(ਸਮਾਜ ਵੀਕਲੀ)
ਨਿੰਮੀ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਉਹ ਚਾਈਂ ਚਾਈਂ ਕਦੇ ਆਪਣੇ ਕੱਪੜਿਆਂ ਦੀਆਂ ਤਹਿਆਂ ਲਾ ਕੇ ਲਿਫਾਫੇ ਵਿੱਚ ਪਾ ਪਾ ਕੇ ਪੇਟੀ ਵਿੱਚ ਰੱਖਦੀ ਕਦੇ ਗਹਿਣਿਆਂ ਦੀਆਂ ਡੱਬੀਆਂ ਨੂੰ ਸਾਂਭ ਸਾਂਭ ਕੇ ਰੱਖਦੀ। ਉਹ ਕਦੇ ਆਪਣੇ ਆਪ ਨੂੰ ਦੁਲਹਨ ਬਣਨ ਦੀ ਤਸਵੀਰ ਮਨ ਹੀ ਮਨ ਵਿੱਚ ਖਿੱਚਦੀ, ਕਦੇ ਉਸ ਨੂੰ ਕਨੇਡਾ ਜਾਣ ਦਾ ਚਾਅ ਉਮੜ ਰਿਹਾ ਹੁੰਦਾ। ਆਖ਼ਰ ਹੁਣ ਵਿਆਹ ਵਿੱਚ ਦਿਨ ਵੀ ਥੋੜ੍ਹੇ ਹੀ ਰਹਿ ਗਏ ਸਨ।ਉਸ ਦੇ ਮੰਗੇਤਰ ਰਾਜਵੀਰ ਨੇ ਹਜੇ ਕਨੇਡਾ ਤੋਂ ਆਉਣਾ ਸੀ। ਰਾਜਵੀਰ ਦਾ ਫ਼ੋਨ ਆਉਂਦਾ ਤਾਂ ਉਹ ਘੰਟਿਆਂ ਬੱਧੀ ਉਸ ਨਾਲ ਹੌਲ਼ੀ ਹੌਲ਼ੀ ਘੁਸਰ ਮੁਸਰ ਕਰਦੀ ਗੱਲਾਂ ਕਰਦੀ ਰਹਿੰਦੀ। ਰਾਜਵੀਰ ਅਤੇ ਉਹ ਵਿਆਹ ਤੋਂ ਬਾਅਦ ਵਾਲੇ ਸਬਜ਼ਬਾਗ਼ ਦੇਖਦੇ ਤੇ ਵਿਆਹ ਦੇ ਦਿਨ ਦੀ ਬੇਸਬਰੀ ਨਾਲ ਇੰਤਜ਼ਾਰ ਕਰਦੇ।
ਆਖ਼ਰ ਵਿਆਹ ਵਾਲ਼ਾ ਦਿਨ ਵੀ ਆ ਗਿਆ,ਸਾਰਾ ਕੁਝ ਬਹੁਤ ਵਧੀਆ ਚੱਲ ਰਿਹਾ ਸੀ।ਨਿੰਮੀ ਦੁਲਹਨ ਬਣੀ ਪਰੀਆਂ ਤੋਂ ਘੱਟ ਨਹੀਂ ਲੱਗ ਰਹੀ ਸੀ। ਜਿਵੇਂ ਹੀ ਆਨੰਦ ਕਾਰਜ ਹੋ ਕੇ ਹਟੇ ਤਾਂ ਵਿਚੋਲੇ ਨੇ ਨਿੰਮੀ ਦੇ ਡੈਡੀ ਨੂੰ ਕੰਨ ਵਿੱਚ ਕੁਝ ਕਿਹਾ ਤਾਂ ਨਿੰਮੀ ਦਾ ਡੈਡੀ,ਚਾਚਾ ਅਤੇ ਹੋਰ ਰਿਸ਼ਤੇਦਾਰ ਓਥੇ ਹੀ ਪੰਡਾਲ਼ ਵਿੱਚ ਸਾਰੀ ਬਰਾਤ ਦੀ ਮਨਾਓਤੀ ਕਰਨ ਲੱਗੇ। ਜਿਵੇਂ ਹੀ ਉਹਨਾਂ ਨੇ ਰਾਜਵੀਰ ਦੇ ਕੜਾ ,ਮੁੰਦੀ ਤੇ ਚੈਨੀ ਪਾਏ ਤਾਂ ਬਰਾਤ ਵਿੱਚੋਂ ਅਵਾਜ਼ ਆਈ,”ਬੜੇ ਹਲਕੇ ਗਹਿਣੇ ਪਾਏ ਆ ਇਹਨਾਂ ਨੇ, ਸਾਡੇ ਰਾਜ ਦੀ ਕਨੇਡਾ ਤੋਂ ਆਏ ਦੀ ਹੀ ਲਾਜ ਰੱਖ ਲੈਂਦੇ। ਪੱਕੇ ਕਨੇਡਾ ਆਲ਼ੇ ਮੁੰਡੇ ਲੱਭਦੇ ਆ?” ਦੋਵੇਂ ਪਾਸਿਆਂ ਦੇ ਰਿਸ਼ਤੇਦਾਰਾਂ ਵਿੱਚ ਘੁਸਰ ਮੁਸਰ ਹੋਣ ਲੱਗੀ। ਉਹ ਬੋਲਣ ਵਾਲ਼ਾ ਹੋਰ ਕੋਈ ਨਹੀਂ ਸੀ ਰਾਜਵੀਰ ਦੇ ਤਾਏ ਦਾ ਪੁੱਤ ਸੀ। ਫਿਰ ਬੋਲਿਆ,”ਹੁਣ ਗੱਡੀ ਨਾ ਕਿਤੇ ਮਰੂਤੀ ਦੇ ਦਿਓ, ਅੱਜ ਕੱਲ੍ਹ ਤਾਂ ਓਹਨੂੰ ਕੁੱਤੇ ਬਿੱਲੇ ਵੀ ਨਹੀਂ ਪੁੱਛਦੇ।” ਰਾਜਵੀਰ ਦਾ ਪਿਤਾ ਨਾ ਹੋਣ ਕਰਕੇ ਸਾਰੀਆਂ ਰਸਮਾਂ ਤਾਇਆ ਨਿਭਾ ਰਿਹਾ ਸੀ। ਨਿੰਮੀ ਦੇ ਪਿਓ ਤੇ ਭਰਾਵਾਂ ਨੂੰ ਤਾਅ ਚੜ੍ਹ ਗਿਆ। ਉਹਨਾਂ ਦਾ ਦਿਲ ਕਰ ਰਿਹਾ ਸੀ ਕਿ ਬਰਾਤ ਨੂੰ ਬਿਰੰਗ ਵਾਪਸ ਕਰ ਦੇਣ ਪਰ ਧੀ ਦੀ ਇੱਜ਼ਤ ਬਾਰੇ ਸੋਚ ਕੇ ਚੁੱਪ ਵੱਟ ਰਹੇ ਸਨ।
ਰਾਜਵੀਰ ਦੇ ਤਾਏ ਦਾ ਪੁੱਤ ਸ਼ਰਾਬੀ ਹੋਣ ਦਾ ਨਾਟਕ ਕਰ ਕੇ ਇਹ ਸਭ ਕੁਝ ਬੋਲ ਰਿਹਾ ਸੀ। ਰਾਜਵੀਰ ਭਾਂਪ ਗਿਆ ਸੀ ਕਿ ਉਹ ਵਿਆਹ ਰੁਕਵਾ ਕੇ ਉਸ ਦੀ ਪਿੰਡ ਵਿੱਚ ਬੇਜ਼ਤੀ ਕਰਵਾਉਣਾ ਚਾਹੁੰਦਾ ਹੈ।ਇਸ ਤੋਂ ਪਹਿਲਾਂ ਕਿ ਨਿੰਮੀ ਦੇ ਘਰ ਦੇ ਗਰਮ ਹੋ ਕੇ ਗੱਲ ਵਧਦੀ। ਰਾਜਵੀਰ ਦੋਵੇਂ ਪੰਚਾਇਤਾਂ ਦਰਮਿਆਨ ਖੜ੍ਹਾ ਹੋ ਕੇ ਬੋਲਿਆ,” ਤੁਸੀਂ ਆਪਣੀ ਪੜ੍ਹੀ ਲਿਖੀ ਕੁੜੀ ਮੇਰੇ ਲੜ ਲਾਉਣ ਲੱਗੇ ਹੋ ਜੀ ,ਉਸ ਨੂੰ ਖੁਸ਼ ਰੱਖਣ ਦੀ ਜ਼ਿੰਮੇਵਾਰੀ ਅੱਜ ਤੋਂ ਮੇਰੀ ਹੈ ।ਇਹ ਜੋ ਤੁਸੀਂ ਗਹਿਣੇ ਜਾਂ ਹੋਰ ਕੀਮਤੀ ਸਮਾਨ ਦੇ ਰਹੇ ਹੋ ਇਹ ਮੈਂ ਬਿਲਕੁਲ ਨਹੀਂ ਲੈਣਾ।(ਉਹ ਸਾਰਾ ਕੁਝ ਵਾਪਸ ਕਰਕੇ ਨਿੰਮੀ ਦੇ ਡੈਡੀ ਦੇ ਪੈਰੀਂ ਹੱਥ ਲਾਉਂਦਾ ਹੈ) ਅਸੀਂ ਤਾਂ ਕਨੇਡਾ ਚਲੇ ਜਾਣਾ ਹੈ,(ਤਾਏ ਦੇ ਪੁੱਤ ਵੱਲ ਦੇਖ ਕੇ) ਐਨਾ ਕੀਮਤੀ ਸਮਾਨ ਅਸੀਂ ਲੋਕਾਂ ਤੋਂ ਬਰਬਾਦ ਕਰਵਾਉਣ ਲਈ ਨਹੀਂ ਛੱਡ ਕੇ ਜਾਣਾ। ਮੈਂ ਕੀਮਤੀ ਸਮਾਨ ਨਾਲ ਨਹੀਂ ਸਗੋਂ ਆਪਣੇ ਜੀਵਨ ਸਾਥੀ ਨਾਲ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਹੈ।”
ਸਾਰੇ ਬਰਾਤੀ ਅਤੇ ਨਿੰਮੀ ਦੇ ਘਰ ਦੇ ਖੁਸ਼ ਹੋ ਜਾਂਦੇ ਹਨ।ਨਿੰਮੀ ਦਾ ਡੈਡੀ ਰਾਜਵੀਰ ਨੂੰ ਪਿਆਰ ਨਾਲ ਗਲ਼ੇ ਲਗਾ ਲੈਂਦਾ ਹੈ।ਇਸ ਤਰ੍ਹਾਂ ਰਾਜਵੀਰ ਨੇ ਆਪਣੇ ਤਾਏ ਤੇ ਉਸ ਦੇ ਪੁੱਤ ਦੀ ਉਸ ਦਾ ਘਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਤਬਾਹ ਕਰਨ ਦੀ ਚਾਲ ਨਾਕਾਮ ਕਰ ਦਿੱਤੀ ਅਤੇ ਇੱਕ ਚੰਗਾ ਜੀਵਨ ਸਾਥੀ ਹੋਣ ਦਾ ਮਾਣ ਹਾਸਲ ਕੀਤਾ। ਰਾਜਵੀਰ ਵਾਂਗ ਸਮਝਦਾਰੀ ਵਰਤ ਕੇ ਆਪਣਾ ਅਤੇ ਆਪਣਿਆਂ ਦਾ ਮਾਣ ਵਧਾਉਣਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ
9988901324
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly