(ਸਮਾਜ ਵੀਕਲੀ)
ਗਰੀਬ ਦਾ ਰੁਪਈਆ (ਵਿਅੰਗ)
ਭਾਰਤ ਵਿੱਚ ਆਰਥਿਕ ਮੰਦਹਾਲੀ ਦੀਆਂ ਖ਼ਬਰਾਂ ਹਰ ਰੋਜ਼ ਆਪਾਂ ਪੜ੍ਹਦੇ ਹਾਂ। ਸੰਨ ਉੱਨੀ ਸੌ ਦੇ ਸੰਤਾਲੀ ਦਾ ਰੁਪਈਆ ਤੇ ਡਾਲਰ ਜੌੜੇ ਭਰਾਵਾਂ ਵਰਗੇ ਸਨ। ਦੋਵੇਂ ਬਰਾਬਰੀ ਦਾ ਰੁਤਬਾ ਰੱਖਦੇ ਸਨ। ਬਸ ਫਰਕ ਸਿਰਫ ਦੇਸ਼ੀ ਅਤੇ ਵਿਦੇਸ਼ੀ ਹੋਣ ਤੱਕ ਦਾ ਹੀ ਸੀ। ਦੇਸ਼ ਅਜ਼ਾਦ ਹੋ ਗਿਆ,ਡਾਲਰ ਅੰਡਾਨੀਆਂ ਅੰਬਾਨੀਆਂ ਵਾਂਗੂ ਅਮੀਰ ਹੋਣ ਲੱਗ ਪਿਆ ਤੇ ਰੁਪਈਆ ਵਿਚਾਰਾ ਆਪਣੇ ਵਾਂਗੂੰ ਗਰੀਬ ਦਾ ਗਰੀਬ ਰਹਿ ਗਿਆ। ਨਾਲ਼ੇ ਫਰਕ ਵੀ ਕੀ ਪੈਂਦਾ ਹੈ , ਆਪਣੀ ਮਹਿਲਾ ਰਾਸ਼ਟਰਪਤੀ ਸਾਹਿਬਾ ਨੇ ਵੀ ਤਾਂ ਇਹੀ ਕਿਹਾ ਕਿ ਰੁਪਈਆ ਗ਼ਰੀਬ ਨਹੀਂ ਹੋ ਰਿਹਾ,ਇਹ ਤਾਂ ਡਾਲਰ ਹੈ ਜੋ ਅਮੀਰ ਹੋ ਰਿਹਾ ਹੈ। ਦੇਖੋ! ਆਪਣੇ ਰਾਸ਼ਟਰਪਤੀ ਸਾਹਿਬਾ ਕਿੰਨੀ ਸਾਕਾਰਾਤਮਕ ਸੋਚ ਰੱਖਦੇ ਹਨ। ਇਹਨਾਂ ਤੋਂ ਸਿੱਖੋ, ਕਿ ਐਵੇਂ ਕਿਸੇ ਨੂੰ ਤਰੱਕੀਆਂ ਕਰਦੇ ਵੇਖ ਕੇ ਸੜਨਾ ਨਹੀਂ ਚਾਹੀਦਾ ਤੇ ਨਾ ਮੁਕਾਬਲਾ ਕਰਨਾ ਚਾਹੀਦਾ, ਸਗੋਂ ਕਿਸੇ ਦੀ ਤਰੱਕੀ ਨੂੰ ਵੇਖ ਕੇ ਖ਼ੁਸ਼ ਹੋਣਾ ਚਾਹੀਦਾ ਹੈ, ਤਾਰੀਫ਼ ਕਰਕੇ ਅਗਲੇ ਦਾ ਹੌਸਲਾ ਵਧਾਉਣਾ ਚਾਹੀਦਾ ਹੈ।
ਡਾਲਰ ਤੇ ਰੁਪਈਆ ਦੋਵੇਂ ਆਪਣੀ ਅਮੀਰੀ ਗਰੀਬੀ ਵਾਲ਼ੀ ਦੌੜ ਜਿੰਨੀਂ ਮਰਜ਼ੀ ਲਾਈ ਜਾਵਣ ਪਰ ਅਮੀਰ ਦੇ ਰੁਪਈਏ ਨਾਲੋਂ ਗਰੀਬ ਦਾ ਰੁਪਈਆ ਸ਼ੁਰੂ ਤੋਂ ਹੀ ਤਾਕਤਵਰ ਰਿਹਾ ਹੈ। ਇੱਥੇ ਮੈਂ ਡਾਲਰ ਦੀ ਗੱਲ ਤਾਂ ਨੀ ਕੀਤੀ ਕਿਉਂਕਿ ਉਹ ਵਿਦੇਸ਼ੀ ਬਾਬੂ ਹੈ। ਆਪਾਂ ਗੱਲ ਦੇਸੀਆਂ ਦੀ ਕਰਨੀ ਹੈ। ਗਰੀਬ ਦੇ ਰੁਪਈਏ ਦਾ ਮੁਕਾਬਲਾ ਅਮੀਰਾਂ ਦੀਆਂ ਤਜੋਰੀਆਂ ਵਿੱਚ ਬੰਦ ਪਿਆ ਕਰੋੜਾਂ ਰੁਪਈਆ ਨਹੀਂ ਕਰ ਸਕਦਾ ਕਿਉਂਕਿ ਅਮੀਰਾਂ ਦੇ ਕਰੋੜਾਂ ਰੁਪਈਆਂ ਨਾਲ ਉਹਨਾਂ ਦੇ ਸ਼ੌਕ ਤਾਂ ਪੂਰੇ ਹੋ ਜਾਂਦੇ ਹਨ ਪਰ ਖਵਾਹਿਸ਼ਾਂ ਪੂਰੀਆਂ ਨਹੀਂ ਹੁੰਦੀਆਂ। ਉਹਨਾਂ ਦੁਆਰਾ ਇੱਕ ਮਹਿੰਗੀ ਗੱਡੀ ਜਾਂ ਘਰ ਜਾਂ ਕੱਪੜੇ ਖਰੀਦਣ ਤੋਂ ਬਾਅਦ ਵੀ ਤਸੱਲੀ ਨਹੀਂ ਹੁੰਦੀ। ਉਹਨਾਂ ਨੂੰ ਆਪਣੀ ‘ ਸਟੇਟਸ ਸੁਸਾਇਟੀ ‘ ਦਾ ਡਰ ਵੱਢ ਵੱਢ ਖਾਂਦਾ ਰਹਿੰਦਾ ਹੈ ਕਿ ਕਿਤੇ ਉੱਥੇ ਜਾ ਕੇ ਬੇਜ਼ਤੀ ਹੀ ਨਾ ਹੋ ਜਾਵੇ। ਜਦ ਮਹਿੰਗੀਆਂ ਤੋਂ ਮਹਿੰਗੀਆਂ ਸੌਗਾਤਾਂ ਖਰੀਦ ਕੇ ਵੀ ਬੇਜ਼ਤੀ ਦਾ ਡਰ ਹੀ ਰਹੇ ਤਾਂ ਉਸ ਰੁਪਈਏ ਦੀ ਕਾਹਦੀ ਤਾਕਤ ਹੋਈ? ਅਮੀਰ ਦਾ ਰੁਪਈਆ ਮਹਿੰਗੀ ਖੁਰਾਕ ਖ਼ਰੀਦਣ ਦੇ ਯੋਗ ਹੋ ਸਕਦਾ ਹੈ ਪਰ ਅਮੀਰ ਦੀਆਂ ਬੀਮਾਰੀਆਂ ਕਾਰਨ ਉਸ ਦੀ ਸੰਘੀ ਤੋਂ ਅਗਾਂਹ ਨਹੀਂ ਉਤਾਰ ਸਕਦਾ।
ਇਸ ਮਾਮਲੇ ਵਿੱਚ ਗਰੀਬ ਦਾ ਰੁਪਈਆ ਆਪਣੇ ਆਪ ਵਿੱਚ ਬਹੁਤ ਮਜ਼ਬੂਤ ਹੁੰਦਾ ਹੈ।ਉਹ ਸਰਦੀਆਂ ਦਿਆਂ ਕੋਰਿਆਂ ਵਿੱਚ ਠਰ ਠਰ ਕੇ ਅਤੇ ਗਰਮੀਆਂ ਦੀਆਂ ਧੁੱਪਾਂ ਦੀਆਂ ਭੱਠੀਆਂ ਵਿੱਚ ਸੜ ਸੜ ਕੇ ਪੱਕਿਆ ਹੋਇਆ ਹੁੰਦਾ ਹੈ। ਗਰੀਬ ਦੇ ਰੁਪਈਏ ਨਾਲ ਉਸ ਦੇ ਬੱਚਿਆਂ ਦੀ ਭੁੱਖ ਮਿਟਦੀ ਹੈ। ਗਰੀਬ ਦਾ ਰੁਪਈਆ ਜਦ ਘਰ ਵਿੱਚ ਆਉਂਦਾਂ ਹੈ ਤਾਂ ਬੁੱਸੇ ਬੁੱਸੇ ਜਿਹੇ ਚਿਹਰਿਆਂ ਤੇ ਰੌਣਕ ਆ ਜਾਂਦੀ ਹੈ। ਗਰੀਬ ਦੇ ਰੁਪਈਏ ਨਾਲ ਖਰੀਦ ਕੇ ਘਟੀਆ ਜਿਹੇ ਬੂਟਾਂ ਦੇ ਜੋੜੇ ਜਦ ਜਵਾਕਾਂ ਦੇ ਪੈਰੀਂ ਪੈਂਦੇ ਹਨ ਤਾਂ ਉਹ ਅਮੀਰਾਂ ਦੇ ਜਵਾਕਾਂ ਦੇ ਬਰੈਂਡਡ ਬੂਟਾਂ ਨੂੰ ਵੀ ਮਾਤ ਪਾਉਂਦੇ ਹਨ। ਗਰੀਬ ਜਦ ਮੇਲੇ ਦੀਆਂ ਰੌਣਕਾਂ ਦਿਖਾਉਣ ਆਪਣੇ ਪਰਿਵਾਰ ਨਾਲ਼ ਮੇਲਿਆਂ ਵਿੱਚ ਜੇਬ ਚੋਂ ਰੁਪਈਆ ਕੱਢ ਕੁੱਛੜ ਚੁੱਕੇ ਮੁੰਡੇ ਨੂੰ ਪੰਜ ਰੁਪਏ ਵਾਲਾ ਕਾਗਜ਼ ਦਾ ਭੌਂਪੂ ਖਰੀਦ ਕੇ ਦਿੰਦਾ ਹੈ ਤਾਂ ਉਸ ਦਾ ਰਾਗ ਕਲੱਬਾਂ ਵਿੱਚ ਵੱਜਣ ਵਾਲ਼ੀਆਂ ਮਹਿੰਗੀਆਂ ਸ਼ਹਿਨਾਈਆਂ ਨੂੰ ਮਾਤ ਪਾਉਂਦਾ ਹੈ।
ਗਰੀਬ ਦਾ ਰੁਪਈਆ ਜਦ ਉਸ ਦੇ ਪਰਿਵਾਰ ਦਾ ਦੋ ਵਕ਼ਤ ਦਾ ਪੇਟ ਭਰਦਾ, ਜਵਾਕਾਂ ਦੀਆਂ ਨਿੱਕੀਆਂ ਨਿੱਕੀਆਂ ਲੋੜਾਂ ਨੂੰ ਪੂਰਾ ਕਰਦਾ ਹੋਇਆ ਜ਼ਮੀਨ ਤੇ ਵਿਛਾਈ ਇੱਕ ਚਟਾਈ ਤੇ ਸਾਰੇ ਪਰਿਵਾਰ ਦੀ ਗੂੜ੍ਹੀ ਸਕੂਨ ਭਰੀ ਨੀਂਦ ਵਿੱਚੋਂ ਝਲਕਦਾ ਹੈ ਤਾਂ ਉਸ ਦੀ ਕੀਮਤ ਦਾ ਮੁਕਾਬਲਾ ਦੁਨੀਆ ਦੀ ਕੋਈ ਮਹਿੰਗੀ ਤੋਂ ਮਹਿੰਗੀ ਸ਼ੈਅ ਨਹੀਂ ਕਰ ਸਕਦੀ।ਇਸ ਲਈ ਗਰੀਬ ਦਾ ਰੁਪਈਆ ਸ਼ੁਰੂ ਤੋਂ ਹੀ ਬਹੁਤ ਮਜ਼ਬੂਤ ਰਿਹਾ ਹੈ ਅਤੇ ਮਜ਼ਬੂਤ ਰਹਿਣਾ ਹੈ ਕਿਉਂਕਿ ਉਸ ਵਿੱਚ ਮਿਹਨਤ ਸਬਰ ਤੇ ਸੰਤੋਖ ਹੁੰਦਾ ਹੈ। ਆਪਣੇ ਜੀਵਨ ਵਿੱਚ ਵੀ ਦੇ ਸਬਰ ਸੰਤੋਖ ਵਾਲਾ ਗੁਣ ਆ ਜਾਏ ਤਾਂ ਆਪਣਾ ਰੁਪਈਆ ਵੀ ਮਜ਼ਬੂਤ ਹੋ ਜਾਵੇਗਾ। ਇਹ ਗੁਣ ਧਾਰਨੀ ਬਣਨਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ
9988901324
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly