ਏਹੁ ਹਮਾਰਾ ਜੀਵਣਾ ਹੈ -135

0
20
ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

“ਬੀਬੀ ,ਆਹ ਦੇਖ …..ਖੁਸ਼ ਤੇ ਓਹਦੀ ਵਹੁਟੀ ਕੀ ਕਹਿੰਦੇ ਆ…..! ਤੂੰ ਹੀ ਇਹਨਾਂ ਨੂੰ ਸਮਝਾ ਮਾੜਾ ਮੋਟਾ….. ਇੱਕ ਅਸੀਂ ਆਂ ਜਿਹੜੇ ਔਲਾਦ ਲਈ ਤਰਸਦੇ ਆਂ……!” ਭਗਵੰਤ ਨੇ ਆਪਣੀ ਮੂੰਹ ਬੋਲੀ ਭੈਣ ਅੱਗੇ ਤਰਲਾ ਲੈਂਦਿਆਂ ਗੱਲ ਸ਼ੁਰੂ ਕੀਤੀ। ਅਸਲ ਵਿੱਚ ਲਖਬੀਰ ਕੌਰ ਆਪਣੇ ਪਤੀ ਅਤੇ ਪਰਿਵਾਰ ਨਾਲ਼ ਬਹੁਤ ਪਹਿਲਾਂ ਤੋਂ ਇੱਥੇ ਰਹਿੰਦੇ ਸਨ ਤੇ ਜਦੋਂ ਭਗਵੰਤ ਸਿੰਘ ਹੋਰੀਂ ਇਸ ਸ਼ਹਿਰ ਵਿੱਚ ਆਏ ਸਨ ਤਾਂ ਉਨ੍ਹਾਂ ਦੋਵਾਂ ਦੀ ਆਪਣੇ ਪਿੰਡ ਦੀ ਜਾਣ ਪਛਾਣ ਨਿਕਲ਼ ਆਈ ਸੀ। ਭਗਵੰਤ ਦੇ ਪਿੰਡ ਲਖਬੀਰ ਕੌਰ ਦੀ ਭੂਆ ਵਿਆਹੀ ਹੋਣ ਕਰਕੇ ਇਹ ਇੱਕ ਦੂਜੇ ਦੇ ਮੂੰਹ ਬੋਲੇ ਭੈਣ ਭਰਾ ਬਣ ਗਏ ਸਨ। ਚਾਹੇ ਜਾਤਾਂ ਅੱਡ ਅੱਡ ਸਨ ਪਰ ਉਨ੍ਹਾਂ ਦਾ ਪਿਆਰ ਤਾਂ ਸਕੇ ਭੈਣ ਭਰਾਵਾਂ ਤੋਂ ਵੀ ਵੱਧ ਸੀ। ਇਸੇ ਲਈ ਉਹ ਵੱਡੀ ਭੈਣ ਹੋਣ ਕਰਕੇ ਉਸ ਨੂੰ ਬੀਬੀ ਕਹਿੰਦਾ ਸੀ। ਉਸ ਦੇ ਆਪਣੇ ਕੋਈ ਔਲਾਦ ਨਾ ਹੋਣ ਕਰਕੇ ਲਖਬੀਰ ਕੌਰ ਦੇ ਸਾਰੇ ਬੱਚਿਆਂ ਨੂੰ ਦਿਨ ਤਿਉਹਾਰ ਤੇ ਨਾਨਕਿਆਂ ਵਾਂਗ ਹੀ ਚੀਜ਼ਾਂ ਲੈ ਕੇ ਦਿੰਦਾ ਤੇ ਵਰਤਦਾ ਸੀ।ਮਤਲਬ ਕਿ ਦੋਹਾਂ ਘਰਾਂ ਵਿੱਚ ਆਪਸ ਵਿੱਚ ਕੋਈ ਫ਼ਰਕ ਨਹੀਂ ਸੀ। ਖੁਸ਼ ਭਗਵੰਤ ਦਾ ਛੋਟਾ ਭਰਾ ਸੀ ਜੋ ਜਲੰਧਰ ਵਿੱਚ ਸਰਕਾਰੀ ਡਾਕਟਰ ਸੀ।

ਖੁਸ਼ ਦੇ ਪਹਿਲਾਂ ਦੋ ਸਾਲ ਦਾ ਮੁੰਡਾ ਸੀ ਪਰ ਹੁਣ ਉਸ ਦੀ ਪਤਨੀ ਦੇ ਬੱਚਾ ਹੋਣ ਵਾਲਾ ਹੋਇਆ ਤਾਂ ਉਹ ਪਤੀ ਪਤਨੀ ਆਪਸੀ ਸਹਿਮਤੀ ਨਾਲ ਉਸ ਦਾ ਗਰਭਪਾਤ ਕਰਵਾਉਣਾ ਚਾਹੁੰਦੇ ਸਨ। ਪਰ ਭਗਵੰਤ ਦੇ ਵਿਆਹ ਨੂੰ ਵੀਹ ਵਰ੍ਹੇ ਹੋ ਗਏ ਸਨ ਤੇ ਉਸ ਨੂੰ ਔਲਾਦ ਦਾ ਮੂੰਹ ਦੇਖਣਾ ਨਸੀਬ ਨਹੀਂ ਹੋਇਆ ਸੀ ਜਿਸ ਕਰਕੇ ਉਹ ਚਾਹੁੰਦੇ ਸਨ ਕਿ ਉਹ ਇਸ ਬੱਚੇ ਨੂੰ ਜਨਮ ਦੇ ਦੇਣ ਤੇ ਉਹ ਗੋਦ ਲੈ ਲੈਣਗੇ। ਭਗਵੰਤ ਤੇ ਉਸ ਦੀ ਪਤਨੀ ਚਾਹੇ ਅਨਪੜ੍ਹ ਤੇ ਸਧਾਰਨ ਸੁਭਾਅ ਦੇ ਸਨ ਪਰ ਖੁਸ਼ ਵੱਡਾ ਡਾਕਟਰ ਹੋਣ ਦੇ ਬਾਵਜੂਦ ਵੀ ਆਪਣੇ ਭਰਾ ਭਰਜਾਈ ਨੂੰ ਮਾਪਿਆਂ ਵਾਂਗ ਸਤਿਕਾਰ ਦਿੰਦਾ ਸੀ ਪਰ ਉਸ ਨੂੰ ਡਰ ਸੀ ਕਿ ਦੂਜਾ ਬੱਚਾ ਪੈਦਾ ਹੋਣ ਤੇ ਪਤਾ ਨਹੀਂ ਉਸ ਦੇ ਅੱਧਖੜ੍ਹ ਉਮਰ ਦੇ ਭਰਾ ਭਰਜਾਈ ਚੰਗੀ ਤਰ੍ਹਾਂ ਪਾਲ਼ ਸਕਣਗੇ ਜਾਂ ਨਹੀਂ। ਲਖਬੀਰ ਕੌਰ ਨੇ ਖੁਸ਼ ਅਤੇ ਉਸ ਦੀ ਪਤਨੀ ਨੂੰ ਕਿਹਾ,” ਦੇਖ ਖੁਸ਼….. ਇਹਨਾਂ ਦੀ ਗਰੰਟੀ ਮੈਂ ਲੈਂਦੀ ਆਂ……. ਤੁਸੀਂ ਇਸ ਬੱਚੇ ਨੂੰ ਨਾਲੀ ਦਾ ਕੀੜਾ ਨਾ ਬਣਾਓ…….ਦੇਖੋ ਇਹਨਾਂ ਦੇ ਘਰ ਉਹੀ ਬੱਚਾ ਖਿਡੌਣੇ ਵਾਂਗ ਦੋਵਾਂ ਦਾ ਜੀਅ ਪਰਚਾਈ ਰੱਖੂ……!” ਖੁਸ਼ ਤੇ ਉਸ ਦੀ ਘਰਵਾਲ਼ੀ ਮੰਨ ਗਏ।ਪਰ ਉਹਨਾਂ ਨੇ ਕਿਹਾ ਕਿ ਇਸ ਬੱਚੇ ਦੀ ਸਾਰੀ ਡਾਕਟਰੀ ਰਿਪੋਰਟ ਭਾਬੀ ਦੇ ਨਾਂ ਤੇ ਹੀ ਬਣੇਗੀ। ਸਾਰਿਆਂ ਦੀ ਸਹਿਮਤੀ ਹੋ ਗਈ।

ਸੱਤ ਕੁ ਮਹੀਨਿਆਂ ਬਾਅਦ ਖੁਸ਼ ਦੀ ਪਤਨੀ ਮਧੂ ਨੇ ਪੁੱਤਰ ਨੂੰ ਜਨਮ ਦਿੱਤਾ ਜਿਸ ਨੂੰ ਸਮਝੌਤੇ ਅਨੁਸਾਰ ਪੈਦਾ ਹੁੰਦੇ ਹੀ ਭਗਵੰਤ ਦੀ ਪਤਨੀ ਸੁੱਖ ਦੀ ਝੋਲੀ ਵਿੱਚ ਪਾ ਦਿੱਤਾ।ਡਾਕਟਰੀ ਰਿਪੋਰਟਾਂ ਅਨੁਸਾਰ ਵੀ ਭਗਵੰਤ ਦੀ ਪਤਨੀ ਨੇ ਹੀ ਉਸ ਨੂੰ ਜਨਮ ਦਿੱਤਾ ਸੀ। ਸਾਰੇ ਬਹੁਤ ਖੁਸ਼ ਸਨ। ਵਾਕਿਆ ਹੀ ਭਗਵੰਤ ਤੇ ਸੁੱਖ ਦੀ ਉਜਾੜਾਂ ਦੇ ਸੋਕਿਆਂ ਵਰਗੀ ਜ਼ਿੰਦਗੀ ਬੱਚੇ ਦੇ ਘਰ ਵਿੱਚ ਆਉਣ ਨਾਲ ਹਰੀ ਭਰੀ ਹੋ ਗਈ ਸੀ। ਭਗਵੰਤ ਆਪਣੇ ਹਿਸਾਬ ਨਾਲ ਬੱਚੇ ਦਾ ਹਰ ਚਾਅ ਪੂਰਾ ਕਰਦਾ ।ਓਧਰ ਖ਼ੁਸ਼ ਆਪਣੇ ਪਰਿਵਾਰ ਨਾਲ਼ ਇੰਗਲੈਂਡ ਜਾ ਕੇ ਵਸ ਗਿਆ ਸੀ। ਉੱਥੇ ਜਾ ਕੇ ਤਿੰਨ ਚਾਰ ਸਾਲ ਬਾਅਦ ਉਸ ਦੇ ਘਰ ਇੱਕ ਹੋਰ ਪੁੱਤਰ ਨੇ ਜਨਮ ਲਿਆ ਪਰ ਉਹਨਾਂ ਨੇ ਭਗਵੰਤ ਦੇ ਪੁੱਤਰ ਸੋਨੂੰ ਤੇ ਕਦੇ ਮੇਰ ਨਹੀਂ ਜਤਾਈ ਸੀ।

ਸੋਨੂੰ ਚਾਹੇ ਪੜ੍ਹਾਈ ਵਿੱਚ ਬਹੁਤਾ ਹੁਸ਼ਿਆਰ ਨਹੀਂ ਸੀ ਪਰ ਹੁਣ ਉਹ ਬਾਰ੍ਹਵੀਂ ਪਾਸ ਕਰ ਗਿਆ ਸੀ ਤੇ ਚਾਹੇ ਉਸ ਨੇ ਕਾਲਜ ਵਿੱਚ ਦਾਖਲਾ ਲੈ ਲਿਆ ਸੀ ਪਰ ਭਗਵੰਤ ਨੂੰ ਵੀ ਆਪਣੇ ਬੁਢਾਪੇ ਵੱਲ ਵੇਖ ਕੇ ਅਤੇ ਸਮਾਜ ਵਿੱਚ ਵਿਗੜਦੀ ਨੌਜਵਾਨੀ ਨੂੰ ਵੇਖ ਕੇ ਆਪਣੇ ਪੁੱਤਰ ਦੇ ਭਵਿੱਖ ਦੀ ਬਹੁਤ ਚਿੰਤਾ ਹੁੰਦੀ। ਇੱਕ ਦਿਨ ਉਸ ਨੇ ਖੁਸ਼ ਨਾਲ਼ ਆਪਣੇ ਦਿਲ ਦੀ ਗੱਲ ਸਾਂਝੀ ਕੀਤੀ ਤਾਂ ਅਕਸਰ ਨੂੰ ਆਂਦਰਾਂ ਦੀ ਸਾਂਝ ਦੀ ਖਿੱਚ ਤਾਂ ਹੁੰਦੀ ਹੀ ਹੈ।ਉਸ ਨੇ ਸੋਨੂੰ ਨੂੰ ਆਪਣੇ ਕੋਲ ਬੁਲਾ ਕੇ ਸੈੱਟ ਕਰਨ ਦੀ ਇੱਛਾ ਜ਼ਾਹਿਰ ਕੀਤੀ ਤਾਂ ਦੋਵੇਂ ਭਰਾਵਾਂ ਦੀ ਸਹਿਮਤੀ ਨਾਲ ਸੋਨੂੰ ਦੇ ਬਾਹਰ ਜਾਣ ਲਈ ਕਾਗਜ਼ ਲਗਾ ਦਿੱਤੇ । ਉਹ ਉਸ ਨੂੰ ਹੋਰ ਕਿਸੇ ਤਰੀਕੇ ਤਾਂ ਨਹੀਂ ਬੁਲਾ ਸਕਦਾ ਸੀ ਪਰ ਡੀ.ਐਨ. ਏ ਟੈਸਟਾਂ ਦੇ ਅਧਾਰ ਤੇ ਆਪਣਾ ਪੁੱਤਰ ਸਾਬਤ ਕਰਕੇ ਆਪਣੇ ਕੋਲ ਬੁਲਾ ਲਿਆ।

ਹਜੇ ਭਗਵੰਤ ਦੇ ਮਨ ਵਿੱਚ ਡਰ ਸੀ ਕਿ ਉਸ ਦਾ ਪੁੱਤਰ ਕਿਧਰੇ ਬਾਹਰ ਜਾ ਕੇ ਉਹਨਾਂ ਨੂੰ ਭੁੱਲ ਈ ਨਾ ਜਾਏ । ਜਿਹੜੇ ਬੁਢਾਪੇ ਖ਼ਾਤਰ ਐਡਾ ਵਿੱਢਣ ਵਿੱਢਿਆ ਸੀ ਉਹ ਬੁਢਾਪਾ ਕਿਤੇ ਫਿਰ ਇਕਲਾਪੇ ਵਿੱਚ ਹੀ ਨਾ ਕੱਟਣਾ ਪਵੇ। ਪਰ ਸੋਨੂੰ ਬਹੁਤ ਲਾਇਕ ਮੁੰਡਾ ਸੀ। ਉਹ ਵਿਦੇਸ਼ ਜਾ ਕੇ ਆਪਣੇ ਇੰਡੀਆ ਵਾਲੇ ਮਾਪਿਆਂ ਨੂੰ ਬਹੁਤ ਯਾਦ ਕਰਦਾ । ਉਸ ਨੂੰ ਉਹਨਾਂ ਦੇ ਬੁਢਾਪੇ ਦੀ ਚਿੰਤਾ ਸਤਾਉਂਦੀ ਰਹਿੰਦੀ।ਆਪਣੇ ਪਾਲਣ ਵਾਲੇ ਮਾਪਿਆਂ ਪ੍ਰਤੀ ਫ਼ਰਜ਼ ਨੂੰ ਉਹ ਬਾਖ਼ੂਬੀ ਸਮਝਦਾ ਸੀ। ਇਸ ਲਈ ਉਹਨਾਂ ਨੂੰ ਆਪਣੇ ਕੋਲ ਬੁਲਾਉਣ ਦੀ ਚਿੰਤਾ ਜ਼ਿਆਦਾ ਸਤਾ ਰਹੀ ਸੀ।

ਉਹ ਆਪਣੇ ਵਿਦੇਸ਼ ਵਾਲੇ ਮਾਂ ਬਾਪ ਨੂੰ ਚਾਚਾ ਚਾਚੀ ਹੀ ਸਮਝਦਾ ਸੀ । ਇਸ ਗੱਲ ਦਾ ਉਨ੍ਹਾਂ ਦੇ ਮਨ ਵਿੱਚ ਬਹੁਤ ਮਲਾਲ ਰਹਿੰਦਾ। ਸੋਨੂੰ ਕਮਾਈ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਆਪਣੇ ਕੋਲ ਬਣਾਉਣ ਦੇ ਕਾਨੂੰਨ ਲੱਭਦਾ ਰਹਿੰਦਾ ਕਿਉਂਕਿ ਹੁਣ ਕਾਗਜ਼ਾਂ ਵਿੱਚ ਉਹ ਉਸ ਦੇ ਮਾਪੇ ਨਾ ਹੋ ਕੇ ਮਹਿਜ਼ ਰਿਸ਼ਤੇਦਾਰ ਹੀ ਸਾਬਤ ਹੋ ਚੁੱਕੇ ਸਨ। ਫਿਰ ਵੀ ਉਸ ਨੇ ਮਨੁੱਖੀ ਅਧਿਕਾਰਾਂ ਦੇ ਆਧਾਰ ਤੇ ਆਪਣੇ ਪਾਲਣ ਵਾਲੇ ਬੁੱਢੇ ਮਾਤਾ ਪਿਤਾ ਭਗਵੰਤ ਸਿੰਘ ਅਤੇ ਸੁੱਖ ਨੂੰ ਬੁਲਾਉਣ ਲਈ ਕਾਗਜ਼ ਲਗਾ ਦਿੱਤੇ। ਪਰਮਾਤਮਾ ਦੀ ਕਿਰਪਾ ਨਾਲ ਉਹ ਕਾਗਜ਼ ਪਾਸ ਹੋ ਗਏ ਜਿਸ ਕਰਕੇ ਉਸ ਨੇ ਉਨ੍ਹਾਂ ਨੂੰ ‌‌‌‌‌‌‌‌‌‌‌‌‌‌‌‌‌‌‌‌‌‌‌‌‌‌‌‌‌‌‌‌‌‌‌‌‌‌ਆਪ‌ਣੇ ਕੋਲ਼ ਬੁਲਾ ਲਿਆ।

ਉਹ ਉਹਨਾਂ ਨਾਲ਼ ਬਹੁਤ ਖ਼ੁਸ਼ਹਾਲ ਜੀਵਨ ਬਤੀਤ ਕਰਨ ਲੱਗਾ ਜਦ ਕਿ ਉਸ ਦੇ ਸਕੇ ਭਰਾ ਜੋ ਉਸ ਦੇ ਸਕੇ ਮਾਪਿਆਂ ਨਾਲ ਹੀ ਰਹਿੰਦੇ ਸਨ ਦੋਵੇਂ ਹੀ ਅੰਗਰੇਜ਼ੀ ਮਾਹੌਲ ਵਿੱਚ ਪਲੇ ਹੋਏ ਹੋਣ ਕਰਕੇ ਬਹੁਤੇ ਸੰਸਕਾਰੀ ਨਹੀਂ ਸਨ, ਉਹਨਾਂ ਨੂੰ ਰਿਸ਼ਤਿਆਂ ਦੀ ਕੋਈ ਕਦਰ ਨਹੀਂ ਸੀ। ਪਰ ਸੋਨੂੰ ਆਪਣਾ ਫਰਜ਼ ਨਿਭਾਉਂਦੇ ਹੋਏ ਆਪਣੇ ਪਾਲਣ ਵਾਲੇ ਮਾਪਿਆਂ ਦੀ ਬਹੁਤ ਦੇਖਭਾਲ ਕਰਦਾ ਹੋਇਆ ਆਪਣਾ ਖ਼ੁਸ਼ਹਾਲ ਪਰਿਵਾਰਕ ਜੀਵਨ ਬਤੀਤ ਕਰਨ ਲੱਗਾ। ਸਮਾਜ ਵਿੱਚ ਵਿਚਰਦਿਆਂ ਇਹੋ ਜਿਹੇ ਖੂਬਸੂਰਤ ਰਿਸ਼ਤਿਆਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਜੀਵਤ ਰੱਖ ਕੇ ਮਿਸਾਲ ਕਾਇਮ ਕਰਨਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ
9988901324

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly