ਏਹੁ ਹਮਾਰਾ ਜੀਵਣਾ ਹੈ -119

(ਸਮਾਜ ਵੀਕਲੀ)

ਕਈ ਸਿਆਸੀ ਆਗੂ ਮੌਕਾ ਮਿਲਦੇ ਹੀ ਬਰਸਾਤੀ ਡੱਡੂਆਂ ਵਾਂਗ ਟੈਂ ਟੈਂ ਕਰਨ ਲੱਗਦੇ ਹਨ ਕਿਉਂਕਿ ਉਨ੍ਹਾਂ ਦੀ ਦੁਨੀਆਂ, ਉਹਨਾਂ ਦਾ ਦੀਨ ਧਰਮ ਸਭ ਕੁਝ ਵੋਟਾਂ ਅਤੇ ਸਿਆਸਤ ਹੀ ਹੁੰਦਾ ਹੈ। ਚਾਹੇ ਉਹ ਚੋਰ ਨੂੰ ਸਾਧ ਬਣਾ ਦੇਣ, ਚਾਹੇ ਕਾਤਲ ਅਤੇ ਬਲਾਤਕਾਰੀ ਬਾਬਿਆਂ ਦੇ ਗੋਡੀਂ ਹੱਥ ਲਾਉਣ ਲਈ ਉਹਨਾਂ ਦੇ ਡੇਰਿਆਂ ਵਿੱਚ ਪਹੁੰਚ ਜਾਣ,ਚਾਹੇ ਸਜ਼ਾ ਭੁਗਤ ਰਹੇ ਵੱਡੇ ਵੱਡੇ ਮੁਜਰਮ ਡੇਰਿਆਂ ਦੇ ਬਾਬਿਆਂ ਨੂੰ ਆਪਣੀ ਆਪਣੀ ਗਰਜ਼ ਮੁਤਾਬਕ ਪੈਰੋਲ ਦੁਆ ਕੇ ਆਪਣੀਆਂ ਸਿਆਸੀ ਰੋਟੀਆਂ ਸੇਕਣ। ਉਹਨਾਂ ਦਾ ਸਿੱਧੇ ਤੌਰ ਤੇ ਨਿਸ਼ਾਨਾ ਅਰਜਨ ਦੀ ਅੱਖ ਵਾਂਗੂੰ ਸਿਰਫ ਵੋਟ ਬੈਂਕ ਤੇ ਹੁੰਦਾ ਹੈ। ਜਿੱਤ ਨਿਸ਼ਚਿਤ ਕਰਨ ਲਈ ਸਿਆਸੀ ਨੇਤਾਵਾਂ ਵੱਲੋਂ ਹਰ ਹੀਲੇ ਵੱਧ ਤੋਂ ਵੱਧ ਵੋਟਾਂ ਬਟੋਰਨਾ ਹੀ ਇੱਕੋ ਇੱਕ ਮਕਸਦ ਹੁੰਦਾ ਹੈ। ਵੋਟਾਂ ਵੇਲੇ ਬਾਬਿਆਂ ਜਾਂ ਡੇਰਿਆਂ ਦਾ ਕੀ ਯੋਗਦਾਨ ਹੁੰਦਾ ਹੈ ਇਸ ਬਾਰੇ ਸੋਚਣਾ ਬਹੁਤ ਜ਼ਰੂਰੀ ਹੈ।

ਸਾਡੇ ਦੇਸ਼ ਵਿੱਚ ਭਗਤੀ ਤੋਂ ਵੱਧ ਅੰਧਭਗਤੀ ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ। ਰੱਬ ਨਾਲੋਂ ਜ਼ਿਆਦਾ ਰੱਬ ਦੀਆਂ ਦੁਕਾਨਾਂ ਚਲਾਉਣ ਵਾਲਿਆਂ ਨੂੰ ਜ਼ਿਆਦਾ ਮੱਥੇ ਟੇਕੇ ਜਾਂਦੇ ਹਨ। ਵੋਟਾਂ ਦੇ ਸਮੇਂ ਇਹਨਾਂ ਦੀ ਅਹਿਮੀਅਤ ਬਹੁਤ ਜ਼ਿਆਦਾ ਵਧ ਜਾਂਦੀ ਹੈ। ਜਿੰਨੇ ਇਹਨਾਂ ਦੇ ਭਗਤ ਹੁੰਦੇ ਹਨ,ਉਹ ਸਾਰੇ ਇੱਕ ਵੋਟ ਬੈਂਕ ਵਿੱਚ ਤਬਦੀਲ ਹੋ ਜਾਂਦੇ ਹਨ। ਜਿਹੜੇ ਨੇਤਾ ਜੀ ਦੇ ਉੱਪਰ ਉਹਨਾਂ ਦੇ ਬਾਬਾ ਜੀ ਵੱਲੋਂ ਥਾਪੜਾ ਦੇ ਦਿੱਤਾ ਜਾਂਦਾ ਹੈ ਸਾਰੇ ਭਗਤ ਉਸੇ ਨੂੰ ਵੋਟ ਪਾਉਂਦੇ ਹਨ।ਇਹ ਵੀ ਲੋਕਾਂ ਦੀ ਅੰਨ੍ਹੀ ਭਗਤੀ ਦਾ ਨਮੂਨਾ ਹੁੰਦਾ ਹੈ। ਲੋਕਾਂ ਦੀ ਇਸ ਬੇਸਮਝੀ ਦਾ ਨਤੀਜਾ ਵੀ ਲੋਕ ਆਪ ਹੀ ਭੁਗਤਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਕਈ ਡੇਰਿਆਂ ਦੇ ਮੁਖੀਆਂ ਉੱਪਰ ਬਲਾਤਕਾਰ ਅਤੇ ਕਤਲ ਵਰਗੇ ਭਿਆਨਕ ਇਲਜ਼ਾਮ ਲੱਗੇ ਹੋਣ ਦੇ ਬਾਵਜੂਦ ਔਰਤਾਂ ਬਹੁਗਿਣਤੀ ਵਿੱਚ ਇਹਨਾਂ ਦੀਆਂ ਭਗਤ ਹੁੰਦੀਆਂ ਹਨ।

ਉਹਨਾਂ ਦੀ ਇਹਨਾਂ ਪ੍ਰਤੀ ਆਸਥਾ ਐਨੀ ਪੱਕੀ ਹੁੰਦੀ ਹੈ ਕਿ ਉਹ ਅਤੇ ਉਨ੍ਹਾਂ ਦੇ ਪਰਿਵਾਰ ਵੋਟਾਂ ਬਾਬਾ ਜੀ ਦੇ ਆਸ਼ੀਰਵਾਦ ਅਨੁਸਾਰ ਹੀ ਪਾਉਂਦੇ ਹਨ। ਵੱਖ-ਵੱਖ ਨੇਤਾਵਾਂ ਨੂੰ ਵੱਖ-ਵੱਖ ਬਾਬਿਆਂ ਦੇ ਡੇਰਿਆਂ ਵਿੱਚ ਚੱਕਰ ਲਾਉਂਦੇ ਦੇਖਿਆ ਜਾ ਸਕਦਾ ਹੈ। ਵੱਡੀਆਂ ਵੱਡੀਆਂ ਪਾਰਟੀਆਂ ਦੇ ਆਗੂ ਪਹਿਲਾਂ ਤਾਂ ਉਹਨਾਂ ਨੂੰ ਜੇਲ੍ਹ ਚੋਂ ਛੁੱਟੀ ਕੱਟਣ ਆਉਣ ਤੇ ਮਿਲਣ ਜਾਂਦੇ ਹਨ,ਜਦ ਮੀਡੀਆ ਵਿੱਚ ਚਰਚਾਵਾਂ ਛਿੜਦੀਆਂ ਹਨ ਤਾਂ ਬੜਾ ਖੁੱਲ੍ਹ ਕੇ ਉਹਨਾਂ ਦਾ ਬਚਾਅ ਕਰਦੇ ਹਨ, ਲੋਕਾਂ ਨੂੰ ਕਾਨੂੰਨ ਦੀ ਦੁਹਾਈ ਦੇ ਕੇ ਆਪਣੀ ਪਾਕ ਨੀਅਤੀ ਦਾ ਪ੍ਰਗਟਾਵਾ ਕਰਦੇ ਹਨ। ਇਹ ਸਾਡੇ ਦੇਸ਼ ਦੀ ਸਿਆਸਤ ਲਈ ਕਿੰਨੀ ਸ਼ਰਮ ਦੀ ਗੱਲ ਹੈ ਕਿ ਸੱਤਾਧਾਰੀ ਸਿਆਸੀ ਪਾਰਟੀਆਂ ਦੇ ਆਗੂ ਡੇਰਿਆਂ ਦੇ ਮੁਜਰਮ ਸਾਬਤ ਹੋ ਚੁੱਕੇ ਆਗੂਆਂ ਨੂੰ ਆਪ ਮਿਲਣ ਪਹੁੰਚਦੇ ਹਨ ਤੇ ਉਹਨਾਂ ਦੇ ਪੱਖ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਦਿਸਦੇ ਹਨ।

ਤਾਂ ਹੀ ਤਾਂ ਡੇਰਿਆਂ ਦੇ ਮੁਖੀਆਂ ਦੀ ਕਿਰਪਾ ਉਹਨਾਂ ਪਾਰਟੀਆਂ ਉੱਪਰ ਬਰਸਦੀ ਹੈ, ਬਾਬਿਆਂ ਵੱਲੋਂ ਪਾਰਟੀਆਂ ਨੂੰ ਦਿੱਤੇ ਜਾਣ ਵਾਲੇ ਸਮਰਥਨ ਦਾ ਐਲਾਨ ਕਰ ਦਿੱਤਾ ਜਾਂਦਾ ਹੈ। ਕਾਰਨ ਇਹੀ ਹੁੰਦਾ ਹੈ ਕਿ ਵੋਟ ਬੈਂਕ ਬਟੋਰਨ ਲਈ ਸਾਰੇ ਲੀਡਰਾਂ ਦਾ ਆਪਣੇ ਆਪਣੇ ਹਲਕੇ ਦੇ ਡੇਰਿਆਂ ਦੇ ਮੁਖੀਆਂ ਨਾਲ ਸਹਿਚਾਰ ਰੱਖਣਾ ਜ਼ਰੂਰੀ ਹੁੰਦਾ ਹੈ। ਇਸੇ ਕਾਰਨ ਸਾਡੇ ਦੇਸ਼ ਵਿੱਚ ਡੇਰਿਆਂ ਦੀ ਚਾਂਦੀ ਹੋਈ ਪਈ ਹੈ। ਸਿਆਸਤ ਅਤੇ ਡੇਰਿਆਂ ਦੇ ਆਪਸੀ ਗੂੜ੍ਹੇ ਰਿਸ਼ਤਿਆਂ ਨੂੰ ਨਕਾਰਿਆ ਨਹੀਂ ਜਾ ਸਕਦਾ।ਬੜੀ ਚਲਾਕੀ ਨਾਲ ਸਿਆਸਤਦਾਨ ਆਪਣੇ ਡੇਰਿਆਂ ਨਾਲ ਸਬੰਧਾਂ ਨੂੰ ਆਸਥਾ ਦਾ ਨਾਂ ਦੇ ਦਿੰਦੇ ਹਨ।

ਸਿਆਸਤ ਡੇਰਿਆਂ ਅਤੇ ਡੇਰੇ ਸਿਆਸਤਾਂ ਦੇ ਪ੍ਰਭਾਵ ਨਾਲ ਚੱਲ ਰਹੇ ਹਨ ਇਸ ਵਿੱਚ ਕੋਈ ਦੋ ਰਾਇ ਨਹੀਂ ਹੈ। ਕਹਿਣ ਨੂੰ ਤਾਂ ਅਸੀਂ ਲੋਕਤੰਤਰਿਕ ਦੇਸ਼ ਵਿੱਚ ਰਹਿੰਦੇ ਹਾਂ ਪਰ ਲੋਕਾਂ ਦੀ ਅੰਨ੍ਹੀ ਆਸਥਾ ਹੀ ਡੇਰਿਆਂ ਦੀਆਂ ਰਿਆਸਤਾਂ ਕਾਇਮ ਕਰਦੀ ਹੈ । ਜੇ ਕਿਤੇ ਬਾਹਰਲੇ ਮੁਲਕਾਂ ਵਾਂਗ ਆਮ ਲੋਕ ਆਪਣੇ ਕੰਮ ਕਰਨ ਅਤੇ ਮਿਹਨਤ ਕਰਨ ਵਿੱਚ ਹੀ ਆਪਣੀ ਆਸਥਾ ਪੈਦਾ ਕਰਕੇ ਰੱਬ ਨੂੰ ਬੰਦਿਆਂ ਵਿੱਚੋਂ ਲੱਭਣ ਦੀ ਥਾਂ ਆਪਣੀ ਮੁਸ਼ੱਕਤ ਵਿੱਚ ਉਸ ਨੂੰ ਲੱਭ ਲੈਣ ਤਾਂ ਡੇਰਿਆਂ ਦੀ ਅਹਿਮੀਅਤ ਆਪਣੇ ਆਪ ਘਟਣ ਲੱਗੇਗੀ।

ਇਹ ਤਾਂ ਜਨਤਾ ਜਨਾਰਦਨ ਨੂੰ ਸਮਝਣਾ ਹੀ ਪੈਣਾ ਹੈ ਕਿ ਸਿੱਧੇ ਜਾਂ ਅਸਿੱਧੇ ਤੌਰ ਤੇ ਡੇਰਿਆਂ ਦੀ ਉਪਜ ਲਈ ਉਹੀ ਜ਼ਿੰਮੇਵਾਰ ਹੈ। ਹਰ ਨਾਗਰਿਕ ਨੂੰ ਆਪਣੀ ਝੂਠੀ ਆਸਥਾ ਦਾ ਤਿਆਗ ਕਰ ਕੇ ਸੱਚ ਦਾ ਪੱਲਾ ਫੜਨਾ ਪੈਣਾ ਹੈ ਕਿਉਂਕਿ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ 
9988901324

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਰਫਾ਼ਂ ਦਾ ਗੰਜ” ਕਿਤਾਬ ਦਾ ਰੀਵਿਊ
Next articleਗਜ਼ਲ