(ਸਮਾਜ ਵੀਕਲੀ)
ਸਾਡੀ ਜ਼ਿੰਦਗੀ ਵਿੱਚ ਅਨੁਸ਼ਾਸਨ ਬਹੁਤ ਜ਼ਰੂਰੀ ਹੈ।ਅਨੁਸ਼ਾਸਨ ਮਨੁੱਖੀ ਜੀਵਨ ਵਿੱਚ ਸਭ ਤੋਂ ਵੱਧ ਮਹੱਤਵਪੂਰਨ ਸਥਾਨ ਰੱਖਦਾ ਹੈ। ਅਨੁਸ਼ਾਸਨ ਦਾ ਅਰਥ ਹੈ – ਨਿਯਮਾਂ ਅਤੇ ਕਾਨੂੰਨਾਂ ਦੀ ਪਾਲਣਾ ਕਰਨਾ ਹੁੰਦਾ ਹੈ। ਇਸ ਤੋਂ ਭਾਵ ਹੈ ਕਿ ਮਨੁੱਖ ਦੇ ਆਚਰਨ ਨੂੰ ਅਜਿਹੀ ਸਿਖਲਾਈ ਦੇਣਾ ਜਿਸ ਨਾਲ ਉਹ ਸਵੈ ਨੂੰ ਕਾਬੂ ਰੱਖਣਾ ਸਿੱਖੇ ਅਤੇ ਆਪਣੇ ਵਿੱਚ ਆਪਣੇ ਤੋਂ ਹਰ ਤਰ੍ਹਾਂ ਦੇ ਵੱਡਿਆਂ ਦਾ ਆਗਿਆਕਾਰੀ ਬਣਨ ਦੀ ਰੁਚੀ ਪੈਦਾ ਕਰੇ। ਜੇ ਗਹੁ ਨਾਲ਼ ਝਾਤੀ ਮਾਰੀਏ ਤਾਂ ਪ੍ਰਕਿਰਤੀ ਵਿੱਚ ਹਰ ਚੀਜ਼ ਨਿਸਚਿਤ ਅਨੁਸ਼ਾਸਨ ਵਿੱਚ ਬੱਝੀ ਹੋਈ ਨਜ਼ਰ ਆਵੇਗੀ, ਜਿਵੇਂ ਸਾਰਾ ਬ੍ਰਹਿਮੰਡ, ਮਨੁੱਖੀ ਸਰੀਰ ਦੇ ਅੰਗ, ਇੱਥੋਂ ਤੱਕ ਕਿ ਜੀਵ-ਜੰਤੂ ਵੀ ਅਨੁਸ਼ਾਸਨ ਵਿੱਚ ਬੱਝੇ ਹੋਏ ਨਜ਼ਰ ਆਉਂਦੇ ਹਨ।
ਧਿਆਨ ਨਾਲ ਦੇਖੀਏ ਤੇ ਸਾਨੂੰ ਸਾਡੀ ਕੁਦਰਤ, ਸੂਰਜ, ਚੰਦ, ਤਾਰੇ, ਧਰਤੀ, ਹਵਾ, ਪਾਣੀ ਤੇ ਸਾਰੇ ਖੰਡ – ਬ੍ਰਹਿਮੰਡ ਇਕ ਅਨੁਸ਼ਾਸਨ ਵਿਚ ਬੱਝੇ ਦਿਖਾਈ ਦਿੰਦੇ ਹਨ। ਜੇਕਰ ਕੁਦਰਤ ਕੁੱਝ ਨਿਯਮਾਂ ਤੇ ਅਸੂਲਾਂ ਵਿਚ ਬੱਝ ਕੇ ਕੰਮ ਨਾ ਕਰਦੀ ਹੋਵੇ ਤਾਂ ਧਰਤੀ ਤੋਂ ਜੀਵਨ ਦਾ ਪੂਰੀ ਤਰ੍ਹਾਂ ਨਾਸ਼ ਹੋ ਜਾਵੇ। ਇਸ ਕਰਕੇ ਮਨੁੱਖ ਲਈ ਅਨੁਸ਼ਾਸਨ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ।ਮਨੁੱਖ ਨੂੰ ਇਸ ਲਈ ਵੀ ਅਨੁਸ਼ਾਸਨ ਵਿੱਚ ਰਹਿਣ ਦੀ ਲੋੜ ਹੈ ਕਿਉਂਕਿ ਆਜ਼ਾਦੀ ਨੂੰ ਮਾਣਨਾ ਸਾਡਾ ਜਮਾਂਦਰੂ ਅਧਿਕਾਰ ਹੈ, ਪਰੰਤੂ ਅਸੀਂ ਪੂਰਨ ਆਜ਼ਾਦੀ ਕੁੱਝ ਨਿਯਮਾਂ ਦੀ ਪਾਲਣਾ ਕਰਕੇ ਤੇ ਆਪਣੇ-ਆਪ ਨੂੰ ਕੁੱਝ ਬੰਧਨਾਂ ਵਿਚ ਰੱਖ ਕੇ ਹੀ ਮਾਣ ਸਕਦੇ ਹਾਂ ਅਸਲ ਵਿਚ ਸਾਰਾ ਬ੍ਰਹਿਮੰਡ ਤੇ ਸਾਰੀਆਂ ਕੁਦਰਤੀ ਸ਼ਕਤੀਆਂ ਵੀ ਇੱਕ ਅਨੁਸ਼ਾਸਨ ਵਿਚ ਬੱਝੀਆਂ ਹੋਈਆਂ ਸਾਡੇ ਲਈ ਪ੍ਰੇਰਨਾ ਸਰੋਤ ਹਨ ਅਤੇ ਨਿੱਜੀ ਜ਼ਿੰਦਗੀ ਵਿੱਚ ਉਦਾਹਰਣ ਹਨ।ਜੇ ਦੇਖੀਏ ਤਾਂ ਸਾਡੇ ਸਰੀਰ ਦੇ ਅੰਗ ਵੀ ਅਨੁਸ਼ਾਸਨ ਵਿੱਚ ਰਹਿੰਦੇ ਹੋਏ ਇੱਕ-ਦੂਜੇ ਦੀ ਸਹਾਇਤਾ ਕਰਦੇ ਹਨ।
ਜ਼ਿੰਦਗੀ ਵਿੱਚ ਸਭ ਤੋਂ ਵੱਡੀ ਉਦਾਹਰਨ ਛੋਟੀਆਂ-ਛੋਟੀਆਂ ਕੀੜੀਆਂ ਦੀ ਹੀ ਲੈ ਲਵੋ ਕਿ ਉਹ ਕਿਵੇਂ ਅਨੁਸ਼ਾਸਨ ਵਿੱਚ ਰਹਿ ਕੇ ਕੰਮ ਕਰਦੀਆਂ ਹਨ। ਉਹ ਕਤਾਰ ਵਿੱਚ ਜਾਂਦੀਆਂ ਆਪਣੀ ਮੰਜ਼ਿਲ ਸਰ ਕਰਦੀਆਂ ਹਨ। ਇਸੇ ਤਰ੍ਹਾਂ ਜੇ ਆਪਾਂ ਦੇਖੀਏ ਕਿ ਜਦੋਂ ਅਸੀਂ ਥੋੜ੍ਹਾ ਜਿਹਾ ਵੀ ਅਨੁਸ਼ਾਸਨਹੀਣਤਾ ਵਿੱਚ ਆਈਏ ਤਾਂ ਨੁਕਸਾਨ ਆਪਣਾ ਹੀ ਹੁੰਦਾ ਹੈ,ਜੇ ਅਸੀਂ ਸੜਕ ’ਤੇ ਸੱਜੇ ਪਾਸੇ ਚੱਲੀਏ ਤਾਂ ਸੱਟ ਸਾਨੂੰ ਹੀ ਲੱਗੇਗੀ ਸੋ ਜਦੋਂ ਅਸੀਂ ਅਨੁਸ਼ਾਸਨ ਦੀ ਪਾਲਣਾ ਨਹੀਂ ਕਰਾਂਗੇ ਤਾਂ ਨੁਕਸਾਨ ਹੋਵੇਗਾ ਹੀ ਹੋਵੇਗਾ।ਵਿਸ਼ਵ ਭਰ ਵਿਚ ਹਰ ਥਾਂ ਨਿਯਮਾਂ ਅਤੇ ਕਾਨੂੰਨਾਂ ਦਾ ਰਾਜ ਹੁੰਦਾ ਹੈ, ਜਿਸ ਦੀ ਮਨੁੱਖਾਂ ਨੂੰ ਪਾਲਣਾ ਕਰਨੀ ਪੈਂਦੀ ਹੈ। ਅਨੁਸ਼ਾਸਨ ਹਰ ਸੱਭਿਅਕ ਸਮਾਜ ਦੀ ਨੀਂਹ ਹੁੰਦਾ ਹੈ। ਜੇਕਰ ਸਾਡੇ ਆਲੇ-ਦੁਆਲੇ ਨਿਯਮ ਅਤੇ ਕਾਨੂੰਨ ਨਾ ਹੋਣ ਤਾਂ ਸਾਡੇ ਲਈ ਜੀਊਣਾ ਅਸੰਭਵ ਹੋ ਜਾਵੇ। ਅਨੁਸ਼ਾਸਨ ਤੋਂ ਬਿਨਾਂ ਸਾਡੀ ਹਾਲਤ ‘ਸਿਰ ਤੇ ਨਹੀਂ ਕੁੰਡਾ ਤੇ ਹਾਥੀ ਫਿਰੇ ਲੁੰਡਾ’ ਵਾਲੀ ਹੋਵੇਗੀ, ਜਿਸ ਨਾਲ ਹਰ ਪਾਸੇ ਗੜਬੜ ਤੇ ਖਲਬਲੀ ਮਚ ਜਾਵੇਗੀ।
ਅਨੁਸ਼ਾਸਨ ਸਾਡੇ ਜੀਵਨ ਨੂੰ ਕਾਬੂ ਵਿਚ ਤਾਂ ਰੱਖਦਾ ਹੀ ਹੈ ਪਰ ਨਾਲ ਦੀ ਨਾਲ ਨਿਸਚਿਤ ਸੇਧ ਵੀ ਦਿੰਦਾ ਹੈ ਤੇ ਇਸ ਵਿਚ ਮਿਠਾਸ ਵੀ ਭਰਦਾ ਹੈ। ਸੋ ਅਸੀਂ ਅਨੁਸ਼ਾਸਨ ਨੂੰ ਮਨੁੱਖੀ ਚਰਿੱਤਰ ਦੀ ਰੀੜ੍ਹ ਦੀ ਹੱਡੀ ਵੀ ਕਹਿ ਦੇਈਏ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਅਨੁਸ਼ਾਸਨ ਵਿੱਚ ਰਹਿਣ ਵਾਲੀ ਮਨੁੱਖੀ ਸ਼ਖ਼ਸੀਅਤ ਨੂੰ ਬੁਲੰਦੀਆਂ ਦਾ ਤਾਜ ਪਹਿਨਾਉਂਦਾ ਹੈ। ਇਸ ਤੋਂ ਬਿਨਾਂ ਸਾਡੀ ਜ਼ਿੰਦਗੀ ਫਿੱਕੀ, ਬੇਰੱਸ ਅਤੇ ਨੀਰਸ ਹੁੰਦੀ ਹੈ। ਅਨੁਸ਼ਾਸਨ ਤੋਂ ਬਿਨਾਂ ਸਾਡੇ ਆਲੇ – ਦੁਆਲੇ ਵਿਚ ਕਿਸੇ ਵੀ ਚੀਜ਼ ਦੀ ਹੋਂਦ ਸੰਭਵ ਨਹੀਂ ਜਿਸ ਕਰਕੇ ਮਨੁੱਖ ਲਈ ਅਨੁਸ਼ਾਸਨ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ। ਸਾਡੀ ਨੌਜਵਾਨ ਪੀੜ੍ਹੀ ਆਮ ਕਰਕੇ ਅਨੁਸ਼ਾਸਨ ਨੂੰ ਆਪਣੀ ਅਜ਼ਾਦੀ ਵਿੱਚ ਰੁਕਾਵਟ ਸਮਝਦੀ ਹੈ, ਖੁੱਲ੍ਹ ਮਾਨਣ ਕਰਕੇ ਉਹ ਕਈ ਵਾਰੀ ਸਕੂਲਾਂ ਤੇ ਕਾਲਜਾਂ ਵਿੱਚ ਅਨੁਸ਼ਾਸਨ ਨੂੰ ਭੰਗ ਕਰਦੀ ਹੈ, ਪਰ ਇਸ ਦਾ ਨਤੀਜਾ ਉਸਾਰੂ ਨਹੀਂ, ਸਗੋਂ ਮਾਰੂ ਹੀ ਨਿਕਲਦਾ ਹੈ।
ਹਰ ਵਿਅਕਤੀ ਚਾਹੇ ਉਹ ਵਿਦਿਆਰਥੀ ਦੇ ਰੂਪ ਵਿੱਚ ਹੋਵੇ, ਚਾਹੇ ਕਰਮਚਾਰੀ ਦੇ ਰੂਪ ਵਿੱਚ,ਚਾਹੇ ਖਿਡਾਰੀ ਦੇ ਰੂਪ ਵਿੱਚ ਜਾਂ ਫਿਰ ਦੇਸ਼ ਦੇ ਇੱਕ ਨਾਗਰਿਕ ਦੇ ਰੂਪ ਵਿੱਚ ਹੋਵੇ,ਹਰ ਕਿਸੇ ਨੂੰ ਆਪਣੇ ਆਪਣੇ ਕਾਰਜ ਅਨੁਸਾਰ ਅਨੁਸ਼ਾਸਨਬੱਧ ਹੋ ਕੇ ਇਸ ਦੀ ਪੂਰੀ ਤਰ੍ਹਾਂ ਪਾਲਣਾ ਕਰਨੀ ਚਾਹੀਦੀ ਹੈ। ਕੋਈ ਟੀਮ ਖੇਡ ਦੇ ਮੈਦਾਨ ਵਿੱਚ ਜਿੱਤ ਨਹੀਂ ਸਕਦੀ, ਜੇਕਰ ਉਹ ਅਨੁਸ਼ਾਸਨ ਵਿਚ ਰਹਿ ਕੇ ਨਹੀਂ ਖੇਡਦੀ। ਕੋਈ ਰਾਜਨੀਤਿਕ ਪਾਰਟੀ ਵੀ ਤਾਂ ਹੀ ਜਿੱਤ ਪ੍ਰਾਪਤ ਕਰ ਸਕਦੀ ਹੈ, ਜੇਕਰ ਉਸ ਨਾਲ ਜੁੜੇ ਲੋਕ ਪੂਰੀ ਤਰ੍ਹਾਂ ਅਨੁਸ਼ਾਸਨ ਵਿਚ ਰਹਿ ਕੇ ਕੰਮ ਕਰਨ। ਅਨੁਸ਼ਾਸਨ ਦੀ ਜਿੰਨੀ ਲੋੜ ਇੱਕ ਵਿਅਕਤੀ ਨੂੰ ਹੁੰਦੀ ਹੈ, ਓਨੀ ਲੋੜ ਹੀ ਸਾਰੇ ਸੰਗਠਨਾਂ ਨੂੰ ਵੀ ਹੁੰਦੀ ਹੈ।
ਅਨੁਸ਼ਾਸਿਤ ਲੋਕ ਉੱਨਤੀ ਦੀਆਂ ਸਿਖਰਾਂ ਨੂੰ ਛੂਹੰਦੇ ਹਨ, ਪਰ ਅਨੁਸ਼ਾਸਨਹੀਣਤਾ ਦੀ ਸਥਿਤੀ ਵਿਚ ਉਹ ਗਿਰਾਵਟ ਤੇ ਗ਼ੁਲਾਮੀ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਕਰਕੇ ਸਾਨੂੰ ਸਾਰਿਆਂ ਨੂੰ ਆਪਣੇ ਜੀਵਨ ਦੇ ਹਰ, ਪਹਿਲੂ ਨਾਲ ਜੁੜੇ ਹਰ ਕੰਮ ਨੂੰ ਕਰਨ ਲਈ ਅਨੁਸ਼ਾਸਨ ਅਪਣਾਉਣਾ ਚਾਹੀਦਾ ਹੈ। ਅਨੁਸ਼ਾਸਨ ਇਕ ਕੀਮਤੀ ਖਜ਼ਾਨਾ ਹੈ। ਇਸ ਦੀ ਸੰਭਾਲ ਕਰ ਕੇ ਅਸੀਂ ਸੁੱਖ,ਆਰਾਮ, ਖੁਸ਼ਹਾਲੀ ਤੇ ਸਨਮਾਨ ਨੂੰ ਪ੍ਰਾਪਤ ਕਰ ਸਕਦੇ ਹਾਂ ਕਿਉਂਕਿ ਅਸਲੀ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ
9988901324
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly