ਇਹਨਾਂ/ਉਹਨਾਂ ਅਤੇ ਕਿਸ/ਕਿਨ੍ਹਾਂ/ਜਿਨ੍ਹਾਂ ਆਦਿ ਸ਼ਬਦਾਂ ਦੇ ਸ਼ੁੱਧ ਸ਼ਬਦ-ਰੂਪ ਕੀ ਹਨ ਅਤੇ ਕਿਉਂ?

ਜਸਵੀਰ ਸਿੰਘ ਪਾਬਲਾ
ਜਸਵੀਰ ਸਿੰਘ ਪਾਬਲਾ
(ਸਮਾਜ ਵੀਕਲੀ) ਪੰਜਾਬੀ ਭਾਸ਼ਾ ਦੀ ਇਹ ਇੱਕ ਬਹੁਤ ਵੱਡੀ ਤ੍ਰਾਸਦੀ ਰਹੀ ਹੈ ਕਿ ਸਮੇਂ-ਸਮੇਂ ‘ਤੇ ਭਾਸ਼ਾ-ਮਾਹਰਾਂ ਦੁਆਰਾ ਸੁਝਾਏ ਗਏ ਕੁਝ ਵਿਆਕਰਨਿਕ ਅਤੇ ਭਾਸ਼ਾਈ ਨਿਯਮਾਂ ਨੂੰ ਅਜੇ ਤੱਕ ਵੀ ਕਿਸੇ ਹੱਦ ਤੱਕ ਅੱਖੋਂ-ਪਰੋਖੇ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਪੈਰੋਕਾਰਾਂ ਵੱਲੋਂ ਪੂਰੀ ਸ਼ਿੱਦਤ ਨਾਲ਼ ਇਹਨਾਂ ਨੂੰ ਅਪਣਾਉਣ ਦੀ ਕੋਸ਼ਸ਼ ਨਹੀਂ ਕੀਤੀ ਜਾ ਰਹੀ। ਇਸ ਸੰਬੰਧ ਵਿੱਚ ਇੱਕ ਉਦਾਹਰਨ “ਇਹਨਾਂ/ਉਹਨਾਂ” ਸ਼ਬਦਾਂ ਦੇ ਸ਼ਬਦ-ਜੋੜਾਂ ਬਾਰੇ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਅਜੇ ਵੀ ਬਹੁਤੇ ਥਾਂਈਂ ਇਹਨਾਂ ਸ਼ਬਦਾਂ ਦੇ ਗ਼ਲਤ ਸ਼ਬਦ-ਜੋੜ ਹੀ ਲਿਖੇ ਹੋਏ ਨਜ਼ਰੀਂ ਪੈਂਦੇ ਹਨ ਭਾਵ ਇਹਨਾਂ ਸ਼ਬਦਾਂ ਨੂੰ ਅਜੇ ਵੀ ਪੂਰਾ ਹਾਹਾ ਅੱਖਰ (ਵਿਚਕਾਰ) ਪਾ ਕੇ ਨਹੀਂ ਸਗੋਂ ਨੰਨੇ ਅੱਖਰ ਦੇ ਪੈਰ ਵਿੱਚ ਹਾਹਾ ਪਾ ਕੇ (ਇਨ੍ਹਾਂ/ਉਨ੍ਹਾਂ) ਹੀ ਲਿਖਿਆ ਜਾਂਦਾ ਹੈ। ਅੱਜ ਤੋਂ ਤੀਹ-ਪੈਂਤੀ ਕੁ ਸਾਲ ਪਹਿਲਾਂ ਤੱਕ ਅਰਥਾਤ “ਪੰਜਾਬੀ ਸ਼ਬਦ-ਰੂਪ ਅਤੇ ਸ਼ਬਦ-ਜੋੜ ਕੋਸ਼” (ਪੰਜਾਬੀ ਯੂਨੀਵਰਸਿਟੀ,ਪਟਿਆਲ਼ਾ) ਦੇ ਆਉਣ ਤੋਂ ਪਹਿਲਾਂ ਇਹਨਾਂ ਸ਼ਬਦਾਂ ਨੂੰ ਕਿਨ੍ਹਾਂ/ਜਿਨ੍ਹਾਂ ਸ਼ਬਦਾਂ ਵਾਂਗੂੰ ਇਨ੍ਹਾਂ/ਜਿਨ੍ਹਾਂ ਸ਼ਬਦਾਂ ਦੇ ਤੌਰ ‘ਤੇ ਅਰਥਾਤ ਨੰਨੇ ਪੈਰ ਹਾਹਾ ਪਾ ਕੇ ਹੀ ਲਿਖਿਆ ਜਾਂਦਾ ਸੀ। ਵਿਦਿਆਰਥੀ-ਜੀਵਨ ਸਮੇਂ ਅਸੀਂ ਖ਼ੁਦ ਵੀ ਇਹਨਾਂ ਸ਼ਬਦਾਂ ਨੂੰ ਇੰਞ ਹੀ ਲਿਖਦੇ ਰਹੇ ਹਾਂ। ਉਪਰੋਕਤ ਕੋਸ਼ ਵੱਲੋਂ ਬੇਸ਼ੱਕ ਇਹਨਾਂ ਸ਼ਬਦਾਂ ਨੂੰ ‘ਇਹਨਾਂ’ ਅਤੇ ‘ਉਹਨਾਂ’ ਸ਼ਬਦਾਂ ਦੇ ਤੌਰ ‘ਤੇ ਹੀ ਲਿਖਣ ਲਈ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ ਪਰ ਇਸ ਦੇ ਬਾਵਜੂਦ ਇਹ ਗੱਲ ਦੇਖਣ ਵਿੱਚ ਆਈ ਹੈ ਕਿ ਇਹਨਾਂ ਸ਼ਬਦਾਂ ਲਈ ਸੁਝਾਏ ਗਏ ਨਿਯਮਾਂ ਉੱਤੇ ਅਜੇ ਵੀ ਬਹੁਤ ਘੱਟ ਲੋਕ ਅਮਲ ਕਰ ਰਹੇ ਹਨ।
         ਇਸ ਸੰਬੰਧ ਵਿੱਚ ਇੱਕ ਗੱਲ ਜਿਹੜੀ ਕਿ ਖ਼ਾਸ ਤੌਰ ‘ਤੇ ਨੋਟ ਕੀਤੇ ਜਾਣ ਵਾਲ਼ੀ ਹੈ, ਉਹ ਇਹ ਹੈ ਕਿ ਜਦੋਂ ਅਸੀਂ ਵਰ੍ਹਿਆਂਬੱਧੀ ਕੁਝ ਸ਼ਬਦਾਂ ਦੇ  ਵਿਸ਼ੇਸ਼ ਸ਼ਬਦ-ਜੋੜਾਂ ਨਾਲ਼ ਜੁੜੇ ਰਹਿੰਦੇ ਹਾਂ ਤਾਂ ਸਾਡੇ ਲਈ ਉਹਨਾਂ ਤੋਂ ਇਕਦਮ ਪਿੱਛਾ ਛੁਡਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਪਰ ਭਾਸ਼ਾ ਵਿੱਚ ਕਿਉਂਕਿ ਹਮੇਸ਼ਾਂ ਕੁਝ ਨਾ ਕੁਝ ਤਬਦੀਲੀਆਂ ਵਾਪਰਦੀਆਂ ਰਹਿੰਦੀਆਂ ਹਨ ਇਸ ਲਈ ਸਾਨੂੰ ਇਹਨਾਂ ਤਬਦੀਲੀਆਂ ਨਾਲ਼ ਸਾਂਝ ਪਾਉਣ ਲਈ ਸਦਾ ਯਤਨਸ਼ੀਲ ਰਹਿਣਾ ਚਾਹੀਦਾ ਹੈ ਤੇ ਨਵੀਂਆਂ ਪੀੜ੍ਹੀਆਂ ਨਾਲ਼ ਰਲ਼ ਕੇ ਚੱਲਣ ਦੀ ਕੋਸ਼ਸ਼ ਕਰਨੀ ਚਾਹੀਦੀ ਹੈ। ਪਹਿਲਾਂ-ਪਹਿਲ ਅਜਿਹਾ ਕਰਨ ਨਾਲ਼ ਜ਼ਰੂਰ ਕੁਝ ਓਪਰਾਪਣ ਤੇ ਔਖ ਜਿਹੀ ਮਹਿਸੂਸ ਹੁੰਦੀ ਹੈ ਪਰ ਜਦੋਂ ਸਾਨੂੰ ਕਿਸੇ ਗੱਲ ਦਾ ਤਕਨੀਕੀ ਜਾਂ ਵਿਆਕਰਨਿਕ ਪੱਖ ਸਮਝ ਵਿੱਚ ਆ ਜਾਂਦਾ ਹੈ ਤਾਂ ਸਾਡੀ ਸਾਰੀ ਝਿਜਕ ਇਕਦਮ ਦੂਰ ਹੋ ਜਾਂਦੀ ਹੈ ਤੇ ਛੇਤੀ ਹੀ ਆਪਣੀ ਗ਼ਲਤੀ ਦਾ ਅਹਿਸਾਸ ਵੀ ਹੋ ਜਾਂਦਾ ਹੈ।
         ਇਹ ਦੋਵੇਂ ਸ਼ਬਦ (ਇਹਨਾਂ ਅਤੇ ਉਹਨਾਂ) ਦਰਅਸਲ ਪੰਜਾਬੀ ਦੇ ‘ਇਹ’ ਅਤੇ ‘ਉਹ’ ਸ਼ਬਦਾਂ ਤੋਂ ਬਣੇ ਹੋਏ ਹਨ ਜਿਸ ਕਾਰਨ ਇਹਨਾਂ ਦੇ ਮੂਲ ਰੂਪ ‘ਇਹਨਾਂ’ ਅਤੇ ‘ਉਹਨਾਂ’ ਸ਼ਬਦ-ਰੂਪਾਂ ਵਿੱਚ ਵੀ ਉਸੇ ਤਰ੍ਹਾਂ ਹੀ ਬਰਕਰਾਰ ਰੱਖੇ ਗਏ ਹਨ। ਇਸੇ ਕਾਰਨ ਇਹਨਾਂ ਸ਼ਬਦਾਂ ਵਿੱਚ ਹਾਹਾ ਪਹਿਲਾਂ ਅਤੇ ਨੰਨਾ ਅੱਖਰ ਬਾਅਦ ਵਿੱਚ ਪਾਉਣ ਲਈ ਆਖਿਆ ਗਿਆ ਹੈ। ਇਹਨਾਂ ਸ਼ਬਦਾਂ ਨੂੰ ਬਹੁਵਚਨ ਰੂਪ ਦੇਣ ਲਈ ਇਹਨਾਂ ਪਿੱਛੇ ‘ਨਾਂ’ ਪਿਛੇਤਰ ਜੋੜ ਦਿੱਤਾ ਗਿਆ ਹੈ, ਜਿਵੇਂ: ਇਹਨਾਂ/ਉਹਨਾਂ/ਅਹੁਨਾਂ ਆਦਿ। ਉਂਞ ਕਈ ਵਾਰ ਇਹ/ਉਹ/ਅਹੁ ਆਦਿ ਸ਼ਬਦ ਵੀ ਬਹੁਵਚਨ ਸ਼ਬਦਾਂ ਦੇ ਤੌਰ ‘ਤੇ ਵਰਤ ਲਏ ਜਾਂਦੇ ਹਨ। ਇਹ/ਉਹ/ਇਹਨਾਂ/ਉਹਨਾਂ ਆਦਿ ਸ਼ਬਦ ਮੂਲ ਰੂਪ ਬਿੱਚ ਪੜਨਾਂਵ ਹਨ। ਇਹਨਾਂ ਸ਼ਬਦਾਂ ਦੀ ਪੜਨਾਂਵ-ਸ਼ਬਦਾਂ ਦੇ ਤੌਰ ‘ਤੇ ਵਰਤੋਂ ਇਸ ਪ੍ਰਕਾਰ ਹੈ:
ਇਹ ਕੌਣ ਹੈ?
ਉਹ ਕਿੱਥੇ ਜਾ ਰਿਹਾ ਹੈ?
ਇਸੇ ਤਰ੍ਹਾਂ:
ਇਹਨਾਂ ਨੂੰ ਰੋਕੋ, ਉੱਪਰ ਨਾ ਜਾਣ ਦਿਓ।
ਉਹਨਾਂ ਨੂੰ ਇੱਧਰ ਭੇਜੋ।
     ਉਪਰੋਕਤ ਵਾਕਾਂ ਵਿੱਚ ਇਹ, ਉਹ, ਇਹਨਾਂ, ਉਹਨਾਂ ਸ਼ਬਦ ਅਸਲ ਵਿੱਚ ਪੜਨਾਂਵ ਹਨ ਪਰ ਜਦੋਂ ਇਹਨਾਂ ਨਾਲ਼ ਕੋਈ ਨਾਂਵ-ਸ਼ਬਦ ਜੁੜ ਜਾਂਦਾ ਹੈ ਤਾਂ ਇਹ ਪੜਨਾਂਵੀਂ ਵਿਸ਼ੇਸ਼ਣ ਦਾ ਰੂਪ ਧਾਰ ਲੈਂਦੇ ਹਨ, ਜਿਵੇਂ: ਇਹ ਕੁੜੀ, ਉਹ ਮੁੰਡਾ, ਇਹਨਾਂ ਵਿਦਿਆਰਥੀਆਂ, ਉਹਨਾਂ ਲੋਕਾਂ ਆਦਿ। ਇਹਨਾਂ ਨਾਂਵ-ਸ਼ਬਦਾਂ ਦੇ ਜੁੜ ਜਾਣ ਕਾਰਨ ਹੁਣ ਇਹਨਾਂ ਦੇ ਅੱਗੇ ਲੱਗੇ ਪੜਨਾਂਵ-ਸ਼ਬਦ ਇਹ/ਉਹ/ਉਹਨਾਂ ਆਦਿ ਪੜਨਾਂਵ ਨਹੀਂ ਰਹੇ ਸਗੋਂ ਇਹ ਪੜਨਾਂਵੀਂ ਵਿਸ਼ੇਸ਼ਣ ਬਣ ਗਏ ਹਨ।
          ਦੂਜੇ ਪਾਸੇ, ਜਿਨ੍ਹਾਂ/ਕਿਨ੍ਹਾਂ ਆਦਿ ਸ਼ਬਦ ਕਿਉਂਕਿ ਹਿੰਦੀ/ਸੰਸਕ੍ਰਿਤ ਭਾਸ਼ਾਵਾਂ ਦੇ ਪਿਛੋਕੜ ਵਾਲ਼ੇ ਹਨ ਜੋਕਿ ਹਿੰਦੀ ਦੇ ਸ਼ਬਦਾਂ: ਜਿਨ, ਜਿਨਹੇਂ, ਜਿਨਹੋਂਨੇ, ਕਿਨ,ਕਿਨਹੇਂ, ਕਿਨਹੋਂਨੇ ਆਦਿ ਸ਼ਬਦਾਂ ਤੋਂ ਬਣੇ ਹੋਏ ਹਨ ਇਸ ਲਈ ਇਹਨਾਂ ਸ਼ਬਦਾਂ ਨੂੰ ਨੰਨੇ ਪੈਰ ਹਾਹਾ ਪਾ ਕੇ ਹੀ ਲਿਖਣਾ ਹੈ। ਇਸ ਦਾ ਕਾਰਨ ਇਹ ਹੈ ਕਿ ਇਹਨਾਂ/ਉਹਨਾਂ ਸ਼ਬਦਾਂ ਦੇ ਉਲਟ ਜਿਨਹੇਂ/ਕਿਨਹੇਂ ਆਦਿ ਸ਼ਬਦਾਂ ਵਿੱਚ ਕਿਉਂਕਿ ਹਾਹਾ ਅੱਖਰ ਨੰਨੇ ਤੋਂ ਬਾਅਦ (ਜਿਨ+ਹੇਂ=ਜਿਨਹੇਂ) ਵਿੱਚ ਆਉਂਦਾ ਹੈ ਇਸ ਲਈ ਕਿਨ੍ਹਾਂ/ਜਿਨ੍ਹਾਂ ਆਦਿ ਸ਼ਬਦਾਂ ਵਿੱਚ ਨੰਨਾ ਅੱਖਰ ਪਹਿਲਾਂ ਪਾਉਣਾ ਹੈ ਅਤੇ ਹਾਹਾ ਅੱਖਰ ਨੰਨੇ ਦੇ ਪੈਰਾਂ ਵਿੱਚ ਭਾਵ ਨੰਨੇ ਤੋਂ ਬਾਅਦ ਹੀ ਪਾਉਣਾ ਹੈ।
ਪੰਜਾਬੀ ਭਾਸ਼ਾ ਨੂੰ ਦਰਪੇਸ਼ ਇੱਕ ਸਮੱਸਿਆ:
“”””””””””””””””””””””””””””””“””””””””””””””””””””””””
       ਉਪਰੋਕਤ ਸ਼ਬਦਾਂ ਨਾਲ ਪੰਜਾਬੀ ਭਾਸ਼ਾ ਦੀ ਇੱਕ ਅਜਿਹੀ ਸਮੱਸਿਆ ਵੀ ਜੁੜੀ ਹੋਈ ਹੈ ਜਿਸ ਵੱਲ ਸ਼ਾਇਦ ਅੱਜ ਤੱਕ ਬਹੁਤ ਹੀ ਘੱਟ ਲੋਕਾਂ ਦਾ ਕਦੇ ਧਿਆਨ ਗਿਆ ਹੋਵੇ। ਉਹ ਸਮੱਸਿਆ ਇਹ ਹੈ ਕਿ ਪੰਜਾਬੀ ਵਿੱਚ ਵਰਤਿਆ ਜਾਣ ਵਾਲ਼ਾ ‘ਕਿਸੇ’ ਸ਼ਬਦ ਜੋਕਿ ਸੰਸਕ੍ਰਿਤ ਦੇ ‘ਕਸਯ’ ਸ਼ਬਦ ਤੋਂ ਬਣਿਆ ਹੋਇਆ ਹੈ ਅਤੇ ਇਸ ਨੂੰ ਹਿੰਦੀ ਵਿੱਚ ‘ਕਿਸੀ’ ਅਤੇ ਪੰਜਾਬੀ ਵਿੱਚ ‘ਕਿਸ’ ਜਾਂ ‘ਕਿਸੇ’ ਦੇ ਤੌਰ ‘ਤੇ ਲਿਖਿਆ ਜਾਂਦਾ ਹੈ ਪਰ ਪੰਜਾਬੀ ਵਿੱਚ ਇਸ ਨਾਲ਼ ਸੰਬੰਧਿਤ ਸਮੱਸਿਆ ਇਹ ਹੈ ਕਿ ਹਿੰਦੀ ਵਿੱਚ “ਕਿਸੀ” ਸ਼ਬਦ ਦਾ ਬਹੁਵਚਨ ਤਾਂ ‘ਕਿਨਹੀਂ’ ਮੌਜੂਦ ਹੈ ਪਰ ਪੰਜਾਬੀ ਵਿੱਚ ਇਸ ਅੰਤਰ-ਭੇਦ ਦੀ ਗੁੱਥੀ ਸੁਲਝਾਉਣ ਲਈ “ਕਿਨਹੀਂ” ਦੇ ਸਮਾਨਾਂਤਰ ਕੋਈ ਵੀ ਸ਼ਬਦ ਉਪਲਬਧ ਨਹੀਂ ਹੈ। ਮਿਸਾਲ ਦੇ ਤੌਰ ‘ਤੇ ਵਿਦਿਆਰਥੀਆਂ ਦੀਆਂ ਪਰੀਖਿਆਵਾਂ ਵਿੱਚ ਹਿੰਦੀ ਭਾਸ਼ਾ ਦੇ ਮਾਧਿਅਮ ਵਾਲ਼ੇ ਕਿਸੇ ਵਿਸ਼ੇ ਵਿੱਚ ਬਹੁਤ ਸਾਰੇ ਪ੍ਰਸ਼ਨਾਂ ਵਿੱਚੋਂ ਜੇਕਰ ਕਿਸੇ ਇੱਕ ਪ੍ਰਸ਼ਨ ਨੂੰ ਹੱਲ ਕਰਨ ਲਈ ਕਹਿਣਾ ਹੋਵੇ ਤਾਂ ਪ੍ਰਸ਼ਨ ਇਸ ਪ੍ਰਕਾਰ ਲਿਖਿਆ ਜਾਂਦਾ ਹੈ-
ਨੀਚੇ ਲਿਖੇ ਪ੍ਰਸ਼ਨੋਂ ਮੇਂ ਸੇ ਕਿਸੀ ਏਕ ਪ੍ਰਸ਼ਨ ਕਾ ਉੱਤਰ ਲਿਖੇਂ। (ਇਕਵਚਨ)
         ਪੰਜਾਬੀ ਵਿੱਚ ਇਸੇ ਪ੍ਰਸ਼ਨ ਨੂੰ ਇਸ ਪ੍ਰਕਾਰ ਲਿਖਿਆ ਜਾਂਦਾ ਹੈ-
 ਹੇਠ ਲਿਖੇ ਪ੍ਰਸ਼ਨਾਂ ਵਿੱਚੋਂ ਕਿਸੇ ਇੱਕ ਪ੍ਰਸ਼ਨ ਦਾ ਉੱਤਰ ਲਿਖੋ। (ਇਕਵਚਨ)
          ਇੱਥੋਂ ਤੱਕ ਤਾਂ ਠੀਕ ਹੈ ਪਰ ਜੇਕਰ ਇੱਕ ਤੋਂ ਵਧੇਰੇ ਪ੍ਰਸ਼ਨਾਂ ਦਾ ਉੱਤਰ ਲਿਖਣ ਬਾਰੇ ਆਖਿਆ ਜਾਣਾ ਹੋਵੇ ਤਾਂ ਹਿੰਦੀ ਦਾ ਪ੍ਰਸ਼ਨ ਤਾਂ ਇਸ ਪ੍ਰਕਾਰ ਬਣਾਇਆ ਜਾਵੇਗਾ-
ਨੀਚੇ ਲਿਖੇ ਪ੍ਰਸ਼ਨੋਂ ਮੇਂ ਸੇ ਕਿਨਹੀਂ ਪਾਂਚ ਪ੍ਰਸ਼ਨੋਂ ਕਾ ਉੱਤਰ ਲਿਖੇਂ। (ਬਹੁਵਚਨ)
        ਹੁਣ ਹਿੰਦੀ ਵਿੱਚ ਤਾਂ ਉਹਨਾਂ ਕੋਲ਼ ਬਹੁਵਚਨ ਲਈ “ਕਿਨਹੀਂ” ਸ਼ਬਦ ਮੌਜੂਦ ਹੈ ਪਰ ਪੰਜਾਬੀ ਵਾਲ਼ਿਆਂ ਨੂੰ ਇੱਥੇ ਫਿਰ ‘ਕਿਸੇ’ ਜਾਂ “ਕੋਈ” (ਪੰਜ ਪ੍ਰਸ਼ਨਾਂ) ਲਿਖ ਕੇ ਹੀ ਕੰਮ ਚਲਾਉਣਾ ਪੈਂਦਾ ਹੈ ਜਦਕਿ ਇਹ ਦੋਵੇਂ ਸ਼ਬਦ ਦਰਅਸਲ ਇਕਵਚਨ-ਸ਼ਬਦ ਵਜੋਂ ਹੀ ਵਰਤੇ (ਉਪਰੋਕਤ ਅਨੁਸਾਰ) ਜਾ ਸਕਦੇ ਹਨ, ਬਹੁਵਚਨ ਸ਼ਬਦ ਵਜੋਂ ਨਹੀਂ ਜਦਕਿ ਪ੍ਰਸ਼ਨ ਇੱਕ ਤੋਂ ਵੱਧ ਅਰਥਾਤ ਪੰਜ ਪ੍ਰਸ਼ਨਾਂ ਦੇ ਹੱਲ ਸੰਬੰਧੀ ਪੁੱਛਿਆ ਜਾਂਦਾ/ਜਾਣਾ ਹੈ। ਇਸ ਪ੍ਰਕਾਰ ਦੋਵੇਂ; ਭਾਸ਼ਾਈ ਅਤੇ ਵਿਆਕਰਨਿਕ ਪੱਖੋਂ ਬਹੁਤੇ ਪ੍ਰਸ਼ਨਾਂ ਵਿੱਚੋਂ ਦੋ ਜਾਂ ਦੋ ਤੋਂ ਵੱਧ ਪ੍ਰਸ਼ਨਾਂ ਦੀ ਚੋਣ ਕਰਨ ਲਈ ਕਿਸੇ ਬਹੁਵਚਨ-ਸ਼ਬਦ ਦੀ ਥਾਂ ਅਜਿਹੇ ਇਕਵਚਨ ਸ਼ਬਦਾਂ (ਕੋਈ ਜਾਂ ਕਿਸੇ) ਦਾ ਵਰਤਿਆ ਜਾਣਾ ਬੁਨਿਆਦੀ ਤੌਰ ‘ਤੇ ਪੂਰੀ ਤਰ੍ਹਾਂ ਗ਼ਲਤ ਹੈ। ਸੋ, ਲੋੜ ਹੈ ਕਿ ਹਿੰਦੀ ਵਿੱਚ ਵਰਤੇ ਜਾਣ ਵਾਲ਼ੇ ਬਹੁਵਚਨ-ਸ਼ਬਦ “ਕਿਨਹੀਂ” ਸ਼ਬਦ ਦੇ ਸਮਾਨਾਂਤਰ ਕਿਸੇ ਪੰਜਾਬੀ ਸ਼ਬਦ ਦੀ ਭਾਲ਼ ਕੀਤੀ ਜਾਵੇ ਤਾਂਜੋ ਇਸ ਸਮੱਸਿਆ ਦਾ ਕੋਈ ਹੱਲ ਨਿਕਲ਼ ਸਕੇ।
         ਇਸ ਤੋਂ ਬਿਨਾਂ ਕਈ ਲੋਕ “ਕਿਸੇ” ਦੀ ਥਾਂ “ਕਿਸੀ” ਸ਼ਬਦ ਦੀ ਵਰਤੋਂ ਕਰਦੇ ਵੀ ਦਿਖਾਈ ਦਿੰਦੇ ਹਨ ਜੋਕਿ ਇੱਕ ਗ਼ਲਤ ਰੁਝਾਨ ਹੈ ਕਿਉਂਕਿ “ਕਿਸੀ” ਸ਼ਬਦ ਹਿੰਦੀ ਭਾਸ਼ਾ ਦਾ ਹੈ। ਪੰਜਾਬੀ ਵਿੱਚ ਇਸ ਦੀ ਥਾਂ ਪੰਜਾਬੀ ਦੇ “ਕਿਸੇ” ਸ਼ਬਦ ਦੀ ਹੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ, “ਕਿਸੀ” ਦੀ ਨਹੀਂ।
              ਸੋ, ਜੇਕਰ ਅਸੀਂ ਭਾਸ਼ਾ ਵਿੱਚ ਇਕਸਾਰਤਾ ਲਿਆਉਣ ਦੇ ਹਾਮੀ ਹਾਂ ਤਾਂ ਸਾਨੂੰ ਸਭ ਨੂੰ ਰਲ਼ ਕੇ ਹੰਭਲ਼ਾ ਮਾਰਨਾ ਚਾਹੀਦਾ ਹੈ ਅਤੇ ਸ਼ਬਦ-ਜੋੜਾਂ ਦੇ ਸੰਬੰਧ ਵਿੱਚ ਵਿਦਵਾਨਾਂ ਦੁਆਰਾ ਦਰਸਾਏ ਗਏ ਰਸਤੇ ‘ਤੇ ਪੂਰੀ ਤਨਦੇਹੀ ਨਾਲ਼ ਚੱਲਣ ਦੀ ਕੋਸ਼ਸ਼ ਕਰਨੀ ਚਾਹੀਦੀ ਹੈ।
                        ………………………….
ਜਸਵੀਰ ਸਿੰਘ ਪਾਬਲਾ,
ਲੰਗੜੋਆ, ਨਵਾਂਸ਼ਹਿਰ।
ਫ਼ੋਨ ਨੰ. 98884-03052.
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
.
Previous articleਨਹੀਂ ਰਹੇ ਟਰਾਂਸਪੋਰਟ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਸ: ਲਾਭ ਸਿੰਘ ਚਾਹਿਲ
Next articleਕਰੂਏ ਦੀ ਕਹਾਣੀ