(ਸਮਾਜ ਵੀਕਲੀ)
ਬੀਰੂ ਲੰਬੜਦਾਰ ਪਿੰਡ ਦੇ ਪੱਤਵੰਤਿਆਂ ਦੀ ਮੁਰਲੀ ਸਫਾਂ ਵਿੱਚ ਬਹਿਣ ਵਾਲਾ ਬੰਦਾ। ਪੰਚਾਇਤ ਵਿੱਚ ਬੋਲਦਾ ਤਾਂ ਇੱਕ ਇੱਕ ਬੋਲ ਸੁਣਨ ਯੋਗ ਹੁੰਦਾ। ਪੰਚਾਇਤ ਵਿੱਚ ਉਸਨੇ ਕਦੇ ਕਿਸੇ ਦੀ ਹਾਂ ਵਿੱਚ ਹਾਂ ਨਹੀਂ ਮਿਲਾਈ। ਭਾਵੇਂ ਕੋਈ ਕਿੱਡਾ ਵੀ ਖੱਬੀ ਖਾਨ ਹੋਵੇ ਉਹ ਸੱਚ ਅੱਗੇ ਸਭਨੂੰ ਟਿੱਚ ਗਿਣਦਾ। ਆਪਣੇ ਹੁੰਦਿਆਂ ਉਸਨੇ ਚੁਬਾਰੇ ਦੀ ਇੱਟ ਕਦੇ ਨਾਲੀ ਨੂੰ ਨਾ ਲਗਣ ਦਿੱਤੀ। ਖਾਂਦਾ ਪੀਂਦਾ ਮੁਹਤਬਰ ਪਰਿਵਾਰ।
ਲੰਮਾਂ ਸਮਾਂ ਗੁਜ਼ਰ ਗਿਆ ਹੈ। ਉਦੋਂ ਪਿੰਡਾਂ ਵਿੱਚ ਘੁਲਾੜੀਆਂ ਆਮ ਚੱਲਦੀਆਂ ਸਨ । ਆਪਣੇ ਆਪਣੇ ਕਮਾਦ ਨੂੰ ਪੀੜ ਕੇ ਗੁੜ, ਸ਼ੱਕਰ, ਦੇਸ਼ੀ ਖੰਡ ਤੇ ਸਿਰਕਾ ਖੁਦ ਬਣਾਇਆ ਜਾਂਦਾ।ਭਲੇ ਜਮਾਨੇ । ਚਲਦੀ ਘੁਲਾੜੀ ਵੇਲੇ ਕੋਈ ਵੀ ਆ ਰਸ ਪੀ ਸਕਦਾ ਤੇ ਚੱਕ ਤੇ ਬਹਿ ਕੇ ਤੱਤਾ ਤੱਤਾ ਗੁੜ ਖਾ ਸਕਦਾ।
ਪਿੰਡ ਵਿਚੋਂ ਇੱਕਠੇ ਹੋ ਕੇ ਕਿਸੇ ਇੱਕ ਦੇ ਗੰਨੇ ਘੜਨ ਜਾਂਦੇ। ਇਸ ਨੂੰ ਪੁਆਧੀ ਵਿੱਚ ਬਾਢਾ ਆਖਿਆ ਜਾਂਦਾ। ਇਹ ਸਹਿਕਾਰੀ ਖੇਤੀ ਦੀ ਇੱਕ ਮਿਸਾਲ ਸੀ। ਗੰਨੇ ਜਾਂ ਕਮਾਦ ਘੱੜ ਕੇ ਬੀਜ ਲਈ ਪੱਛੀ ਉਤਾਰੀ ਜਾਂਦੀ ਤੇ ਆਗ ਡੰਗਰਾਂ ਲਈ ਘਰ ਲੈ ਜਾਂਦੇ।ਇੱਕਠੇ ਹੋ ਕੇ ਬਾਢੇ ਵਿੱਚ ਜਾਣਾ ਜ਼ਰੂਰੀ ਸਮਝਿਆ ਜਾਂਦਾ ਤਾਂ ਜੋ ਘੁਲਾੜੀ ਚਲਾਉਣ ਲਈ ਪੂਰ ਛੇਤੀ ਪੂਰਾ ਹੋ ਸਕੇ। ਬਾਢੇ ਵਿੱਚ ਨਾ ਆਉਣ ਵਾਲਿਆਂ ਦੀ ਪਰ੍ਹੇ ਵਿੱਚ ਪੁੱਛ ਪੁਛਾਈ ਹੁੰਦੀ।
ਖੱਦਰ ਵਾਲੇ ਸਾਡੇ ਖੇਤ ਦੇ ਨੇੜੇ ਨੂੰ ਰਾਮਗੜ੍ਹ ਦੇ ਖੇਤਾਂ ਦਾ ਰਸਤਾ ਲੰਘਦਾ ਸੀ। ਉਂਝ ਤਾਂ ਸਾਡਾ ਹੱਦ ਬਸਤ ਨੰਬਰ ਇੱਕ ਹੀ ਹੈ। ਬੀਰੂ ਲੰਬੜਦਾਰ ਆਪਣੇ ਬਾਢੇ ਮਾ ਜਾਣ ਲਈ ਸਾਡੇ ਖੇਤ ਦੀ ਡੌਲ ਨੂੰ ਲੰਘਿਆ। ਵੱਡੇ ਭਰਾ ਨਾਲ ਬਾਬੇ ਦੀ ਦੂਆ ਸਲਾਮ ਹੋਈ। ਉਦੋਂ ਲੰਘਣ ਵੇਲੇ ਆਉਣ ਜਾਣ ਵਾਲਿਆਂ ਨੂੰ ਰਾਮ ਰਮੀ ਕਰਨਾ ਸਲੀਕਾ ਹੁੰਦਾ ਸੀ। ਰਾਮ ਰਾਮ ਪਿੱਛੋਂ ਭਰਾ ਨੇ ਪੁੱਛਿਆ ਕਿ ਬਾਬਾ ਕਿੱਧਰ ਨੂੰ ਚੱਲਿਆ ਹੈ।ਬਾਬੇ ਨੇ ਦੱਸਿਆ ਕਿ ਭਾਈ ਆਪਣੇ ਬਾਢੇ ਮਾ ਨੂੰ ਜਾਊਂ। ਭਰਾ ਨੇ ਰਮਾਨ ਨਾਲ ਆਖਿਆ , ” ਬਾਬੇ ਯੋ ਬਾਢਾ ਕਿਸਕਾ ? ਯੋ ਬੀ ਤੋਂ ਥਾਰਾ ਈ ਆ।” ਫੇਰ ਉਸਨੇ ਉੱਥੇ ਹੀ ਪੱਲੀ ਸੁੱਟ ਕੇ ਦਾਤੀ ਕੱਢ ਲਈ ਤੇ ਗੰਨੇ ਘੜਨ ਲੱਗ ਪਿਆ।
ਅਗਲੇ ਦਿਨ ਕਦੇ ਪੇਸ਼ੀ ਲੈਣ ਵਾਲਿਆਂ ਦੀ ਬਾਢੇ ਵਿੱਚ ਨਾ ਆਉਣ ਲਈ ਪਰ੍ਹੇ ਪੇਸ਼ੀ ਹੋਈ ।ਬਾਬੇ ਨੇ ਉਪਰਲੀ ਕਥਾ ਸੁਣਾ ਕੇ ਆਪਣੇ ਬਿਆਨ ਦਰਜ਼ ਕਰਵਾਏ। ” ਭਾਈ ਜਦ ਸੁੱਚੇ ਕੇ ਛੋਕਰੇ ਨੇ ਕਿਹਾ ਕਿ ਬਾਬੇ ਯੋ ਬਾਢਾ ਕਿਸਕਾ ? ਫੇਰ ਨੀ ਮੰਨੂੰ ਕੁਛ ਸੁਝਿਆ। ਫੇਰ ਮੈਂ ਵਹੀਂ ਪੱਲੀ ਗੇਰ ਕਾ ਗੰਨੇ ਘੜਨ ਲੱਗ ਗਿਆ। ਪਰ੍ਹੇ ਵਿੱਚ ਬੈਠਾ ਹਰ ਸਵਾਲੀ ਚੁੱਪ ਕਰਕੇ ਉੱਠ ਕੇ ਆਪਣੇ ਆਪਣੇ ਘਰ ਨੂੰ ਤੁਰ ਗਿਆ।
ਗੁਰਮਾਨ ਸੈਣੀ
ਰਾਬਤਾ : 9256346906
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly