ਏਹੁ ਹਮਾਰਾ ਜੀਵਣਾ ਹੈ -117

(ਸਮਾਜ ਵੀਕਲੀ)

ਪਹਿਲੀ ਔਰਤ:ਭੈਣ ਜੀ ਓਹ ਵਾਲੇ ਭੈਣ ਜੀ ਨਿਊ ਆਏ ਲੱਗਦੇ ਆ।

ਦੂਜੀ ਔਰਤ:ਹਾਂ, ਮੈਂ ਵੀ ਇਹੋ ਦੇਖਦੀ ਸੀ, ਉਹ ਬੜੀ ਸੈਡ ਸੈਡ ਜਿਹੀ ਲੱਗਦੀ ਆ।

ਤੀਜੀ ਔਰਤ:ਨਾਲ ਕੋਈ ਨਿਆਣਾ ਵੀ ਨੀ, ਜੀਹਨੂੰ ਦੇਖ ਕੇ ਪਤਾ ਲੱਗ ਜਾਵੇ ਕਿਹਨਾਂ ਕੋਲ਼ ਆਈ ਆ।

ਚੌਥੀ ਔਰਤ: ਮੈਂ ਇੰਟਰੋ ਕਰਕੇ ਆਉਂਦੀ ਆਂ।

ਇਹ ਸਾਰੀਆਂ ਅੱਧਖੜ੍ਹ ਉਮਰ ਦੀਆਂ ਔਰਤਾਂ ਕਨੇਡਾ ਦੇ ਇੱਕ ਸ਼ਹਿਰ ਦੇ ਪਾਰਕ ਵਿੱਚ ਦੋ ਬੈਂਚਾਂ ਤੇ ਆਹਮੋ ਸਾਹਮਣੇ ਬੈਠੀਆਂ ਗੱਲਾਂ ਕਰ ਰਹੀਆਂ ਸਨ। ਕੋਲ਼ ਨਿੱਕੇ ਨਿੱਕੇ ਬੱਚੇ ਖੇਡ ਰਹੇ ਸਨ।

(ਚੌਥੀ ਔਰਤ ਦੂਰ ਬੈਂਚ ਤੇ ਬੈਠੀ ਇਕੱਲੀ ਔਰਤ ਕੋਲ ਜਾਂਦੀ ਹੈ।ਉਸ ਨੂੰ ਸਤਿ ਸ੍ਰੀ ਆਕਾਲ ਬੁਲਾ ਕੇ ਉਸ ਨੂੰ ਕੁਝ ਪੁੱਛਦੀ ਹੈ ਤੇ ਸ਼ਾਇਦ ਆਪਣੇ ਕੋਲ ਆ ਕੇ ਬੈਠਣ ਨੂੰ ਕਹਿੰਦੀ ਹੈ ਤਾਂ ਉਹ ਔਰਤ ਉੱਥੋਂ ਉੱਠ ਕੇ ਇਹਨਾਂ ਕੋਲ ਹੀ ਆ ਕੇ ਬੈਠ ਜਾਂਦੀ ਹੈ)

ਪਹਿਲੀ ਔਰਤ: ਭੈਣ ਜੀ ਤੁਸੀਂ ਇੱਥੇ ਨਵੇਂ ਆਏ ਹੋ?

“ਹਾਂ ਜੀ ਭੈਣ ਜੀ, ਦੋ ਕੁ ਮਹੀਨੇ ਪਹਿਲਾਂ ਇੰਡੀਆ ਤੋਂ ਆਈ ਸੀ। ਮੇਰੇ ਪੁੱਤ ਨੂੰਹ ਨੇ,ਏਧਰ ਓਹ ਸਾਹਮਣੇ ਵਾਲਾ ਹਾਊਸ ਨਿਊ ਲਿਆ ਹੈ , ਕੱਲ੍ਹ ਈ ਸ਼ਿਫਟ ਹੋਏ ਆਂ ਇੱਥੇ ” ਉਸ ਔਰਤ ਨੇ ਜਵਾਬ ਦਿੱਤਾ।

ਦੂਜੀ ਔਰਤ: ਤੁਸੀਂ ਵੇਕੇਸ਼ਨ ਤੇ ਆਏ ਓ ਜਾਂ ਪੱਕੇ।

“ਨਹੀਂ ਭੈਣ ਜੀ ,ਬੱਚੇ ਤਾਂ ਮੈਨੂੰ ਪੱਕਾ ਲੈਕੇ ਆਏ ਸਨ ਪਰ ਮੈਂ ਅਗਲੇ ਮਹੀਨੇ ਚਲੇ ਜਾਣਾ,ਮੇਰਾ ਇੱਥੇ ਦਿਲ ਨਹੀਂ ਲੱਗਦਾ।(ਕਹਿ ਕੇ ਉਹ ਫਿਸ ਫਿਸ ਕੇ ਰੋਣ ਲੱਗੀ,ਰੋਣਾ ਨਾ ਚਾਹੁੰਦੇ ਹੋਏ ਵੀ ਉਸ ਦਾ ਗਲ਼ਾ ਭਰ ਰਿਹਾ ਸੀ ਤੇ ਅੱਖਾਂ ਚੋਂ ਹੰਝੂ ਨਿਕਲ ਰਹੇ ਸਨ।ਸਾਰੀਆਂ ਓਹਨੂੰ ਚੁੱਪ ਕਰਵਾਉਣ ਲੱਗੀਆਂ।)

“ਮੈਂ ਤਾਂ ਇੰਡੀਆ ਗੌਰਮਿੰਟ ਲੈਕਚਰਾਰ ਸੀ।ਮੁੰਡਾ ਈ ਮਗਰ ਪਿਆ ਹੋਇਆ ਸੀ….”(ਹੋਰ ਬਹੁਤ ਕੁਝ ਬੋਲਣਾ ਚਾਹੁੰਦੀ ਸੀ ਪਰ ਚੁੱਪ ਕਰ ਗਈ)

ਚੌਥੀ ਔਰਤ: ਭੈਣ ਜੀ ਤੁਹਾਡਾ ਕੋਈ ਗ੍ਰੈਂਡ ਚਾਈਲਡ ਨੀ,ਉਹਦੇ ਨਾਲ ਦਿਲ ਲੱਗਿਆ ਰਹਿੰਦਾ।

” ਭੈਣ ਜੀ ਹੈ ਮੇਰਾ ਗ੍ਰੈਂਡ ਸਨ,ਪਰ ਮੇਰੀ ਨੂੰਹ ਉਸ ਨੂੰ ਆਪਣੀ ਮਾਂ ਕੋਲ ਛੱਡ ਕੇ ਜਾਂਦੀ ਆ, ਮੈਨੂੰ ਤਾਂ ਹੱਥ ਵੀ ਨੀ ਲਾਉਣ ਦਿੰਦੀ। ਮੈਨੂੰ ਤਾਂ ਘਰ ਦੇ ਕੰਮ ਕਰਨ ਲਈ ਲੈ ਕੇ ਆਈ ਆ।”

ਪਹਿਲੀ ਔਰਤ: ਭੈਣ ਜੀ ਤੁਸੀਂ ਇਸੇ ਵੇਲੇ ਪਾਰਕ ਵਿੱਚ ਦੋ ਘੰਟੇ ਸਾਡੇ ਕੋਲ ਆ ਜਾਇਆ ਕਰੋ।

“ਅੱਜ ਤਾਂ ਉਹ ਆਪਣੀਆਂ ਫ੍ਰੈਂਡਾਂ ਨਾਲ ਮੂਵੀ ਦੇਖਣ ਗਈ ਆ , ਤਾਂ ਮੈਂ ਇੱਥੇ ਪਾਰਕ ਵਿੱਚ ਆ ਬੈਠੀ। ਨਹੀਂ ਤਾਂ ਪਾਰਕ ਵਿੱਚ ਬੈਠਣ ਵਾਲੀਆਂ ਔਰਤਾਂ ਬਾਰੇ ਕਹਿੰਦੀ ਆ ਕਿ ‘ਲੇਡੀ ਗੈਂਗ’ ਕੋਲ ਨਾ ਸਾਡੀਆਂ ਚੁਗਲੀਆਂ ਕਰਨ ਚਲੀ ਜਾਈਂ।”

(ਐਨੇ ਨੂੰ ਪਾਰਕ ਅੰਦਰ ਇੱਕ ਲੜਕੀ ਆਪਣੀ ਕਾਰ ਬਾਹਰ ਖੜੀ ਕਰ ਕੇ ਅੰਦਰ ਆਉਂਦੀ ਹੈ ਤੇ ਚੌਥੀ ਔਰਤ ਨਾਲ ਖਿਝ ਕੇ ਗੱਲ ਕਰਦੀ ਹੈ)

“ਮੌਮ ਯੂ ਆਰ ਬਿਜ਼ੀ ਇਨ ਗੌਸਿਪ,ਸੀ ਟਾਈਮ ,ਵੀ ਆਰ ਗੈੱਟਿੰਗ ਲੇਟ ਫੌਰ ਪਾਰਟੀ(ਮਾਂ ਤੂੰ ਇੱਥੇ ਗੱਪਾਂ ਮਾਰਨ ਲੱਗੀ ਆਂ,ਟਾਈਮ ਦੇਖ, ਅਸੀਂ ਓਧਰ ਪਾਰਟੀ ਤੇ ਜਾਣ ਲਈ ਲੇਟ ਹੋ ਰਹੇ ਹਾਂ)” ਕਹਿ ਕੇ ਖੇਡਦੇ ਬੱਚਿਆਂ ਵਿੱਚੋਂ ਬੜੇ ਗੁੱਸੇ ਨਾਲ ਆਪਣਾ ਬੱਚਾ ਚੁੱਕ ਕੇ ਲੈ ਜਾਂਦੀ ਹੈ ਤੇ ਸੱਸ ਨੂੰ ਕਹਿੰਦੀ ਹੈ,” ਹੁਣ ਮਾਰੀ ਜਾਓ ਜਿੰਨੀਆਂ ਗੱਪਾਂ ਮਾਰਨੀਆਂ,ਯੂ ਆਰ ਫ੍ਰੀ ਨਾਓਂ……!”

ਉਸ ਦੇ ਜਾਣ ਤੋਂ ਬਾਅਦ ਚੌਥੀ ਔਰਤ ਉਸ ਨੂੰ ਦਿਲਾਸਾ ਦਿੰਦੀ ਹੋਈ ਕਹਿੰਦੀ ਹੈ,” ਦੇਖ ਲਿਆ ਭੈਣ ਜੀ,ਇਹ ਮੇਰੀ ਨੂੰਹ ਸੀ, ਇਕੱਲਾ ਪੁੱਤ ਆ, ਮੈਂ ਵੀ ਇੰਡੀਆ ਜੌਬ ਛੱਡ ਕੇ ਆਈ ਸੀ ਇਹਨਾਂ ਕੋਲ , ਕਨੇਡਾ ਆਉਣ ਦਾ ਚਾਅ ਸੀ। ਕੋਈ ਨਾ ਘਬਰਾਓ ਨਾ ਇਹ ਤਾਂ ਚੱਲਦਾ ਹੀ ਰਹਿੰਦਾ,ਕੀ ਕਰੀਏ, ਹੁਣ ਜ਼ਿੰਦਗੀ ਤਾਂ ਕੱਟਣੀ ਏ…. ਚਾਹੇ ਰੋ ਰੋ ਕੇ ਕੱਟ ਲਓ ਚਾਹੇ ਹੱਸ ਕੇ….! ਮਨ ਨੂੰ ਸਮਝਾ ਕੇ ਇਸ ਸਭ ਦੀ ਆਦਤ ਪਾ ਲਓ….! ਕਿਉਂ ਕਿ…… ਏਹੁ ਹਮਾਰਾ ਜੀਵਣਾ ਹੈ…!”

ਬਰਜਿੰਦਰ ਕੌਰ ਬਿਸਰਾਓ
9988901324

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next articleਰੂਹਾਂ ਤੇ ਫੁੱਲ,,,,