ਦੇ ਅਧਿਆਪਕਾਂ, ਮਾਪਿਆਂ ਅਤੇ ਉਹਨਾਂ ਦਾ ਆਪਣਾ ਯੋਗਦਾਨ ਹੁੰਦਾ ਹੈ। ਅੱਜ ਕੱਲ੍ਹ ਬਹੁਤੇ ਕੰਮਕਾਜੀ ਜਾਂ ਆਮ ਮਾਪੇ ਵੀ ਬੱਚਿਆਂ ਨੂੰ ਸਕੂਲ ਅਤੇ ਉਸ ਤੋਂ ਬਾਅਦ ਟਿਊਸ਼ਨਾਂ ਤੇ ਭੇਜ ਕੇ ਹੀ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਨ। ਅਧਿਆਪਕ ਬੱਚਿਆਂ ਨੂੰ ਸਿਲੇਬਸ ਪੂਰਾ ਕਰਵਾ ਕੇ ਅਤੇ ਘਰ ਲਈ ਲਿਖ਼ਤੀ ਅਤੇ ਯਾਦ ਕਰਨ ਦਾ ਕੰਮ ਦੇ ਕੇ ਆਪਣੀ ਜ਼ਿੰਮੇਵਾਰੀ ਸੰਪੂਰਨ ਕਰ ਲੈਂਦੇ ਹਨ। ਬੱਚੇ ਉਸ ਨੂੰ ਕਿੰਨਾ ਕੁ ਗ੍ਰਹਿਣ ਕਰ ਰਹੇ ਹਨ ਇਹ ਸਭ ਕੁਝ ਬੱਚਿਆਂ ਦੇ ਸੁਭਾਅ, ਉਹਨਾਂ ਦੀ ਗ੍ਰਹਿਣ ਕਰਨ ਅਤੇ ਯਾਦ ਕਰਨ ਦੀ ਸ਼ਕਤੀ ਉੱਤੇ ਨਿਰਭਰ ਕਰਦਾ ਹੈ।
ਅਸਲ ਵਿੱਚ ਬੱਚਿਆਂ ਦੇ ਭਵਿੱਖ ਨਿਰਮਾਣ ਵਿੱਚ ਜਿੱਥੇ ਮਾਪਿਆਂ ਅਤੇ ਅਧਿਆਪਕਾਂ ਦਾ ਬਹੁਤ ਹੀ ਮਹੱਤਵਪੂਰਨ ਯੋਗਦਾਨ ਹੁੰਦਾ ਹੈ ਉੱਥੇ ਜਿਵੇਂ ਜਿਵੇਂ ਬੱਚੇ ਵੱਡੇ ਹੋਈ ਜਾਂਦੇ ਹਨ ਉਹਨਾਂ ਨੂੰ ਆਤਮ ਨਿਰਭਰ ਬਣਾਉਣ ਦੀ ਲੋੜ ਹੁੰਦੀ ਹੈ। ਇਸ ਲਈ ਮਾਪਿਆਂ ਨੂੰ ਬੱਚਿਆਂ ਦੇ ਸੁਰਤ ਸੰਭਾਲਦੇ ਹੀ ਛੋਟੀਆਂ ਛੋਟੀਆਂ ਪ੍ਰੇਰਣਾਦਾਇਕ ਗੱਲਾਂ ਰਾਹੀਂ ਉਹਨਾਂ ਅੰਦਰ ਸਵੈ ਸਿੱਖਿਅਕ ਬਣਨ ਦੀ ਆਦਤ ਪਾਉਣੀ ਚਾਹੀਦੀ ਹੈ। ਜਿਵੇਂ ਛੋਟੇ ਬੱਚੇ ਨੂੰ ਜਦ ਗਿਲਾਸੀ ਨਾਲ ਮਾਂ ਦੁੱਧ ਪੀਣਾ ਸਿਖਾ ਰਹੀ ਹੁੰਦੀ ਹੈ ਤਾਂ ਉਸ ਨੂੰ ਇੱਕ ਦੋ ਅਭਿਆਸ ਤੋਂ ਬਾਅਦ ਆਪ ਗਿਲਾਸੀ ਉਠਾ ਕੇ ਪੀਣ ਨੂੰ ਆਖੇ ਤਾਂ ਉਸ ਅੰਦਰ ਆਪਣਾ ਕੰਮ ਆਪ ਕਰਨ ਦੀ ਆਦਤ ਦੀ ਸ਼ੁਰੂਆਤ ਹੋ ਜਾਵੇਗੀ। ਪਰ ਆਮ ਕਰਕੇ ਜਦ ਤੱਕ ਬੱਚਾ ਜ਼ਿੱਦ ਕਰਕੇ ਮਾਂ ਹੱਥੋਂ ਗਿਲਾਸੀ ਖੋਹ ਕੇ ਨਹੀਂ ਲੈ ਜਾਂਦਾ ਉਦੋਂ ਤੱਕ ਮਾਂ ਆਪ ਪਿਲਾਉਣਾ ਬੰਦ ਨਹੀਂ ਕਰਦੀ।
ਇਸੇ ਸਿਧਾਂਤ ਨੂੰ ਆਪਾਂ ਬੱਚੇ ਦੇ ਸਕੂਲ ਕਾਲ ਨਾਲ ਜੋੜ ਕੇ ਦੇਖੀਏ ਤਾਂ ਉਦੋਂ ਵੀ ਬਿਲਕੁਲ ਇਸ ਤਰ੍ਹਾਂ ਹੀ ਹੁੰਦਾ ਹੈ।ਬੱਚਾ ਸਕੂਲ ਦਾ ਕੰਮ ਉਦੋਂ ਤੱਕ ਨਹੀਂ ਕਰਦਾ ਜਦੋਂ ਤੱਕ ਉਸ ਨੂੰ ਘਰ ਵਿੱਚ ਕੋਈ ਪੜ੍ਹਨ ਲਈ ਨਾ ਆਖੇ ਜਾਂ ਫਿਰ ਉਹ ਟਿਊਸ਼ਨ ਨਾ ਜਾਵੇ। ਜੇ ਸਕੂਲ ਦੇ ਅਧਿਆਪਕ ਤੋਂ ਬੱਚੇ ਦੇ ਕੰਮ ਨਾ ਕੀਤੇ ਜਾਣ ਦੀ ਸ਼ਿਕਾਇਤ ਆ ਜਾਵੇ ਤਾਂ ਮਾਪੇ ਬੱਚੇ ਨੂੰ ਪੁੱਛਣ ਦੀ ਬਿਜਾਏ ਉਸ ਦੇ ਟਿਉਸ਼ਨ ਪੜਾਉਣ ਵਾਲੇ ਅਧਿਆਪਕ ਤੋਂ ਜਵਾਬ ਮੰਗਦੇ ਹਨ। ਇਸ ਤਰ੍ਹਾਂ ਕਰਕੇ ਮਾਪੇ ਅਤੇ ਅਧਿਆਪਕ ਦੋਵੇਂ ਬੱਚੇ ਦੇ ਕੰਮ ਨਾ ਕਰਨ ਵਿੱਚੋਂ ਬੱਚੇ ਦਾ ਰੋਲ ਬਿਲਕੁਲ ਸਮਾਪਤ ਕਰਕੇ ਉਸ ਨੂੰ ਸੁਰਖ਼ਰੂ ਕਰ ਦਿੰਦੇ ਹਨ। ਕੀ ਇਹ ਗੱਲਾਂ ਬੱਚੇ ਦੇ ਚੰਗੇ ਭਵਿੱਖ ਨਿਰਮਾਣ ਲਈ ਚੁਣੌਤੀ ਭਰਪੂਰ ਨਹੀਂ ਬਣ ਜਾਣਗੀਆਂ? ਅਕਸਰ ਨੱਬੇ ਪ੍ਰਤੀਸ਼ਤ ਬੱਚਿਆਂ ਦੀ ਪੜ੍ਹਾਈ ਸਬੰਧੀ ਵੱਡਿਆਂ ਦਾ ਰਵਈਆ ਇਸ ਤਰ੍ਹਾਂ ਹੀ ਹੁੰਦਾ ਹੈ। ਇਹ ਇੱਕ ਸੋਚਣ ਦਾ ਵਿਸ਼ਾ ਹੈ।
ਬੱਚੇ ਅੰਦਰ ਆਪਣੇ ਕੰਮ ਪ੍ਰਤੀ ਸੁਚੇਤ ਰਹਿਣ ਦੀ ਆਦਤ ਪਾਉਣ ਲਈ ਪਹਿਲਾਂ ਪਹਿਲ ਮਾਪਿਆਂ ਨੂੰ ਉਹਨਾਂ ਅੰਦਰ ਪੜ੍ਹਾਈ ਪ੍ਰਤੀ ਰੁਚੀ ਪੈਦਾ ਕਰਨ ਦੀ ਆਦਤ ਪਾਉਣੀ ਪਵੇਗੀ। ਬੱਚਿਆਂ ਤੋਂ ਇੱਕ ਇੱਕ ਵਿਸ਼ੇ ਦੇ ਸਕੂਲ ਵਿੱਚ ਕਰਵਾਏ ਕੰਮ ਬਾਰੇ ਜਾਂ ਘਰ ਤੋਂ ਕਰਨ ਲਈ ਮਿਲ਼ੇ ਕੰਮ ਬਾਰੇ ਪੁੱਛ ਕੇ ਉਹਨਾਂ ਨੂੰ ਸਾਰੇ ਵਿਸ਼ਿਆਂ ਬਾਰੇ ਦੁਬਾਰਾ ਤੋਂ ਯਾਦ ਕਰਵਾਇਆ ਜਾਵੇ। ਇਸ ਨਾਲ ਬੱਚੇ ਅੰਦਰ ਸਕੂਲ ਵਿੱਚ ਅਧਿਆਪਕਾਂ ਦੁਆਰਾ ਪੜ੍ਹਾਇਆ ਪਾਠ ਵੀ ਯਾਦ ਆ ਜਾਵੇਗਾ ਅਤੇ ਸਕੂਲ ਤੋਂ ਮਿਲ਼ੇ, ਕਰਨ ਵਾਲ਼ੇ ਕੰਮ ਪ੍ਰਤੀ ਸੁਚੇਤ ਹੋ ਕੇ ਬੁੱਧੀ ਨੂੰ ਸਮਰਪਿਤ ਕਰੇਗਾ। ਚੰਗਾ ਹੋਵੇ ਜੇ ਮਾਪੇ ਬੱਚਿਆਂ ਨੂੰ ਸਕੂਲੋਂ ਮਿਲ਼ੇ ਕੰਮ ਘਰ ਵਿੱਚ ਹੀ ਉਹਨਾਂ ਦੀ ਨਿਗਰਾਨੀ ਹੇਠ ਬੈਠ ਕੇ ਖ਼ੁਦ ਕਰਨ ਨੂੰ ਆਖਣ। ਉਸ ਵਿੱਚੋਂ ਜੇ ਕੁਝ ਸਮਝ ਨਾ ਆਵੇ ਜਾਂ ਔਖਾ ਲੱਗੇ, ਸਿਰਫ਼ ਉਹੀ ਟਿਊਸ਼ਨ ਵਾਲੇ ਅਧਿਆਪਕ ਤੋਂ ਸਮਝ ਕੇ ਕਰਨ। ਇਸ ਤਰ੍ਹਾਂ ਕਰਨ ਨਾਲ ਬੱਚਿਆਂ ਅੰਦਰ ਆਤਮ ਨਿਰਭਰਤਾ ਦਾ ਗੁਣ ਹੌਲੀ ਹੌਲੀ ਬੱਚਿਆਂ ਨੂੰ ਸਵੈ ਸਿੱਖਿਅਕ ਬਣਾ ਦੇਵੇਗਾ।
ਅਧਿਆਪਕਾਂ ਨੂੰ ਵੀ ਬੱਚੇ ਦੀ ਨਿੱਕੀ ਨਿੱਕੀ ਗਲਤੀ ਤੇ ਮਾਪਿਆਂ ਨੂੰ ਬੁਲਾ ਕੇ ਸ਼ਿਕਾਇਤ ਲਗਾਉਣ ਦੀ ਬਿਜਾਏ ਆਪਣੇ ਪੱਧਰ ਤੇ ਹੀ ਨਜਿੱਠ ਕੇ ਬੱਚਿਆਂ ਵਿੱਚ ਸੁਧਾਰ ਲਿਆਉਣਾ ਚਾਹੀਦਾ ਹੈ। ਇਸ ਨਾਲ ਬੱਚਿਆਂ ਅੰਦਰ ਉਹਨਾਂ ਪ੍ਰਤੀ ਸਤਿਕਾਰ ਦੀ ਭਾਵਨਾ ਵੀ ਪੈਦਾ ਹੁੰਦੀ ਹੈ। ਅਧਿਆਪਕ ਜਾਂ ਮਾਪੇ ਜਦੋਂ ਉਸ ਦੀਆਂ ਇੱਕ ਦੂਜੇ ਨੂੰ ਸ਼ਿਕਾਇਤਾਂ ਲਗਾਉਂਦੇ ਹਨ ਤਾਂ ਆਪਣੇ ਆਪ ਨੂੰ ਬੱਚਿਆਂ ਸਾਹਮਣੇ ਥੋੜ੍ਹਾ ਜਿਹਾ ਬਲਹੀਣ ਸਾਬਿਤ ਕਰ ਰਹੇ ਹੁੰਦੇ ਹਨ। ਜਿਸ ਨਾਲ ਆਮ ਕਰਕੇ ਬੱਚੇ ਫਾਇਦਾ ਚੁੱਕਣ ਲੱਗਦੇ ਹਨ ਜੋ ਸਾਰਿਆਂ ਲਈ ਹਾਨੀਕਾਰਕ ਸਿੱਧ ਹੁੰਦਾ ਹੈ।
ਬੱਚਿਆਂ ਨੂੰ ਇਮਤਿਹਾਨਾਂ ਵੇਲ਼ੇ ਟਾਈਮ ਟੇਬਲ ( ਸਮੇਂ ਸਾਰਣੀ) ਅਤੇ ਸੈਲਫ ਸਟੱਡੀ ਭਾਵ ਸਵੈ ਅਧਿਐਨ ਦੀ ਆਦਤ ਪਾਉਣੀ ਚਾਹੀਦੀ ਹੈ। ਘਰ ਵਿੱਚ ਜਾਂ ਸਕੂਲ ਵਿੱਚ ਇੱਕ ਇੱਕ ਅਭਿਆਸ ਬੱਚੇ ਨੂੰ ਆਪ ਹੱਲ ਕਰਕੇ, ਫਿਰ ਉੱਤਰ ਪੱਤਰੀਆਂ ਨੂੰ ਕਿਤਾਬਾਂ ਵਿਚਲੇ ਉੱਤਰਾਂ ਨਾਲ਼ ਮਿਲਾ ਕੇ ਬੱਚਾ ਜਦ ਆਪ ਚੈੱਕ ਕਰ ਕੇ ਆਪਣੀਆਂ ਗਲਤੀਆਂ ਕੱਢੇਗਾ ਤਾਂ ਉਹ ਗ਼ਲਤੀਆਂ ਦੁਬਾਰਾ ਤੋਂ ਕਦੇ ਨਹੀਂ ਕਰ ਸਕਦਾ ਕਿਉਂਕਿ ਉਹ ਉਸ ਦੇ ਧਿਆਨ ਵਿੱਚੋਂ ਖ਼ੁਦ ਨਿਕਲੀਆਂ ਹੋਈਆਂ ਹੁੰਦੀਆਂ ਹਨ।ਇਸ ਨਾਲ ਬੱਚੇ ਅੰਦਰ ਆਪਣੇ ਆਪ ਪ੍ਰਤੀ ਜਿੱਥੇ ਇੱਕ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਹੁੰਦੀ ਹੈ ਉੱਥੇ ਇਹ ਤਰੀਕਾ ਚੰਗੇ ਨਤੀਜੇ ਲਿਆਉਣ ਵਿੱਚ ਵੀ ਸਹਾਈ ਹੁੰਦਾ ਹੈ।
ਬੱਚਿਆਂ ਨੂੰ ਜਿੱਥੇ ਆਪਣਾ ਆਪ ਵੱਡਾ ਵੱਡਾ ਜਾਪਣ ਲੱਗਦਾ ਹੈ ਉੱਥੇ ਮਾਪਿਆਂ ਅਤੇ ਅਧਿਆਪਕਾਂ ਪ੍ਰਤੀ ਵੀ ਉਸ ਅੰਦਰ ਸਨਮਾਨ ਵਧਦਾ ਹੈ । ਬੱਚਿਆਂ ਅੰਦਰ ਸਵੈ ਅਧਿਐਨ ਅਤੇ ਸਵੈ ਵਿਸ਼ਲੇਸ਼ਣ ਆਦਿ ਗੁਣ ਪੈਦਾ ਕਰਨ ਨਾਲ ਉਸ ਦੀ ਸ਼ਖ਼ਸੀਅਤ ਵਿੱਚ ਨਿਖ਼ਾਰ ਆਉਣਾ ਸ਼ੁਰੂ ਹੋ ਜਾਂਦਾ ਹੈ।ਉਸ ਦਾ ਦੂਜਿਆਂ ਪ੍ਰਤੀ ਸਾਕਾਰਾਤਮਕ ਰਵੱਈਆ ਹੋਣ ਦੇ ਨਾਲ ਨਾਲ ਉਹ ਆਪ ਵੀ ਇੱਕ ਚੰਗਾ ਸਵੈ ਸਿੱਖਿਅਕ ਬਣ ਜਾਂਦਾ ਹੈ। ਫਿਰ ਉਹ ਜਿਵੇਂ ਜਿਵੇਂ ਵੱਡਾ ਹੁੰਦਾ ਜਾਂਦਾ ਹੈ ਉਸ ਨੂੰ ਜ਼ਿੰਦਗੀ ਦੀਆਂ ਮੁਸ਼ਕਲਾਂ ਦੇ ਹੱਲ ਲੱਭਣੇ ਵੀ ਆ ਜਾਂਦੇ ਹਨ। ਇਹੋ ਜਿਹੇ ਬੱਚੇ ਦੇਸ਼ ਦੇ ਚੰਗੇ ਨਾਗਰਿਕ ਬਣ ਕੇ ਉੱਭਰਦੇ ਹਨ। ਦੇਸ਼ ਦਾ ਭਵਿੱਖ ਸੰਵਾਰਨ ਲਈ ਆਪਣੇ ਬੱਚਿਆਂ ਨੂੰ ਚੰਗੇ ਨਾਗਰਿਕ ਬਣਾਉਣਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ
9988901324