ਏਹੁ ਹਮਾਰਾ ਜੀਵਣਾ ਹੈ -156

(ਸਮਾਜ ਵੀਕਲੀ)

ਹੋਕਿਆਂ ਦੀ ਬਦਲਦੀ ਨੁਹਾਰ

ਪੁਰਾਣੇ ਸਮਿਆਂ ਵਿੱਚ ਗਲ਼ੀਆਂ ਵਿੱਚ ਆਵਾਜਾਈ ਘੱਟ ਹੁੰਦੀ ਸੀ,ਨਾ ਸਕੂਟਰਾਂ ਮੋਟਰਸਾਈਕਲਾਂ ਦੀ ਟੀਂ ਟੀਂ ਨਾ ਮੋਟਰਾਂ ਕਾਰਾਂ ਦੀ ਪੌਂ ਪੌਂ ,ਨਾ ਭੰਡੀ ਪਰਚਾਰਾਂ ਵਾਲਿਆਂ ਦੇ ਸੰਘ ਪਾੜਵੀਆਂ ਅਨਾਊਂਸਮੈਂਟਾਂ ,ਨਾ ਖੜ ਖੜ ਕਰਦੇ ਥ੍ਰੀ ਵੀਲਰ ਹੁੰਦੇ ਸਨ ਤੇ ਨਾ ਹੀ ਦੁਨੀਆਂ ਦਾ ਭੀੜ ਭੜੱਕਾ ਹੁੰਦਾ ਸੀ। ਨਾ ਘਰਾਂ ਵਿੱਚ ਚੌਵੀ ਘੰਟੇ ਟੀ. ਵੀ. ਦੀਆਂ ਅਵਾਜ਼ਾਂ ਨਾ ਕੰਨਾਂ ਵਿੱਚ ਥੁੰਨੇ ਮੋਬਾਈਲਾਂ ਤੇ ਗੱਲ ਕਰਨ ਜਾਂ ਕੁਝ ਸੁਣਨ ਲਈ ਨਵੇਂ ਨਵੇਂ ਯੰਤਰ ਹੁੰਦੇ ਸਨ। ਨਾ ਅੱਜ ਵਾਂਗੂੰ ਚੀਜ਼ਾਂ ਵੇਚਣ ਜਾਂ ਖਰੀਦਣ ਵਾਲਿਆਂ ਦੀ ਕਾਵਾਂ ਰੌਲੀ ਹੁੰਦੀ ਸੀ। ਟਾਂਵੇ ਟਾਂਵੇ ਚੀਜ਼ ਵੇਚਣ ਵਾਲੇ ਪੈਦਲ ਹੀ ਆਉਂਦੇ ਸਨ। ਦੂਰੋਂ ਹੀ ਹੋਕਾ ਸੁਣਾਈ ਦੇ ਜਾਂਦਾ ਸੀ ਤਾਂ ਇੱਕ ਘਰ ਦੀ ਤ੍ਰੀਮਤ ਨੇ ਉਸ ਨੂੰ ਰੋਕ ਕੇ ਚੀਜ਼ ਖਰੀਦਣੀ ਤਾਂ ਨਾਲ ਹੀ ਬਾਕੀ ਗੁਆਂਢਣਾਂ ਨੇ ਬਾਹਰ ਨਿਕਲ ਆਉਣਾ। ਭਾਅ ਬਣਾ ਕੇ ਆਲ਼ੇ ਦੁਆਲ਼ੇ ਦੀਆਂ ਸਾਰੀਆਂ ਗੁਆਂਢਣਾਂ ਨੇ ਹਾਸਾ ਠੱਠਾ ਕਰਦੀਆਂ ਨੇ ਨਾਲ਼ੇ ਮਨ ਪਰਚਾ ਲੈਣਾ ਤੇ ਨਾਲੇ ਖ੍ਰੀਦੋ ਫਰੋਖਤ ਕਰ ਲੈਣੀ।

ਅੱਜ ਦੀ ਸ਼ੋਰ ਸ਼ਰਾਬੇ ਦੀ ਦੁਨੀਆਂ ਵਿੱਚ ਗਲ਼ੀਆਂ ਵਿੱਚ ਚੀਜ਼ਾਂ ਵੇਚਣ ਵਾਲਿਆਂ ਦੇ ਹੋਕਾ ਦੇਣ ਦੇ ਸਭਿਆਚਾਰ ਵਿੱਚ ਵੀ ਐਨੀ ਤਬਦੀਲੀ ਆਈ ਹੈ ਕਿ ਜੇ ਕਿਤੇ ਸਾਡੇ ਦਾਦੇ ਪੜਦਾਦੇ ਧਰਤੀ ਤੇ ਆ ਕੇ ਵੇਖਣ ਤਾਂ ਉਹਨਾਂ ਨੂੰ ਇਹ ਦੁਨੀਆਂ ਓਪਰਾ ਜਿਹਾ ਸੰਸਾਰ ਹੀ ਨਜ਼ਰ ਆਵੇ। ਲਾਲ ਸਿੰਘ ਕਮਲਾ ਅਕਾਲੀ ਦੇ ਲੇਖ ਵਿੱਚ ਉਹਨਾਂ ਨੇ ਚਾਹੇ ਸੰਘ ਪਾੜੂ ਅਤੇ ਡੰਡਪਾਊ ਲੋਕਾਂ ਦੇ ਰੌਲ਼ੇ ਤੋਂ ਬਾਖੂਬੀ ਜਾਣੂ ਕਰਵਾਇਆ ਸੀ ਪਰ ਹੁਣ ਤਾਂ ਜ਼ਮਾਨੇ ਦਾ ਰੌਂਅ ਹੀ ਬਦਲ ਗਿਆ ਹੈ। ਘਰ ਵਿੱਚ ਸੁਆਣੀਆਂ ਟੀ ਵੀ ਲਾ ਕੇ ਬੈਠੀਆਂ ਹੁੰਦੀਆਂ ਹਨ ਤੇ ਬਾਹਰ ਚੀਜ਼ਾਂ ਵੇਚਣ ਵਾਲੇ ਸਪੀਕਰਾਂ ਤੇ ਰੌਲ਼ਾ ਪਾਉਂਦੇ ਆਏਂ ਲੰਘ ਜਾਂਦੇ ਹਨ ਜਿਵੇਂ ਵੋਟਾਂ ਮੰਗਣ ਵਾਲੇ ਲਾਊਡ ਸਪੀਕਰਾਂ ਤੇ ਬੋਲਦੇ ਲੰਘ ਜਾਂਦੇ ਹਨ। ਜਦ ਤੱਕ ਸੁਆਣੀ ਨੂੰ ਟੀਵੀ ਦਾ ਵੌਲੀਊਮ ਘੱਟ ਕਰਕੇ ਸਮਝ ਆਉਂਦੀ ਹੈ ਕਿ ਬਾਹਰ ਕੁਝ ਵਿਕਣਾ ਆਇਆ ਹੈ ਤਾਂ ਉਦੋਂ ਤੱਕ ਉਹ ਕਿਧਰੇ ਦੀ ਕਿਧਰੇ ਚਲਾ ਜਾਂਦਾ ਹੈ।

ਗਲੀਆਂ ਵਿੱਚ ਹੋਕੇ ਦੇਣ ਵਾਲ਼ਿਆਂ ਦੀਆਂ ਕਿਸਮਾਂ ਵੀ ਤਾਂ ਬਦਲ ਗਈਆਂ ਹਨ। ਕਿੱਥੇ ਪੈਦਲ ਤੁਰਕੇ ਮੂੰਹੋਂ ਹੋਕੇ ਦੇ ਦੇ ਕੇ ਸੁਰੀਲੀਆਂ ਆਵਾਜ਼ਾਂ ਵਿੱਚ ਚੀਜ਼ਾਂ ਵੇਚਣ ਵਾਲ਼ੇ ਹੁੰਦੇ ਸਨ ਤੇ ਹੁਣ ਕਿੱਥੇ ਸਾਈਕਲਾਂ ਤੇ ਰੇਹੜਿਆਂ ਨੂੰ ਮਾਤ ਪਾਉਂਦੇ ਸਕੂਟਰੀਆਂ ਨਾਲ਼ ਫਿੱਟ ਰਿਹੜਿਆਂ ਵਾਲੇ ਆ ਗਏ ਹਨ। ਹੁਣ ਸੰਘ ਪਾੜ ਪਾੜ ਕੇ ਹੋਕਾ ਦੇਣ ਦਾ ਰਿਵਾਜ ਵੀ ਖ਼ਤਮ ਹੋਣ ਲੱਗ ਪਿਆ ਹੈ। ਪਿੱਛੇ ਜਿਹੇ ਸਾਡੇ ਘਰ ਸਾਹਮਣੇ ਦੋ ਪ੍ਰਵਾਸੀ ਚੀਜ਼ਾਂ ਵੇਚਣ ਵਾਲੇ ਆਪਣੇ ਆਪਣੇ ਰਿਹੜੇ ਨੂੰ ਖੜਾ ਕਰਕੇ ਧੁੱਪ ਸੇਕਦੇ ਸਨ। ਇੱਕ ਰਿਹੜੇ ਵਾਲ਼ਾ ਕਹਿ ਰਿਹਾ ਸੀ,” ਅਰੇ ਯਾਰ …..ਤੁਮ ਕਿਆ ਸੰਘ ਪਾੜਤੇ ਰਹਿਤੇ ਹੋ…..ਚਾਰ ਪੈਸੇ ਖ਼ਰਚ ਕਰ ਕੇ ਬੈਟਰੀ ਵਾਲਾ ਸਪੀਕਰ ਹੀ ਲੇ ਲੋ…..ਭਾਈ ਜਬ ਸੇ ਮੈਂਨੇ ਲਗਵਾਇਆ ਹੈ ਤਬ ਸੇ ਹਮਾਰੀ ਤੋ ਐਸ਼ ਹੈ….!” ਦੂਜਾ ਬੋਲਿਆ “ਕਹਾਂ ਭਾਈ…… ਇਤਨੇ ਪੈਸੇ ਖਰਚੂੰਗਾ…..ਅਭੀ ਗਲਾ ਫਾੜਨੇ ਸੇ ਚਾਰ ਪੈਸੇ ਬਚ ਜਾਤੇ ਹੈਂ ਮੁਝੇ…..ਤੁਮ ਤੋ ਠਹਿਰੇ ਬੜੇ ਲੋਗ…..!”

ਮੈਂ ਸੋਚਿਆ, ਲਓ ਜੀ ਇਹ ਵੀ ਬੈਟਰੀ ਵਾਲਾ ਹੋਕਾ ਸਿਸਟਮ ਹੋਕਾ ਦੇਣ ਵਾਲ਼ਿਆਂ ਦਾ ਵੀ ਸਟੇਟਸ ਸਿੰਬਲ ਹੈ। ਹੈ ਨਾ ਕਮਾਲ ਦੀ ਗੱਲ…!

“ਭੀਂਡੀ ਲੋ….ਕਾਦੂ ਲੋ…..ਪੀਆਜ ਲੋ… ਮੇਥੀ ਲੋ…..ਮੇਥਾ ਲੋ….ਆਲੂ ਲੋ……ਟਿਮਾਟਰ ਲੋ…..ਸੀਮਲਾ ਮੀਰਚ ਲੋ….ਬਾਂਦ ਗੋਭੀ ਲੋ. ‌‌..ਫੂਲ ਗੋਭੀ ਲੋ…. !” ਬੈਟਰੀ ਵਾਲ਼ੇ ਸਪੀਕਰ ਦੀ ਲਗਾਤਾਰ ਆ ਰਹੀ ਅਵਾਜ਼ ਸੁਣ ਕੇ ਮੈਂ ਬਾਹਰ ਨਿਕਲੀ ਤਾਂ ਇਹ ਅਵਾਜ਼ਾਂ ਮੱਧਮ ਪੈ ਕੇ “ਭੇਂ ਦਾ ਆਚਾਰ…..ਅੰਬ ਦਾ ਅਚਾਰ…… ਨਿੰਬੂ ਦਾ ਆਚਾਰ….. ਮਿਰਚਾਂ ਦਾ ਆਚਾਰ……!” ਅਵਾਜ਼ਾਂ ਭਾਰੂ ਹੋਣ ਲੱਗੀਆਂ। ਮੈਂ ਸੋਚਿਆ,”ਚੱਲੋ ਓਨੀ ਦੇਰ ਅਚਾਰ ਹੀ ਖ਼ਰੀਦ ਲੈਂਦੀ ਹਾਂ…ਜਦ ਤੱਕ ਕੋਈ ਹੋਰ ਸਬਜ਼ੀ ਵਾਲ਼ਾ ਨਹੀਂ ਆਉਂਦਾ….!”

ਆਚਾਰ ਵਾਲ਼ੀ ਗੱਡੀ ਮੇਰੇ ਕੋਲ ਦੀ ਉੱਚੀ ਉੱਚੀ ਬੋਲਦੀ ਲੰਘ ਗਈ। ਮੈਂ ਹਾਕਾਂ ਮਾਰ ਮਾਰ ਥੱਕ ਗਈ। ਡਰਾਈਵਰ ਫੋਨ ਤੇ ਗੱਲਾਂ ਮਾਰਦਾ ਗੱਡੀ ਚਲਾਈ ਜਾ ਰਿਹਾ ਸੀ । ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਹੋਕਿਆਂ ਦੇ ਸ਼ੋਰ ਵਿੱਚ ਮੈਂ ਗੁੰਮ ਹੋ ਗਈ ਸੀ ਜਾਂ ਮੇਰੀਆਂ ਜ਼ਰੂਰਤਾਂ ਗੁੰਮ ਹੋ ਰਹੀਆਂ ਸਨ।

ਕਈ ਵਾਰ ਤਾਂ ਆਵਾਜ਼ਾਂ ਕੁਝ ਇਸ ਤਰ੍ਹਾਂ ਸੁਣਦੀਆਂ ਹਨ,”ਆਲੂ ਲੋ…..ਰੱਦੀ ਵੇਚੋ… ਨਾਰੀਅਲ ਪਾਣੀ ਲੋ ….. ਜਿੱਪ ਠੀਕ ਕਰਾਓ……ਸਟੋਵ ਚੁੱਲ੍ਹੇ ਠੀਕ ਕਰਾਓ….ਪੁਰਾਣੀ ਬੈਟਰੀ ਵੇਚੋ…..ਸੇਬ ਲੋ ਸਸਤੇ ਸਸਤੇ ਦੋ ਹਜ਼ਾਰ ਕੇ ਏਕ ਕਿੱਲੋ ਦੋ ਸੌ ਕੇ ਸੌ ਗ੍ਰਾਮ….ਕੰਘੀ ਵਾਲ਼ੇ ਵਾਲ ਵੇਚੋ….. ਸੌਂ ਕੀ ਦੋ ਸੌ ਕੀ ਦੋ ਸਾਗ ਲੋ ਪਾਲਕ ਲੋ …. ਚਾਦਰੇਂ ਸਸਤੀਆਂ ਸਸਤੀਆਂ ਮੇਥੀ ਲੋ… ਪਲਾਸਟਿਕ ਦੀਆਂ ਕੁਰਸੀਆਂ … ਹਜ਼ਾਰ ਕੀ ਚਾਰ ਹਜ਼ਾਰ ਕੀ ਚਾਰ ਕੀਨੂੰ ਲੋ ਪਪੀਤਾ ਲੋ….!” ਸਮਝ ਈ ਨਹੀਂ ਆਉਂਦਾ ਕਿ ਸਸਤੇ ਸੇਬ ਦੋ ਹਜ਼ਾਰ ਰੁਪਏ ਕਿੱਲੋ ਹਨ ਕਿ ਹਜ਼ਰ ਕੀ ਚਾਰ ਕੀਨੂੰ ਪਪੀਤਾ ਹਨ ਤੇ ਕੀ ਖ਼ਰੀਦਣਾ ਸੀ ਤੇ ਕੀ ਖ਼ਰੀਦ ਲਿਆਂਦਾ।

ਕਈ ਹੋਕਿਆਂ ਵਾਲੇ ਤਾਂ ਉਸ ਤੋਂ ਵੀ ਵੱਧ ਸ਼ੈਤਾਨ ਹੁੰਦੇ ਹਨ ਉਹ ਗਲ਼ੀ ਵਿੱਚ ਜਾਣ ਦੀ ਬਿਜਾਏ ਸਪੀਕਰ ਦਾ ਮੂੰਹ ਹੀ ਗਲ਼ੀ ਵੱਲ ਨੂੰ ਕਰਕੇ ਦੋ ਚਾਰ ਮਿੰਟ ਗਾਹਕਾਂ ਨੂੰ ਉਡੀਕ ਕੇ ਅਗਾਂਹ ਤੁਰਦੇ ਬਣਦੇ ਹਨ। ਧੁਨੀ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਵਿਆਹਾਂ ਸ਼ਾਦੀਆਂ ਜਾਂ ਧਾਰਮਿਕ ਸਥਾਨਾਂ ਤੇ ਚੱਲਣ ਵਾਲੇ ਸਪੀਕਰਾਂ ਲਈ ਤਾਂ ਕਾਨੂੰਨ ਬਣ ਗਏ ਹਨ ਪਰ ਇਹਨਾਂ ਨਾਲ ਹੋਣ ਵਾਲੇ ਧੁਨੀ ਪ੍ਰਦੂਸ਼ਣ ਤੇ ਰੋਕ ਕਿਵੇਂ ਲੱਗ ਸਕਦੀ ਹੈ ਇਹ ਇੱਕ ਸੋਚਣ ਦਾ ਵਿਸ਼ਾ ਹੈ। ਵਪਾਰੀਕਰਨ ਵਧਣ ਨਾਲ ਬੈਟਰੀ ਵਾਲ਼ੇ ਸਪੀਕਰਾਂ ਦਾ ਰੌਲ਼ਾ ਵੀ ਦਿਨ ਬ ਦਿਨ ਵਧਦਾ ਹੀ ਜਾ ਰਿਹਾ ਹੈ ਜਿਸ ਵਿੱਚ ਇਹ ਦੁਨੀਆਂ ਗੁੰਮਦੀ ਹੀ ਜਾ ਰਹੀ ਹੈ।

ਬਰਜਿੰਦਰ ਕੌਰ ਬਿਸਰਾਓ
9988901324

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁਰਨਾਮ ਸਿੰਘ ਮਹਿਸਮਪੁਰੀ ਨੇ 100 ਵਾਰ ਖੂਨ ਦਾਨ ਕੀਤਾ
Next articleਆਦਮੀ ਦਾ ਸੁਭਾਅ