(ਸਮਾਜ ਵੀਕਲੀ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਵਿੱਚ ਲੋਕਾਂ ਨੇ ‘ਆਪ’ ਵਿੱਚ ਭਰੋਸਾ ਪ੍ਰਗਟਾਇਆ ਹੈ, ਤੇ ਭਲਕੇ ਸ਼ਾਮ ਤੱਕ ਗੁਜਰਾਤ ਵਿੱਚ ਵੀ ਅਜਿਹਾ ਜਾਦੂ ਦੇਖਣ ਨੂੰ ਮਿਲੇਗਾ ਤੇ ਚਮਤਕਾਰ ਹੋਵੇਗਾ। ਦਿੱਲੀ ਦੇ ਆਪਣੇ ਹਮਰੁਤਬਾ ਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਪਾਰਟੀ ਦੇ ਕੌਮੀ ਦਫ਼ਤਰ ਪੁੱਜੇ ਸ੍ਰੀ ਮਾਨ ਨੇ ਕਿਹਾ ਕਿ ਅੱਜ ਵੀ ਐਗਜ਼ਿਟ ਪੋਲ ਗ਼ਲਤ ਸਾਬਤ ਹੋਏ ਤੇ ਭਲਕੇ ਵੀ ਚੋਣ ਸਰਵੇਖਣ ਗ਼ਲਤ ਹੋ ਸਕਦੇ ਹਨ ਤੇ ‘ਆਪ’ ਲਈ ਉੱਥੇ ਚਮਤਕਾਰ ਹੋਣ ਦੀ ਉਮੀਦ ਹੈ। ਮਾਨ ਨੇ ਕਿਹਾ ਕਿ ਗੁਜਰਾਤ ਦੇ ਨਤੀਜੇ, ਜਿੱਥੇ ਪਾਰਟੀ ਨੇ ਦਬਦਬਾ ਬਣਾਉਣ ਲਈ ਆਪਣੀਆਂ ਸਾਰੀਆਂ ਕੋਸ਼ਿਸ਼ਾਂ ਕੀਤੀਆਂ, ‘ਹੈਰਾਨੀਜਨਕ’ ਹੋਣਗੇ। ਉਨ੍ਹਾਂ ਵਿਅੰਗਮਈ ਸ਼ੈਲੀ ਵਿੱਚ ਕਿਹਾ ਕਿ ਇੱਕ ਮੁਰਗੇ ਦੇ ਸਿਰ ਉਪਰ ਵੀ ਕਲਗੀ ਹੁੰਦੀ ਹੈ।
ਉਨ੍ਹਾਂ ਕਿਹਾ ਕਿ 10 ਸਾਲ ਦੀ ਹੋਈ ‘ਆਪ’ ਨੇ ਦਿੱਲੀ ਅਤੇ ਦਿਲ ਵੀ ਜਿੱਤੇ ਹਨ। ਪੰਜਾਬ ਸਰਕਾਰ ਵੱਲੋਂ ਘਟਾਏ ਗਏ ਬਿਜਲੀ ਦੇ ਬਿੱਲਾਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਜਨਵਰੀ ਤੋਂ ਸੂਬੇ ਦੇ 71 ਲੱਖ ਲੋਕਾਂ ਦੇ ਬਿਜਲੀ ਬਿੱਲ ‘ਸਿਫ਼ਰ’ ਆਉਣ ਲੱਗਣਗੇ। ਉਨ੍ਹਾਂ ਮੀਡੀਆ ਦੇ ਇੱਕ ਹਿੱਸੇ ਵੱਲੋਂ ਸਵੇਰੇ ਭਾਜਪਾ ਨੂੰ ਵਧਾਈ ਦੇਣ ਬਾਰੇ ਵੀ ਸਖ਼ਤ ਟਿੱਪਣੀ ਕੀਤੀ। ਕੌਮੀ ਰਾਜਧਾਨੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਲੋਕ ‘ਨਫ਼ਰਤ ਦੀ ਰਾਜਨੀਤੀ’ ਨੂੰ ਪਸੰਦ ਨਹੀਂ ਕਰਦੇ ਤੇ ਉਹ ਸਕੂਲਾਂ, ਹਸਪਤਾਲਾਂ, ਸਾਫ਼-ਸਫ਼ਾਈ ਤੇ ਬੁਨਿਆਦੀ ਢਾਂਚੇ ਲਈ ਵੋਟ ਦਿੰਦੇ ਹਨ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨਾਲ ਕਈ ਮੁੱਦਿਆਂ ’ਤੇ ਗੱਲਬਾਤ ਹੋਈ ਹੈ। ਹੁਣ ਦਿੱਲੀ ਵਿੱਚ ਸਫਾਈ ਹੋਵੇਗੀ। ਜਿੱਤਣ ਵਾਲੇ ਉਮੀਦਵਾਰ ਪਾਰਟੀ ਦੇ ਨਾਲ ਹੀ ਰਹਿਣ ਦਾ ਭਰੋਸਾ ਜਤਾਉਂਦੇ ਹੋਏ ਮਾਨ ਨੇ ਕਿਹਾ ਕਿ ਭਾਜਪਾ ਸਰਕਾਰ ਬਣਾਉਣ ਲਈ ਉਨ੍ਹਾਂ ਤੱਕ ਪਹੁੰਚ ਨਹੀਂ ਕਰੇਗੀ ਕਿਉਂਕਿ ‘ਆਪ’ ਦੇ ਉਮੀਦਵਾਰ ਵਿਕਣ ਲਈ ਨਹੀਂ ਹਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly