ਅਮਰਜੀਤ ਸਿੰਘ ਤੂਰ
(ਸਮਾਜ ਵੀਕਲੀ) ਖਾਹਮਖਾਹ ਦੀਆਂ ਚੋਟਾਂ, “ਆ ਬੈਲ ਮੁਝੇ ਮਾਰ”, ਵਾਲੀਆਂ ਪ੍ਰਵਿਰਤੀਆਂ ਕਰਕੇ, ਲਗਦੀਆਂ ਹਨ।ਸਿਆਸਤੀ ਬੰਦੇ ਹੋਣ ਕਰਕੇ ਮੇਰੇ ਪਿਤਾ ਜੀ ਅਕਸਰ ਹੀ ਕਦੀ ਸਾਮਾਣੇ, ਕਦੀ ਪਟਿਆਲੇ,ਕਦੀ ਨਾਭੇ,ਕਦੀ ਭਵਾਨੀਗੜ੍ਹ ਅਕਸਰ ਹੀ ਜਾਂਦੇ ਰਹਿੰਦੇ ਸਨ।ਮੈਨੂੰ ਵੀ ਆਦਤ ਹੁੰਦੀ ਸੀ, ਉਹਨਾਂ ਦੇ ਪਿੱਛੇ ਪਿੱਛੇ ਲੱਗੇ ਰਹਿਣਾ ਤੇ ਨਾਲ ਚਲੇ ਜਾਣਾ। ਹਰ ਵਾਰੀ ਤਾਂ ਨਹੀਂ ਲੈ ਕੇ ਜਾਂਦੇ ਸਨ,ਪਰ1956 ਵਿੱਚ ਜਦੋਂ ਮੈਂ 10-11 ਸਾਲ ਦਾ ਸੀ, ਮੈਂ ਜਿੱਦ ਕਰਕੇ ਨਾਭੇ ਚਲਾ ਗਿਆ, ਚਾਰ ਪੰਜ ਜਣੇ ਸਨ, ਸਾਰੇ ਸਾਈਕਲਾਂ ਤੇ ਮੈਂ ਪਿਤਾ ਜੀ ਨਾਲ ਪਿਛਲੇ ਕੈਰੀਅਰ ਤੇ, ਦੋਨੇ ਪਾਸੇ ਲੱਤਾਂ ਕਰਕੇ ਬੈਠ ਗਿਆ। ਥੂਹੀ ਪਿੰਡ ਤੱਕ ਤਾਂ ਠੀਕ ਬੈਠਾ ਰਿਹਾ, ਨਹਿਰ ਦੀ ਪਟੜੀ ਪਟੜੀ ਜਾ ਰਹੇ ਸੀ, ਮੈਨੂੰ ਨੀਂਦ ਆ ਗਈ। ਮੇਰਾ ਸੱਜਾ ਪੈਰ ਸਾਈਕਲ ਦੀਆਂ ਗਜ਼ਾਂ ਵਿੱਚ ਫਸ ਗਿਆ, ਚਾਰ ਪੰਜ ਗ਼ਜ਼ ਤੋੜ ਦਿੱਤੇ, ਮੇਰੇ ਪੈਰ ਚ ਵੀ ਆ ਮੋਚ ਆ ਕੇ ਧਰਤੀ ਤੇ ਥੱਲੇ ਨਹੀਂ ਲੱਗ ਰਿਹਾ ਸੀ। ਨੇੜੇ ਤੇੜੇ ਕੋਈ ਸਾਈਕਲ ਮਰੰਮਤ ਵਾਲੇ ਦੀ ਦੁਕਾਨ ਨਹੀਂ ਸੀ। ਥੂਹੀ ਦੇ ਨਹਿਰ ਪੁੱਲ ਪਾਰ, ਇੱਕ ਦੁਕਾਨ ਸੀ ਪਰ ਸਿਰਫ ਪੈਂਚਰ ਲਾਉਂਦਾ ਸੀ। ਗ਼ਜ਼ ਬਦਲਣ ਦਾ ਤੇ ਚੱਕੇ ਦਾ ਵਲ ਕੱਢਣ ਵਾਲਾ ਸਟੈਂਡ ਉਸ ਕੋਲ ਨਹੀਂ ਸੀ।ਜਿਸ ਸਾਈਕਲ ਤੇ ਅਸੀਂ ਬੈਠੇ ਸੀ, ਉਹ ਨਕਾਰਾ ਹੋ ਗਿਆ। ਦੂਸਰੇ ਸਾਈਕਲ ਤੇ ਲੱਦ ਕੇ, ਤੀਸਰੇ ਸਾਈਕਲ ਤੇ ਮੇਰੀ ਪੱਗ ਖੋਲ ਕੇ ਗਿੱਟੇ ਤੇ ਲਪੇਟੀ ਤਾਂ ਨਾਭੇ ਜਾ ਕੇ ਪਲਸਤਰ ਲਗਵਾਇਆ। ਸਾਈਕਲ ਦੀਆਂ ਤਾਰਾਂ ਦੁਲੱਦੀ ਚਰਾਹੇ ਤੇ ਬਦਲਵਾਈਆਂ। ਇੱਕ ਡੇਢ ਘੰਟਾ ਉਸਨੇ ਖਾ ਲਿਆ। ਬਾਪੂ ਜੀ ਜਿਸ ਕੰਮ ਆਏ ਸੀ ਵਿੱਚ-ਵਿਚਾਲੇ ਰਹਿ ਗਿਆ। ਇਹ ਸੀ ਮੇਰਾ ਜ਼ਿੰਦਗੀ ਦਾ ਨਾਭੇ ਦਾ ਪਹਿਲਾ ਟੂਰ।
ਅਗਲੀ ਘਟਨਾ ਮੇਰੇ ਪਹਿਲੇ ਵਿਆਹ ਤੋਂ ਬਾਅਦ ਦੀ ਹੈ। ਐਮਏ ਬੀਐਡ ਕਰਕੇ ਮੈਂ ਅਜੇ ਬੇਰੁਜ਼ਗਾਰ ਸੀ। ਪਤਨੀ ਆਪਣੀ ਨੌਕਰੀ ਛੱਡ ਕੇ ਆ ਗਈ। ਪ੍ਰੈਗਨੈਂਸੀ ਦੌਰਾਨ ਪਟਿਆਲੇ ਅਮਰ ਹਸਪਤਾਲ ਵਿੱਚ ਚੈੱਕਅਪ ਲਈ ਜਾਂਦੇ ਸੀ ਉਥੋਂ ਚੈੱਕਅਪ ਕਰਾ ਕੇ ਪਿੰਡ ਆ ਗਏ। ਅਗਲੇ ਦਿਨ ਫਿਰ ਪਟਿਆਲੇ ਜਾਣਾ ਪੈ ਗਿਆ,ਪ੍ਰੈਗਨੈਂਸੀ ਦੀ ਟਰਮੀਨੇਸ਼ਨ ਕਰਾਉਣੀ ਪਈ। ਪਿੰਡ ਵਾਪਸ ਆ ਰਹੇ ਸੀ, ਅਜੇ ਪਹੁੰਚੇ ਨਹੀਂ ਸੀ, ਰਜਵਾਹੇ ਦੇ ਪੁਲ ਤੇ ਹੀ ਸੂਚਨਾ ਮਿਲੀ ਕਿ ਤੁਹਾਡੇ ਬਾਪੂ ਜੀ ਗਿਰਧਾਰੀ ਬਾਣੀਏ ਨਾਲ ਜੀਪ ਵਿੱਚ ਲੁਧਿਆਣੇ ਗਏ ਸੀ ਵਾਪਸੀ ਉੱਤੇ ਗਿੱਲ ਰੋਡ ਤੇ ਐਕਸੀਡੈਂਟ ਹੋ ਗਿਆ ਉਹਨਾਂ ਦੇ ਕਾਫੀ ਸੱਟਾਂ ਲੱਗੀਆਂ ਹਨ।
ਬਚਣ ਦਾ ਵੀ ਕੋਈ ਪਤਾ ਨਹੀਂ।ਮੈਂ ਪਤਨੀ ਨੂੰ ਪਿੰਡ ਘਰੇ ਛੱਡ ਕੇ ਵਾਯਾ ਨਾਭਾ,ਮਲੇਰਕੋਟਲਾ, ਲੁਧਿਆਣੇ ਵਾਸਤੇ ਚੱਲ ਪਿਆ। ਮਲੇਰਕੋਟਲਾ ਲੰਘ ਕੇ ਤਿੰਨ ਕੁ ਕਿਲੋਮੀਟਰ ਤੇ ਭੋਗੀਵਾਲ ਪਿੰਡ ਦੇ ਨੇੜੇ ਮੇਰੇ ਅੱਗੇ ਰੇਹੜਾ ਜਾ ਰਿਹਾ ਸੀ, ਸੱਜੇ ਪਾਸੇ ਤੋਂ ਮੈਂ ਵੀ ਕਰਾਸ ਕਰਨਾ ਸੀ ਇੱਕ ਸਾਈਕਲ ਵਾਲਾ ਵੀ ਬਹੁਤ ਕਾਹਲਾ ਬਰਾਬਰ ਤੋਂ ਲੰਘਣ ਲੱਗਿਆ ਸੜਕ ਤੇ ਅਸੀਂ ਤਿੰਨੇ ਬਰਾਬਰ ਹੋ ਗਏ। ਸੜਕ ਇਕਹਿਰੀ ਸੀ ਸਾਹਮਣੇ ਤੋਂ ਬੱਸ ਆ ਰਹੀ ਸੀ,ਹੌਰਨ ਮਾਰਦੀ। ਜੇ ਮੈਂ ਸਿੱਧਾ ਜਾਂਦਾ ਤਾਂ ਮੇਰੀ ਟੱਕਰ ਹੋ ਜਾਣੀ ਸੀ, ਮੈਂ ਸੜਕ ਦੇ ਬਿਲਕੁਲ ਸੱਜੇ ਪਾਸੇ ਮੋਟਰਸਾਈਕਲ ਉਤਾਰ ਲਿਆ।ਰੇਤਲੀ ਥਾਂ ਹੋਣ ਕਰਕੇ ਮੋਟਰਸਾਈਕਲ ਦਾ ਹੈਂਡਲ ਡਗਮਗਾ ਕੇ ਡਿੱਗ ਪਿਆ।ਅੱਗੇ ਟੈਲੀਫੋਨ ਖੰਭਾ ਸੀ,ਉਸ ਦੀ ਖਿੱਚ ਦੇ ਵਿੱਚ ਮੂਹਰਲਾ ਪਹੀਆ ਫਸ ਗਿਆ,ਮੋਟਰਸਾਈਕਲ ਸੱਜੇ ਪਾਸੇ ਗਿਰਿਆ ਤੇ ਮੈਂ ਖੱਬੇ ਪਾਸੇ ਪੱਕੀ ਥਾਂ ਤੇ। ਡਿੱਗਣ ਸਾਰ ਤਾਂ ਮੈਨੂੰ ਪਤਾ ਨਾ ਲੱਗਿਆ,ਮੋਢੇ ਅਤੇ ਗਲ ਦੇ ਵਿਚਾਲੇ ਸੋਜਾ ਆ ਗਿਆ। ਨੇੜੇ ਹੀ ਪਿੰਡ ਦੇ ਅੱਡੇ ਤੇ ਦੁਕਾਨ ਵਾਲਿਆਂ ਨੇ ਚੁੱਕਿਆ, ਮੰਜੇ ਤੇ ਪਾ ਕੇ ਮੇਰੀ ਮਾਲਿਸ਼ ਵਾਲੇ ਤੋਂ ਮਾਲਸ਼ ਵੀ ਕਰਵਾਈ ਰਾਤ ਨੂੰ ਦੁੱਧ ਪੀਣ ਨੂੰ ਦਿੱਤਾ ਫਿਰ ਖਾਣਾ ਵੀ ਦਿੱਤਾ। ਹਨੇਰਾ ਹੋ ਚੁੱਕਿਆ ਸੀ ਰਾਤ ਕੱਟੀ ਸਵੇਰ ਤੱਕ ਹੋਰ ਵੀ ਸੋਜਿਸ਼ ਆ ਗਈ। ਮੈਂ ਸੋਚੀ ਜਾਵਾਂ ਕਿ ਲੁਧਿਆਣੇ ਜਾ ਕੇ ਬਾਪੂ ਜੀ ਦਾ ਪਤਾ ਲੈਣਾ ਹੈ, ਮੋਬਾਇਲ ਦੀ ਕੋਈ ਸੁਵਿਧਾ ਨਹੀਂ ਸੀ। ਦੁਕਾਨ ਵਾਲੇ ਬਹੁਤ ਭਲੇਮਾਣਸ ਚੰਗੇ ਬੰਦੇ ਸਨ ਮੇਰੇ ਖੱਬੇ ਪਾਸੇ ਦੇ ਟੁੱਟੇ ਹੋਏ ਹਾਂਸ ਦੀ ਮਾਲਿਸ਼ ਵਾਸਤੇ ਬੰਦਾ ਬੁਲਾਇਆ ਉਸਨੇ ਜਵਾਬ ਦੇ ਦਿੱਤਾ ਕਿ ਮਲੇਰਕੋਟਲੇ ਬਾਜ਼ਾਰ ਵਿੱਚ ਖਾਨ ਮੁਸਲਮਾਨ ਤੋਂ ਠੀਕ ਕਰਵਾਓ। ਰੇਹੜੇ ਵਾਲਾ ਮੈਨੂੰ ਤੇ ਮੋਟਰਸਾਈਕਲ ਨੂੰ ਫਰੀ ਵਿੱਚ ਮਲੇਰਕੋਟਲੇ ਬਾਜ਼ਾਰ ਵਿੱਚ ਛੱਡ ਗਿਆ, ਉੱਥੇ ਰਾਜਦੂਤ ਮੋਟਰਸਾਈਕਲ ਦੀ ਵਾਲਿਆਂ ਦੀ ਏਜੰਸੀ ਵੀ ਨੇੜੇ ਹੀ ਸੀ। ਉਹਨਾਂ ਸਮਿਆਂ ਵਿੱਚ 200 ਰੁਪਏ ਲਏ ਤੇ ਫਰੀ ਸਰਵਿਸ ਕੀਤੀ, ਟੁੱਟੀ ਹੋਈ ਪਲੇਟ ਤੇ ਤਾਰਾਂ ਬਦਲ ਕੇ ਦਿੱਤੀਆਂ।ਮਾਲਿਸ਼ ਵਾਲੇ ਨੇ ਮਾਲਿਸ਼ ਕਰਕੇ ਖੱਬੇ ਪਾਸੇ ਬੰਦਾ ਖੜਾਕੇ ਖੱਬੀ ਬਾਂਹ ਨੂੰ ਖਿੱਚਣ ਤੇ ਹਾਂਸ ਦੀਆਂ ਟੁੱਟੀਆਂ ਹੱਡੀਆਂ ਨੂੰ ਇੱਕ ਦੂਸਰੇ ਦੀ ਸੇਧ ਵਿੱਚ ਲਿਆ ਕੇ ਜੋੜ ਦਿੱਤਾ।
ਦੋਨੋਂ ਪਾਸੇ ਗੱਤੇ ਦੇ ਪੀਸ ਰੱਖ ਕੇ ਕਾਟਨ (ਰੂੰ) ਦੇ ਪਟੇ ਰੱਖ ਕੇ ਪੱਟੀਆਂ ਬੰਨ ਦਿੱਤੀਆਂ, ਬਾਂਹ ਤੇ ਮੋਢੇ ਤੋਂ ਲੈ ਕੇ ਗੁੱਟ ਨਾਲ ਲੰਬੀ ਪੱਟੀ ਨਾਲ (ਬਾਂਹ ਥੱਲੇ ਨਾ ਲਮਕੇ, ਉਸਨੂੰ ਰੋਕਣ ਵਾਸਤੇ) ਬੰਨ ਦਿੱਤਾ 15-20 ਦਿਨਾਂ ਬਾਅਦ ਮੇਰੀ ਸੱਟ ਨੂੰ ਆਰਾਮ ਆਇਆ। ਅਗਲੇ ਦੋ ਦਿਨ ਬਾਅਦ ਮੈਂ ਪਿੰਡ ਪਹੁੰਚਿਆ ਕੁਦਰਤੀ ਉਸ ਦਿਨ ਹੀ ਮੇਰੇ ਬਾਪੂ ਜੀ ਸੱਜੀ ਬਾਂਹ ਤੇ ਪਲੱਸਤਰ ਲੱਗੇ ਲੁਧਿਆਣੇ ਤੋਂ ਮੁੜੇ ਸਨ। ਘਰਦਿਆਂ ਨੂੰ ਮੇਰੇ ਪਹੁੰਚਣ ਤੇ ਹੀ ਮੇਰੇ ਐਕਸੀਡੈਂਟ ਬਾਰੇ ਪਤਾ ਲੱਗਿਆ। ਉਹ ਫਿਕਰ ਕਰ ਰਹੇ ਸਨ ਕਿ ਮੈਂ ਲੁਧਿਆਣੇ ਕਿਉਂ ਨਹੀਂ ਪਹੁੰਚਿਆ।
ਤਿੰਨ ਜਨਵਰੀ ਨੂੰ ਮੇਰੀ ਪਤਨੀ ਦਾ ਜਨਮ ਦਿਨ ਸੀ।4 ਜਨਵਰੀ2025 ਨੂੰ ਖਾਹਮਖਾਹ ਦੀ ਚੋਟ ਨਾਲ ਮੇਰਾ ਭੋਗ ਪੈ ਜਾਣਾ ਸੀ। ਹੋਇਆ ਇੰਝ, ਮੈਂ ਸਵੇਰੇ 7 ਵਜੇ ਹੀ ਨਹਾਉਣ ਚਲਾ ਗਿਆ, ਸਰਦੀ ਕਰਕੇ ਕਈ ਦਿਨ ਤਾਂ ਨਹਾਉਂਦਾ ਹੀ ਨਹੀਂ , ਜੇ ਨਹਾਉਣ ਲੱਗਿਆ ਤਾਂ ਉਹ ਕਹਾਵਤ ਲਾਗੂ ਹੋ ਗਈ “ਗੰਜੀ ਜੇ ਖੁਰਕੇ ਨਾ ਤਾਂ ਖੁਰਕਦੀ ਨ੍ਹੀਂ ,ਜੇ ਖੁਰਕਣ ਲੱਗਜੇ ਤਾਂ ਸਿਰ ਉਚੇੜ ਲੈਂਦੀ ਹੈ।”ਮੈਂ ਕੋਸੇ ਪਾਣੀ ਨਾਲ ਨਹਾ ਲਿਆ, ਨਾਰੀਅਲ ਦਾ ਤੇਲ ਵੀ ਗਰਮ ਪਾਣੀ ਚ ਗਰਮ ਕਰ ਲਿਆ ਸੀ।ਨਹਾਕੇ, ਅੰਦਰ ਹੀ ਖੜ ਕੇ ਸਾਰੇ ਪਿੰਡੇ ਤੇ ਤੇਲ ਲਾਇਆ। ਹਵਾਈ ਚੱਪਲ ਪਾਈ ਹੋਈ ਸੀ। ਸੱਜੇ ਪੈਰ ਦੀ ਤਲੀ ਤੇ ਤੇਲ ਲਗਾ ਲਿਆ, ਮੈਂ ਖੱਬੇ ਹੱਥ ਨਾਲ ਦਰਵਾਜੇ ਦਾ ਹੈਂਡਲ ਵੀ ਫੜਿਆ ਹੋਇਆ ਸੀ। ਫਿਰ ਖੱਬੇ ਪੈਰ ਦੇ ਤਲੇ ਤੇ ਤੇਲ ਲਾਉਣ ਲੱਗਿਆ, ਪੈਰ ਅਜਿਹਾ ਫਿਸਲਿਆ, ਹੈਂਡਲ ਛੁੱਟ ਗਿਆ ਮੇਰੇ ਸੱਜੇ ਹੱਥ ਦੇ ਗੁੱਟ ਤੇ ਗੁੱਝੀ ਸੱਟ ਲੱਗੀ, ਸਿਰ ਵੀ ਮੇਰਾ ਬਾਥਰੂਮ ਦੇ ਫਰਸ਼ ਤੇ ਜੋਰ ਨਾਲ ਵੱਜਿਆ। ਬੜੀ ਮੁਸ਼ਕਿਲ ਨਾਲ ਬੈਠਾ ਹੋਇਆ ਫਿਰ ਵਾਸ਼-ਬੇਸਨ ਦੇ ਬਾਊਲ ਨੂੰ ਹੱਥ ਪਾ ਕੇ ਉੱਠਿਆ ਤੇ ਚਿਟਕਣੀ ਖੋਲ ਕੇ ਬਾਹਰ ਆਇਆ।
ਅਮਰਜੀਤ ਸਿੰਘ ਤੂਰ ਫੋਨ ਨੰਬਰ : 9878469639
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj