(ਸਮਾਜ ਵੀਕਲੀ)
ਸੰਸਾਰ ਵਿੱਚ ਹੋ ਰਹੀਆਂ ਗਤੀਵਿਧੀਆਂ ਨੂੰ ਜਾਣਨ ਲਈ ਅਤੇ ਆਪਣੇ ਆਪ ਨੂੰ ਸੁਚੇਤ ਅਤੇ ਜਾਗਰੂਕ ਰੱਖਣ ਲਈ ਖ਼ਬਰਾਂ ਸੁਣਨੀਆਂ ਬਹੁਤ ਜ਼ਰੂਰੀ ਹੁੰਦੀਆਂ ਹਨ। ਖ਼ਬਰਾਂ ਤੋਂ ਹੀ ਸਾਨੂੰ ਘਰ ਬੈਠੇ ਬਿਠਾਏ ਪੂਰੀ ਦੁਨੀਆ ਬਾਰੇ ਪਤਾ ਲੱਗਦਾ ਹੈ ਕਿ ਕਿੱਥੇ ਕੀ ਵਾਪਰ ਰਿਹਾ ਹੈ, ਕਿਹੜੀਆਂ ਨਵੀਆਂ ਖੋਜਾਂ ਕੀਤੀਆਂ ਜਾ ਰਹੀਆਂ ਹਨ, ਕਿੱਥੇ ਕੋਈ ਆਪਦਾ ਆਈ ਹੈ, ਗੱਲ ਕੀ ਘਰ ਦੀ ਸੂਈ ਤੋਂ ਲੈਕੇ ਜਹਾਜ਼ ਤੱਕ ਦੀ ਜਾਣਕਾਰੀ, ਆਪਣੇ ਸ਼ਹਿਰ ਤੋਂ ਲੈਕੇ ਸੰਸਾਰ ਤੱਕ ਦੀ ਜਾਣਕਾਰੀ, ਵਸਤਾਂ ਦੇ ਭਾਅ, ਦੇਸ਼ ਵਿਦੇਸ਼ ਨਾਲ਼ ਸਬੰਧਤ ਹਰ ਘਟਨਾਕ੍ਰਮ ਨੂੰ ਜਾਣਨ ਲਈ ਖ਼ਬਰਾਂ ਸੁਣਨੀਆਂ ਬਹੁਤ ਜ਼ਰੂਰੀ ਹਨ।
ਆਲ਼ੇ ਦੁਆਲ਼ੇ ਜਾਂ ਦੇਸ਼ਾਂ ਵਿਦੇਸ਼ਾਂ ਦੀਆਂ ਖ਼ਬਰਾਂ ਜਾਣਨ ਲਈ ਕਈ ਸਾਧਨ ਉਪਲਬਧ ਹਨ।ਖ਼ਬਰਾਂ ਬਹੁਤ ਸਾਰੇ ਵੱਖ-ਵੱਖ ਮਾਧਿਅਮਾਂ ਦੁਆਰਾ ਮੁਹੱਈਆ ਕੀਤੀਆਂ ਜਾਂਦੀਆਂ ਹਨ: ਜਿਵੇਂ ਮੂੰਹ ਦੇ ਸ਼ਬਦ, ਛਪਾਈ (ਅਖ਼ਬਾਰਾਂ)ਦੁਆਰਾ, ਪ੍ਰਸਾਰਣ ਦੁਆਰਾ, ਇਲੈਕਟ੍ਰਾਨਿਕ ਸੰਚਾਰ ਦੁਆਰਾ। ਕਈਆਂ ਨੂੰ ਚਾਹ ਦਾ ਸਵਾਦ ਹੀ ਅਖ਼ਬਾਰ ਪੜ੍ਹ ਕੇ ਆਉਂਦਾ ਹੈ। ਸਾਇੰਸ ਦੀਆਂ ਖੋਜਾਂ ਨਾਲ ਰੇਡੀਓ ਅਤੇ ਟੈਲੀਵਿਜ਼ਨ ਵੀ ਖ਼ਬਰਾਂ ਸੁਣਨ ਦਾ ਵਧੀਆ ਜ਼ਰੀਆ ਸਨ ਪਰ ਜਿਵੇਂ ਹੀ ਸਾਇੰਸ ਦੀ ਤਰੱਕੀ ਜਵਾਨੀ ਦੇ ਜੋਸ਼ ਵਿੱਚ ਆ ਰਹੀ ਹੈ ਤਿਵੇਂ ਤਿਵੇਂ ਸਾਡੇ ਖ਼ਬਰਾਂ ਪੜ੍ਹਨ, ਸੁਣਨ ਅਤੇ ਵੇਖਣ ਦੇ ਯੰਤਰ ਵੀ ਵਧਦੇ ਜਾ ਰਹੇ ਹਨ। ਯੰਤਰਾਂ ਦੇ ਵਧਣ ਦੇ ਨਾਲ ਨਾਲ ਉਹਨਾਂ ਦੇ ਚੈਨਲ ਵੀ ਵਧ ਰਹੇ ਹਨ।
ਇੱਥੇ ਮੈਂ ਗੱਲ ਕਰਦੀ ਹਾਂ ਟੈਲੀਵਿਜ਼ਨ ਅਤੇ ਮੋਬਾਈਲ ਜਾਂ ਇੰਟਰਨੈੱਟ ਦੇ ਹੋਰ ਸਾਧਨਾਂ ਦੀ ਜਿਸ ਵਿੱਚ ਕਈ ਕਈ ਚੈਨਲ ਖ਼ਬਰਾਂ ਦੇ ਹੀ ਚਲਾਏ ਜਾਂਦੇ ਹਨ। ਮੰਨਿਆ ਕਿ ਆਨਲਾਈਨ ਪੱਤਰਕਾਰੀ ਰਾਹੀਂ ਖ਼ਬਰਾਂ ਨੂੰ ਤੇਜ਼ੀ ਨਾਲ ਡਿਲੀਵਰ ਕੀਤਾ ਜਾ ਸਕਦਾ ਹੈ । ਬਹੁਤ ਸਾਰੇ ਚੈਨਲ ਪ੍ਰਾਈਵੇਟ ਕੰਪਨੀਆਂ ਜਾਂ ਲੋਕਾਂ ਦੁਆਰਾ ਚਲਾਏ ਜਾਣ ਕਰਕੇ ਇਨ੍ਹਾਂ ਵਿੱਚ ਮੁਕਾਬਲੇ ਦੀ ਦੌੜ ਲੱਗੀ ਹੋਈ ਹੈ। ਇਹ ਸਭ ਆਪਣੀਆਂ ਖ਼ਬਰਾਂ ਨੂੰ ਸਭ ਤੋਂ ਪਹਿਲਾਂ ਅਤੇ ਸਭ ਤੋਂ ਰੌਚਿਕ ਤਰੀਕੇ ਨਾਲ ਪੇਸ਼ ਕਰਨ ਲਈ ਇਸ ਢੰਗ ਨਾਲ ਪੇਸ਼ ਕਰਦੇ ਹਨ ਕਿ ਇਹਨਾਂ ਦੀ ਮੁਕਾਬਲੇਬਾਜ਼ੀ ਦੇ ਚੱਕਰ ਵਿੱਚ ਖ਼ਬਰਾਂ ਦਾ ਪੱਧਰ ਦਿਨ ਬ ਦਿਨ ਡਿੱਗਦਾ ਹੀ ਜਾ ਰਿਹਾ ਹੈ।
ਸਾਡੇ ਦੇਸ਼ ਵਿੱਚ ਬਹੁਤੇ ਚੈਨਲਾਂ ਤੇ ਇੱਕ ਖ਼ਬਰ ਨੂੰ ਹੀ ਸਾਰਾ ਸਾਰਾ ਦਿਨ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ ਕਿ ਵਿਅਕਤੀ ਉਸ ਅੱਗੇ ਬੈਠਾ ਉਤਸੁਕਤਾ ਨਾਲ ਸੁਣਦਾ ਹੋਇਆ ਜਿੱਥੇ ਆਪਣਾ ਸਮਾਂ ਬਰਬਾਦ ਕਰ ਰਿਹਾ ਹੁੰਦਾ ਹੈ ,ਉੱਥੇ ਆਪਣੇ ਘਰ ਦੇ ਕਈ ਕੰਮ ਕਰਨ ਵਿੱਚ ਦੇਰੀ ਅਤੇ ਅੱਖਾਂ ਦੀ ਨਿਗਾਹ ਖ਼ਰਾਬ ਕਰ ਰਿਹਾ ਹੁੰਦਾ ਹੈ। ਖ਼ਬਰਾਂ ਨੂੰ ਤੋੜ ਮਰੋੜ ਕੇ ਇਸ ਢੰਗ ਨਾਲ ਪੇਸ਼ ਕੀਤਾ ਜਾਂਦਾ ਹੈ ਕਿ ਦਰਸ਼ਕ ਨੂੰ ਫ਼ਿਲਮ ਵਾਂਗ ਪ੍ਰਤੀਤ ਹੁੰਦੀ ਹੈ। ਜਾਣਕਾਰੀ ਹਾਸਲ ਕਰਨ ਲਈ ਵਧੀਆ ਹੈ ਪਰ ਅੱਜ ਕੱਲ੍ਹ ਰਾਜਸੀ, ਸਮਾਜਿਕ, ਆਰਥਿਕ ਅਤੇ ਧਾਰਮਿਕ ਖਬਰਾਂ ਵਧਾ ਚੜ੍ਹਾ ਕੇ ਪੇਸ਼ ਕੀਤੀਆਂ ਜਾਂਦੀਆਂ ਹਨ ਅਤੇ ਇਹਨਾਂ ਤੋਂ ਕਰਵਾਈਆਂ ਜਾਣ ਵਾਲੀਆਂ ਬੇਸਿੱਟਾ ਡਿਬੇਟਾਂ ਜਿੱਥੇ ਲੋਕਾਂ ਅੰਦਰ ਧੜੇਬਾਜੀ ਦੀ ਭਾਵਨਾ ਪੈਦਾ ਕਰਦੀਆਂ ਹਨ ਉੱਥੇ ਹੀ ਸਮੇਂ ਦੀ ਬਰਬਾਦੀ ਵੀ ਕਰਦੀਆਂ ਹਨ।
ਪਹਿਲਾਂ ਪਹਿਲ ਘਰ ਦੀ ਲੜਾਈ ਗੁਆਂਢੀਆਂ ਨੂੰ ਪਤਾ ਨਹੀਂ ਲੱਗਦੀ ਸੀ ਤੇ ਗਲ਼ੀਆਂ ਵਿੱਚ ਦੋ ਘਰਾਂ ਦੀ ਲੜਾਈ ਮੁਹੱਲੇ ਵਿੱਚ ਪਤਾ ਨਹੀਂ ਲੱਗਦੀ ਸੀ ਜਿਸ ਕਰਕੇ ਉੱਥੇ ਹੀ ਹਲ ਨਿਕਲ ਕੇ ਵੱਡੇ ਵੱਡੇ ਮਸਲੇ ਅਸਾਨੀ ਨਾਲ ਸੁਲਝ ਜਾਂਦੇ ਸਨ।ਪਰ ਅੱਜ ਕੱਲ੍ਹ ਪਤੀ ਪਤਨੀ ਦੀਆਂ ਲੜਾਈਆਂ ਦੀਆਂ ਲਾਈਵ ਖ਼ਬਰਾਂ , ਮੁਹੱਲਿਆਂ ਵਿਚਲੀਆਂ ਲੜਾਈਆਂ ਦੀਆਂ ਖ਼ਬਰਾਂ ਪੇਸ਼ ਕਰਕੇ ਲੋਕਾਂ ਦੇ ਨਿੱਜੀ ਜੀਵਨ ਨੂੰ ਦੁਨੀਆਂ ਵਿੱਚ ਇੱਕ ਫਿਲਮ ਬਣਾ ਕੇ ਪੇਸ਼ ਕਰ ਦਿੱਤਾ ਜਾਂਦਾ ਹੈ,ਜਿਹੜੇ ਮਸਲੇ ਸੁਲਝਾਏ ਜਾ ਸਕਦੇ ਹਨ, ਫਿਰ ਉਹ ਵੀ ਨਹੀਂ ਸੁਲਝੇ। ਖ਼ਬਰਾਂ ਨੂੰ ਦਿਲਚਸਪ ਬਣਾਉਣ ਲਈ ਇਕੱਲੀ ਹੈੱਡ ਲਾਈਨਜ ਨੂੰ ਘੰਟਾ ਘੰਟਾ ਪਹਿਲਾਂ ਹੀ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ ਕਿ ਵਿਆਕਤੀ ਉਸ ਨੂੰ ਸੁਣਨ ਲਈ ਆਪਣੇ ਕਈ ਜ਼ਰੂਰੀ ਕੰਮ ਛੱਡ ਕੇ ਮਿੱਥੇ ਸਮੇਂ ਤੇ ਵੇਖਣ ਦੀ ਉਡੀਕ ਕਰਨ ਲੱਗਦਾ ਹੈ ।
ਗੱਲ ਪ੍ਰਸਿੱਧ ਕਹਾਵਤ “ਖੋਦਿਆ ਪਹਾੜ ਤੇ ਨਿਕਲਿਆ ਚੂਹਾ” ਵਾਲੀ ਹੁੰਦੀ ਹੈ। ਸੋ ਮੁੱਕਦੀ ਗੱਲ ਇਹ ਹੈ ਕਿ ਇਨਸਾਨ ਨੂੰ ਆਪ ਹੀ ਸਮਝਣਾ ਪਵੇਗਾ ਕਿ ਜਿਹੜੀਆਂ ਖਬਰਾਂ ਸੁਣਨੀਆਂ ਹਨ , ਉਨ੍ਹਾਂ ਨੂੰ ਜਾਣਕਾਰੀ ਦੇ ਵਾਧੇ ਲਈ ਸੁਣਨਾ ਹੈ ਨਾ ਕਿ ਸਮਾਂ ਬਰਬਾਦ ਕਰਨ ਲਈ। ਆਪਣੀ ਜਾਣਕਾਰੀ ਵਧਾਉਣਾ ਜ਼ਰੂਰੀ ਹੈ ਪਰ ਐਧਰ ਓਧਰ ਦੀਆਂ ਫਾਲਤੂ ਖਬਰਾਂ ਵਿੱਚ ਸਮਾਂ ਨਸ਼ਟ ਹੋਣ ਤੋਂ ਬਚਾਉਣਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ
9988901324