ਏਹੁ ਹਮਾਰਾ ਜੀਵਣਾ ਹੈ-115

(ਸਮਾਜ ਵੀਕਲੀ)

ਮੇਰੀ ਸਹੇਲੀ ਮਨਜੀਤ ਬਹੁਤ ਨਿੱਘੇ ਅਤੇ ਨਿਮਰ ਸੁਭਾਅ ਦੀ ਹੈ।ਉਹ ਇੱਕ ਕਬੀਲਦਾਰ ਘਰ ਦੀ ਨੂੰਹ ਧੀ ਹੈ। ਵੈਸੇ ਵੀ ਉਹ ਸੰਯੁਕਤ ਪਰਿਵਾਰ ਵਿੱਚ ਰਹਿਣ ਕਰਕੇ ਹਰ ਨਰਮ ਗਰਮ ਸੁਭਾਅ ਦੇ ਜੀਆਂ ਨਾਲ ਰਹਿਣਾ ਜਾਣਦੀ ਹੈ।ਉਹ ਮਿਹਨਤ ਕਰਨ ਵਾਲ਼ੀ ਪੜ੍ਹੀ ਲਿਖੀ ਔਰਤ ਹੈ। ਇੱਕ ਦਿਨ ਸ਼ਾਮ ਨੂੰ ਮੈਂ ਲੰਘਦੇ ਲੰਘਦੇ ਉਸ ਕੋਲ ਚਲੀ ਗਈ। ਮੈਂ ਦੇਖਿਆ ਉਸ ਦੇ ਵਾਲ਼ ਬਿਖਰੇ ਹੋਏ ਸਨ, ਸ਼ਾਲ ਦੀ ਬੁੱਕਲ ਮਾਰੀ ਹੋਈ ਸੀ। ਮੂੰਹ ਬੁੱਸਾ ਬੁੱਸਾ ਜਿਹਾ ਲੱਗ ਰਿਹਾ ਸੀ।ਉਹ ਬਿਸਤਰੇ ਤੋਂ ਉੱਠ ਕੇ ਆਈ ਸੀ। ਮੈਂ ਸੋਚਿਆ ਠੰਡ ਕਾਰਨ ਸ਼ਾਇਦ ਉਸ ਦੇ ਰਜਾਈ ਵਿੱਚ ਪਈ ਹੋਣ ਕਰਕੇ ਇਸ ਤਰ੍ਹਾਂ ਦਾ ਹਾਲ ਹੋਵੇਗਾ।

ਮੈਂ ਆਪਣੇ ਸੁਭਾਅ ਮੁਤਾਬਿਕ ਉਸ ਨੂੰ ਪੁੱਛਿਆ,”ਮਨਜੀਤ! ਠੀਕ ਤਾਂ ਹੈਂ?ਆਹ ਕੀ ਤੂੰ ਬੁੜਿਆਂ ਵਾਂਗੂੰ ਕਿਉਂ ਬਣੀ ਪਈ ਆਂ?” ਮੈਨੂੰ ਆਸ ਸੀ ਕਿ ਉਸ ਦਾ ਜਵਾਬ ਹੋਵੇਗਾ ਕਿ ਨਹੀਂ ਠੰਡ ਕਰਕੇ ਰਜ਼ਾਈ ਵਿੱਚ ਬੈਠਣ ਕਰਕੇ ਇਸ ਤਰ੍ਹਾਂ ਲੱਗਦਾ।ਪਰ ਨਹੀਂ ,ਉਸ ਨੇ ਮੇਰੀ ਸੋਚ ਤੋਂ ਉਲਟ ਮਰੀ ਜਿਹੀ ਅਵਾਜ਼ ਵਿੱਚ ਜਵਾਬ ਦਿੱਤਾ,” ਆ ਜੋ…ਬੈਠੋ…… ਦੱਸਦੀ ਆਂ।” ਉਸ ਦੀ ਅਵਾਜ਼ ਕੰਬ ਰਹੀ ਸੀ। ਮੈਂ ਉਹਦੇ ਵੱਲ ਵੇਖ ਕੇ ਮਨ ਹੀ ਮਨ ਸੋਚਿਆ ਕਿ ਜੇ ਇਹਦਾ ਮਾੜਾ ਮੋਟਾ ਸਿਰ ਜਾਂ ਕੁਝ ਹੋਰ ਦੁਖਦਾ ਹੁੰਦਾ ਤਾਂ ਇਹ ਨੇ ਮੇਰੇ ਪਹਿਲੇ ਸਵਾਲ ਦੇ ਉੱਤਰ ਵਿੱਚ ਹੀ ਦੱਸ ਦੇਣਾ ਸੀ। ਮੈਂ ਸਮਝ ਗਈ ਸੀ ਕਿ ਪੱਕਾ ਕੋਈ ਹੋਰ ਬਿਮਾਰੀ ਹੋਵੇਗੀ ਜੋ ਇਹਨੇ‌ ਮੈਨੂੰ ਬੈਠੀ ਤੇ ਹੀ ਦੱਸਣੀ ਹੈ। ਉਸ ਨੇ ਮੈਨੂੰ ਕੁਰਸੀ ਦਿੱਤੀ ਬੈਠਣ ਲਈ ਤੇ ਮੈਂ ਬੈਠ ਗਈ।ਉਹ ਆਪ ਵੀ ਕੋਲ਼ ਪਏ ਮੰਜੇ ਤੇ ਬੈਠ ਗਈ। “ਚਾਹ ਬਣਾਵਾਂ…?”

ਉਸ ਨੇ ਪੁੱਛਿਆ। ਮੈਂ ਆਖਿਆ,” ਕੋਈ ਨਾ ਹਜੇ ਤਾਂ ਕੋਈ ਲੋੜ ਨਹੀਂ ਚਾਹ ਦੀ,ਮੈਂ ਪੀ ਕੇ ਈ ਆਈ ਆਂ ਹੁਣੇ ਘਰੋਂ।”ਮੈਂ ਉਸ ਦੇ ਚਿਹਰੇ ਵੱਲ ਤੱਕ ਰਹੀ ਸੀ ਤੇ ਸੋਚ ਰਹੀ ਸੀ ਕਿ ਪੱਕਾ ਉਸ ਨੂੰ ਕਿਸੇ ਬਿਮਾਰੀ ਨਾਲੋਂ ਜ਼ਿਆਦਾ ਬਿਮਾਰੀ ਦਾ ਭੈਅ ਡਰਾ ਰਿਹਾ ਹੈ।ਉਸ ਨੇ ਗੱਲ ਸ਼ੁਰੂ ਕੀਤੀ,”ਪਤਾ ਕੀ ਹੋਇਆ…. ਮੇਰੀ ਜਾੜ੍ਹ ਬਹੁਤ ਦੁਖਦੀ ਸੀ…… ਮੈਂ ਡਾਕਟਰ ਨੂੰ ਦਿਖਾਉਣ ਦੀ ਬਜਾਏ ਘਰੇ ਈ ਦਰਦ ਹਟਾਉਣ ਦੀਆਂ ਗੋਲੀਆਂ ਖਾਂਦੀ ਰਹੀ…. ਮੈਂ ਤਿੰਨ ਦਿਨਾਂ ਚ ਦੋ ਪੱਤੇ ਖਾ ਗਈ।” ਹੁਣ ਮੈਨੂੰ ਓਹਦੀ ਬਿਮਾਰੀ ਮਨ ਹੀ ਮਨ ਵਿੱਚ ਸਮਝ ਆਉਣ ਲੱਗੀ ਕਿ ਪੱਕਾ ਐਨੀਆਂ ਗੋਲੀਆਂ ਖਾ ਕੇ ਕੋਈ ਬੁਰਾ ਅਸਰ ਪਿਆ ਹੋਣਾ।

ਮੈਂ ਨਾਲ ਦੀ ਨਾਲ ਹੁੰਗਾਰਾ ਭਰਦੀ ਨੇ ਉਤਸੁਕਤਾ ਨਾਲ ਪੁੱਛਿਆ,”ਫੇਰ ਕੀ ਹੋਇਆ…?” ” ਬਸ ਫੇਰ ਕੀ ਸੀ, ਮੇਰੇ ਜੋੜਾਂ ‘ਚ ਦਰਦ ਹੋਣ ਲੱਗਿਆ…” ਉਸ ਦੀਆਂ ਅੱਖਾਂ ਭਰ ਆਈਆਂ।

“ਫੇਰ ਡਾਕਟਰ ਨੂੰ ਨੀ ਪੁੱਛਿਆ…?” ਮੈਂ ਉਸ ਨਾਲ ਹਮਦਰਦੀ ਜਿਤਾਉਂਦੇ ਹੋਏ ਪੁੱਛਿਆ। “ਦਿਖਾਇਆ……….ਉਸ ਨੇ ਕਈ ਟੈਸਟ ਲਿਖ ਕੇ ਦਿੱਤੇ ਸੀ…….ਕਰਵਾ ਲਏ ਟੈਸਟ ਤਾਂ ਸਾਰੇ, ਉਹ ਕਹਿੰਦਾ….. ਬਾਕੀ ਤਾਂ ਸਭ ਠੀਕ ਆ…..ਆਹ ਯੂਰਿਕ ਐਸਿਡ ਕਾਫੀ ਵਧਿਆ ਹੋਇਆ।” ਉਹ ਦੱਸਦੀ ਦੱਸਦੀ ਜਾਰ ਜਾਰ ਰੋਣ ਲੱਗੀ। ਮੈਂ ਉਸ ਨੂੰ ਹੌਂਸਲਾ ਦਿੰਦੇ ਹੋਏ ਆਖਿਆ,” ਲੈ ਇਹਦੇ’ਚ ਕਿਹੜੀ ਐਡੀ ਵੱਡੀ ਗੱਲ ਆ….ਇਹਦੀ ਤਾਂ ਤੂੰ ਦਵਾਈ ਲੈ ਲਾ ,ਥੋੜੇ ਦਿਨਾਂ ਵਿੱਚ ਹੀ ਠੀਕ ਹੋ ਜਾਊ।”

ਨਾਲ ਹੀ ਮੈਂ ਦੋ ਤਿੰਨ ਘਰੇਲੂ ਨੁਸਖੇ ਦੱਸ ਦਿੱਤੇ। “ਨਹੀਂ ,ਓਹ ਜਿਹੜੇ ਇਹਨਾਂ ਦੇ ਮਾਮਾ ਜੀ ਇੱਥੇ ਈ ਰਹਿੰਦੇ ਆ,ਉਹ ਵੀ ਹਕੀਮ ਨੇ… ਉਹਨਾਂ ਨੂੰ ਦੱਸਿਆ ਸੀ,ਉਹ ਕਹਿੰਦੇ ਮੈਨੂੰ ਦਿਖਾਓ ਰਿਪੋਰਟਾਂ, ਮੈਂ ਇਹਨਾਂ ਨੂੰ (ਪਤੀ ਨੂੰ) ਨਾਲ ਲੈ ਕੇ ਗਈ ਸੀ।” ਉਹ ਇੱਕ ਦਮ ਗੰਭੀਰ ਮੁਦਰਾ ਵਿੱਚ ਚਲੀ ਗਈ ਤੇ ਫੇਰ ਗਲੇਡੂ ਭਰ ਆਏ। ਮੈਂ ਬੜੀ ਉਤਸੁਕਤਾ ਨਾਲ ਫੇਰ ਪੁੱਛਿਆ,”ਉਹਨਾਂ ਨੇ ਕੀ ਕਿਹਾ ਰਿਪੋਰਟ ਦੇਖ ਕੇ…..?” ਉਸ ਤੋਂ ਬੋਲਿਆ ਨਹੀਂ ਜਾ ਰਿਹਾ ਸੀ,ਰੋਂਦੀ ਰੋਂਦੀ ਬੋਲੀ,” ਉਹ ਕਹਿੰਦੇ……… ਤੈਨੂੰ ਗਠੀਏ ਦੀ ਸ਼ੁਰੂਆਤ ਹੋ ਗਈ ਹੈ।” ਉਸ ਦਾ ਦਿਲ ਐਨਾ ਕਮਜ਼ੋਰ ਹੋ ਚੁੱਕਿਆ ਸੀ ਕਿ ਉਹ ਦੱਸਦੇ ਦੱਸਦੇ ਵਾਰ ਵਾਰ ਰੋ ਰਹੀ ਸੀ।ਪਰ ਮੈਂ ਉਸ ਦੀ ਬਿਮਾਰੀ ਪਹਿਲਾਂ ਹੀ ਭਾਂਪ ਗਈ ਸੀ ਕਿ ਉਹ ਬਿਮਾਰੀ ਨਾਲੋਂ ਜ਼ਿਆਦਾ ਵਹਿਮ ਨਾਲ ਮਾਨਸਿਕ ਤੌਰ ਤੇ ਕਮਜ਼ੋਰ ਹੋ ਗਈ ਸੀ।

ਜਿਵੇਂ ਹੀ ਉਸ ਨੇ ਗਠੀਏ ਦਾ ਨਾਂ ਲਿਆ ਤਾਂ ਮੈਂ ਜ਼ੋਰ ਜ਼ੋਰ ਦੀ ਹੱਸਣ ਲੱਗੀ ਤੇ ਉਸ ਨੂੰ ਆਖਿਆ,” ਬੱਸ ! ਐਨੀ ਕੁ ਗੱਲ ਪਿੱਛੇ ਤੂੰ ਆਪਣਾ ਆਹ ਹਾਲ ਬਣਾਇਆ ਹੋਇਆ ਹੈ?”ਮੇਰਾ ਹਾਸਾ ਨਹੀਂ ਰੁਕ ਰਿਹਾ ਸੀ।

ਮੈਂ ਉਸ ਨੂੰ ਆਖਿਆ ,” ਕਮਲੀਏ,ਇਹ ਤਾਂ ਆਮ ਹੀ ਅੱਧੀਆਂ ਤੋਂ ਵੱਧ ਔਰਤਾਂ ਨੂੰ ਸ਼ਿਕਾਇਤ ਹੋ ਜਾਂਦੀ ਹੈ।ਇਹਦੇ ਵਿੱਚ ਕਿਹੜੀ ਐਡੀ ਵੱਡੀ ਗੱਲ ਹੈ, ਥੋੜ੍ਹਾ ਜਿਹਾ ਡਾਕਟਰ ਤੋਂ ਦਵਾਈ ਲੈ, ਥੋੜ੍ਹਾ ਜਿਹਾ ਪਰਹੇਜ਼ ਕਰ, ਥੋੜ੍ਹਾ ਜਿਹਾ ਘਰੇਲੂ ਉਪਚਾਰ ਕਰ,ਬਸ ਪਾਣੀ ਜ਼ਿਆਦਾ ਪੀ… ਤੂੰ ਹਫ਼ਤੇ ਚ ਨਾ ਪਹਿਲਾਂ ਵਰਗੀ ਠੀਕ ਹੋ ਗਈ।”

ਜਦ ਮੈਂ ਹੱਸਦੀ ਹੱਸਦੀ ਨੇ ਐਨੀਆਂ ਗੱਲਾਂ ਆਖੀਆਂ ਤਾਂ ਉਹਦੇ ਚਿਹਰੇ ਤੇ ਖਿੜਾਓ ਜਿਹਾ ਆ ਗਿਆ।ਉਸ ਦੇ ਅੰਦਰ ਆਸ ਦੀ ਕਿਰਨ ਇਸ ਤਰ੍ਹਾਂ ਜਾਗ ਪਈ ਜਿਵੇਂ ਉਸ ਨੂੰ ਮੈਂ ਨਵੀਂ ਜ਼ਿੰਦਗੀ ਦੇ ਦਿੱਤੀ ਹੋਵੇ। ਉਹ ਦੱਸਣ ਲੱਗੀ ਕਿ ਉਸ ਦੇ ਭਰਾ ਦਾ ,ਭੈਣ ਦਾ ਤੇ ਹੋਰ ਸਾਰੇ ਰਿਸ਼ਤੇਦਾਰਾਂ ਦੇ ਹਾਲ ਪੁੱਛਣ ਨੂੰ ਫੋਨ ਆਉਂਦੇ ਹਨ ਤਾਂ ਉਹਨਾਂ ਨਾਲ ਗੱਲ ਕਰਨ ਤੋਂ ਪਹਿਲਾਂ ਉਸ ਦਾ ਰੋਣਾ ਨਿਕਲ ਜਾਂਦਾ ਹੈ। ਉਹ ਹੱਸਦੀ ਹੱਸਦੀ ਇਹ ਸਭ ਦੱਸ ਰਹੀ ਸੀ । ਮੈਂ ‌‌‌‌‌‌ਉਸ ਦੀ ਬੀਮਾਰੀ ਬਾਰੇ ਦੋ- ਚਾਰ ਮਜ਼ਕ ਕੀਤੇ ਤੇ ਉਸ ਨੂੰ ਅਹਿਸਾਸ ਕਰਵਾਇਆ ਕਿ ਇਹ ਬੀਮਾਰੀ ਤਾਂ ਕੁਛ ਵੀ ਨਹੀਂ, ਅਗਲੇ ਹਫਤੇ ਤੱਕ ਸਭ ਦਰਦ ਦੂਰ ਹੋ ਜਾਣਗੇ।ਉਸ ਦੇ ਚਿਹਰੇ ਦੀ ਰੰਗਤ ਹੀ ਬਦਲ ਗਈ।

ਨਾਲ਼ ਦੇ ਕਮਰੇ ਵਿੱਚ ਉਸ ਦੀ ਸੱਸ ਨੂੰ ਕਿਸੇ ਰਿਸ਼ਤੇਦਾਰ ਦਾ ਫੋਨ ਆਇਆ,ਉਹ ਉਹਨਾਂ ਨੂੰ ਉੱਚੀ ਅਵਾਜ਼ ਵਿੱਚ ਦੱਸ ਰਹੀ ਸੀ,” ਸਾਡੀ ਮਨਜੀਤ ਨੂੰ ਗਠੀਆ ਹੋ ਗਿਆ… ਹੁਣ ਕੀ ਕਰਨਾ ਅਸੀਂ ‌‌‌‌‌‌‌‌‌‌‌‌‌‌‌ਭੈਣੇ ,ਉਮਰ ਭਰ ਲਈ ਰੋਗਣ ਹੋਗੀ…. ਹੋਰ…..ਕੀ ਬਣੂ ਜਵਾਕਾਂ ਦਾ,ਭੋਰਾ ਭੋਰਾ ਜਵਾਕ ਨੇ….।”

ਮਨਜੀਤ ਤੇ ਮੈਂ ਉਸ ਦੀਆਂ ਗੱਲਾਂ ਸੁਣ ਕੇ ਹੱਸ ਹੱਸ ਦੂਹਰੀਆਂ ਹੋ ਰਹੀਆਂ ਸੀ। ਮਨਜੀਤ ਨੇ ਦੱਸਿਆ ਕਿ ਉਸ ਦੀ ਸੱਸ ਨੇ‌ ਸਾਰੇ ਰਿਸ਼ਤੇਦਾਰਾਂ ਨੂੰ ਉਸ ਦੇ ਗਠੀਏ ਦੀ ਬੀਮਾਰੀ ਬਾਰੇ ਦੱਸ ਦਿੱਤਾ ਹੈ।ਉਹ ਆਖਣ ਲੱਗੀ,” ਅੱਜ ਜੇ ਤੁਸੀਂ ਨਾ ਆਉਂਦੇ ਤਾਂ ਮੈਂ ਇੱਕ ਗੱਲ ਅੱਜ ਆਪਣੇ ਪਤੀ ਨੂੰ ਆਖਣੀ ਸੀ । ਮੈਂ ਰਜ਼ਾਈ ਵਿੱਚ ਪਈ ਨਾਲੇ ਰੋ ਰਹੀ ਸੀ ਤੇ ਨਾਲ਼ੇ ਮਨ ਬਣਾ ਲਿਆ ਸੀ ਕਿ ਅੱਜ ਜ਼ਰੂਰ ਆਖ ਦੇਣੀ ਹੈ।”

ਮੈਂ ਪੁੱਛਿਆ,”……ਕੀ ਗੱਲ ਆਖਣੀ ਸੀ ਵਿਚਾਰੇ ਨੂੰ….?” “ਅੱਜ ਮੈਂ ਮਨ ਬਣਾ ਲਿਆ ਸੀ ਕਿ ਉਹਨਾਂ ਨੂੰ ਆਖੂੰਗੀ, ਹੁਣ ਮੇਰੇ ਤੋਂ ਕੋਈ ਕੰਮ ਤਾਂ ਹੋਣਾਂ ਨੀ, ਤੁਸੀਂ ਮੈਨੂੰ ਮੇਰੇ ਪੇਕੇ ਭੇਜ ਦੇਵੋ ਤੇ ਆਪ ਤੁਸੀਂ ਦੂਜਾ ਵਿਆਹ ਕਰਵਾ ਲਓ। ਮੇਰੇ ਕਰਕੇ ਤੁਸੀਂ ਆਪਣੀ ਜ਼ਿੰਦਗੀ ਕਿਉਂ ਬਰਬਾਦ ਕਰਨੀ ਹੈ……?”

ਮਨਜੀਤ ਖੂਬ ਹੱਸਦੇ ਹੋਏ ਇਹ ਗੱਲ ਮੈਨੂੰ ਦੱਸ ਰਹੀ ਸੀ।ਪਰ ਮੇਰੇ ਸਿਰਫ਼ ਹੌਸਲਾ ਦੇਣ ਨਾਲ ਹੀ ਉਹ ਬਿਲਕੁਲ ਠੀਕ ਅਤੇ ਖੁਸ਼ ਲੱਗ ਰਹੀ ਸੀ। ਇੱਕ ਹਫ਼ਤੇ ਬਾਅਦ ਜਦ ਮੈਂ ਉਸ ਨੂੰ ਹਾਲ ਪੁੱਛਿਆ ਤਾਂ ਉਹ ਬਿਲਕੁਲ ਠੀਕ ਸੀ ਤੇ ਆਪਣੇ ਆਪ ਦਾ ਖੁਦ ਹੀ ਮਜ਼ਕ ਉਡਾ ਰਹੀ ਸੀ। ਇਸ ਤਰ੍ਹਾਂ ਕਿਸੇ ਨੂੰ ਵੀ ਆਪਣੀ ਜ਼ਿੰਦਗੀ ਵਿੱਚ ਛੋਟੀ ਮੋਟੀ ਔਕੜ, ਮੁਸੀਬਤ ਜਾਂ ਬੀਮਾਰੀ ਤੋਂ ਘਬਰਾ ਕੇ ਢੇਰੀ ਨਹੀਂ ਢਾਹੁਣੀ ਚਾਹੀਦੀ ਕਿਉਂਕਿ ਜ਼ਿੰਦਗੀ ਰੂਪੀ ਪੰਧ ਵਿੱਚ ਇਹਨਾਂ ਨੂੰ ਛੋਟੇ ਮੋਟੇ ਪੱਥਰ ਸਮਝਕੇ ਠੁੱਡ ਮਾਰਕੇ ਹਟਾਉਂਦੇ ਹੋਏ ਅੱਗੇ ਵਧਦੇ ਰਹਿਣਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ
9988901324

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next articleUN chief highlights cities’ role in promoting global sustainable development