ਉਹਨਾਂ ਸ਼ਰਮ ਦੀ ਲੋਈ ਲਾਹ ਦਿੱਤੀ! ਇਹਨਾਂ ਪੀਲ਼ੀ ਚੁੰਨੀ ਸਿਰ ਧਰ ਲਈ !!

ਸਾਹਿਬ ਸਿੰਘ

(ਸਮਾਜ ਵੀਕਲੀ)

ਕੋਝਾ ਦ੍ਰਿਸ਼ : ਦੇਸ਼ ਦੀਆਂ ਸੱਤ ਧੀਆਂ ਨਾਲ ਧੱਕਾ ਹੋਇਆ.. ਉਨ੍ਹਾਂ ਅਵਾਜ਼ ਉਠਾਈ.. ਇਨਸਾਫ਼ ਦੀ ਮੰਗ ਕੀਤੀ.. ਤੇ ਅੱਜ ਹਕੂਮਤ ਨੇ ਉਹਨਾਂ ਨੂੰ ਇਨਸਾਫ ਦੇ ਦਿੱਤਾ!!.. ਜਦੋਂ ਇੱਕ ਪਾਸੇ ਦੇਸ਼ ਦੇ ਨਵੇਂ ਸੰਸਦ ਭਵਨ ਦਾ ਉਦਘਾਟਨ ਹੋ ਰਿਹਾ ਸੀ..ਦੂਜੇ ਪਾਸੇ ਜੰਤਰ-ਮੰਤਰ ਵਿਖੇ ਇਨਸਾਫ਼ ਮੰਗਦੀਆਂ ਧੀਆਂ ਦਾ ਟੈਂਟ ਉਖਾੜਿਆ ਜਾ ਰਿਹਾ ਸੀ ..ਪਹਿਲਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ..ਸੰਸਦ ਭਵਨ ‘ਚ ਜਸ਼ਨ ਚੱਲ ਰਿਹੈ!..ਜਿਸ ਸੰਸਦ ਭਵਨ ਵਿਚ ਬੈਠ ਕੇ ਲੋਕਾਂ ਦੇ ਚੁਣੇ ਹੋਏ ਸੰਸਦਾਂ ਨੇ ਲੋਕਾਂ ਵਾਸਤੇ ਫ਼ੈਸਲੇ ਲੈਣੇ, ਉਥੇ ਪਹਿਲੇ ਦਿਨ ਹੀ ਆਹ ਫੈਸਲਾ!!..ਵਿਅੰਗ ਦਾ ਨੰਗਾ ਨਾਚ ਹੋ ਰਿਹੈ!!..ਜੋ ਗੁੰਡੇ ਅਨਸਰ ਨੂੰ ਸਜ਼ਾ ਮੰਗ ਰਹੀਆਂ ਸਨ..ਉਹਨਾਂ ਨੂੰ ਹੀ ਸਜ਼ਾ ਦੇ ਦਿਤੀ ਗਈ ਹੈ!

ਦ੍ਰਿਸ਼ ਦੇ ਆਰ ਪਾਰ : ਪਿੰਡਾਂ ਵਿੱਚ ਇੱਕ ਆਮ ਪ੍ਰਚਲਿਤ ਧਾਰਨਾ ਰਹੀ ਹੈ.. ਪਿੰਡ ਦਾ ਕੋਈ ਬੰਦਾ ਡਾਕਾ ਮਾਰ ਲਵੇ, ਚੋਰੀ ਕਰ ਲਵੇ,ਕਤਲ ਕਰ ਦਵੇ..ਤਾਂ ਵੀ ਉਹਦੇ ਸਕੇ ਸੰਬੰਧੀ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਨੇ..ਪਰ ਜੇ ਕੋਈ ਬਦਫੈਲੀ ਕਰ ਜਾਵੇ, ਕਿਸੇ ਦੀ ਧੀ ਭੈਣ ਨਾਲ ਧੱਕਾ ਕਰ ਦੇਵੇ..ਤਾਂ ਉਸਦਾ ਪਰਵਾਰ ਤੇ ਸਕੇ-ਸਬੰਧੀ ਵੀ ਉਸ ਨਾਲੋਂ ਨਾਤਾ ਤੋੜ ਲੈਂਦੇ ਹਨ.. ਭਾਵੇਂ ਵਕਤੀ ਤੌਰ ‘ਤੇ ਹੀ ਸਹੀ!.. ਪਰ ਹਕੂਮਤ ਏਨੀ ਮੂੰਹ ਜ਼ੋਰ ਹੋ ਗਈ ਹੈ.. ਬੇਸ਼ਰਮ ਹੋ ਗਈ ਹੈ.. ਬਲਾਤਕਾਰੀਆਂ ਨੂੰ ਬਚਾਇਆ ਜਾ ਰਿਹਾ ਹੈ… ਜ਼ਖਮ ਸਹਿੰਦੀਆਂ ਕੁੜੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹੈ!..ਗੁੰਡਾਗਰਦੀ ਹੋਰ ਕਿਸਨੂੰ ਕਹਿੰਦੇ ਨੇ..!..ਇਹ ਹਕੂਮਤ ਨਹੀਂ , ਗੁੰਡਿਆਂ ਦੀ ਸਲਤਨਤ ਹੈ..ਅਸੀਂ ਥੁੱਕਦੇ ਹਾਂ ਐਹੋ ਜਿਹੇ ਰਾਜ ‘ਤੇ, ਜਿਥੇ ਨਿਆਂ ਮੰਗਦੀਆਂ ਧੀਆਂ ਨੂੰ ਡੰਡਾ ਦਿਖਾਇਆ ਜਾ ਰਿਹੈ!..ਇਹ ਹੰਕਾਰ ਦੀ ਅੱਤ ਹੈ!

ਪੂਰਵ ਦ੍ਰਿਸ਼ : ਵਿਨੇਸ਼ ਫੋਗਾਟ ਨੂੰ ਸਵਾਲ ਕੀਤਾ ਜਾਂਦੈ..”ਪਹਿਲਾਂ ਕਿਉਂ ਨਹੀਂ ਬੋਲੀਆਂ ?”..ਵਿਨੇਸ਼ ਦਾ ਜਵਾਬ ਰੌੰਗਟੇ ਖੜ੍ਹੇ ਕਰਨ ਵਾਲਾ..” ਕੀ ਤੁਸੀਂ ਨਹੀਂ ਜਾਣਦੇ ਕਿ ਅਸੀਂ ਕਿਸ ਪਿੱਠਭੂਮੀ ਤੋਂ ਆਈਆਂ ..ਕੀ ਤੁਹਾਨੂੰ ਨਹੀਂ ਪਤੈ ਕਿ ਜਿਸ ਸਮਾਜ ਵਿਚ ਅਸੀਂ ਜੀ ਰਹੀਆਂ ,ਉਥੇ ਆਪਣੇ ਨਾਲ ਹੋ ਰਹੇ ਧੱਕੇ ਬਾਰੇ ਬੋਲਣਾ ਕਿਨਾ ਡਰਾਵਣਾ ਹੈ..!”..ਉਹਨਾਂ ਕੁੜੀਆਂ ਨੂੰ ਵਕਤ ਲੱਗਾ..ਉਸ ਭੈਅ ਤੋਂ ਮੁਕਤ ਹੋਣ ਲਈ ..ਹੁਣ ਉਹ ਖੜ੍ਹੀਆਂ ਨੇ..ਚੱਟਾਨ ਵਾਂਗ!

ਤਸੱਲੀ ਵਾਲਾ ਦ੍ਰਿਸ਼ : ਇਸ ਸਭ ਕੁਝ ਦੇ ਸਮਾਨੰਤਰ ਅੱਜ ਮੁਹਾਲੀ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਬੈਨਰ ਹੇਠ ਬੀਬੀਆਂ ਦਾ ਇੱਕ ਵਿਸ਼ਾਲ ਇਕੱਠ ਹੋਇਆ..ਇਹ ਇਕੱਠ ਇਤਿਹਾਸਕ ਹੋ ਨਿਬੜਿਆ.. ਪੀਲ਼ੀਆਂ ਚੁੰਨੀਆਂ ਵਾਲ਼ੀਆਂ ਹਜ਼ਾਰਾਂ ਬੀਬੀਆਂ ਸੱਤਾ ਨੂੰ ਵੰਗਾਰ ਰਹੀਆਂ ਸਨ.. ਸਧਾਰਨ ਪਿੰਡਾਂ ਤੋਂ ਆਈਆਂ ਬੀਬੀਆਂ ਮੰਚ ਤੋਂ ਇਕ ਇਕ ਸ਼ਬਦ ਚਿਣ ਕੇ ਰੋਹਲੇ ਵਾਕ ਸਿਰਜ ਰਹੀਆਂ ਸਨ.. ਮਨਰੇਗਾ ਦੀ ਦਿਹਾੜੀ ਕਰਨ ਵਾਲੀਆਂ ਔਰਤਾਂ ਧੱਕੜ ਮਾਨਸਿਕਤਾ ਦੀਆਂ ਪਰਤਾਂ ਫਰੋਲ ਰਹੀਆਂ ਸਨ..ਇਹ ਦ੍ਰਿਸ਼ ਤਸੱਲੀ ਦਿੰਦਾ ਹੈ !..ਸਾਡੀਆਂ ਮਾਵਾਂ ਭੈਣਾਂ ਧੀਆਂ ਅੱਗ ਦਾ ਦਰਿਆ ਪਾਰ ਕਰ ਕੇ ਆਈਆਂ ਹਨ..ਹੁਣ ਇਹਨਾਂ ਦੀ ਸੁਣੋ ਸੱਤਾ ਜੀ!!

ਇਸ ਇਕੱਠ ਵਿਚ ਬਹੁਤ ਕੁਝ ਬੋਲਿਆ ਗਿਆ.. ਪਰ ਦੋ ਬੁਲਾਰਿਆਂ ਦੀਆਂ ਕਮਾਲ ਦੀਆਂ ਟਿੱਪਣੀਆਂ ਮੇਰੇ ਮਨ-ਮਸਤਕ ‘ਤੇ ਛਪ ਗਈਆਂ.. ਭਾਅ ਗੁਰਸ਼ਰਨ ਸਿੰਘ ਦੀ ਧੀ ਡਾਕਟਰ ਅਰੀਤ ਨੇ ਲਗਭਗ ਰੋੰਦਿਆਂ ਕਿਹੈ ,” ਐ ਬ੍ਰਿਜ ਭੂਸ਼ਨ..ਤੇਰੇ ਕੋਲ ਤਾਕਤ ਐ..ਪਰ ਤੂੰ ਰਾਵਣ ਵਾਂਗ ਹੰਕਾਰਿਆ ਹੋਇਆ ਹੈਂ..ਤੇਰਾ ਹੰਕਾਰ ਅਸੀਂ ਤੋੜਾਂਗੀਆਂ!”..ਮੈਂ ਮੰਚ ਦੇ ਖੱਬੇ ਬੈਠਾ ਅਰੀਤ ਵਲ ਦੇਖ ਰਿਹਾ ਸੀ..ਉਸਦਾ ਪੂਰਾ ਧੜ ਬੋਲ ਰਿਹਾ ਸੀ!..ਪਹਿਲਵਾਨ ਕੁੜੀਆਂ ਨਾਲ ਹੋਏ ਧੱਕੇ ਨੇ ਸੰਵੇਦਨਸ਼ੀਲ ਇਨਸਾਨਾਂ ਨੂੰ ਕਿਸ ਹੱਦ ਤਕ ਝੰਜੋੜਿਆ ਹੈ, ਅਰੀਤ ਦੀ ਸਰੀਰਕ ਭਾਸ਼ਾ ਉਸਦਾ ਪ੍ਰਮਾਣ ਪੇਸ਼ ਕਰ ਰਹੀ ਸੀ!

ਦੂਜੀ ਟਿੱਪਣੀ ਜੁਗਿੰਦਰ ਸਿੰਘ ਉਗਰਾਹਾਂ ਵਲੋਂ …ਉਹ ਸਵਾਲ ਕਰਦਾ ਹੈ,” ਅਸੀਂ ਪਹਿਲਵਾਨ ਕੁੜੀਆਂ ਨੂੰ ਕੀ ਸਮਝਦੇ ਹਾਂ ..ਨਵਸ਼ਰਨ ਨੂੰ ਕੀ ਸਮਝਦੇ ਹਾਂ ..ਕੀ ਨਾਤਾ ਸਾਡਾ ਇਹਨਾਂ ਨਾਲ?”..ਜਵਾਬ ਦੇਣ ਤੋਂ ਪਹਿਲਾਂ ਫਿਰ ਇਕ ਸਵਾਲ ਕਰਦਾ ਹੈ,” ਭਲਵਾਨੀ..ਕੁਸ਼ਤੀ ਜਿਹੀਆਂ ਖੇਡਾਂ ਕਿਹਨਾਂ ਦੇ ਜੁਆਕ ਖੇਡਦੇ ਨੇ?”..ਆਮ ਘਰਾਂ ਦੇ..ਕਿਰਤੀ ਪਰਿਵਾਰਾਂ ਦੇ..ਫਿਰ ਉਹ ਕਿਸਾਨ ਮਜ਼ਦੂਰ ਦਾ ਖਿਡਾਰੀਆਂ ਕਲਾਕਾਰਾਂ ਸਾਹਿਤਕਾਰਾਂ ਬੁੱਧੀਜੀਵੀਆਂ ਤੇ ਹੋਰ ਵਰਗਾਂ ਨਾਲ ਨਾਤਾ ਪ੍ਰੀਭਾਸ਼ਿਤ ਕਰਦਾ ਹੈ..ਮੈਂ ਨਿਸ਼ਚਿੰਤ ਹੋ ਜਾਂਦਾ ਹਾਂ ” ਇਹ ਜੋ ਕੋਨੇ ਕੋਨੇ ਤੋਂ ਚੱਲ ਕੇ ਆਏ ਹਨ..ਜਾਣਦੇ ਹਨ ਕਿ ਕਿਉਂ ਆਏ ਹਾਂ ..ਸਮਝਦੇ ਹਨ ਕਿ ਕਿਉਂ ਆਉਣੈ ਚਾਹੀਦੈ..ਦੱਸ ਰਹੇ ਹਨ ਕਿ ਕਿਉਂ ਬੋਲਣਾ ਚਾਹੀਦੈ!”

ਇਨਸਾਫ ਦੀ ਜੰਗ ਜਾਰੀ ਹੈ..ਨਾਇਕ ਖਲਨਾਇਕ ਸਪਸ਼ਟ ਹੋ ਰਹੇ ਹਨ..ਜ਼ਿੰਦਗੀ ਦਾ ਰੰਗਮੰਚ ਤਪ ਰਿਹਾ ਹੈ!. ਕੁੱਝ ਵਾਪਰੇਗਾ..ਆਓ ਇਸਦਾ ਹਿੱਸਾ ਬਣੀਏ..ਤੇ ਇਹਨਾਂ ਮਾਵਾਂ ਭੈਣਾਂ ਧੀਆਂ ਸੰਗ ਤੁਰੀਏ..ਉਹਨਾਂ ਸ਼ਰਮ ਦੀ ਲੋਈ ਲਾਹ ਦਿਤੀ ਹੈ..ਇਹਨਾਂ ਸੰਘਰਸ਼ੀ ਦੁਪੱਟਾ ਸਜਾ ਲਿਆ ਹੈ!..ਤੁਸੀਂ ਕਿਸ ਪਾਸੇ ਹੋ..ਫੈਸਲੇ ਦੀ ਘੜੀ ਹੈ!
ਬੀਬੀਆਂ ਦੇ ਕਾਫ਼ਲੇ ‘ਚ ਸ਼ਾਮਲ

ਸਾਹਿਬ ਸਿੰਘ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੇਰਾ ਜਿਗਰੀ ਦੋਸਤ
Next articleਭਲਵਾਨ ਕੁੜੀਆਂ ਨਾਲ ਜਬਰ ਜਨਾਹ