ਏਹੁ ਹਮਾਰਾ ਜੀਵਣਾ ਹੈ-124

(ਸਮਾਜ ਵੀਕਲੀ)

ਬਗੀਚੀ ਵਿੱਚ ਭਿੰਨ-ਭਿੰਨ ਕਿਸਮ ਦੇ fਖੜੇ ਫੁੱਲ ਬੜੇ ਹੀ ਸੁੰਦਰ ਲੱਗਦੇ ਹਨ। ਹਰੇਕ ਦਾ ਮਨ ਮੋਹ ਲੈਂਦੇ ਹਨ। ਪਰ ਜਦੋਂ ਉਹ ਮੁਰਝਾ ਕੇ ਜ਼ਮੀਨ ਉੱਤੇ ਡਿੱਗ ਪੈਂਦੇ ਹਨ ਤਾਂ ਉਨ੍ਹਾਂ ਦੀ ਥਾਂ ਦੂਜੇ ਫੁੱਲ ਲੈ ਲੈਂਦੇ ਹਨ। ਬਗੀਚੀ ਦੀ ਸ਼ੋਭਾ ਨਵੀਨਤਾ ਵਿਚ ਹੀ ਹੁੰਦੀ ਹੈ। ਰਹਿਣ-ਸਹਿਣ ਅਤੇ ਪਹਿਰਾਵੇ ਵਿਚ ਨਵੇਂਪਨ ਦਾ ਦੂਜਾ ਨਾਂ ਹੀ ਫੈਸ਼ਨ ਹੈ। ਹਰ ਵਿਅਕਤੀ ਦੇ ਮਨ ਅੰਦਰ ਮੌਕਿਆਂ ਦੇ ਮੁਤਾਬਿਕ ਸੁੰਦਰ ਦਿਖਣ ਦੀ ਲਾਲਸਾ ਹੁੰਦੀ ਹੈ। ਮੰਨਿਆ ਕਿ ਫੈਸ਼ਨ ਅਤੇ ਸਮਾਜ ਦੋਵੇਂ ਇੱਕ ਦੂਜੇ ਦੇ ਪੂਰਕ ਹਨ ਪਰ ਫਿਰ ਵੀ ਫੈਸ਼ਨ ਦਾ ਦਾਇਰਾ ਸਮਾਜ ਮੁਤਾਬਿਕ ਢੁਕਵਾਂ ਹੀ ਚੰਗਾ ਲੱਗਦਾ ਹੈ।

ਫੈਸ਼ਨ ਇੱਕ ਇਹੋ ਜਿਹੀ ਪ੍ਰਕਿਰਿਆ ਹੈ ਜੋ ਕਦੇ ਖਤਮ ਨਹੀਂ ਹੁੰਦੀ ਪ੍ਰਤੂੰ ਸਮੇਂ ਸਮੇਂ ਤੇ ਇਸ ਵਿੱਚ ਬਦਲਾਅ ਆਉਂਦੇ ਰਹਿੰਦੇ ਹਨ। ਫੈਸ਼ਨ ਕਿਸੇ ਵਿਅਕਤੀ ਦੁਆਰਾ ਅਪਣਾਈ ਜਾਣ ਵਾਲੀ ਕੱਪੜਿਆਂ ਅਤੇ ਰਹਿਣ-ਸਹਿਣ ਦੀ ਸਭ ਤੋਂ ਨਵੀਂ ਅਤੇ ਪ੍ਰਚਲਿਤ ਸ਼ੈਲੀ ਹੁੰਦੀ ਹੈ ਜੋ ਹਰ ਵਿਅਕਤੀ ਦੇ ਸਮਾਜਿਕ ਵਰਤਾਰੇ ਮੁਤਾਬਿਕ ਉਚਿਤ ਅਤੇ ਢੁਕਵੀਂ ਹੋਣੀ ਚਾਹੀਦੀ ਹੈ। ਕਿਸੇ ਵੀ ਵਿਅਕਤੀ ਦੀ ਸੋਚ,ਉਸ ਦੇ ਅੰਦਰ ਦੀਆਂ ਭਾਵਨਾਵਾਂ ਅਤੇ ਉਸ ਦੇ ਵਿਚਾਰਾਂ ਦਾ ਅੰਦਾਜ਼ਾ ਉਸ ਦੇ ਪਹਿਰਾਵੇ ਤੋਂ ਲਗਾਇਆ ਜਾ ਸਕਦਾ ਹੈ।ਇਸ ਤਰ੍ਹਾਂ ਕਿਸੇ ਵੀ ਵਿਅਕਤੀ ਦਾ ਪਹਿਰਾਵਾ ਉਸ ਦੀ ਸ਼ਖ਼ਸੀਅਤ ਨੂੰ ਵੀ ਉਜਾਗਰ ਕਰਦਾ ਹੈ।ਸਮਾਜ ਵਿੱਚ ਵਿਚਰਦਿਆਂ ਸਾਨੂੰ ਸਮਾਜਿਕ ਤੌਰ ਤਰੀਕੇ ਅਪਣਾਉਣੇ ਪੈਂਦੇ ਹਨ। ਅਸੀਂ ਕਿਸ ਤਰ੍ਹਾਂ ਰਹਿੰਦੇ ਹਾਂ,ਕੀ ਪਹਿਨਦੇ ਹਾਂ, ਕਿਸ ਤਰ੍ਹਾਂ ਦੇ ਲੱਗਦੇ ਹਾਂ ,ਸਾਡੇ ਰਹਿਣ-ਸਹਿਣ ਦੇ ਤੌਰ ਤਰੀਕੇ ਕੀ ਹਨ ?

ਇਹ ਸਭ ਫੈਸ਼ਨ ਹੀ ਤਾਂ ਹੈ। ਅੱਜ ਦੇ ਦੌਰ ਵਿੱਚ ਭਾਰਤੀ ਸੰਸਕ੍ਰਿਤੀ ਉੱਤੇ ਪੱਛਮੀ ਸੱਭਿਅਤਾ ਨੇ ਪੂਰੀ ਤਰ੍ਹਾਂ ਕਬਜ਼ਾ ਕੀਤਾ ਹੋਇਆ ਹੈ। ਸੰਚਾਰ ਸਾਧਨਾਂ ਦੇ ਵਿਕਸਿਤ ਹੋਣ ਨਾਲ ਫ਼ਾਸਲੇ ਘਟਣ ਕਰਕੇ ਫੈਸ਼ਨ ਦਾ ਪ੍ਰਸਾਰ ਵੀ ਝਟਪਟ ਹੋ ਜਾਂਦਾ ਹੈ। ਅਸਲ ਵਿੱਚ ਫੈਸ਼ਨ ਅਤੇ ਸਮਾਜ ਨੂੰ ਕਈ ਵਰਗਾਂ ਵਿੱਚ ਵੰਡਿਆ ਗਿਆ ਹੈ। ਪਹਿਲਾਂ ਪਹਿਲ ਫੈਸ਼ਨ ਉੱਚ ਘਰਾਣਿਆਂ ਤੋਂ ਸ਼ੁਰੂ ਹੋ ਕੇ ਹੌਲੀ-ਹੌਲੀ ਮੱਧਵਰਗੀ ਦਰਜੇ ਦੇ ਪਰਿਵਾਰਾਂ ਤੱਕ ਪਹੁੰਚਦਾ ਸੀ। ਸਮਾਜਿਕ ਦਾਇਰੇ ਨੂੰ ਦੇਖਦੇ ਹੋਏ ਆਮ ਵਰਗ ਦੇ ਲੋਕਾਂ ਵਿੱਚ ਬਹੁਤ ਜ਼ਿਆਦਾ ਫੈਸ਼ਨ ਅਪਣਾਉਣ ਦੀ ਜਾਂ ਤਾਂ ਇਜਾਜ਼ਤ ਨਹੀਂ ਦਿੱਤੀ ਜਾਂਦੀ ਸੀ ਤੇ ਜਾਂ ਫਿਰ ਘਰਾਂ ਵਿੱਚ ਬਜ਼ੁਰਗਾਂ ਦੀ ਸ਼ਰਮ-ਹਯਾ ਨੂੰ ਮੁੱਖ ਰੱਖਦੇ ਹੋਏ ਬਹੁਤੇ ਫੈਸ਼ਨ ਦਾ ਪ੍ਰਗਟਾਵਾ ਨਹੀਂ ਕੀਤਾ ਜਾਂਦਾ ਸੀ।ਪਰ ਅੱਜ ਕੱਲ੍ਹ ਫੈਸ਼ਨ ਸਿਨੇਮਾ ਅਤੇ ਟੀਵੀ ਕਲਾਕਾਰਾਂ ਦੁਆਰਾ ਬਹੁਤ ਛੇਤੀ ਛੇਤੀ ਪ੍ਰਚਲਿਤ ਹੋ ਕੇ ਸਮਾਜ ਦੇ ਹਰ ਵਰਗ ਤੱਕ ਪਹੁੰਚ ਜਾਂਦਾ ਹੈ ਜਿਸ ਕਰਕੇ ਸਾਡੇ ਸਮਾਜ ਵਿੱਚ ਫੈਸ਼ਨ ਦੀ ਇੱਕ ਹੋੜ ਜਿਹੀ ਲੱਗ ਗਈ ਹੈ।

ਕੋਈ ਸ਼ੱਕ ਨਹੀਂ ਕਿ ਸਾਡੇ ਬਜ਼ੁਰਗ ਵੀ ਫੈਸ਼ਨ ਕਰਦੇ ਸਨ । ਅਜਾਇਬ ਘਰਾਂ ਵਿਚ ਰੱਖੀਆਂ ਪਰਾਤਨ-ਕਾਲ ਦੀਆਂ ਮੂਰਤੀਆਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ ਕਿ ਉਸ ਸਮੇਂ ਔਰਤਾਂ ਵੀ ਗਹਿਣੇ ਪਹਿਨਦੀਆਂ ਸਨ ਅਤੇ ਆਪਣੇ ਆਪ ਨੂੰ ਸਜਾ-ਸੰਵਾਰ ਕੇ ਰੱਖਦੀਆਂ ਸਨ । ਫਿਰ ਆਧੁਨਿਕ ਫੈਸ਼ਨ ਨੂੰ ਦੇਖ ਕੇ ਲੋਕ ਨੱਕ ਕਿਉਂ ਚੜਾਂਦੇ ਹਨ। ਇਸ ਦਾ ਕਾਰਨ ਇਹ ਹੈ ਕਿ ਆਧੁਨਿਕ ਮੁੰਡੇ-ਕੁੜੀਆਂ ਫੈਸ਼ਨ ਵਿਚ ਫਸ ਕੇ ਸਰੀਰ ਦੀ ਨੁਮਾਇਸ਼ ਲਗਾਉਣ ਲੱਗ ਪਏ ਹਨ। ਸੱਚਮੁੱਚ ਫੈਸ਼ਨ ਸਾਡੀ ਅਧੋਗਤੀ ਦਾ ਕਾਰਨ ਬਣ ਗਿਆ ਹਨ। ਫੈਸ਼ਨ ਦਾ ਰੁਝਾਨ ਮਰਦਾਂ ਦੇ ਮੁਕਾਬਲੇ ਔਰਤਾਂ ਵਿੱਚ ਵੱਧ ਪ੍ਰਚਲਿਤ ਹੈ। ਸਾਡੇ ਸਮਾਜ ਵਿੱਚ ਔਰਤ ਨੂੰ ਘਰ ਦੀ ਇੱਜ਼ਤ ਕਿਹਾ ਜਾਂਦਾ ਹੈ।ਇਸ ਲਈ ਮੱਧਵਰਗੀ ਅਤੇ ਨਿਚਲੇ ਵਰਗ ਦੇ ਸਮਾਜ ਵਿੱਚ ਵਿਚਰਦਿਆਂ ਫੈਸ਼ਨ ਨੂੰ ਅਪਣਾਉਣ ਲੱਗਿਆਂ ਲੜਕੀਆਂ ਨੂੰ ਆਪਣੇ ਘਰੇਲੂ ਮਾਹੌਲ ਅਤੇ ਆਪਣੇ ਆਲੇ-ਦੁਆਲੇ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਮੰਨਿਆ ਕਿ ਨਵੀਨੀਕਰਨ ਦਾ ਜ਼ਮਾਨਾ ਹੈ।

ਜ਼ਮਾਨੇ ਨਾਲ ਤੁਰਨਾ ਬਹੁਤ ਚੰਗੀ ਗੱਲ ਹੈ ਪਰ ਕਹਿੰਦੇ ਹਨ ਕਿ ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਵਾਲੀ ਗੱਲ ਨਹੀਂ ਹੋਣੀ ਚਾਹੀਦੀ। ਕਈ ਲੜਕੀਆਂ ਸਭਿਆਚਾਰਕ ਸਮਾਗਮ ਵਿੱਚ ਸ਼ਾਮਲ ਹੋਣ ਵੇਲੇ ਵਿਦੇਸ਼ੀ ਪ੍ਰਭਾਵ ਹੇਠਲਾ ਪਹਿਰਾਵਾ ਪਹਿਨ ਕੇ ਜਾਂਦੀਆਂ ਹਨ ਜਾਂ ਧਾਰਮਿਕ ਸਮਾਗਮਾਂ ਤੇ ਚਮਕੀਲੇ ਭੜਕੀਲੇ ਕੱਪੜੇ ਪਹਿਨਣੇ,ਕੀ ਉਸ ਨੂੰ ਉਚਿਤ ਸਮਝਿਆ ਜਾ ਸਕਦਾ ਹੈ? ਇਸ ਦਾ ਤੁਸੀਂ ਖੁਦ ਅੰਦਾਜ਼ਾ ਲਗਾਓ ਕਿ ਵੇਖਣ ਵਾਲਾ ਵਿਅਕਤੀ ਮਨ ਵਿੱਚ ਕੁਝ ਨਾ ਕੁਝ ਕਿੰਤੂ ਪ੍ਰੰਤੂ ਜ਼ਰੂਰ ਕਰ ਰਿਹਾ ਹੁੰਦਾ ਹੈ।ਸਾਡੇ ਅੱਜ ਦੇ ਸਮਾਜ ਉੱਪਰ ਵਿਸ਼ਵੀਕਰਨ ਅਤੇ ਆਧੁਨਿਕੀਕਰਨ ਨੇ ਬਹੁਤਾ ਸਾਰਥਕ ਪ੍ਰਭਾਵ ਨਹੀਂ ਪਾਇਆ ਹੈ।

ਅੱਜ ਕੱਲ੍ਹ ਕੁੜੀਆਂ ਆਪਣੀ ਗੱਲ-ਬਾਤ ਪਹਿਰਾਵੇ ਵਿੱਚ ਕਲਾਕਾਰਾਂ ਤੇ ਮਾਡਲਾਂ ਦੀ ਨਕਲ ਕਰਦੀਆਂ ਹਨ।ਕਈ ਕੁੜੀਆਂ ਇੰਨੇ ਤੰਗ ਅਤੇ ਛੋਟੇ ਕੱਪੜੇ ਪਾਉਂਦੀਆਂ ਹਨ ਕਿ ਵੇਖਣ ਵਾਲੇ ਨੂੰ ਸ਼ਰਮ ਆ ਜ਼ਾਂਦੀ ਹੈ।।ਦੁੱਪਟਾ ਲੈਣ ਦਾ ਫੈਸ਼ਨ ਤਾਂ ਅੱਜ ਕੱਲ ਰਿਹਾ ਹੀ ਨਹੀਂ । ਕੁੜੀਆਂ ਜ਼ਿਆਦਾਤਰ ਜੀਨ ਪਾਉਂਦੀਆਂ ਹਨ।ਸੂਟ ਪਾਉਣਾ ਤਾਂ ਉਹਨਾਂ ਨੂੰ ਸ਼ਾਨ ਦੇ ਖ਼ਿਲਾਫ ਲੱਗਦਾ ਹੈ।ਕਈ ਵਾਰ ਉਹਨਾਂ ਦੇ ਸਰੀਰ ਦੇ ਕੁਝ ਹਿੱਸੇ ਜ਼ਰੂਰਤ ਤੋਂ ਜ਼ਿਆਦਾ ਨੰਗੇ ਹੁੰਦੇ ਹਨ।

ਮਾਵਾਂ ਇਹ ਦੱਸਦੇ ਹੋਏ ਬੜੀ ਸ਼ਾਨ ਸਮਝਦੀਆਂ ਹਨ ਕਿ ਉਸ ਨੇ ਤਾਂ ਆਪਣੀ ਧੀ ਨੂੰ ਕਦੇ ਸੂਟ ਪਵਾਇਆ ਹੀ ਨਹੀਂ। ਅਜਿਹੀਆਂ ਮਾਵਾਂ ਨੂੰ ਆਪਣੀ ਸੋਚ ਦਾ ਪੱਧਰ ਸੁਧਾਰਨ ਦੀ ਜ਼ਰੂਰਤ ਹੈ। ਐਵੇਂ ਤਾਂ ਨਹੀਂ ਸਿਆਣੇ ਕਹਿ ਗਏ ,”ਖਾਈਏ ਮਨ ਭਾਉਂਦਾ ਤੇ ਪਹਿਨੀਏ ਜਗ ਭਾਉਂਦਾ” ,ਕਿਉਂ ਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ
9988901324

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਪਣੇ ਲੇਖ
Next articleਧਾਮੀ 104 ਵੋਟਾਂ ਨਾਲ ਸ਼੍ਰੋਮਣੀ ਕਮੇਟੀ ਦੇ ਮੁੜ ਪ੍ਰਧਾਨ ਬਣੇ, ਜਗੀਰ ਕੌਰ ਨੂੰ 42 ਵੋਟਾਂ