(ਸਮਾਜ ਵੀਕਲੀ)
ਮਸਲਾ ਛੇ ਸੌ ਯੂਨਿਟਾਂ ਦਾ
“ਮੈਂ ਕਿਹਾ ਜੀ ਸੁਣਦੇ ਓਂ …..ਆ ਤਾਂ ਰੰਗ ਈ ਲੱਗ ਗਏ ……ਆਪਣੀ ਨਵੀਂ ਗੌਰਮਿੰਟ ਨੇ ਕਿੰਨਾ ਵਧੀਆ ਕੰਮ ਕਰਤਾ ਸਭ ਲਈ……।” ਸੁਖਮਨ ਨੇ ਆਪਣੇ ਪਤੀ ਰਜਿੰਦਰ ਨੂੰ ਹਾਕ ਮਾਰਕੇ ਦੱਸਿਆ। ਦਰ ਅਸਲ ਉਹ ਬੈਠੀ ਖਬਰਾਂ ਸੁਣ ਰਹੀ ਸੀ ਤੇ ਹੁਣੇ ਹੁਣੇ ਤਾਜ਼ੀ ਖ਼ਬਰ ਆਈ ਸੀ। ਰਜਿੰਦਰ ਨੇ ਆਪਣਾ ਪੁਰਾਣਾ ਜਿਹਾ ਸਕੂਟਰ ਉੱਥੇ ਹੀ ਖੜ੍ਹਾ ਕੀਤਾ ਤੇ ਜਲਦੀ ਨਾਲ ਵਾਪਸ ਆ ਗਿਆ।ਉਹ ਵੀ ਬਾਹਰ ਕੰਮ ਜਾਂਦਾ ਜਾਂਦਾ ਸੁਖ਼ਮਨ ਕੋਲ ਬੈਠ ਕੇ ਖ਼ਬਰਾਂ ਸੁਣਨ ਲੱਗਿਆ । “ਹੁਣ ਬਿਜਲੀ ਘੱਟ ਬਾਲਿਆ ਕਰਨੀ ਆ…. ਤੁਸੀਂ ਵੀ ਹੁਣ ਧਿਆਨ ਰੱਖਿਓ….।” ਸੁਖਮਨ ਨੇ ਆਪਣੇ ਪਤੀ ਨੂੰ ਤਾਕੀਦ ਕਰਦਿਆਂ ਕਿਹਾ। ” ਮੈਂ ਤਾਂ ਪਹਿਲਾਂ ਵੀ ਕਹਿੰਦਾ ਰਹਿੰਦਾ ਸੀ….ਫੇਰ ਤੂੰ ਤੇ ਨਿਆਣੇ ਮੇਰੇ ਮਗਰ ਪੈ ਜਾਂਦੇ ਓਂ ਬਈ ਫਾਲਤੁ ਬੋਲਦਾ।” ਰਜਿੰਦਰ ਨੇ ਨਹੋਰਾ ਲੈਂਦੇ ਹੋਏ ਸੱਚੀ ਜਿਹੀ ਗੱਲ ਆਖੀ।
ਅਸਲ ਵਿੱਚ ਇਹ ਆਪਣੇ ਪਿੰਡ ਦੇ ਲਾਗਲੇ ਛੋਟੇ ਜਿਹੇ ਕਸਬੇ ਵਿੱਚ ਰਹਿੰਦੇ ਸਨ ਕਿਉਂਕਿ ਰਜਿੰਦਰ ਇੱਥੇ ਹੀ ਇੱਕ ਵਰਕਸ਼ਾਪ ਤੇ ਮਕੈਨਿਕ ਲੱਗਿਆ ਹੋਇਆ ਸੀ। ਉਂਝ ਤਾਂ ਉਹ ਗਰੈਜੂਏਟ ਸੀ ਪਰ ਨੌਕਰੀ ਖ਼ਾਤਰ ਬਹੁਤ ਧੱਕੇ ਖਾਣ ਤੋਂ ਬਾਅਦ ਜਦ ਕੋਈ ਢੰਗ ਦੀ ਨੌਕਰੀ ਨਾ ਮਿਲ਼ੀ ਤਾਂ ਉਸ ਨੇ ਪਿੰਡ ਛੱਡ ਕੇ ਕੰਮ ਕਾਰ ਕਰਨ ਲਈ ਏਧਰ ਦਾ ਰੁਖ਼ ਕੀਤਾ ਸੀ। ਰਜਿੰਦਰ ਨੂੰ ਦਸ ਹਜ਼ਾਰ ਰੁਪਏ ਮਹੀਨਾ ਤਨਖਾਹ ਮਿਲਦੀ ਸੀ।ਘਰ ਦਾ ਗੁਜ਼ਾਰਾ ਮੁਸ਼ਕਲ ਨਾਲ ਹੀ ਹੁੰਦਾ ਸੀ । ਉਂਝ ਤਾਂ ਉਹ ਜ਼ਿਮੀਂਦਾਰ ਸੀ ਪਰ ਪਿੰਡ ਜ਼ਮੀਨ ਵੀ ਥੋੜੀ ਜਿਹੀ ਸੀ ਜੋ ਉਸ ਨੇ ਠੇਕੇ ਤੇ ਦਿੱਤੀ ਹੋਈ ਸੀ ਕਿਉਂਕਿ ਉਸ ਵਿੱਚ ਖੇਤੀ ਕਰਨ ਨਾਲ ਵੀ ਪੂਰੀ ਨਹੀਂ ਪੈਂਦੀ ਸੀ।
ਜਦੋਂ ਦੀ ਸਰਕਾਰ ਨੇ ਇਹ ਗੱਲ ਆਖੀ ਸੀ ਉਦੋਂ ਤੋਂ ਹੀ ਉਹ ਪੱਖੇ ਥੱਲੇ ਹੀ ਸੌਂ ਜਾਂਦੇ।ਕਈ ਵਾਰ ਜਦ ਦੋਵੇਂ ਜਵਾਕ ਜ਼ਿਆਦਾ ਗਰਮੀ ਕਾਰਨ ਕੂਲਰ ਲਾਉਣ ਨੂੰ ਜ਼ਿੱਦ ਕਰਦੇ ਤਾਂ ਥੋੜ੍ਹੀ ਜਿਹੀ ਦੇਰ ਕੁਲਰ ਚਲਾ ਦਿੰਦੇ ਜਿਵੇਂ ਹੀ ਜਵਾਕ ਸੌਂ ਜਾਂਦੇ ਉਸੇ ਸਮੇਂ ਕੂਲਰ ਬੰਦ ਕਰ ਦਿੰਦੇ। ਗਰਮੀਆਂ ਦੇ ਦੋ ਮਹੀਨੇ ਉਹਨਾਂ ਨੇ ਛੇ ਸੌ ਯੂਨਿਟ ਤੋਂ ਘੱਟ ਬਾਲਣ ਤੇ ਜ਼ੋਰ ਲਾ ਦਿੱਤਾ। ਕਈ ਵਾਰ ਜਦ ਬਿਜਲੀ ਚਲੀ ਜਾਂਦੀ ਤਾਂ ਉਹ ਖੁਸ਼ ਹੋ ਜਾਂਦੇ ਕਿ ਜਵਾਕਾਂ ਨੂੰ ਕੋਈ ਬਹਾਨਾ ਮਾਰੇ ਬਿਨਾਂ ਹੀ ਬਿਜਲੀ ਦੀ ਬੱਚਤ ਹੋ ਰਹੀ ਹੈ।
ਦੁਪਹਿਰ ਨੂੰ ਜਦ ਰਜਿੰਦਰ ਘਰੇ ਰੋਟੀ ਖਾਣ ਆਉਂਦਾ ਤਾਂ ਕਈ ਵਾਰ ਵਿਹੜੇ ਵਿੱਚ ਨਿੰਮ ਦੀ ਛਾਂ ਹੇਠ ਮੰਜਾ ਡਾਹ ਕੇ ਹੀ ਅਰਾਮ ਕਰਕੇ ਚਲਿਆ ਜਾਂਦਾ ਪਰ ਜਿਸ ਦਿਨ ਉਹਨਾਂ ਦੇ ਪ੍ਰਾਹੁਣੇ ਆਉਂਦੇ ਤਾਂ ਉਸ ਦਿਨ ਕੂਲਰ ਚਲਾਉਣਾ ਪੈਂਦਾ ।ਉਹ ਪ੍ਰਾਹੁਣਿਆਂ ਦੇ ਜਲਦੀ ਜਾਣ ਬਾਰੇ ਸੋਚਦੇ ।ਜਦ ਕਿ ਪਹਿਲਾਂ ਉਹ ਮਹਿਮਾਨਾਂ ਨੂੰ ਜ਼ੋਰ ਪਾ ਪਾ ਕੇ ਇੱਕ ਰਾਤ ਵਾਧੂ ਹੀ ਰੋਕ ਲੈਂਦੇ ਸਨ।
ਦੋ ਮਹੀਨੇ ਬਾਅਦ ਬਿਜਲੀ ਦਾ ਬਿੱਲ ਆਉਂਦਿਆਂ ਹੀ ਪਤੀ ਪਤਨੀ ਦੇ ਚਿਹਰਿਆਂ ਦਾ ਰੰਗ ਫੱਕ ਉਡ ਗਿਆ। ਦੋਵੇਂ ਵਿਹੜੇ ਵਿੱਚ ਨਿੰਮ ਦੀ ਛਾਂ ਹੇਠ ਬੈਠੇ ਸਨ ਜਦ ਬਿਜਲੀ ਵਾਲਾ ਕਰਮਚਾਰੀ ਬਿੱਲ ਫੜਾਉਣ ਆਇਆ। ਬਿੱਲ ਨੂੰ ਦੇਖ ਕੇ ਉਦਾਸ ਇਸ ਲਈ ਹੋਏ ਕਿਉਂ ਕਿ ਉਹਨਾਂ ਦੇ ਛੇ ਸੌ ਤਿੰਨ ਯੂਨਿਟ ਬਲ਼ੇ ਹੋਣ ਕਰਕੇ ਪੂਰੇ ਛੇ ਸੌ ਤਿੰਨ ਯੂਨਿਟਾਂ ਦਾ ਬਿੱਲ ਦੇਣਾ ਪੈਣਾ ਸੀ। ਜਦ ਕਿ ਗਲ਼ੀ ਵਿੱਚ ਕਈ ਘਰਾਂ ਨੂੰ ਛੇ ਸੌ ਤੋਂ ਉੱਪਰਲੇ ਯੂਨਿਟਾਂ ਦਾ ਬਿੱਲ ਹੀ ਭਰਨਾ ਪੈਣਾ ਸੀ।
ਸੁਖਮਨ ਇੱਕ ਦਮ ਉੱਠੀ ਤੇ ਰਜਿੰਦਰ ਨੂੰ ਕਹਿਣ ਲੱਗੀ,” ਚਲੋ ਉੱਠੋ ਜੀ…..ਅੰਦਰ ਚੱਲੋ ਕੂਲਰ ਮੂਹਰੇ…… ਸਾਨੂੰ ਨਹੀਂ ਚਾਹੀਦੇ ਛੇ ਸੌ ਯੂਨਿਟ ਮੁਫ਼ਤ….ਸਾਡੇ ਹੱਡਾਂ ਨੂੰ ਮੁਫ਼ਤਖੋਰੀ ਰਾਸ ਨਹੀਂ ਆਉਣੀ….. ਅਗਲੇ ਮਹੀਨੇ ਤੋਂ ਮੈਂ ਵੀ ਪ੍ਰਾਈਵੇਟ ਨੌਕਰੀ ਲੱਭ ਕੇ ਤੁਹਾਡਾ ਹੱਥ ਵਟਾਵਾਂਗੀ …… ਮਿਹਨਤ ਕਰਕੇ ਅਣਖ਼ ਨਾਲ ਜਿਊਣਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ । ” ਦੋਵੇਂ ਮੁਸਕਰਾਉਂਦੇ ਹੋਏ ਹੋਏ ਇੱਕ ਦੂਜੇ ਦਾ ਹੌਸਲਾ ਬਣ ਕੇ ਅੰਦਰ ਕੂਲਰ ਚਲਾ ਕੇ ਬੈਠ ਜਾਂਦੇ ਹਨ।
ਬਰਜਿੰਦਰ ਕੌਰ ਬਿਸਰਾਓ
9988901324
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly