(ਸਮਾਜ ਵੀਕਲੀ)
ਰਣਦੀਪ ਸਾਰੇ ਭੈਣ ਭਰਾਵਾਂ ਵਿਚੋਂ ਵੱਡਾ ਸੀ। ਜਦ ਕਿਤੇ ਸਾਰੇ ਭੈਣ ਭਰਾ ਇਕੱਠੇ ਬੈਠੇ ਹੁੰਦੇ ਤਾਂ ਉਹ ਆਪਣੇ ਛੋਟੇ ਦੋ ਭਰਾਵਾਂ ਅਤੇ ਦੋ ਭੈਣਾਂ ਨੂੰ ਆਪਣੇ ਸਕੂਲ ਦੀਆਂ ਗੱਲਾਂ ਸੁਣਾਉਂਦਾ ਤਾਂ ਸਾਰੇ ਜਾਣੇ ਉਸ ਨੂੰ ਬੜੀ ਉਤਸੁਕਤਾ ਨਾਲ ਸੁਣਦੇ। ਅੱਜ ਵੀ ਉਹ ਬੈਠਾ ਬੈਠਾ ਇੱਕ ਆਪਬੀਤੀ ਸੁਣਾਉਣ ਲੱਗਿਆ। ਉਹ ਦੱਸਦਾ ਹੈ ਕਿ ਉਹ ਛੇਵੀਂ ਜਮਾਤ ਵਿੱਚ ਪੜ੍ਹਦਾ ਸੀ। ਪੇਪਰਾਂ ਵਿੱਚ ਥੋੜ੍ਹੇ ਦਿਨ ਹੀ ਰਹਿ ਗਏ ਸਨ। ਉਸ ਦੀ ਟੀਚਰ ਨੇ ਚਪੜਾਸੀ ਨੂੰ ਭੇਜ ਕੇ ਉਸ ਦੀ ਬੀਬੀ ਨੂੰ ਸਕੂਲ ਬੁਲਾਇਆ।ਘਰ ਸਕੂਲ ਦੇ ਨੇੜੇ ਹੋਣ ਕਰਕੇ ਸਾਰੇ ਅਧਿਆਪਕਾਂ ਨਾਲ ਉਹਨਾਂ ਦੇ ਮਾਤਾ ਪਿਤਾ ਦੀ ਘਰ ਵਾਲੀ ਗੱਲ ਹੀ ਸੀ।
ਬੀਬੀ ਜੀ ਜਿਵੇਂ ਹੀ ਸਕੂਲ ਆਏ ਤਾਂ “ਭੈਣ ਜੀ” ਨੇ ਉਸ ਦੇ ਵਧੀਆ ਨਾ ਪੜ੍ਹਨ ਬਾਰੇ ਸ਼ਿਕਾਇਤਾਂ ਦੀ ਝੜੀ ਲਾ ਦਿੱਤੀ। ਉਦੋਂ ਕਿਹੜਾ ਅੱਜ ਕੱਲ੍ਹ ਵਾਂਗ ਮਾਨਸਿਕ ਤੌਰ ਤੇ ਜਵਾਕਾਂ ਦੀ ਇੱਜ਼ਤ ਨੂੰ ਠੇਸ ਪਹੁੰਚਣ ਵਾਲੀ ਕੋਈ ਗੱਲ ਹੁੰਦੀ ਸੀ ਤੇ ਨਾ ਹੀ ਜਵਾਕ ਕੋਈ ਬਹੁਤੀ ਬੇਜ਼ਤੀ ਮਹਿਸੂਸ ਕਰਦੇ ਸਨ। ਬੀਬੀ ਜੀ ਨੂੰ ਉਹਦੀਆਂ ਸ਼ਿਕਾਇਤਾਂ ਤੇ ਗੁੱਸਾ ਆਉਂਦੇ ਹੀ ਜਮਾਤ ਦੇ ਸਾਰੇ ਬੱਚਿਆਂ ਸਾਹਮਣੇ ਦੋ ਤਿੰਨ ਕਰਾਰੀਆਂ ਕਰਾਰੀਆਂ ਚਪੇੜਾਂ ਮੂੰਹ ਤੇ ਜੜ ਦਿੱਤੀਆਂ, ਕੰਨਾਂ ਚੋਂ ਸੇਕ ਨਿਕਲਣ ਲੱਗ ਪਿਆ। ਰਣਦੀਪ ਨੂੰ ਭੈਣ ਜੀ ਤੇ ਗੁੱਸਾ ਤਾਂ ਬਹੁਤ ਆਵੇ ਪਰ ਕਰ ਵੀ ਕੀ ਸਕਦਾ ਸੀ।
ਛੇਵੀਂ ਦੇ ਪੇਪਰ ਹੋ ਗਏ,31 ਮਾਰਚ ਨੂੰ ਰਿਜਲਟ ਆਇਆ ਤਾਂ ਉਸ ਦਾ ਦੋਸਤ ਸਾਰੇ ਵਿਸ਼ਿਆਂ ਵਿੱਚੋਂ ਫਸਟ,ਹਰ ਵਿਸ਼ੇ ਵਿੱਚ ਫਸਟ ਆਉਣ ਵਾਲੇ ਨੂੰ ਸਟੇਜ ਤੇ ਬੁਲਾ ਕੇ ਇਨਾਮ ਦਿੱਤਾ ਜਾ ਰਿਹਾ ਸੀ,ਉਸ ਦਾ ਮਿੱਤਰ ਹਰਜੋਤ ਵਾਰ ਵਾਰ ਸਟੇਜ ਤੇ ਚੜ੍ਹ ਕੇ ਇਨਾਮ ਲੈ ਰਿਹਾ ਸੀ ,ਇਸ ਦਾ ਦਿਲ ਉਸ ਨੂੰ ਦੇਖ ਦੇਖ ਕੇ ਉਛਾਲੇ ਮਾਰ ਰਿਹਾ ਸੀ,ਪਰ ਕਰ ਵੀ ਕੀ ਸਕਦਾ ਸੀ। ਇਹ ਤਾਂ ਚੱਲ ਪਾਸ ਹੋ ਗਿਆ, ਏਨਾ ਹੀ ਬਹੁਤ ਸੀ। ਪਰ ਰਣਦੀਪ ਨੂੰ ਮਹੀਨਾ ਪਹਿਲਾਂ ਵਾਲੀ ਗੱਲ ਤੇ ਭੈਣ ਜੀ ਤੇ ਗੁੱਸਾ ਬਹੁਤ ਆਉਂਦਾ।ਉਸ ਨੇ ਸੱਤਵੀਂ ਵਿੱਚ ਭੈਣ ਜੀ ਦੀ ਸ਼ਿਕਾਇਤ ਵਾਲੀ ਗੱਲ ਪਹਿਲਾਂ ਹੀ ਚਿੱਤ ਵਿੱਚ ਵਸਾ ਲਈ ਸੀ।
ਸੱਤਵੀਂ ਜਮਾਤ ਵਿੱਚ ਰਣਦੀਪ ਦਾ ਧਿਆਨ ਹਰ ਵੇਲੇ ਪੜ੍ਹਾਈ ਵਿੱਚ ਲੱਗਿਆ ਰਹਿੰਦਾ। ਸੱਤਵੀਂ ਜਮਾਤ ਵਿੱਚ ਤਿਮਾਹੀ ਤੇ ਛਿਮਾਹੀ ਪੇਪਰਾਂ ਵਿੱਚ ਉਸ ਦੇ ਪਹਿਲਾਂ ਨਾਲੋਂ ਵੱਧ ਨੰਬਰ ਆਏ ਸਨ ਤਾਂ ਉਸ ਦੀ ਜਾਨ ਵਿੱਚ ਜਾਨ ਆਈ ਤੇ ਰੱਬ ਦਾ ਸ਼ੁਕਰ ਮਨਾ ਰਿਹਾ ਸੀ ਕਿ ਇਸ ਵਾਰ ਬੀਬੀ ਤੋਂ ਜਮਾਤੀਆਂ ਸਾਹਮਣੇ ਕੁੱਟ ਨਹੀਂ ਪਈ ਸੀ। ਹੁਣ ਸਲਾਨਾ ਇਮਤਿਹਾਨ ਵੀ ਆ ਗਏ। ਰਣਦੀਪ ਨੇ ਬਿਨਾਂ ਸੋਚੇ ਸਮਝੇ ਐਨੀ ਮਿਹਨਤ ਕੀਤੀ ਕਿ ਉਹ ਵੀ ਆਪਣੇ ਦੋਸਤ ਹਰਜੋਤ ਵਾਂਗ ਹਰ ਵਿਸ਼ੇ ਵਿੱਚ ਇਨਾਮ ਜਿੱਤਣਾ ਚਾਹੁੰਦਾ ਸੀ।ਰਿਜ਼ਲਟ ਦਾ ਦਿਨ ਵੀ ਆ ਗਿਆ।ਜਦ ਰਿਜ਼ਲਟ ਸੁਣਾਇਆ ਗਿਆ ਤਾਂ ਰਣਦੀਪ ਸਾਰੇ ਸੈਕਸ਼ਨਾਂ ਵਿੱਚੋਂ ਫਸਟ ਘੋਸ਼ਿਤ ਹੋਇਆ।ਉਹ ਸੋਚਦਾ ਕਿ ਹੁਣ ਉਸ ਨੂੰ ਸਟੇਜ ਤੇ ਬੁਲਾ ਕੇ ਇਨਾਮ ਦੇਣਗੇ।ਪਰ ਅਜਿਹਾ ਨਹੀਂ ਹੋਇਆ। ਸਾਰੇ ਵਿਸ਼ਿਆਂ ਵਿੱਚੋਂ ਫਸਟ ਆਉਣ ਤੇ ਰਣਦੀਪ ਦਾ ਵਾਰ ਵਾਰ ਸਟੇਜ ਤੇ ਨਾਂ ਗੂੰਜ ਰਿਹਾ ਸੀ ਪਰ ਕਿਸੇ ਕਾਰਨ ਕਰਕੇ ਸਕੂਲ ਪ੍ਰਬੰਧਕਾਂ ਵੱਲੋਂ ਇਸ ਵਾਰ ਇਨਾਮ ਨਹੀਂ ਦਿੱਤੇ ਗਏ ਸਨ।
ਰਣਦੀਪ ਆਪਣੇ ਸਾਰੇ ਭੈਣ ਭਰਾਵਾਂ ਨੂੰ ਆਪਣੀ ਕਹਾਣੀ ਦੱਸਦੇ ਹੋਏ ਹੱਸ ਰਿਹਾ ਸੀ ਕਿ ਉਸ ਦਿਨ ਚਾਹੇ ਮੇਰਾ ਨਾਂ ਗੂੰਜ ਰਿਹਾ ਸੀ, ਪਰ ਮੈਨੂੰ ਸਟੇਜ ਤੇ ਬੁਲਾ ਕੇ ਇਨਾਮ ਨਾ ਦੇਣ ਤੇ ਵੀ ਓਨੀ ਬੇਜ਼ਤੀ ਹੀ ਮਹਿਸੂਸ ਹੋ ਰਹੀ ਸੀ ਜਿੰਨੀ ਭੈਣ ਜੀ ਦੀ ਸ਼ਿਕਾਇਤ ਲਾਉਣ ਤੇ ਬੀਬੀ ਦੀਆਂ ਚਪੇੜਾਂ ਨਾਲ ਹੋਈ ਸੀ। ਬੀਬੀ ਦੀਆਂ ਚਪੇੜਾਂ ਤੇ ਨਾਂ ਗੂੰਜਣ ਤੇ ਵੱਜਣ ਵਾਲ਼ੀਆਂ ਤਾੜੀਆਂ ਦੀ ਅਵਾਜ਼ ਇੱਕੋ ਜਿਹੀ ਲੱਗ ਰਹੀ ਸੀ। ਉਹ ਹੱਸਦਾ ਹੋਇਆ ਦੱਸਦਾ ,” ਮੈਂ ਓਥੇ ਬੈਠੇ ਨੇ ਹੀ ਸੋਚ ਲਿਆ,”ਭੈਣ ਜੀ ਦੀ ਐਸੀ ਦੀ ਤੈਸੀ,ਉਹ ਚਾਹੇ ਮੇਰੇ ਬੀਬੀ ਕੋਲੋਂ ਕੁੱਟ ਪੁਆਵੇ ਜਾਂ ਇਨਾਮ ਦੇਣ ਲਈ ਸਟੇਜ ਤੇ ਨਾ ਬੁਲਾਵੇ… ਮੈਂ ਤਾਂ ਪੜੂੰਗਾ ਹੀ ਪੜੂੰਗਾ । ਬਸ ਫੇਰ ਕੀ ਸੀ ਮੈਂ ਹਰ ਸਾਲ ਸਾਰੇ ਸੈਕਸ਼ਨਾਂ ਵਿੱਚੋਂ ਫਸਟ ਆਉਂਦਾ ਆਉਂਦਾ ਅੱਜ ਅਫ਼ਸਰ ਬਣ ਗਿਆ ਹਾਂ।”
ਫੇਰ ਉਹ ਆਪਣੇ ਭੈਣ ਭਰਾਵਾਂ ਨੂੰ ਸਿੱਖਿਆ ਦਿੰਦਾ ਕਿ ਜਦ ਇਰਾਦਾ ਪੱਕਾ ਕਰ ਲਵੇ ਤਾਂ ਸਫ਼ਲਤਾ ਦਾ ਮਿਲਣਾ ਹੀ ਅਸਲੀ ਇਨਾਮ ਹੁੰਦਾ ਹੈ। ਦਿ੍ੜ ਇਰਾਦੇ ਨਾਲ ਅੱਗੇ ਵਧਦੇ ਰਹਿਣਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ
9988901324
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly