ਖੰਨਾ (ਸਮਾਜ ਵੀਕਲੀ): ਸੂਬੇ ਵਿੱਚ ਕਣਕ ਦੀ ਖਰੀਦ ਸਬੰਧੀ ਪ੍ਰਬੰਧ ਸੁਚੱਜੇ ਢੰਗ ਨਾਲ ਕੀਤੇ ਗਏ ਹਨ ਤੇ ਕਿਸਾਨਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਇਹ ਗੱਲ ਅੱਜ ਇੱਥੋਂ ਦੀ ਅਨਾਜ ਮੰਡੀ ਵਿੱਚ ਕਣਕ ਦੀ ਖਰੀਦ ਪ੍ਰਕਿਰਿਆ ਦਾ ਜਾਇਜ਼ਾ ਲੈਂਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਹੀ। ਇਸ ਮੌਕੇ ਰਾਜਵੰਤ ਕੌਰ ਪਤਨੀ ਕੁਲਵੰਤ ਸਿੰਘ ਭਾਦਲਾ ਵੱਲੋਂ ਲਿਆਂਦੀ ਕਣਕ ਦੀ ਨਮੀ ਜਾਂਚੀ ਗਈ ਅਤੇ ਉਕਤ 50 ਕੁਇੰਟਲ ਢੇਰੀ ਦੀ ਖਰੀਦ ਪੰਜਾਬ ਵੇਅਰ ਹਾਊਸ ਏਜੰਸੀ ਵੱਲੋਂ ਕਰ ਕੇ ਤੁਰੰਤ ਆਨਲਾਈਨ ਅਦਾਇਗੀ ਕੀਤੀ ਗਈ। ਇਸ ਮੌਕੇ ਖੁਰਾਕ ਤੇ ਸਿਵਲ ਸਪਲਾਈ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਤੇ ਡੀਸੀ ਵਰਿੰਦਰ ਕੁਮਾਰ ਸ਼ਰਮਾ ਨੇ ਮੁੱਖ ਮੰਤਰੀ ਨੂੰ ਮੰਡੀ ਵਿੱਚ ਕੀਤੇ ਗਏ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ। ਮੁੱਖ ਮੰਤਰੀ ਨੇ ਕਿਹਾ ਕਿ ਇਸ ਵਾਰ ਕਣਕ ਥੋੜੀ ਪੱਛੜ ਕੇ ਆਈ ਹੈ ਤੇ ਝਾੜ ਵੀ ਘੱਟ ਹੈ, ਪਰ ਫ਼ਸਲ ਦਾ ਇੱਕ-ਇੱਕ ਦਾਣਾ ਖਰੀਦਿਆ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਖੰਨਾ ਅਨਾਜ ਮੰਡੀ ਵਿੱਚ ਲਗਪਗ 97 ਹਜ਼ਾਰ ਮੀਟ੍ਰਿਕ ਟਨ ਕਣਕ ਆਉਣ ਦੀ ਸੰਭਾਵਨਾ ਹੈ ਜਦਕਿ ਜ਼ਿਲ੍ਹਾ ਲੁਧਿਆਣਾ ਵਿੱਚ 9.24 ਲੱਖ ਮੀਟ੍ਰਿਕ ਟਨ ਕਣਕ ਆਉਣ ਦਾ ਅਨੁਮਾਨ ਹੈ। ਉਨ੍ਹਾਂ ਕਿਹਾ ਕਿ ਯੂਕਰੇਨ ਦੇ ਹਾਲਾਤ ਕਾਰਨ ਕਣਕ ਦੀ ਮੰਗ ਵਧੀ ਹੈ ਤੇ ਵਪਾਰੀਆਂ ਵੱਲੋਂ ਐੱਮਐੱਸਪੀ ਤੋਂ ਵੱਧ ਭਾਅ ’ਤੇ ਕਣਕ ਖਰੀਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਫ਼ਸਲ ਦਾ ਸਮਾਂਬੱਧ ਢੰਗ ਨਾਲ ਭੁਗਤਾਨ ਕੀਤਾ ਜਾਣਾ ਯਕੀਨੀ ਬਣਾਇਆ ਗਿਆ ਹੈ ਤੇ ਮੰਡੀਆਂ ਦੀ ਲਗਾਤਾਰ ਮੋਨੀਟਰਿੰਗ ਕੀਤੀ ਜਾ ਰਹੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly