(ਸਮਾਜ ਵੀਕਲੀ)-
ਸੁਣਿਆ ਕੁਝ
ਇਕ ਕੁੜੀ ਹੁੰਦੀ ਸੀ
ਗੱਲਾਂ ਚੱਲ ਰਹੀਆਂ ਹਨ
ਸੱਥਾਂ ਵਿੱਚ , ਚੌਂਕਿਆਂ ਵਿੱਚ ,ਗਲੀਆਂ ਵਿੱਚ
ਮਹੱਲੇ ਦੀਆਂ ਸੱਭ ਔਰਤਾਂ
ਹੁਣ ਮੂੰਹ ਜੋੜ ਜੋੜ ਕੇ
ਗੱਲਾਂ ਕਰ ਰਹੀਆਂ ਹਨ
ਸੁਣਿਆ ਕੁਝ
ਇਕ ਕੁੜੀ ਹੁੰਦੀ ਸੀ
ਸੱਚੀਂ ਉਹ ਬਹੁਤ ਚੰਗੀ ਸੀ ਉਹ ।
ਮੁਹੱਬਤ ਦਾ ਮੁਜੱਸਮਾ
ਸੀ ਉਹ ਕੋਈ
ਖਿੜੀ ਹੋਈ ਰੂਹ ਲੱਗਦੀ
ਸੀ ਉਹ ਕੋਈ
ਹਰ ਇਕ ਨੂੰ ਹੱਸ ਕੇ ਮਿਲਦੀ
ਸੱਭ ਦੇ ਕੰਮ ਹੱਸ ਹੱਸ ਕਰਦੀ
ਨਾਂਹ ਕਹਿਣਾ ਕਦੀ ਸਿੱਖਿਆ ਨਹੀਂ ਉਸ
ਕਿਸੇ ਨਾਲ ਨਰਾਜ਼ ਨਹੀਂ ਸੀ ਹੁੰਦੀ ਉਹ
ਅੱਜ ਚੱਲੇ ਗਈ ਉਹ
ਸੱਭ ਨੂੰ ਛੱਡ
ਤੇ ਹੁਣ ਸੱਭ ਕਹਿ ਰਹੇ ਹਨ
ਸੁਣਿਆ ਕੁਝ
ਇੱਕ ਕੁੜੀ ਹੁੰਦੀ ਸੀ
ਸੱਚੀਂ ਬਹੁਤ ਚੰਗੀ ਸੀ ਉਹ ।
ਸੱਭ ਨੂੰ ਬਹੁਤ ਸਨੇਹ ਕਰਦੀ ਸੀ
ਕੰਮ ਕਰਨ ਦਾ ਇੱਕ ਨਸ਼ਾ ਸੀ ਉਸਨੂੰ
ਝੱਲ ਸੀ ,ਜਨੂੰਨ ਸੀ ਇਕ
ਜੱਦ ਦੇਖੋ ਰਾਤ ਦੋ ਤਿੰਨ ਵਜੇ ਤੱਕ
ਜਾਗਦੀ ਰਹਿੰਦੀ ਸੀ ਉਹ
ਪੁੱਛੋ ਕਿ ਤੂੰ ਸੁੱਤੀ ਕਿਉਂ ਨਹੀਂ ਅਜੇ ਤੱਕ
ਕਹਿੰਦੀ ਨੀ ਭੈਣੇ ਇਹੀ ਸਮਾਂ ਤੇ
ਮੇਰੇ ਕੰਮ ਦਾ ਹੁੰਦਾ ਹੈ
ਚਾਹੇ ਸੌ ਜਾਵਾਂ , ਅਰਾਮ ਕਰਾਂ
ਜਾਂ ਕੰਮ ਕਰ ਲਵਾਂ
ਦਿਨੇ ਹੋਰ ਬਹੁਤ ਰੁਝੇਵੇਂ ਹੁੰਦੇ ਹਨ
ਤੇ ਹੁਣ ਸੱਭ ਕਹਿ ਰਹੇ ਹਨ
ਸੁਣਿਆ ਕੁਝ
ਇੱਕ ਕੁੜੀ ਹੁੰਦੀ ਸੀ
ਸੱਚੀਂ ਬਹੁਤ ਚੰਗੀ ਸੀ ਉਹ ।
ਇੱਕ ਕੁੜੀ ਹੁੰਦੀ ਸੀ
ਜਿਸਨੇ ਜ਼ਿੰਦਗੀ ਵਿੱਚ
ਬਹੁਤ ਦੁੱਖ ਉਠਾਏ ਪਰ
ਦਰਦ ਸਹਿਕੇ ਵੀ ਉਹ
ਹਮੇਸ਼ਾਂ ਮੁਸਕਰਾਉਂਦੀ ਰਹਿੰਦੀ
ਆਪਣੇ ਦਰਦ ਭੁਲਾ
ਦੂਸਰਿਆਂ ਦੇ ਦਰਦ ਵਿਚ
ਸ਼ਰੀਕ ਹੁੰਦੀ ਤੇ
ਜਿੰਨਾ ਹੋ ਸਕਦਾ ਮਦਦ ਕਰਦੀ
ਉਹਨਾਂ ਦੀ ਹਮੇਸ਼ਾਂ ਉਹ
ਤੇ ਹੁਣ ਸੱਭ ਕਹਿ ਰਹੇ ਹਨ
ਸੁਣਿਆ ਕੁਝ
ਇੱਕ ਕੁੜੀ ਹੁੰਦੀ ਸੀ
ਸੱਚੀਂ ਬਹੁਤ ਚੰਗੀ ਸੀ ਉਹ ।
ਹੁਣ ਮੂੰਹ ਜੋੜ ਜੋੜ
ਸੱਭ ਗੱਲਾਂ ਕਰ ਰਹੇ ਹਨ
ਅਸੀਂ ਤੇ ਉਸਨੂੰ ਸੱਭ
ਕਮਲੀ ਹੀ ਸਮਝਦੇ ਰਹੇ
ਐਵੇਂ ਸੱਭ ਦੇ ਕੰਮ ਕਰ ਦਿੰਦੀ ਹੈ
ਕਿਸੇ ਦਾ ਬੁਰਾ ਨਹੀਂ ਚਿਤਵਦੀ
ਕਦੀ ਉਹ
ਜਿਊਂਦੇ ਜੀ ਕਹਿੰਦੀ ਰਹੀ ਸੱਭ ਨੂੰ
ਕਦਰ ਕਰਨੀ ਹੈ ਕਿਸੇ ਦੀ ਤੇ
ਜਿਊਂਦਿਆਂ ਦੀ ਕਰੋ ਫਿਰ
ਵੇਲਾ ਹੱਥ ਨਹੀਂ ਆਉਂਦਾ
ਅਸੀਂ ਉਸਦਾ ਮਜ਼ਾਕ ਹੀ
ਬਣਾਉਂਦੇ ਰਹੇ ਤੇ ਹੁਣ
ਜੱਦ ਉਹ ਨਹੀਂ ਰਹੀ
ਤੇ ਹੁਣ ਸੱਭ ਕਹਿ ਰਹੇ ਹਨ
ਸੁਣਿਆ ਕੁਝ
ਇੱਕ ਕੁੜੀ ਹੁੰਦੀ ਸੀ
ਸੱਚੀਂ ਬਹੁਤ ਚੰਗੀ ਸੀ ਉਹ
ਇੱਕ ਕੁੜੀ ਹੁੰਦੀ ਸੀ
ਹੁੰਦੀ ਸੀ ਇੱਕ ਕੁੜੀ ।