(ਸਮਾਜ ਵੀਕਲੀ)
ਸੰਗੀਤਾ ਪ੍ਰਾਈਵੇਟ ਸੈਕਟਰ ਵਿੱਚ ਨੌਕਰੀ ਕਰਦੀ ਸੀ।ਉਸ ਨੂੰ ਨੌਕਰੀ ਕਰਦੀ ਨੂੰ ਪੰਜ ਛੇ ਸਾਲ ਹੋ ਗਏ ਸਨ। ਉਹ ਬਹੁਤ ਵਧੀਆ ਕੰਮ ਕਰਦੀ ਸੀ ਤੇ ਉਸ ਦੀ ਬੌਸ ਵੀ ਉਸ ਤੇ ਬਹੁਤ ਖੁਸ਼ ਸੀ। ਅਚਾਨਕ ਉਸ ਦੀ ਬੌਸ ਦਾ ਤਬਾਦਲਾ ਹੋ ਗਿਆ ਤੇ ਉਹ ਬਦਲ ਕੇ ਦੂਜੇ ਸ਼ਹਿਰ ਚਲੀ ਗਈ। ਨਵਾਂ ਬੌਸ ਬੜਾ ਸੜੀਅਲ ਸੁਭਾਅ ਦਾ ਸੀ।ਉਹ ਸਾਰਾ ਦਿਨ ਨਿੱਕੀ ਨਿੱਕੀ ਗੱਲ ਤੇ ਟੋਕ- ਟੋਕਾਈ ਕਰਦਾ ਰਹਿੰਦਾ। ਇੱਕ ਦਿਨ ਤਾਂ ਹੱਦ ਹੀ ਹੋ ਗਈ ਕਿ ਨਿੱਕੀ ਜਿਹੀ ਗੱਲ ਤੇ ਹੀ ਸਭ ਦੇ ਸਾਹਮਣੇ ਉਸ ਦੀ ਬੇਜ਼ਤੀ ਕਰ ਦਿੱਤੀ। ਸੰਗੀਤਾ ਆਪਣਾ ਅਸਤੀਫਾ ਲਿਖ ਕੇ ਉਸ ਦੇ ਮੂਹਰੇ ਸੁੱਟ ਕੇ ਆ ਗਈ। ਸੰਗੀਤਾ ਦੀ ਨੌਕਰੀ ਛੁੱਟ ਗਈ ਸੀ। ਹੁਣ ਉਸ ਨੇ ਨੌਕਰੀ ਨਾ ਕਰਨ ਦਾ ਫੈਸਲਾ ਕੀਤਾ ਤੇ ਸੋਚਿਆ ਕਿ ਆਪਣੇ ਬੱਚਿਆਂ ਦੀ ਹੀ ਸੋਹਣੇ ਤਰੀਕੇ ਨਾਲ ਪਰਵਰਿਸ਼ ਕਰੇਗੀ। ਨੌਕਰੀ ਕਰਦੀ ਕਰਕੇ ਬੱਚੇ ਵੀ ਰੁਲੇ ਰਹਿੰਦੇ ਸਨ। ਵੈਸੇ ਵੀ ਉਸ ਦਾ ਪਤੀ ਸਰਕਾਰੀ ਨੌਕਰੀ ਕਰਦਾ ਸੀ, ਗੁਜ਼ਾਰਾ ਚੱਲੀ ਜਾਂਦਾ ਸੀ।
ਉਸ ਨੇ ਆਪਣੀ ਨੌਕਰੀ ਦੌਰਾਨ ਜਮ੍ਹਾਂ ਫੰਡ ਕਢਵਾਉਣ ਲਈ ਆਨਲਾਈਨ ਹੀ ਅਪਲਾਈ ਕਰ ਦਿੱਤਾ । ਉਸ ਦੇ ਕਾਗਜ਼ਾਂ ਵਿੱਚ ਗ਼ਲਤੀ ਹੋਣ ਕਾਰਨ ਉਸ ਦੀ ਅਰਜ਼ੀ ਰੱਦ ਹੋ ਕੇ ਆ ਗਈ।ਉਸ ਨੇ ਦੂਜੀ ਵਾਰ ਸਾਰਾ ਕੁਝ ਸਹੀ ਕਰਕੇ ਫੇਰ ਅਪਲਾਈ ਕੀਤਾ ਤਾਂ ਫੇਰ ਅਰਜ਼ੀ ਵਿੱਚ ਗਲਤੀਆਂ ਹੋਣ ਕਰਕੇ ਅਰਜ਼ੀ ਰੱਦ ਹੋਣ ਦਾ ਮੈਸੇਜ ਆ ਜਾਇਆ ਕਰੇ।ਉਸ ਨੇ ਚਾਰ ਪੰਜ ਵਾਰ ਅਪਲਾਈ ਕੀਤਾ, ਹਮੇਸ਼ਾ ਉਸ ਨਾਲ ਇਸ ਤਰ੍ਹਾਂ ਹੀ ਹੋਵੇ। ਉਸ ਨੇ ਆਪਣੇ ਜਾਣ ਪਛਾਣ ਦੇ ਲੜਕੇ ਤੋਂ ਕੰਮ ਕਰਵਾਉਣਾ ਚਾਹਿਆ ਜੋ ਉੱਥੇ ਹੀ ਨੌਕਰੀ ਕਰਦਾ ਸੀ। ਤਾਂ ਵੀ ਉਸ ਦੀ ਅਰਜ਼ੀ ਰੱਦ ਹੋ ਗਈ।ਉਸ ਨੇ ਉਸ ਜਾਣ ਪਛਾਣ ਵਾਲੇ ਲੜਕੇ ਤੋਂ ਅਸਲ ਗੱਲ ਪੁੱਛੀ ਤਾਂ ਉਸ ਨੇ ਕਿਹਾ,” ਕਲਰਕ ਥੋੜ੍ਹੇ ਬਹੁਤ ਪੈਸੇ ਮੰਗਦਾ ਹੈ, ਤੁਸੀਂ ਦੇਖ ਲਓ ਕਿਵੇਂ ਕਰਨਾ ਹੈ।ਜੇ ਉਸ ਦੀ ਸ਼ਿਕਾਇਤ ਕਰਨੀ ਹੈ ਤਾਂ ਦੇਖ ਲਓ, ਨਹੀਂ ਤਾਂ ਤੁਸੀਂ ਆਪ ਆ ਕੇ ਗੱਲ ਕਰ ਲਵੋ।”
ਸੰਗੀਤਾ ਦੋ ਚਿੱਤੀ ਵਿੱਚ ਬੈਠੀ ਸੋਚਦੀ ਹੈ ਕਿ ਉਹ ਰਿਸ਼ਵਤ ਮੰਗਣ ਵਾਲੇ ਨੂੰ ਫਸਾਵੇ ਜਾਂ ਰਿਸ਼ਵਤ ਦੇ ਕੇ ਘਰ ਬੈਠੇ ਬਿਠਾਏ ਕੰਮ ਕਰਵਾ ਲਏ।ਉਹ ਬਹੁਤ ਸੋਚਣ ਤੋਂ ਬਾਅਦ ਅੱਖਾਂ ਬੰਦ ਕਰ ਕੇ ਆਪਣੇ ਮਨ ਨਾਲ ਸਲਾਹ ਕਰਦੀ ਹੈ ਤਾਂ ਮਨ ਨੇ ਉਸ ਨੂੰ ਕਹਿੰਦਾ ਹੈ,” ਤੂੰ ਕਿਹੜੇ ਚੱਕਰਾਂ ਵਿੱਚ ਪੈਣ ਲੱਗੀ ਹੈਂ, ਦੋ ਚਾਰ ਵਾਰ ਤੂੰ ਪੈਟਰੋਲ ਫੂਕ ਕੇ ਜਾਵੇਂਗੀ, ਕਿਉਂ ਕਿ ਉਹ ਬੰਦਾ ਪਹਿਲੀ ਵਾਰ ਵਿੱਚ ਤਾਂ ਤੈਨੂੰ ਰਾਹ ਨਹੀਂ ਦੇਵੇਗਾ, ਫੇਰ ਓਹਦੀ ਸ਼ਿਕਾਇਤ ਕਰਨ ਲਈ ਸਬੂਤ ਬਣਾਉਣ ਲਈ ਮਿਹਨਤ ਕਰੇਂਗੀ। ਫੇਰ ਰੌਲ਼ਾ ਵੀ ਪਊ, ਫਿਰ ਕੇਸ ਚੱਲੂ, ਫੇਰ ਗਵਾਹੀਆਂ ਦੇਣ ਕਚਹਿਰੀ ਜਾਣਾ ਪਿਆ ਕਰੂ,ਫੇਰ ਵੀ ਅਗਲਾ ਕਲਰਕ ਕਦ ਕੰਮ ਕਰੂ ਓਹ ਪਤਾ ਨਹੀਂ…..ਇਸ ਤੋਂ ਬਿਹਤਰ ਇਹ ਨਹੀਂ ਘਰ ਬੈਠੀ ਬਿਠਾਈ ਪੰਜ ਸੱਤ ਸੌ ਮਾਰ ਮੱਥੇ ਤੇ ਆਪਣਾ ਕੰਮ ਕਰਾ।”
ਉਹ ਫੋਨ ਚੁੱਕਦੀ ਹੈ ਤੇ ਉਸ ਲੜਕੇ ਨੂੰ ਫ਼ੋਨ ਕਰਦੀ ਹੈ,” ਤੂੰ ਕਰਵਾ ਦੇ ਕੰਮ ਆਪਣੇ ਕੋਲੋਂ ਪੈਸੇ ਦੇ ਕੇ, ਮੈਂ ਤੇਰੇ ਨਾਲ ਬਾਅਦ ਵਿੱਚ ਹਿਸਾਬ ਕਰ ਲਵਾਂਗੀ।” ਉਹ ਮੁੰਡਾ ਕਹਿੰਦਾ ਹੈ,”ਮੈਡਮ ਜੀ ਤੁਸੀਂ ਹੁਣੇ ਅਪਲਾਈ ਕਰੋ , ਸ਼ਾਮ ਤੱਕ ਪੈਸੇ ਅਕਾਊਂਟ ਵਿੱਚ ਆ ਜਾਣਗੇ।” ਉਹੀ ਗੱਲ ਹੋਈ, ਸੰਗੀਤਾ ਨੇ ਜਿਵੇਂ ਹੀ ਆਨਲਾਈਨ ਅਪਲਾਈ ਕੀਤਾ ਉਸੇ ਸਮੇਂ ਉਸ ਦੀ ਅਰਜ਼ੀ ਮਨਜ਼ੂਰ ਹੋਣ ਦਾ ਮੈਸੈਜ ਆ ਗਿਆ। ਸੱਚੀਂ ਹੀ ਸ਼ਾਮ ਤੱਕ ਉਸ ਦੇ ਅਕਾਊਂਟ ਵਿੱਚ ਉਸ ਦੇ ਫੰਡ ਦਾ ਸਾਰਾ ਪੈਸਾ ਆ ਗਿਆ ਜਿਸ ਲਈ ਉਹ ਮਹੀਨੇ ਭਰ ਤੋਂ ਟੱਕਰਾਂ ਮਾਰ ਰਹੀ ਸੀ।
ਉਸ ਨੂੰ ਜਿੱਥੇ ਪੈਸੇ ਆਉਣ ਦੀ ਖੁਸ਼ੀ ਸੀ ਦੂਜੇ ਪਾਸੇ ਰਿਸ਼ਵਤ ਦੇ ਕੇ ਕੰਮ ਕਰਵਾਉਣ ਤੇ ਦੁੱਖ ਹੋ ਰਿਹਾ ਸੀ। ਉਸ ਨੇ ਆਪਣੇ ਮਨ ਨੂੰ ਕਿਹਾ ,”ਤੂੰ ਮੈਨੂੰ ਗ਼ਲਤ ਸਲਾਹ ਕਿਉਂ ਦਿੱਤੀ?” ਮਨ ਨੇ ਹੱਸ ਕੇ ਆਖਿਆ,”ਤੂੰ ਇਕੱਲੀ ਨਹੀਂ ਇਸ ਤਰ੍ਹਾਂ ਦੇ ਹੱਲ ਲੱਭਦੀ…..ਸਾਰੀ ਦੁਨੀਆਂ ਈ ਆਪਣਾ ਆਪਣਾ ਫਾਇਦਾ ਸੋਚਦੀ ਹੈ…..ਤੂੰ ਵੀ ਆਪਣਾ ਫਾਇਦਾ ਅਤੇ ਅਰਾਮ ਹੀ ਸੋਚਿਆ ਹੈ …..ਤਾਂ ਹੀ ਤਾਂ ਜਿਹੜਾ ਮਹੀਨੇ ਵਿੱਚ ਕੰਮ ਨਹੀਂ ਹੋਇਆ ਸੀ ਉਹ ਅੱਧੇ ਦਿਨ ਵਿੱਚ ਹੋ ਗਿਆ।
ਇਹ ਭਿਰਸ਼ਟਾਚਾਰ ਆਪਣੇ ਆਪਣੇ ਫਾਇਦੇ ਦੀ ਉਪਜ ਹੀ ਹੈ ਜੋ ਆਪਾਂ ਨੇ ਈ ਪੈਦਾ ਕੀਤੀ ਹੋਈ ਹੈ।ਇਸੇ ਕਰਕੇ ਹੀ ਜਿਹੜੇ ਲੋਕ ਰਿਸ਼ਵਤ ਨਹੀਂ ਦੇ ਸਕਦੇ ਉਹ ਸਾਲਾਂ ਬੱਧੀ ਧੱਕੇ ਖਾਂਦੇ ਰਹਿੰਦੇ ਨੇ…. ਹੁਣ ਸਵਾਰਥ ਭਾਰੂ ਹੋ ਚੁੱਕਿਆ ਹੈ…..ਆਪਾਂ ਬਦਲਨਾ ਨਹੀਂ ਚਾਹੁੰਦੇ…. ਇਸ ਨੂੰ ਖਤਮ ਕਰਨ ਲਈ ਡੌਂਡੀ ਸਾਰੇ ਪਿੱਟਦੇ ਹਨ ਪਰ ਉਹਨਾਂ ਲੋਕਾਂ ਨੇ ਹੀ ਆਪਣੇ ਕੰਮ ਛੇਤੀ ਕਰਵਾਉਣ ਦੀ ਲਈ ‘ਅੰਡਰ ਦਾ ਟੇਬਲ’ ਇਸ ਨਾਲ ਦੋਸਤੀ ਪਾਈ ਹੋਈ ਆ….ਹਾ ਹਾ ਹਾ…..ਮੰਨ ਚਾਹੇ ਨਾ ਮੰਨ ……ਪਰ ਭਿਰਸ਼ਟਾਚਾਰ ਤਾਂ ਹੁਣ ਉਹ ਰੋਗ ਬਣ ਚੁੱਕਿਆ ਹੈ ਜੋ ਆਪਣੇ ਹੱਡੀਂ ਰਚਿਆ ਹੋਇਆ ਹੈ, ਹੱਡਾਂ ਦੇ ਰੋਗ ਵਾਂਗ ਬਸ ਏਹੁ ਹਮਾਰਾ ਜੀਵਣਾ ਹੈ…” ਮਨ ਦੀ ਗੱਲ ਸੁਣਦੀ ਸੁਣਦੀ ਓਹ ਉਦਾਸ ਹੋ ਜਾਂਦੀ ਹੈ।
ਬਰਜਿੰਦਰ ਕੌਰ ਬਿਸਰਾਓ
9988901324
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly