ਏਹੁ ਹਮਾਰਾ ਜੀਵਣਾ ਹੈ -125

(ਸਮਾਜ ਵੀਕਲੀ)

ਨਿੱਕੀਆਂ ਨਿੱਕੀਆਂ ਖੁਸ਼ੀਆਂ ਨਾਲ ਜੀਵਨ ਬਹੁਤ ਰੰਗੀਨ ਜਿਹਾ ਹੋ ਜਾਂਦਾ ਹੈ। ਅਕਸਰ ਆਪਾਂ ਆਪਣੇ ਆਪ ਨੂੰ ਜਾਂ ਦੂਜਿਆਂ ਨੂੰ ਖੁਸ਼ ਕਰਨ ਲਈ ਕਈ ਵਾਰ ਹਜ਼ਾਰਾਂ ਰੁਪਏ ਘੁੰਮਣ ਫਿਰਨ ਤੇ ਜਾਂ ਫਿਰ ਮਹਿੰਗੇ ਮਹਿੰਗੇ ਤੋਹਫੇ ਦੇ ਕੇ ਬਰਬਾਦ ਕਰ ਦਿੰਦੇ ਹਾਂ। ਪਰ ਫ਼ਿਰ ਵੀ ਸੱਚੀ ਖੁਸ਼ੀ ਨਹੀਂ ਲੱਭ ਸਕਦੇ। ਕਈ ਵਾਰ ਖਰਚੇ ਪੈਸਿਆਂ ਦੀ ਵਸੂਲੀ ਮਨ ਪਸੰਦ ਜਗ੍ਹਾ ਨਾ ਹੋਣ ਕਰਕੇ , ਜਾਂ ਸਾਹਮਣੇ ਵਾਲੇ ਨੂੰ ਤੋਹਫ਼ਾ ਪਸੰਦ ਨਾ ਆਉਣ ਕਰਕੇ ਹੋ ਨਹੀਂ ਪਾਉਂਦੀ ਸਗੋਂ ਉਲਟਾ ਖੁਸ਼ੀ ਦੀ ਜਗ੍ਹਾ ਮਾਯੂਸੀ ਹੀ ਪੱਲੇ ਪੈ ਜਾਂਦੀ ਹੈ। ਪਰ ਇਨਸਾਨ ਚਾਹੇ ਤਾਂ ਕੀ ਨਹੀਂ ਕਰ ਸਕਦਾ। ਜੇ ਖੁਸ਼ੀਆਂ ਲੱਭਣ ਦੀ ਆਦਤ ਪਾ ਹੀ ਲਵੋ ਤਾਂ ਰਾਹ ਜਾਂਦੇ ਜਾਂਦੇ ਜਾਂ ਘਰੇ ਬੈਠੇ ਬੈਠੇ ਨਿੱਕੀਆਂ ਨਿੱਕੀਆਂ ਗੱਲਾਂ ਵਿੱਚੋਂ ਹੀ ਵੱਡੀਆਂ ਖੁਸ਼ੀਆਂ ਲੱਭੀਆਂ ਜਾ ਸਕਦੀਆਂ ਹਨ।

ਗਰਮੀਆਂ ਦੀ ਗੱਲ ਸੀ ਮੈਂ ਤੇ ਮੇਰਾ ਭਾਣਜਾ ਕਿਤੇ ਜਾ ਰਹੇ ਸੀ। ਚਾਰੇ ਪਾਸੇ ਹਰੇ ਹਰੇ ਖੇਤ ਲਹਿਰਾ ਰਹੇ ਸਨ ਜੋ ਨਿਰਾ ਸਵਰਗੀ ਨਜ਼ਾਰਾ ਪੇਸ਼ ਕਰ ਰਹੇ ਸਨ। ਅੱਖਾਂ ਨੂੰ ਠੰਡਕ ਤੇ ਰੂਹ ਨੂੰ ਖੇੜਾ ਆਪ ਮੁਹਾਰੇ ਹੀ ਦਸਤਕ ਦੇ ਰਿਹਾ ਸੀ। ਜਾਂਦੇ ਜਾਂਦੇ ਇੱਕ ਪਿੰਡ ਵਿੱਚੋਂ ਇੱਕ ਖੁੱਲ੍ਹੀ ਜੀਪ ਨਿਕਲੀ ਜਿਸ ਵਿੱਚ ਦਸ ਬਾਰਾਂ ਜਵਾਕ ਬੈਠੇ ਸਨ। ਸਾਰੇ ਜਵਾਕ ਛੇ-ਸੱਤ ਸਾਲ ਦੀ ਉਮਰ ਤੋਂ ਲੈਕੇ ਦਸ- ਬਾਰਾਂ ਸਾਲ ਦੀਆਂ ਬੱਚੀਆਂ ਤੇ ਮੁੰਡੇ ਸਨ।ਉਹ ਸਾਡੇ ਵੱਲ ਨੂੰ ਵੇਖ ਕੇ ਹੱਸ ਰਹੇ ਸਨ ਜਾਂ ਝਮਲੌਹਟ ਵਿੱਚ ਆ ਕੇ ਆਪਸ ਵਿੱਚ ਹੱਸ ਰਹੇ ਸਨ।ਉਹ ਸਾਡੇ ਵੱਲ ਨੂੰ ਦੇਖਦੇ ਤੇ ਫਿਰ ਹੱਸ ਪੈਂਦੇ। ਅਸੀਂ ਵੀ ਉਹਨਾਂ ਦੇ ਪਿੱਛੇ ਪਿੱਛੇ ਕਾਰ ਲਗਾ ਕੇ ਜਾਂਦੇ ਹੋਏ ਉਹਨਾਂ ਦੀ ਐਨੀ ਖੁਸ਼ੀ ਦਾ ਕਾਰਨ ਲੱਭ ਰਹੇ ਸੀ।

ਸ਼ਾਇਦ ਉਹ ਗਰਮੀਆਂ ਦੀਆਂ ਛੁੱਟੀਆਂ ਕਰਕੇ ਨਾਨਕੇ ਆਏ ਹੋਣਗੇ,ਹੋ ਸਕਦਾ ਇਹ ਸਾਰੇ ਜਵਾਕ ਭੂਆ- ਮਾਮਿਆਂ ਦੇ ਜਵਾਕ ਹੀ ਹੋਣ, ਖ਼ੌਰੇ ਗੱਡੀ ਚਲਾਉਣ ਵਾਲਾ ਜਵਾਕਾਂ ਦਾ ਮਾਮਾ ਹੀ ਹੋਵੇ ਤੇ ਉਹ ਉਹਨਾਂ ਨੂੰ ਸ਼ਹਿਰ ਘੁੰਮਾਉਣ ਲਈ ਲੈ ਕੇ ਜਾਂਦਾ ਹੋਵੇ… ਕੀ ਪਤਾ ਤਾਂ ਹੀ ਐਨੇ ਖੁਸ਼ ਹੋਣ। ਪਰ ਉਹਨਾਂ ਦੀ ਖੁਸ਼ੀ ਤੇ ਆਲੇ ਦੁਆਲੇ ਦਾ ਕੁਦਰਤੀ ਨਜ਼ਾਰਾ ਇੱਕ ਦੂਜੇ ਦਾ ਸ਼ਿੰਗਾਰ ਬਣ ਰਹੇ ਸਨ ਤੇ ਉਨ੍ਹਾਂ ਦੀ ਸਾਡੇ ਨਾਲ ਸਾਂਝ ਹੋਰ ਵੀ ਵੱਧ ਗੁਲਜ਼ਾਰ ਮਹਿਕਾ ਰਹੀ ਸੀ।

ਅੱਗਿਓਂ ਸੜਕ ਥੋੜ੍ਹੀ ਜਿਹੀ ਚੌੜੀ ਆ ਗਈ ਤਾਂ ਅਸੀਂ ਉਨ੍ਹਾਂ ਦੀ ਗੱਡੀ ਨੂੰ ਕਰਾਸ ਕਰਕੇ ਉਨ੍ਹਾਂ ਤੋਂ ਅੱਗੇ ਲੰਘਣਾ ਸੀ। ਕਿੰਨੇ ਹੀ ਕਿਲੋਮੀਟਰ ਦਾ ਸਾਡਾ ਤੇ ਉਨ੍ਹਾਂ ਦਾ ਇਹ ਮਿੱਠੇ ਜਿਹੇ ਅਤੇ ਭੋਲੇ ਜਿਹੇ ਚਿਹਰਿਆਂ ਦੇ ਹਾਸਿਆਂ ਠੱਠਿਆਂ ਦਾ ਰਿਸ਼ਤਾ ਬਣ ਗਿਆ ਸੀ। ਅਸੀਂ ਉਨ੍ਹਾਂ ਦੇ ਕੋਲੋਂ ਲੰਘਦੇ ਲੰਘਦੇ ਜਦ ਉਹਨਾਂ ਨੂੰ ਹੱਥ ਹਿਲਾ ਕੇ”ਬਾਏ-ਬਾਏ” ਕੀਤਾ ਤਾਂ ਉਨ੍ਹਾਂ ਨੇ ਵੀ ਸਾਰਿਆਂ ਨੇ ਹੱਥ ਹਿਲਾ ਹਿਲਾ ਕੇ,ਉੱਚੀ ਉੱਚੀ ਬੋਲ ਕੇ ਸਾਨੂੰ ” ਬਾਏ ਬਾਏ” ਵਾਰ ਵਾਰ ਕੀਤਾ ਤਾਂ ਸਾਡੀ ਖੁਸ਼ੀ ਚੌਗਣੀ ਹੋ ਗਈ। ਰਸਤੇ ਵਿੱਚ ਕਿੰਨਾਂ ਚਿਰ ਤਾਂ ਸਾਡੀਆਂ ਅੱਖਾਂ ਅੱਗੇ ਉਹਨਾਂ ਦੇ ਆਲ਼ੇ ਭੋਲ਼ੇ ਜਿਹੇ ਚਿਹਰੇ ਘੁੰਮਦੇ ਰਹੇ ਤੇ ਸਾਡੇ ਕੰਨਾਂ ਵਿੱਚ ਉਹਨਾਂ ਦੀ “ਬਾਏ ਬਾਏ” ਦੀ ਅਵਾਜ਼ ਗੂੰਜਦੀ ਰਹੀ।

ਘਰ ਪਹੁੰਚ ਕੇ ਵੀ ਸਾਡੇ ਚਿਹਰੇ ਐਨੇ ਖਿੜੇ ਹੋਏ ਸਨ ਕਿ ਜਿਵੇਂ ਅਸੀਂ ਆਪਣੇ ਨਾਲ ਵੱਡਾ ਸਾਰਾ ਟੋਕਰਾ ਖੁਸ਼ੀਆਂ ਦਾ ਭਰ ਕੇ ਲਿਆਂਦਾ ਹੋਵੇ। ਉਹ ਮਾਸੂਮ ਚਿਹਰੇ ਯਾਦ ਆਉਂਦੇ ਹੀ ਮਨ ਬਾਗ਼ ਬਾਗ਼ ਹੋ ਜਾਂਦਾ ਹੈ।ਸੋ ਪਾਠਕੋ ਇਸ ਤਰ੍ਹਾਂ ਰਾਹ ਜਾਂਦਿਆਂ ਨਿੱਕੀਆਂ ਨਿੱਕੀਆਂ ਘਟਨਾਵਾਂ ਕਈ ਵਾਰੀ ਸਾਡੇ ਮਨ ਨੂੰ ਮਿੱਠਾ ਜਿਹਾ ਹਲੂਣਾ ਦੇ ਕੇ ਚਿਰੋਕੇ ਸਮੇਂ ਲਈ ਇਕੱਲੇ ਬੈਠਿਆਂ ਦੇ ਬੁੱਲ੍ਹਾਂ ਤੇ ਮੁਸਕਰਾਹਟ ਦੀ ਵਜ੍ਹਾ ਬਣ ਜਾਂਦੇ ਹਨ। ਅਜੋਕੇ ਤਣਾਅ ਭਰਪੂਰ ਸਮਿਆਂ ਵਿੱਚ ਸਾਡੇ ਮਨਾਂ ‘ਤੇ ਇਹੋ ਜਿਹੀਆਂ ਛੋਟੀਆਂ ਛੋਟੀਆਂ ਖੁਸ਼ੀਆਂ ਦੀ ਨਿੱਕੀ ਨਿੱਕੀ ਦਸਤਕ ਦਿੰਦੇ ਰਹਿਣਾ ਚਾਹੀਦਾ ਹੈ ਕਿਉਂਕਿ ਆਪਣੇ ਮਨ ਨੂੰ ਖੁਸ਼ ਰੱਖਣਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ
9988901324

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਬੱਚਿਆਂ ਦੀ ਹਿੰਮਤ ਬਣੋ,ਨਾ ਕਿ ਪੈਰਾਂ ਦੀਆਂ ਬੇੜੀਆਂ…
Next articleਆਪਣਾਪਣ