ਸੋਚ ਵਪਾਰੂ

(ਸਮਾਜ ਵੀਕਲੀ)

ਸੌਦੇ ਹੀ ਬੱਸ ਕਰਦਾ ਰਹਿੰਦਾ, ਜਿਸਦੀ ਸੋਚ ਵਪਾਰੂ ਹੋਵੇ |
ਟਕੇ ਟਕੇ ‘ਤੇ ਮਰਦਾ ਰਹਿੰਦਾ,ਜਿਸਦੀ ਸੋਚ ਵਪਾਰੂ ਹੋਵੇ |

ਭਰਿਆਂ ਨੂੰ ਹੀ ਭਰਦਾ ਰਹਿੰਦਾ, ਜਿਸਦੀ ਸੋਚ ਵਪਾਰੂ ਹੋਵੇ,
ਨਾ ਉਹ ਨਾਰੀ ਨਰ ਦਾ ਰਹਿੰਦਾ, ਜਿਸਦੀ ਸੋਚ ਵਪਾਰੂ ਹੋਵੇ |

ਮੁਰਦੇ ਵਾਂਗੂੰ ਤਰਦਾ ਰਹਿੰਦਾ, ਜਿਸਦੀ ਸੋਚ ਵਪਾਰੂ ਹੋਵੇ,
ਖੁਦ ਤੋਂ ਖੁਦ ਹੀ ਡਰਦਾ ਰਹਿੰਦਾ,ਜਿਸਦੀ ਸੋਚ ਵਪਾਰੂ ਹੋਵੇ |

ਜਿਸਮਾਂ ਦੀ ਮੰਡੀ ਦੇ ਅੰਦਰ, ਉਸਦੀ ਖਾਤਰ ਹੋਰ ਬਥੇਰੇ ,
ਕੋਮਲ ਕਲੀਆਂ ਚਰਦਾ ਰਹਿੰਦਾ, ਜਿਸਦੀ ਸੋਚ ਵਪਾਰੂ ਹੋਵੇ |

ਕਰਮ ਕੁਚੱਜੇ ਕਰਨਾ ਉਸਦੀ, ਫਿਤਰਤ ਦਾ ਇਕ ਹਿੱਸਾ ਹੋਇਆ,
ਪਾਉਂਦਾ ਸੌ ਸੌ ਪਰਦਾ ਰਹਿੰਦਾ, ਜਿਸਦੀ ਸੋਚ ਵਪਾਰੂ ਹੋਵੇ |

ਉਸਤੋਂ ਵੱਡਾ ਸ਼ਾਤਿਰ ਕਿਹੜਾ,ਮਿਰਚ ਮਿਲਾਕੇ ਮੱਲਮਾਂ ਦੇ ਵਿਚ,
ਜ਼ਖ਼ਮਾਂ ਉੱਤੇ ਧਰਦਾ ਰਹਿੰਦਾ, ਜਿਸਦੀ ਸੋਚ ਵਪਾਰੂ ਹੋਵੇ |

‘ਬੋਪਾਰਾਏ’ ਨੂੰ ਜੋ ਵੇਖੇ, ਜ਼ਰਬਾਂ ਤੇ ਤਕਸੀਮਾਂ ਕਰ- ਕਰ,
ਉਹ ਤਾਂ ਘਾਟ ਨ ਘਰਦਾ ਰਹਿੰਦਾ, ਜਿਸਦੀ ਸੋਚ ਵਪਾਰੂ ਹੋਵੇ |

ਭੁਪਿੰਦਰ ਸਿੰਘ ਬੋਪਾਰਾਏ
ਸੰਗਰੂਰ – 148001
ਮੋ. 97797 91442

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਤਿ ਸ੍ਰੀ ਅਕਾਲ
Next articleਪਹਿਲਾਂ ਹੁਨਰ ਜ਼ਰੂਰੀ ਜਾਂ ਵਿਆਹ