(ਸਮਾਜ ਵੀਕਲੀ)
ਜਦੋਂ ਵਿਆਹੀ ਆਈ ਸੀ ਤਾਂ ਕਿਰਨ ਦਾ ਰੂਪ ਡੁੱਲ੍ਹ ਡੁੱਲ੍ਹ ਪੈਂਦਾ ਸੀ। ਨਿਆਣੀ ਉਮਰ ਦੀ ਹੋਣ ਕਰਕੇ ਉਸ ਦੇ ਹਾਰ ਸ਼ਿੰਗਾਰ ਲਾਇਆ ਉਸ ਦੇ ਤਿੱਖੇ ਤਿੱਖੇ ਨੈਣ ਨਕਸ਼ਾਂ ਨੂੰ ਹੋਰ ਚਾਰ ਚੰਨ ਲਾਉਂਦਾ ਸੀ। ਸ਼ਰੀਫ ਵੀ ਉਹ ਰੱਜ ਕੇ ਸੀ। ਉਸ ਦਾ ਸਹੁਰਾ ਪਰਿਵਾਰ ਆਮ ਲੋਕਾਂ ਨਾਲੋਂ ਵੱਧ ਸਲੀਕੇਦਾਰ ਸੀ ਕਿਉਂਕਿ ਉਸ ਦੇ ਸਹੁਰੇ ਨੇ ਸਾਰੀ ਉਮਰ ਅੰਗਰੇਜ਼ਾਂ ਨਾਲ ਨੌਕਰੀ ਕੀਤੀ ਸੀ।ਉਹ ਦੇਖਣ ਨੂੰ ਵੀ ਅੰਗਰੇਜ਼ਾਂ ਵਰਗਾ ਹੀ ਲੱਗਦਾ ਤੇ ਲੋਕ ਉਸ ਨੂੰ ਸਾਬ੍ਹ ਕਹਿਕੇ ਬੁਲਾਉਂਦੇ ਸਨ। ਉਹਨਾਂ ਦੀ ਕੋਠੀ ਵੀ ਸਭ ਤੋਂ ਵੱਡੀ ਸੀ। ਉਸ ਦੀ ਨਣਦ ਵੀ ਸ਼ਹਿਰ ਦੇ ਵੱਡੇ ਵਪਾਰੀ ਨਾਲ ਵਿਆਹੀ ਹੋਈ ਸੀ ,ਜੇਠ ਦਿੱਲੀ ਵੱਡਾ ਅਫਸਰ ਲੱਗਿਆ ਹੋਇਆ ਸੀ। ਇੱਥੇ ਤਾਂ ਉਹ ,ਉਸ ਦਾ ਘਰਵਾਲਾ ਤੇ ਸੱਸ ਸਹੁਰਾ ਹੀ ਰਹਿੰਦੇ ਸਨ। ਕਿਰਨ ਦਾ ਪਤੀ ਰਣਬੀਰ ਬਹੁਤ ਹੀ ਸ਼ਰੀਫ਼ ਮੁੰਡਾ ਸੀ। ਸਾਰਿਆਂ ਨੂੰ ਮਿੱਠੀ ਜ਼ੁਬਾਨ ਨਾਲ ‘ਜੀ’ ਕਹਿ ਕੇ ਬੁਲਾਉਂਦਾ ਪਰ ਕਦੇ ਕਦੇ ਉਸ ਨੂੰ ਕੋਈ ਦੌਰਾ ਪੈਂਦਾ ਸੀ ।ਉਹ ਘਰ ਦੀਆਂ ਚੀਜ਼ਾਂ ਭੰਨ ਦਿੰਦਾ, ਜੋ ਹੱਥ ਹੁੰਦਾ ਉਸੇ ਨੂੰ ਪਟਕਾ ਕੇ ਜਮੀਨ ਤੇ ਮਾਰਦਾ।
ਸਾਲ ਬਾਅਦ ਕਿਰਨ ਦੇ ਘਰ ਧੀ ਨੇ ਜਨਮ ਲਿਆ ਹਜੇ ਧੀ ਮਸਾਂ ਡੇਢ ਕੁ ਸਾਲ ਦੀ ਸੀ ਇੱਕ ਪੁੱਤਰ ਨੇ ਜਨਮ ਲਿਆ। ਇਸ ਤਰ੍ਹਾਂ ਸੋਹਣਾ ਪਰਿਵਾਰ ਬਣ ਗਿਆ ਸੀ। ਆਪਣੇ ਬੱਚਿਆਂ ਨੂੰ ਬੜੇ ਖੁਸ਼ੀ ਖੁਸ਼ੀ ਪਾਲਦੀ।ਘਰ ਵਿੱਚ ਵੀ ਸਾਰੇ ਆਪਸ ਵਿੱਚ ਰਲ਼ ਮਿਲ਼ ਕੇ ਰਹਿੰਦੇ ਬਸ ਜਦੋਂ ਰਣਬੀਰ ਨੂੰ ਦੌਰਾ ਪੈਂਦਾ ਤਾਂ ਘਰ ਦਾ ਮਾਹੌਲ ਖਰਾਬ ਰਹਿੰਦਾ। ਉਹਨਾਂ ਦੇ ਗੁਆਂਢ ਵਿੱਚ ਈ ਕਿਸੇ ਨੇ ਨਵਾਂ ਘਰ ਖਰੀਦਿਆ। ਉਹਨਾਂ ਦੇ ਪਰਿਵਾਰ ਵਿੱਚ ਪਤੀ ਪਤਨੀ ਤੇ ਇੱਕ ਉਹਨਾਂ ਦਾ ਬੱਚਾ ਸੀ।ਪਤੀ ਵੱਡੀ ਉਮਰ ਦਾ ਸੀ ਤੇ ਪਤਨੀ ਤਾਂ ਉਸ ਤੋਂ ਅੱਧੀ ਉਮਰ ਦੀ ਲੱਗਦੀ ਸੀ। ਉਸ ਔਰਤ ਦਾ ਨਾਂ ਸੀਮਾ ਸੀ ਪਰ ਰੱਜ ਕੇ ਸੁਨੱਖੀ ਸੀ। ਲੋਕ ਉਸ ਪਰਿਵਾਰ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ, ਕੋਈ ਆਖਦਾ ਆਦਮੀ ਨੇ ਪੈਸੇ ਦੇ ਕੇ ਵਿਆਹ ਕੇ ਲਿਆਂਦੀ ਹੈ, ਕੋਈ ਸੀਮਾ ਦੇ ਖਰਾਬ ਚਰਿੱਤਰ ਕਾਰਨ ਵਡੇਰੀ ਉਮਰ ਦੇ ਵਿਅਕਤੀ ਨਾਲ ਵਿਆਹੇ ਹੋਣ ਦਾ ਤਰਕ ਦਿੰਦੇ।
ਕਿਰਨ ਤੇ ਸੀਮਾ ਦੀ ਹੌਲ਼ੀ ਹੌਲ਼ੀ ਦੋਸਤੀ ਵਧ ਗਈ। ਵੇਖਣ ਨੂੰ ਦੋਵੇਂ ਇੱਕੋ ਜਿਹੀਆਂ ਲੱਗਦੀਆਂ ਸਨ। ਰੰਗ ਗੋਰੇ, ਪਤਲੀਆਂ ਜਿਹੀਆਂ, ਹੁਣ ਤਾਂ ਸੂਟ ਵੀ ਇੱਕੋ ਜਿਹੇ ਹੀ ਪਾਉਣ ਲੱਗ ਪਈਆਂ ਸਨ। ਜਦ ਸਾਈਕਲਾਂ ਤੇ ਬਜ਼ਾਰ ਨੂੰ ਜਾਂਦੀਆਂ ਤਾਂ ਹੰਸਾਂ ਦੀ ਜੋੜੀ ਤੋਂ ਘੱਟ ਨਹੀਂ ਲੱਗਦੀਆਂ ਸਨ ਤੇ ਲੋਕ ਵੀ ਉਹਨਾਂ ਨੂੰ ਇਸੇ ਨਾਂ ਨਾਲ਼ ਪੁਕਾਰਦੇ ਸਨ। ਕਦੇ ਫਿਲਮ ਦੇਖਣ ਜਾਂਦੀਆਂ,ਕਦੇ ਬਜ਼ਾਰ ਨੂੰ ਤਿਆਰ ਹੋ ਕੇ ਜਾਂਦੀਆਂ ਤਾਂ ਲੋਕ ਘੁਸਰ ਮੁਸਰ ਗੱਲਾਂ ਕਰਨ ਲੱਗੇ। ਕਿਰਨ ਦਾ ਪਰਿਵਾਰ ਚਾਹੇ ਉਸ ਨੂੰ ਕੁਝ ਨਹੀਂ ਕਹਿੰਦਾ ਸੀ ਪਰ ਲੋਕਾਂ ਨੂੰ ਸਚਾਈ ਛੇਤੀ ਪਤਾ ਲੱਗ ਜਾਂਦੀ ਹੈ। ਸ਼ਾਇਦ ਕਿਰਨ ਵੀ ਆਪਣੇ ਪਤੀ ਦੀ ਸ਼ਰਾਫਤ ਦਾ ਨਜਾਇਜ਼ ਫਾਇਦਾ ਉਠਾਉਣ ਲੱਗ ਪਈ ਸੀ।
ਸੀਮਾ ਵਰਗੀ ਚਰਿੱਤਰਹੀਣ ਔਰਤ ਦੀ ਸੰਗਤ ਨੇ ਉਸ ਨੂੰ ਪੂਰੀ ਤਰ੍ਹਾਂ ਵਿਗਾੜ ਦਿੱਤਾ ਸੀ। ਇੱਕ ਵਾਰੀ ਅੱਧੀ ਰਾਤ ਨੂੰ ਇੱਕ ਬੰਦਾ ਉਹਨਾਂ ਦੀ ਕੋਠੀ ਦੀ ਕੰਧ ਟੱਪ ਕੇ ਅੰਦਰ ਗਿਆ ਤਾਂ ਉਹ ਵੀ ਆਪਣੀ ਕੋਠੀ ਦੇ ਦਰਖ਼ਤਾਂ ਵਾਲੇ ਪਾਸੇ ਆਈ ਹੋਈ ਸੀ । ਨਾਲ਼ ਦੇ ਗੁਆਂਢੀ ਨੇ ਰੌਲ਼ਾ ਪਾ ਦਿੱਤਾ ਤਾਂ ‘ਚੋਰ ,ਚੋਰ’ ਦਾ ਰੌਲ਼ਾ ਪੈ ਗਿਆ ਤੇ ਬੰਦਾ ਨੱਠ ਗਿਆ। ਸਵੇਰੇ ਫੇਰ ਮੁਹੱਲੇ ਦੇ ਲੋਕਾਂ ਵਿੱਚ ਕਿਰਨ ਦੇ ਚਰਿੱਤਰ ਨੂੰ ਲੈ ਕੇ ਚਰਚਾ ਛਿੜੀ ਰਹੀ।
ਗਲ਼ੀ ਦੀਆਂ ਚਾਰ ਕੁ ਔਰਤਾਂ ਨੇ ਇਕੱਠੇ ਹੋ ਕੇ ਉਸ ਦੀ ਸੱਸ ਨੂੰ ਉਸ ਦੇ ਪੇਕਿਆਂ ਨੂੰ ਬੁਲਾ ਕੇ ਉਸ ਬਾਰੇ ਦੱਸਣ ਨੂੰ ਆਖਿਆ ਤਾਂ ਉਸ ਦੀ ਸੱਸ ਨੇ ਓਹਨਾ ਨੂੰ ਕਿਹਾ,” ਭੈਣੇ ਮੈਂ ਬਿਗਾਨਿਆਂ ਨੂੰ ਕੀ ਦੋਸ਼ ਦੇਵਾਂ, ਅਗਲਿਆਂ ਨੇ ਤਾਂ ਸਾਡੇ ਮੁੰਡੇ ਨਾਲ ਸ਼ਰੀਫ ਕੁੜੀ ਹੀ ਵਿਆਹ ਕੇ ਤੋਰੀ ਸੀ,ਕਸੂਰ ਤਾਂ ਸਾਡਾ ਹੈ ਜੋ ਅਸੀਂ ਗਲਤ ਸੰਗਤ ਵਿੱਚ ਪੈਣ ਦੀ ਖੁੱਲ੍ਹ ਦੇ ਦਿੱਤੀ। ਭੈਣੇ ਮੈਂ ਤਾਂ ਸਭ ਨੂੰ ਇਹੀ ਸਲਾਹ ਦਿੰਦੀ ਆਂ ਕਿ ਆਪਣੀ ਕਿਸੇ ਨੂੰਹ ਧੀ ਨੂੰ ਕਦੇ ਨਵਿਆਂ ਦੀ ਸੰਗਤ ਵਿੱਚ ਪੈਣ ਤੋਂ ਪਹਿਲਾਂ ਆਪ ਪਰਖ ਲੈਣਾ ਚਾਹੀਦਾ ਹੈ।” ਉਹ ਅੰਦਰ ਬੈਠੀ ਸਭ ਕੁਝ ਸੁਣ ਰਹੀ ਸੀ।ਉਸ ਨੂੰ ਆਪਣੇ ਆਪ ਤੇ ਸ਼ਰਮ ਆਈ ਤੇ ਆਪਣੀ ਸੱਸ ਤੋਂ ਮੁਆਫ਼ੀ ਮੰਗ ਕੇ ਮਨ ਵਿੱਚ ਸੋਚਣ ਲੱਗੀ,”ਮੈਂ ਆਪਣੇ ਸ਼ਰੀਫ਼ ਪਰਿਵਾਰ ਨੂੰ ਬਹੁਤ ਧੋਖਾ ਦਿੱਤਾ ਹੈ…..ਜੇ ਹੁਣ ਮੇਰੇ ਪੇਕਿਆਂ ਨੂੰ ਬੁਲਾ ਕੇ ਮੇਰੇ ਬਾਰੇ ਦੱਸਦੇ ਤਾਂ ਉਹਨਾਂ ਦੇ ਖ਼ਾਨਦਾਨ ਦੀ ਵੀ ਮਿੱਟੀ ਪੁਲੀਤ ਹੋਣੀ ਸੀ……. ਮੇਰੇ ਐਨੇ ਵੱਡੇ ਕੁਕਰਮਾਂ ਨੂੰ ਵੀ ਮੇਰੀ ਸੱਸ ਨੇ ਆਪਣੇ ਮੱਥੇ ਮੜ੍ਹ ਲਿਆ……. ਨਹੀਂ… ਨਹੀਂ…. ਮੈਂ ਅੱਗੇ ਤੋਂ ਕਦੇ ਧੋਖਾ ਨਹੀਂ ਦੇਵਾਂਗੀ…… ਰੱਬਾ…. ਮੈਨੂੰ ਮਾਫ਼ ਕਰਦੇ….!’
ਅਗਲੀ ਸਵੇਰ ਸੀਮਾ ਬਜ਼ਾਰ ਜਾਣ ਲਈ ਬੁਲਾਉਣ ਆਈ ਤਾਂ ਉਸ ਨੇ ਕਿਹਾ, “ਸੀਮਾ….. ਮੇਰੇ ਬੱਚੇ,ਮੇਰੇ ਸੱਸ ਸਹੁਰਾ ਤੇ ਮੇਰਾ ਪਤੀ ਹੀ ਮੇਰੀ ਦੁਨੀਆਂ ਹੈ …… ਇਹਨਾਂ ਸਭ ਦਾ ਧਿਆਨ ਰੱਖਣਾ ਮੇਰੀ ਜ਼ਿੰਮੇਵਾਰੀ ਹੈ….. ਹੁਣ ਮੇਰੀਆਂ ਅੱਖਾਂ ਖੁੱਲ੍ਹ ਗਈਆਂ ਹਨ……. ਅੱਗੇ ਤੋਂ ਮੈਨੂੰ ਬੁਲਾਉਣ ਨਾ ਆਈਂ……!” ਸੀਮਾ ਚਲੀ ਗਈ,ਉਹ ਦਿਨ ਗਿਆ ਮੁੜਕੇ ਕਿਰਨ ਕਦੇ ਆਪਣੇ ਪਰਿਵਾਰ ਤੋਂ ਬਗੈਰ ਕਿਤੇ ਨਾ ਗਈ। ਉਹ ਸੋਚਦੀ ਕਿ ਗ਼ਲਤ ਸੰਗਤ ਵਿੱਚ ਪੈ ਕੇ ਚਾਹੇ ਗ਼ਲਤੀਆਂ ਹੋ ਜਾਂਦੀਆਂ ਹਨ ਪਰ ਫਿਰ ਵੀ ਵੇਲੇ ਸਿਰ ਆਪਣੇ ਆਪ ਨੂੰ ਸੰਭਾਲ ਲੈਣਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।ਉਹ ਆਪਣੇ ਪਰਿਵਾਰ ਦੀ ਸੋਹਣੀ ਤਰ੍ਹਾਂ ਨਵੀਂ ਸਵੇਰ ਦੀ ਨਵੀਂ ਕਿਰਨ ਬਣ ਕੇ ਖੁਸ਼ੀਆਂ ਦਾ ਚਾਨਣ ਬਿਖੇਰਨ ਲੱਗੀ।
ਬਰਜਿੰਦਰ ਕੌਰ ਬਿਸਰਾਓ
9988901324
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly