ਪ੍ਰਧਾਨ ਅਰਸ਼ਵਿੰਦਰ ਸਿੰਘ ਅਰਸ਼ ਵਿਰਕ ਦੀ ਅਗਵਾਈ ਹੇਠ ਹੋਈ ਮੀਟਿੰਗ
ਮੋਗਾ/ ਭਲੂਰ 17 ਅਗਸਤ (ਬੇਅੰਤ ਗਿੱਲ) ਬੀਤੇ ਦਿਨੀਂ ਆਮ ਆਦਮੀ ਪਾਰਟੀ ਇਕਾਈ ਭਲੂਰ ਵੱਲੋਂ ਪਾਰਟੀ ਆਗੂ ਛਿੰਦਾ ਸਿੰਘ ਦੇ ਘਰ ਵਿੱਚ ਭਰਵੀਂ ਇਕੱਤਰਤਾ ਕੀਤੀ ਗਈ।ਆਗੂ ਛਿੰਦਾ ਸਿੰਘ ਬਰਾੜ ਨੇ ਦੱਸਿਆ ਕਿ ਭਲੂਰ ਇਕਾਈ ਦੇ ਪ੍ਰਧਾਨ ਅਰਸ਼ਵਿੰਦਰ ਸਿੰਘ ਉਰਫ਼ ਅਰਸ਼ ਵਿਰਕ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿੱਚ ਨਵੇਂ ਪੁਰਾਣੇ ਸਭ ਆਗੂਆਂ ਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ। ਪਾਰਟੀ ਆਗੂ ਮਾਸਟਰ ਸੁਖਦੇਵ ਸਿੰਘ ਭਲੂਰ ਵਿਦੇਸ਼ ਗਏ ਹੋਣ ਕਰਕੇ ਇਸ ਇਕੱਤਰਤਾ ਵਿੱਚ ਸ਼ਾਮਿਲ ਨਹੀਂ ਹੋਏ। ਇਸ ਮੀਟਿੰਗ ਵਿੱਚ ਉਨ੍ਹਾਂ ਦੇ ਕਾਰਜਾਂ ਦੀ ਬਕਾਇਦਾ ਸ਼ਲਾਘਾ ਕਰਦਿਆਂ ਨੌਜਵਾਨ ਆਗੂ ਅਰਸ਼ਵਿੰਦਰ ਸਿੰਘ ਉਰਫ਼ ਅਰਸ਼ ਵਿਰਕ ਨੇ ਕਿਹਾ ਕਿ ਮਾਸਟਰ ਸੁਖਦੇਵ ਸਿੰਘ ਵਰਗੀ ਸ਼ਖਸੀਅਤ ਦਾ ‘ਆਪ ਇਕਾਈ ਭਲੂਰ’ ਨੂੰ ਥਾਪੜਾ ਹੋਣਾ ਵੱਡੇ ਮਾਇਨੇ ਰੱਖਦਾ ਹੈ। ਇਸ ਮੌਕੇ ਪਾਰਟੀ ਆਗੂਆਂ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਹੈ ਕਿ ਪਿੰਡ ਦੇ ਵਿਕਾਸ ਕਾਰਜਾਂ ਨੂੰ ਨਿਰੰਤਰ ਜਾਰੀ ਰੱਖਿਆ ਜਾਵੇ ਅਤੇ ਪਿੰਡ ਦੇ ਸਾਰੇ ਲੋੜੀਂਦੇ ਕੰਮ ਕਰਵਾਏ ਜਾਣ। ਉਨ੍ਹਾਂ ਕਿਹਾ ਕਿ ਪੰਚਾਇਤਾਂ ਭੰਗ ਹੋਣ ਦਾ ਮਤਲਬ ਇਹ ਨਹੀਂ ਕਿ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਬ੍ਰੇਕਾਂ ਵੱਜ ਜਾਣਗੀਆਂ। ਕੰਮ ਲਗਾਤਾਰ ਚੱਲਦੇ ਰਹਿਣੇ ਹਨ। ਪ੍ਰਧਾਨ ਅਰਸ਼ਵਿੰਦਰ ਸਿੰਘ ਉਰਫ਼ ਅਰਸ਼ ਵਿਰਕ ਨੇ ਕਿਹਾ ਕਿ ਭਲੂਰ ਦੇ ਵਿਕਾਸ ਕਾਰਜਾਂ ਨੂੰ ਅਸੀਂ ਬਿਲਕੁਲ ਬ੍ਰੇਕਾਂ ਨਹੀਂ ਲੱਗਣ ਦਿਆਂਗੇ। ਪਿੰਡ ਨੂੰ ਸੰਵਾਰਨ ਲਈ ਹਰ ਸੰਭਵ ਹੰਭਲਾ ਮਾਰਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਪਿੰਡ ਦੇ ਸਾਰੇ ਕੰਮਾਂ ਨੂੰ ਜਲਦ ਸ਼ੁਰੂ ਕਰਕੇ ਮੁਕੰਮਲ ਕੀਤਾ ਜਾਵੇ। ਪਿੰਡ ਵਿੱਚ ਬਹੁਤ ਸਾਰੇ ਅਜਿਹੇ ਕੰਮ ਅਧੂਰੇ ਪਏ ਹਨ, ਜਿੰਨ੍ਹਾਂ ਨੂੰ ਮੁਕੰਮਲ ਰੂਪ ਦੇਣਾ ਅਤਿ ਜ਼ਰੂਰੀ ਹੈ। ਇਸ ਮੌਕੇ ਗਿੱਲ ਗੈਸ ਏਜੰਸੀ ਭਲੂਰ ਦੇ ਮਾਲਕ ਅਤੇ ਆਮ ਆਦਮੀ ਪਾਰਟੀ ਐੱਸ ਸੀ ਵਿੰਗ ਦੇ ਬਲਾਕ ਪ੍ਰਧਾਨ ਨੌਜਵਾਨ ਹਰਪ੍ਰੀਤ ਸਿੰਘ ਗਿੱਲ ਨੇ ਆਖਿਆ ਕਿ ਪਿੰਡ ਦੇ ਨਰੇਗਾ ਸਕੀਮ ਤਹਿਤ ਕੰਮ ਕਰਨ ਵਾਲੇ ਲੋਕਾਂ ਨੂੰ ਵੀ ਕਿਸੇ ਪ੍ਰਕਾਰ ਦੀ ਪ੍ਰੇਸ਼ਾਨੀ ਨਹੀਂ ਆਵੇਗੀ। ਹਰਪ੍ਰੀਤ ਸਿੰਘ ਗਿੱਲ ਨੇ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਨੂੰ ਚੱਲ ਰਹੀਆਂ ਸਰਕਾਰੀ ਸਹੂਲਤਾਂ ਨਹੀਂ ਮਿਲ ਰਹੀਆਂ, ਉਨ੍ਹਾਂ ਲਈ ਅਸੀਂ ਉਹ ਸਹੂਲਤਾਂ ਜਲਦ ਚਾਲੂ ਕਰਵਾਉਣ ਦੀ ਕੋਸ਼ਿਸ਼ ਕਰਾਂਗੇ। ਪ੍ਰਧਾਨ ਅਰਸ਼ਵਿੰਦਰ ਸਿੰਘ ਉਰਫ਼ ਅਰਸ਼ ਵਿਰਕ ਅਤੇ ਛਿੰਦਾ ਸਿੰਘ ਬਰਾੜ ਨੇ ਆਖਿਆ ਕਿ ਪਿੰਡ ਵਿੱਚ ਜਿੰਨੇ ਵੀ ਕਲੱਬ, ਸੰਸਥਾਵਾਂ ਜਾਂ ਕਮੇਟੀਆਂ ਆਪਣੇ ਪੱਧਰ ‘ਤੇ ਕੰਮ ਕਰ ਰਹੀਆਂ ਹਨ, ਅਸੀਂ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ। ਕਿਸੇ ਵੀ ਚੱਲਦੇ ਕੰਮ ਵਿਚ ਕੋਈ ਰੁਕਾਵਟ ਨਹੀਂ ਆਉਣ ਦਿੱਤੀ ਜਾਵੇਗੀ। ਪਿੰਡ ਦੇ ਲੋਕਾਂ ਦੇ ਦਫ਼ਤਰੀ ਕੰਮਾਂ ਨੂੰ ਵੀ ਅਸੀਂ ਜ਼ਿੰਮੇਵਾਰੀ ਨਾਲ ਨਿਪਟਾਉਣ ਵਿਚ ਸਹਿਯੋਗ ਕਰਾਂਗੇ। ਪਿੰਡ ਵਾਸੀ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਵੇ, ਕਿਸੇ ਨਾਲ ਵੀ ਕਿਸੇ ਤਰ੍ਹਾਂ ਦੀ ਵਿਤਕਰੇਬਾਜ਼ੀ ਨਹੀਂ ਹੋਵੇਗੀ। ਪਿੰਡ ਦੇ ਲੋਕਾਂ ਨੂੰ ਬੇਨਤੀ ਹੈ ਕਿ ਉਹ ਸਾਨੂੰ ਆਪਣੇ ਬੱਚੇ ਸਮਝ ਕੇ ਜਦ ਜੀ ਚਾਹੁਣ ਆਣ ਕੇ ਆਪਣਾ ਕੰਮ ਕਰਵਾਉਣ , ਆਮ ਆਦਮੀ ਪਾਰਟੀ ਭਲੂਰ ਕਿਸੇ ਨਾਲ ਵੀ ਕੋਈ ਫਰਕ ਰੱਖ ਕੇ ਨਹੀਂ ਚੱਲੇਗੀ। ਉਨ੍ਹਾਂ ਨਾਲ ਹੀ ਬੁਰੀਆਂ ਅਲਾਮਤਾਂ ਵਿਚ ਪਏ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਮਾੜੇ ਕੰਮਾਂ ਤੋਂ ਤੌਬਾ ਕਰਕੇ ਇੱਜ਼ਤ ਮਾਣ ਵਾਲੇ ਕੰਮ ਸ਼ੁਰੂ ਕਰਕੇ ਆਪਣੇ ਪਰਿਵਾਰਾਂ ਦਾ ਸਾਥ ਦੇਣ। ਪ੍ਰਧਾਨ ਅਰਸ਼ਵਿੰਦਰ ਸਿੰਘ ਉਰਫ਼ ਅਰਸ਼ ਵਿਰਕ ਨੇ ਅਖੀਰ ਵਿਚ ਆਖਿਆ ਕਿ ਸਾਨੂੰ ਪਾਰਟੀ ਬਾਅਦ ਵਿੱਚ ਹੈ, ਸਭ ਤੋਂ ਪਹਿਲਾਂ ਆਪਣਾ ਪਿੰਡ ਪਿਆਰਾ ਹੈ, ਇਸ ਲਈ ਪਿੰਡ ਦੇ ਦੁੱਖ ਸੁੱਖ ਦੇ ਸਾਂਝੀ ਬਣਨਾ ਹਰ ਇਨਸਾਨ ਦੀ ਪਹਿਲ ਹੋਣੀ ਚਾਹੀਦੀ ਹੈ। ਇਸ ਮੌਕੇ ਸੀਨੀਅਰ ਆਗੂ ਬਲਦੇਵ ਸਿੰਘ ਮਿਸਤਰੀ, ਯੂਥ ਆਗੂ ਸੁਖਦੀਪ ਸਿੰਘ ਬਰਾੜ, ਹਰਜਿੰਦਰ ਸਿੰਘ ਬਰਾੜ , ਮਾਸਟਰ ਕਰਨੈਲ ਸਿੰਘ , ਭੁਪਿੰਦਰ ਸਿੰਘ ਸਹਿਕਾਰੀ ਸਭਾ ਪ੍ਰਧਾਨ , ਰਾਮ ਸਿੰਘ ਢਿੱਲੋਂ , ਹਰਮਨਦੀਪ ਸਿੰਘ , ਆਗੂ ਮਨਜੀਤ ਸਿੰਘ ਬੰਬ, ਜਿੰਦਰ ਪੇਂਟਰ, ਸੀਨੀਅਰ ਆਗੂ ਕੇਵਲ ਸਿੰਘ , ਚਮਕੌਰ ਸਿੰਘ ਮੈਂਬਰ , ਧਲਵਿੰਦਰ ਸਿੰਘ , ਗੁਰਜੰਟ ਸਿੰਘ, ਜਗਦੇਵ ਸਿੰਘ ਢਿੱਲੋਂ , ਭੋਲਾ ਸਿੰਘ ਢਿੱਲੋਂ, ਏਕਮ ਸਿੰਘ ਜਟਾਣਾ, ਬਿੱਟੂ ਸਿੰਘ ਭਲੂਰ, ਰਾਮਚੰਦ ਭਲੂਰ, ਨਿਰਮਲ ਸਿੰਘ ਭਲੂਰ, ਪੀਤਾ ਸਿੰਘ ਸੰਧੂ, ਰਿੱਕੀ ਹੱਟੀ ਵਾਲਾ ਤੋਂ ਇਲਾਵਾ ਹੋਰ ਵੀ ਕਾਫੀ ਵਰਕਰ ਸਾਹਿਬਾਨ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly