(ਸਮਾਜ ਵੀਕਲੀ)
1982 ਵਿੱਚ ਜਦੋਂ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਗਿਆਨੀ ਪਾਸ ਕਰਕੇ ਭਾਸ਼ਾ ਵਿਭਾਗ , ਪੰਜਾਬ ਨੇੜੇ ਨੀਲਮ ਸਿਨੇਮਾ ਵਿੱਚ ਪੜ੍ਹਾਏ ਜਾਂਦੇ ਉਰਦੂ ਆਮੋਜ਼ ਪ੍ਰੀਖਿਆ ਲਈ ਦਾਖਲਾ ਲਿਆ ਤਾਂ ਉਦੋਂ ਮੇਰਾ ਮਿੱਤਰ ਬ੍ਰਿਜ ਮੋਹਨ ਕੋਆਪਰੇਟਿਵ ਬੈਂਕ , ਕਾਲਕਾ’ ਵਿਖੇ ਕੰਮ ਕਰਦਾ ਸੀ। ਉਰਦੂ ਸਿਖਾਉਣ ਲਈ ਜਮਾਤਾਂ ਸੰਝ ਨੂੰ ਸਾਢੇ ਪੰਜ ਵਜੇ ਤੋਂ ਬਾਅਦ ਸ਼ੁਰੂ ਹੁੰਦੀਆਂ ਸਨ ਤਾਂ ਜੋ ਨੌਕਰੀ ਪੇਸ਼ਾ ਲੋਕ ਵੀ ਸਿਖਲਾਈ ਵਿੱਚ ਹਿੱਸਾ ਲੈਣ ਸਕਣ। ਚੰਡੀਗੜ੍ਹ ਸੈਕਟਰ 17 ਵਿੱਚ ਹੀ ਪੰਜਾਬ ਦੇ ਸਿੰਚਾਈ ਵਿਭਾਗ ਵਿੱਚ ਕੰਮ ਕਰਦੇ ਐਚ. ਕੇ. ਲਾਲ ਜਿਨ੍ਹਾਂ ਦਾ ਤਖ਼ੱਲਸ “ਮਜ਼ਰੂਹ” ਸੀ ਸਾਨੂੰ ਉਰਦੂ ਸਿਖਾਉਣ ਲਈ ਆਉਂਦੇ।
ਇੱਕ ਹੱਥ ਵਿੱਚ ਛੋਟੀ ਮੁਸਾਫ਼ਰਾਂ ਵਾਲੀ ਅਟੈਚੀ ਤੇ ਦੂਜੇ ਹੱਥ ਨਾਲ ਸਿਗਰਟ ਪੀਂਦਿਆਂ ਤੇ ਗਲਬਾਤ ਕਰਦਿਆਂ ਉਹ ਹੌਲੀ ਹੌਲੀ ਤੀਜੀ ਮੰਜ਼ਲ ਤੇ ਅਪੜਦੇ। ਬਹੁਤ ਬਾਰ ਜਾਂ ਅਕਸਰ ਪਿਆਰ ਵਜੋਂ ਮੈਂ ਉਨ੍ਹਾਂ ਦੀ ਅਟੈਚੀ ਫੜ ਲੈਂਦਾ। ਉਨ੍ਹਾਂ ਦਾ ਕਦ ਕਾਠ ਤੇ ਸਟਾਇਲ ਸਾਨੂੰ ਫਿਲਮਾਂ ਵਿਚਲੇ ਖਲਨਾਇਕ ਕਾਦਰ ਖਾਨ ਜਿਹਾ ਜਾਪਦਾ।ਉਹ ਹੱਸਦੇ ਹੋਏ ਸਾਨੂੰ ਦੱਸਦੇ ਕਿ ਉਨ੍ਹਾਂ ਦੇ ਤੱਖ਼ਲਸ ਦਾ ਮਤਲਬ ਜ਼ਖ਼ਮੀ ਤੇ ਤੜਪਦਾ ਹੋਇਆ ਹੈ, ਉਂਝ ਮੈਂ ਠੀਕ ਠਾਕ ਹਾਂ, ਅਜਿਹੀ ਕੋਈ ਗੱਲ ਨਹੀਂ।
ਮੇਰੀਆਂ ਉਰਦੂ ਜਮਾਤ ਦੀਆਂ ਗੱਲਾਂ ਸੁਣ ਸੁਣ ਕੇ ਪੰਡਿਤ ਬ੍ਰਿਜ ਮੋਹਨ ਨੂੰ ਵੀ ਉਰਦੂ ਸਿੱਖਣ ਦੀ ਲਲਕ ਲੱਗ ਗਈ ਪਰ ਮਸਲਾ ਕਾਲਕਾ ਤੋਂ ਚੰਡੀਗੜ੍ਹ ਜਾਣ ਤੇ ਉਥੋਂ ਵਾਪਸ ਪਿੰਡ ਆਉਣ ਦਾ ਸੀ।ਗੱਲ ਇਸਤਰਾਂ ਨਿਬੜੀ ਕਿ ਭਾਸ਼ਾ ਵਿਭਾਗ ਤੋਂ ਫ਼ਾਰਮ ਉੱਤੇ ਮੋਹਰ ਲਗਵਾ ਕੇ ਸਟੂਡੈਂਟਸ ਪਾਸ ਬਣਵਾਇਆ ਜਾਵੇ। ਪਾਸ ਬਾਅਦ ਦੁਪਹਿਰ ਦੋ ਤੋਂ ਲੈ ਕੇ ਪੰਜ ਵਜੇ ਤੀਕ ਬਣਦੇ ਸਨ।ਕਰ ਕਰਾ ਕੇ ਪੰਡਿਤ ਜੀ ਨੇ ਬੈਂਕ ਵਿਚੋਂ ਫਰਲੋ ਮਾਰੀ ਤੇ ਪਾਸ ਬਣਵਾਉਣ ਲਈ ਸਟੂਡੈਂਟਸ ਲਾਈਨ ਵਿੱਚ ਲੱਗ ਗਿਆ। ਕਰੀਬ ਸਾਢੇ ਚਾਰ ਵਜੇ ਜਦੋਂ ਪੰਡਿਤ ਜੀ ਦਾ ਨੰਬਰ ਆਉਣ ਨੂੰ ਦੋ ਤਿੰਨ ਬੰਦੇ ਹੀ ਰਹਿੰਦੇ ਸਨ ਤਾਂ ਮਾੜੇ ਵਕਤਾਂ ਨੂੰ ਪੰਡਿਤ ਜੀ ਦਾ ਕੋਈ ਜਾਣਕਾਰ ਉੱਥੇ ਆਇਆ ਤੇ ਉਹਨੇ ਸਹਿਜ ਸੁਭਾਅ ਹੀ ਪੁੱਛਿਆ ,’ਹੋਰ ਪੰਡਿਤ ਜੀ, ਅੱਜ ਡਿਊਟੀ ਪਰ ਨਹੀਂ ਗਏ ?’
ਸਟੂਡੈਂਟਸ ਲਾਈਨ ਵਿੱਚ ਖੜ੍ਹੇ ਪੰਡਿਤ ਜੀ ਵਿਚਾਰੇ ਆਪਣੀ ਇੱਜ਼ਤ ਬਚਾਉਂਦਿਆਂ ਚੁੱਪਕੇ ਜਿਹੇ ਲਾਈਨ ਵਿਚੋਂ ਬਾਹਰ ਨਿਕਲ ਆਏ। ਬੱਸ ਕਿਸੇ ਵੱਲੋਂ ਬੋਲੇ ਇੱਕ ਬੋਲ ਨੇ ਹੀ ਪੰਡਿਤ ਜੀ ਦਾ ਉਰਦੂ ਸਿੱਖਣ ਦਾ ਸੁਪਨਾ ਚਕਨਾਚੂਰ ਕਰ ਛੱਡਿਆ।
ਗੁਰਮਾਨ ਸੈਣੀ
ਰਾਬਤਾ : 9256346906
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly