(ਸਮਾਜ ਵੀਕਲੀ)
ਅੱਧਖੜ੍ਹ ਉਮਰ ਦੀ ਮਣੀ ਆਪਣੇ ਪਤੀ ਨੀਟੇ ਨਾਲ ਬੜਾ ਸੋਹਣਾ ਜੀਵਨ ਨਿਰਬਾਹ ਕਰਦੀ ਸੀ। ਉਸ ਨੂੰ ਇਸ ਘਰ ਵਿੱਚ ਰਹਿੰਦੇ ਤਕਰੀਬਨ ਪੰਦਰਾਂ ਸਾਲ ਹੋ ਗਏ ਸਨ। ਦਰ ਅਸਲ ਇਹ ਘਰ ,ਜਿਸ ਵਿੱਚ ਉਹ ਰਹਿੰਦੇ ਸਨ, ਉਹ ਮਣੀ ਦੀ ਭੈਣ ਦਾ ਹੀ ਸੀ। ਘਰ ਕਾਹਦਾ , ਵੱਡੇ ਸਾਰੇ ਪਲਾਟ ਵਿੱਚ ਸਾਧਾਰਨ ਜਿਹੇ ਦੋ ਕਮਰੇ ਛੱਤੇ ਹੋਏ ਸਨ । ਮਣੀ ਦੀ ਭੈਣ ,ਆਪ ਤਾਂ ਆਪਣੇ ਪਰਿਵਾਰ ਨਾਲ ਪੱਕੇ ਤੌਰ ਤੇ ਵਿਦੇਸ਼ ਰਹਿੰਦੀ ਸੀ।ਇੱਥੇ ਆਪਣੀ ਜਾਇਦਾਦ ਦੀ ਸਾਂਭ ਸੰਭਾਲ ਲਈ ਆਪਣੇ ਭੈਣ ਭਣੋਈਏ ਨੂੰ ਛੱਡਿਆ ਹੋਇਆ ਸੀ। ਵੈਸੇ ਵੀ ਮਣੀ ਦੇ ਕੋਈ ਜਵਾਕ ਨਾ ਹੋਣ ਕਰਕੇ ਪਿੰਡ ਉਸ ਦੀ ਸੱਸ ਅਤੇ ਉਸ ਦੀ ਜੇਠਾਣੀ ਉਸ ਨੂੰ ਕੁੱਤੇ ਲਾਉਂਦੀਆਂ ਸਨ। ਇੱਥੇ ਨੀਟਾ ਇੱਕ ਫੈਕਟਰੀ ਵਿੱਚ ਕੰਮ ਕਰਦਾ ਸੀ। ਉਸ ਦੀ ਤਨਖਾਹ ਚਾਹੇ ਥੋੜ੍ਹੀ ਹੀ ਸੀ ਪਰ ਮੀਆਂ ਬੀਵੀ ਦਾ ਗੁਜ਼ਾਰਾ ਸੋਹਣਾ ਚੱਲੀ ਜਾਂਦਾ ਸੀ।
ਨੀਟੇ ਨੂੰ ਚਾਹੇ ਸ਼ਰਾਬ ਪੀਣ ਦੀ ਆਦਤ ਸੀ ਪਰ ਪਤੀ ਪਤਨੀ ਦਾ ਪਿਆਰ ਐਨਾ ਸੀ ਕਿ ਉਨ੍ਹਾਂ ਦੋਹਾਂ ਵਿੱਚੋਂ ਕਦੇ ਸੂਈ ਨੀਂ ਸੀ ਨਿਕਲੀ। ਉਹ ਫੈਕਟਰੀ ਤੋਂ ਛੁੱਟੀ ਕਰਕੇ ਆਉਂਦਾ ਤਾਂ ਆਉਂਦਾ ਹੋਇਆ ਰਸਤੇ ਵਿੱਚੋਂ ਪੂਰਾ ਖਰੀਦ ਲਿਆਉਂਦਾ। ਉਹਨੀਂ ਦਿਨੀਂ ਪੰਜਾਬ ਵਿੱਚ ਅੱਤਵਾਦ ਦਾ ਕਾਲ਼ਾ ਦੌਰ ਚੱਲਦਾ ਸੀ। ਹਰ ਪਾਸੇ ਸਹਿਮ ਦਾ ਮਾਹੌਲ ਈ ਰਹਿੰਦਾ ਸੀ ਕਿ ਕੀ ਪਤਾ ਘਰੋਂ ਨਿਕਲੇ ਬੰਦੇ ਨੇ ਘਰ ਜਿਊਂਦਾ ਪਰਤਣਾ ਵੀ ਹੈ ਕਿ ਨਹੀਂ। ਇਸ ਲਈ ਨੀਟਾ ਵੀ ਹੁਣ ਰਾਤ ਨੂੰ ਅੱਠ ਵਜੇ ਦੀ ਥਾਂ ਸ਼ਾਮ ਨੂੰ ਪੰਜ ਵਜੇ ਹੀ ਫੈਕਟਰੀ ਤੋਂ ਨਿਕਲ਼ ਕੇ ਸਿੱਧਾ ਠੇਕੇ ਤੋਂ ਪਊਆ ਖ਼ਰੀਦ ਕੇ ਘਰ ਆ ਜਾਂਦਾ। ਇੱਕ ਦਿਨ ਸ਼ਾਮ ਨੂੰ ਸਾਢੇ ਕੁ ਪੰਜ ਵਜੇ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਸ਼ਹਿਰ ਵਿੱਚ ਬੰਬ ਧਮਾਕਾ ਹੋਇਆ ਹੈ ਤੇ ਧਮਾਕਾ ਕਰਨ ਵਾਲਾ ਵੀ ਸ਼ਾਇਦ ਵਿੱਚੇ ਮਾਰਿਆ ਗਿਆ ਸੀ। ਮਣੀ ਨੂੰ ਨੀਟੇ ਦੀ ਉਡੀਕ ਕਰਦੀ ਨੂੰ ਸੱਤ ਵੱਜ ਗਏ।
ਗੁਆਂਢੀਆਂ ਦੇ ਮੁੰਡੇ ਨੂੰ ਫੈਕਟਰੀ ਪਤਾ ਕਰਨ ਭੇਜਿਆ ਤਾਂ ਉਹਨਾਂ ਮੁਤਾਬਕ ਨੀਟਾ ਪੰਜ ਵਜੇ ਛੁੱਟੀ ਕਰ ਆਇਆ ਸੀ। ਫਿਰ ਜਦ ਖਬਰਾਂ ਆਈਆਂ ਕਿ ਬੰਬ ਧਮਾਕਾ ਠੇਕੇ ਤੇ ਹੋਇਆ ਸੀ ਤਾਂ ਮਣੀ ਦਾ ਮੱਥਾ ਠਣਕਿਆ ਕਿਉਂ ਕਿ ਉਹ ਠੇਕਾ ਉਸ ਦੇ ਰਸਤੇ ਵਿੱਚ ਹੀ ਪੈਂਦਾ ਸੀ।ਉਸ ਨੂੰ ਨੀਟੇ ਨਾਲ ਕੁਝ ਗ਼ਲਤ ਵਾਪਰਨ ਦਾ ਅਹਿਸਾਸ ਜਿਹਾ ਹੋਣ ਲੱਗਿਆ ਸੀ। ਉਹੀ ਗੱਲ ਹੋਈ ਜਿਸ ਦਾ ਡਰ ਸੀ, ਅਗਲੀ ਸਵੇਰ ਹੁੰਦੇ ਹੀ ਪੁਲਿਸ ਦੀ ਗੱਡੀ ਆਈ ਤੇ ਥਾਣੇਦਾਰ ਉਤਰ ਕੇ ਮਣੀ ਤੋਂ ਘਰ ਦਾ ਐਡਰੈੱਸ,ਨਾਂ ਤੇ ਪਤੀ ਦਾ ਨਾਂ ਪੁੱਛ ਕੇ ਪੜਤਾਲ ਕਰਕੇ ਉਸ ਨੂੰ ਥਾਣੇ ਪਹੁੰਚਣ ਲਈ ਕਹਿ ਗਿਆ।ਮਣੀ ਫਟਾਫਟ ਮੁਹੱਲੇ ਦੇ ਦੋ ਚਾਰ ਮੋਹਤਬਰਾਂ ਨਾਲ ਗੱਲ ਕਰ ਕੇ ਉਵੇਂ ਹੀ ਘਰ ਦੇ ਕੱਪੜਿਆਂ ਵਿੱਚ ਥਾਣੇ ਗਈ ਤਾਂ ਥਾਣੇਦਾਰ ਨੇ ਨੀਟੇ ਦੀਆਂ ਕੁਝ ਵਸਤਾਂ ਦਿਖਾ ਕੇ ਪੱਕਾ ਕੀਤਾ ਕਿ ਉਸ ਬੰਬ ਧਮਾਕੇ ਵਿੱਚ ਮਾਰਿਆ ਗਿਆ ਸੀ । ਮਣੀ ਦੀ ਦੁਨੀਆਂ ਉਜੜ ਗਈ ਸੀ।
ਨੀਟੇ ਦੇ ਪਿੰਡ ਵਿੱਚ ਉਸ ਦਾ ਭੋਗ ਪੈ ਗਿਆ ਸੀ ਤੇ ਹੁਣ ਇੱਥੇ ਮਣੀ ਦਾ ਇਕੱਲੇ ਸ਼ਹਿਰ ਰਹਿਣ ਦੀ ਕੋਈ ਕਾਰਨ ਨਹੀਂ ਬਣਦਾ ਸੀ।ਭੋਗ ਤੋਂ ਬਾਅਦ ਉਸ ਨੇ ਸਹੁਰੇ ਘਰ ਰਹਿਣ ਦੀ ਇੱਛਾ ਜਤਾਈ ਤਾਂ ਉਸ ਦੇ ਸਹੁਰੇ ਪਰਿਵਾਰ ਨੇ ਉਸ ਨੂੰ ਉੱਥੇ ਰਹਿਣ ਤੋਂ ਸਾਫ਼ ਸਾਫ਼ ਮਨ੍ਹਾ ਕਰ ਦਿੱਤਾ। ਉਹ ਸ਼ਹਿਰ ਵਿੱਚ ਵਾਪਸ ਆ ਕੇ ਇਕੱਲੀ ਰਹਿਣ ਲੱਗੀ ਕਿਉਂਕਿ ਇਸ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਸੀ। ਉਸ ਦੀ ਭੈਣ ਵਿਦੇਸ਼ ਵਿੱਚ ਬੈਠੀ ਬਹੁਤ ਦੁਖੀ ਸੀ ਤੇ ਆਪਣੀ ਅਧਖੜ੍ਹ ਉਮਰ ਦੀ ਵੱਡੀ ਭੈਣ ਦੇ ਭਵਿੱਖ ਬਾਰੇ ਚਿੰਤਿਤ ਸੀ ।
ਇੱਕ ਦਿਨ ਅਚਾਨਕ ਉਸ ਦੇ ਪਤੀ ਦਾ ਮਿੱਤਰ ਉਹਨਾਂ ਘਰ ਆਇਆ ਜਿਸ ਦੀ ਤਿੰਨ ਕੁ ਮਹੀਨੇ ਪਹਿਲਾਂ ਪਤਨੀ ਦੀ ਮੌਤ ਹੋ ਗਈ ਸੀ ਉਸ ਦੇ ਬੱਚੇ ਅੱਲੜ੍ਹ ਉਮਰ ਦੇ ਸਨ,ਉਸ ਨੇ ਉਨ੍ਹਾਂ ਦੇ ਭਵਿੱਖ ਬਾਰੇ ਚਿੰਤਿਤ ਹੁੰਦਿਆਂ ਇਹਨਾਂ ਨਾਲ ਗੱਲ ਕਰਦਿਆਂ ਆਪਣੇ ਬੱਚਿਆਂ ਅਤੇ ਘਰ ਦੀ ਦੇਖਭਾਲ ਲਈ ਦੂਜੇ ਵਿਆਹ ਖ਼ਾਤਰ ਇੰਡੀਆ ਜਾਣ ਬਾਰੇ ਦੱਸਿਆ । ਮਣੀ ਦੀ ਭੈਣ ਦੇ ਇੱਕਦਮ ਕੰਨ ਖੜ੍ਹੇ ਹੋ ਗਏ। ਉਸ ਨੇ ਉਸ ਨੂੰ ਆਖਿਆ,” ਭਾਜੀ ਮੇਰੀ ਭੈਣ ਦੇ ਪਤੀ ਦੀ ਮੌਤ ਪੰਦਰਾਂ ਕੁ ਦਿਨ ਪਹਿਲਾਂ ਹੀ ਹੋਈ ਹੈ,ਉਸ ਦੇ ਨਾਂ ਕੋਈ ਬੱਚਾ ਹੈ ਤੇ ਨਾ ਘਰਬਾਰ,ਉਹ ਮੇਰੇ ਘਰ ਵਿੱਚ ਰਹਿੰਦੀ ਹੈ।” ਉਸ ਦੇ ਪਤੀ ਦੇ ਦੋਸਤ ਨੇ ਝੱਟ ਹਾਂ ਕਰ ਦਿੱਤੀ ਕਿਉਂਕਿ ਉਹ ਬਿਨਾਂ ਔਲਾਦ ਵਾਲੀ ਔਰਤ ਦੀ ਤਲਾਸ਼ ਵਿੱਚ ਹੀ ਸੀ। ਪੰਦਰਾਂ ਵੀਹ ਦਿਨ ਬਾਅਦ ਉਹ ਇੰਡੀਆ ਆਇਆ ਤੇ ਮਣੀ ਨਾਲ ਵਿਆਹ ਕਰਵਾ ਕੇ ਤਿੰਨ ਚਾਰ ਮਹੀਨਿਆਂ ਵਿੱਚ ਉਸ ਨੂੰ ਵਿਦੇਸ਼ ਲੈ ਗਿਆ।
ਮਣੀ ਪੂਰੇ ਪੰਜ ਸਾਲ ਬਾਅਦ ਬਾਹਰੋਂ ਆਕੇ ਉਸੇ ਘਰ ਵਿੱਚ ਠਹਿਰੀ। ਆਪਣੇ ਦੋ ਬੱਚਿਆਂ (ਜੋ ਉਸ ਦੇ ਪਤੀ ਦੇ ਪਹਿਲੇ ਵਿਆਹ ਦੇ ਸਨ) ਨੂੰ ਵੀ ਨਾਲ਼ ਲੈ ਕੇ ਆਈ ਸੀ।ਉਹ ਆਪਣੇ ਗੁਆਂਢੀਆਂ ਨੂੰ ਆਪਣੇ ਬੱਚਿਆਂ ਦੇ ਵਿਆਹ ਦਾ ਸੱਦਾ ਦੇਣ ਆਈ ਸੀ। ਉਸ ਦੇ ਬੱਚੇ ਉਸ ਦਾ ਬਹੁਤ ਸਤਿਕਾਰ ਕਰਦੇ ਸਨ ਤੇ ਉਹ ਵੀ ਉਹਨਾਂ ਨੂੰ ਬਹੁਤ ਪਿਆਰ ਕਰਦੀ ਸੀ।ਉਸ ਦੇ ਦੱਸਣ ਮੁਤਾਬਕ ਉਸ ਦਾ ਪਤੀ ਵੀ ਬਹੁਤ ਚੰਗਾ ਹੈ।ਉਸ ਦਾ ਤਾਂ ਰੰਗ ਰੂਪ ਹੀ ਬਦਲਿਆ ਪਿਆ ਸੀ। ਉਹ ਗੁਆਂਢੀਆਂ ਕੋਲ਼ ਬੈਠੀ ਨੀਟੇ ਨੂੰ ਯਾਦ ਕਰਦਿਆਂ ਆਖਣ ਲੱਗੀ,” ਚਾਹੇ ਅੱਜ ਮੇਰੇ ਕੋਲ ਸਭ ਕੁਝ ਹੈ…..ਪਰ …..ਨੀਟਾ ਨਹੀਂ ਹੈ…… ਮੈਂ ਉਸ ਨਾਲ ਬਿਤਾਏ ਪੰਦਰਾਂ ਸਾਲ ਕਦੇ ਨਹੀਂ ਭੁੱਲ ਸਕਣੇ …. ਚੰਦਰੇ ਨੇ ਮੈਨੂੰ ਇੱਕ ਵਾਰ ਤਾਂ ਡਾਂਟਿਆ ਹੁੰਦਾ…..ਜੋ ਉਸ ਨੂੰ ਭੁਲਾਉਣ ਲਈ ਕਦੇ ਮੈਂ ਯਾਦ ਕਰ ਸਕਦੀ…… ਮੈਂ ਚਾਹੁੰਦੀ ਤਾਂ ਇੱਥੇ ਆਉਂਦੀ ਹੀ ਨਾ ……ਪਰ ਉਸ ਦਾ ਮੋਹ ਖਿੱਚ ਲਿਆਇਆ…….!”
ਉਸ ਦੀ ਗੁਆਂਢਣ ਉਸ ਨੂੰ ਧਰਵਾਸਾ ਦਿੰਦਿਆਂ ਕਹਿੰਦੀ ਹੈ ,”ਧੀਏ! ਔਰਤ ਦੀ ਜ਼ਿੰਦਗੀ ਦਾ ਕੀ ਭਰੋਸਾ ਹੁੰਦਾ ਏ…….. ਕੋਈ ਪਤਾ ਨੀ ਹੁੰਦਾ….ਇਸ ਨੇ ਕਿਹੜੇ ਮੌਕੇ ਕਿੱਧਰ ਨੂੰ ਕਰਵਟ ਲੈ ਲੈਣੀ ਹੈ। ਏਸੇ ਤਾਂ ਜ਼ਿੰਦਗੀ ਕਹਿੰਦੇ ਨੇ… ਏਹੁ ਹਮਾਰਾ ਜੀਵਣਾ ਹੈ….!”
ਬਰਜਿੰਦਰ ਕੌਰ ਬਿਸਰਾਓ
9988901324
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly