(ਸਮਾਜ ਵੀਕਲੀ)
ਇੱਕ ਤੋਰ ਇਹ ਵੀ ( ਜੇਲ੍ਹ ਜੀਵਨ ‘ਚੋਂ)
ਕਾਂਡ – ਗਿਆਰਵਾਂ (ਭਾਗ ਪਹਿਲਾ)
ਜੇਲ੍ਹ ਵਿਚ ਵਕਤ ਗੁਜ਼ਾਰਨ ਦੇ ਬਹੁਤ ਕਿੱਸੇ ਤਾਂ ਮੈਂ ਸੁਣਾ ਹੀ ਚੁੱਕਾ ਹਾਂ,ਕਿ ਕਿਵੇਂ ਤਾਸ਼, ਵਾਲੀਵਾਲ ਖੇਡ ਕੇ, ਤੇ ਸ਼ਾਮ ਨੂੰ ਸੱਭਿਆਚਾਰਕ ਪ੍ਰੋਗਰਾਮ ਕਰ ਕੇ ਟਾਈਮ ਪਾਸ ਕਰਦੇ ਸਾਂ। ਪਰ ਇਹਨਾਂ ਤੋਂ ਇਲਾਵਾ ਵੀ ਕਈ ਹਾਸਾ-ਠੱਠਾ ਕਰਨ ਦੇ ਸਾਧਨ ਸਨ ਕਿਉਂਕਿ ਹੁਣ ਸੁੱਖ ਨਾਲ, ਜੇਲ੍ਹ ਵਿਚ ਅਧਿਆਪਕਾਂ ਦੀ ਗਿਣਤੀ ਵੀ ਵਧਦੀ ਜਾ ਰਹੀ ਸੀ। ਹਰ ਰੋਜ ਇੱਕ ਜ਼ਿਲ੍ਹਾ ਆਪਣਾ ਜਥਾ ਗਰਿਫ਼ਤਾਰ ਕਰਵਾ ਕੇ ਭੇਜ ਦਿੰਦਾ ਸੀ। ਦੂਰ ਦੁਰਾਡੇ ਟੈਲੀਫੋਨ, ਰੇਡੀਓ ਅਤੇ ਅਖ਼ਬਾਰਾਂ ਰਾਹੀਂ ਸਹਾਇਤਾ ਪ੍ਰਾਪਤ ਸਕੂਲਾਂ ਦੇ ਅਧਿਆਪਕਾਂ ਦੀਆਂ ਗਰਿਫ਼ਤਾਰੀਆਂ ਦੀ ਖ਼ਬਰ ਪੰਜਾਬ ਤਾਂ ਕੀ ਦੂਜੇ ਰਾਜਾਂ ਤੱਕ ਵੀ ਪਹੁੰਚ ਚੁੱਕੀ ਸੀ। ਜਿੱਥੇ ਜਿੱਥੇ ਵੀ ਕਿਸੇ ਦੇ ਰਿਸ਼ਤੇਦਾਰ ਬੈਠੇ ਸਨ, ਉਹਨਾਂ ਆਪਣੇ ਸਕੇ ਸਬੰਧੀ ਅਧਿਆਪਕਾਂ ਨਾਲ ਮੁਲਾਕਾਤਾਂ ਦਾ ਸਿਲਸਿਲਾ, ਜ਼ੋਰਾਂ ਸ਼ੋਰਾਂ ਨਾਲ ਸ਼ੁਰੂ ਕਰ ਦਿੱਤਾ ਸੀ। ਮੁਲਾਕਾਤੀ ਕਮਰੇ ਵਿਚ ਸਾਰਾ ਦਿਨ ਕਾਵਾਂ ਰੌਲੀ ਪਈ ਰਹਿੰਦੀ ਸੀ।
ਸਾਡੇ ਦੋ ਸਾਥੀ ਵੀ ਰੁਜ਼ਾਨਾ ਪਿੰਜਰੇ ਨੁਮਾ ਮੁਲਾਕਾਤੀ ਕਮਰੇ ਵਿਚ ਚਲੇ ਜਾਇਆ ਕਰਨ। ਮੈਂ ਪੁੱਛਿਆ,” ਤੁਸੀਂ ਰੁਜ਼ਾਨਾ ਕੀਤੇ ਜਾਂਦੇ ਹੋ ? ਉਨ੍ਹਾਂ ਕਿਹਾ,” ਟਾਈਮ ਪਾਸ।”
ਮੈਂ ਉਨ੍ਹਾਂ ਦੀ ਗੱਲ ਸਮਝਿਆ ਨਾ। ਉਨ੍ਹਾਂ ਸੋਚਿਆ ਜੇ ‘ਜੱਸੀ’ ਨੂੰ ਪਤਾ ਲੱਗ ਗਿਆ ਕਿ ਅਸੀਂ ਕਿਵੇਂ ਟਾਈਮ ਪਾਸ ਕਰਦੇ ਹਾਂ ਕਿਤੇ ਸ਼ਾਮ ਨੂੰ ਸਟੇਜ ਉੱਤੇ ਸਾਡਾ ਤਵਾ ਹੀ ਨਾ ਲਗਾ ਦੇਵੇ।
ਰੁਜ਼ਾਨਾ ਮੁਲਾਕਾਤ ਦੇ ਸਮੇਂ ਪਹਿਲਾਂ ਤਾਂ ਉਹ ਦੋਵੇਂ ਜਾਂਦੇ ਸਨ ਪਰ ਹੌਲੀ ਹੌਲੀ ਉਹਨਾਂ ਨਾਲ ਸਾਡੇ ਇੱਕ, ਦੋ ਸੱਜਣ ਅਧਿਆਪਕ ਹੋਰ ਜਾਣ ਲੱਗ ਪਏ। ਦਿਨਾਂ ਵਿਚ ਹੀ ਦਸ,ਪੰਦਰਾਂ ਦਾ ਗਰੁੱਪ ਮੁਲਾਕਾਤੀਆਂ ਦੇ ਕਮਰੇ ਵਿਚ ਜਾਣ ਲੱਗ ਪਿਆ। ਜਦੋਂ ਵਾਪਸ ਆਇਆ ਕਰਨ, ਉੱਚੀ-ਉੱਚੀ ਹੱਸਦੇ ਆਇਆ ਕਰਨ। ਮੈਂ ਹੈਰਾਨ ਸਾਂ, ਜਦੋਂ ਬੰਦਾ ਅਪਣੇ ਕਿਸੇ ਸੱਜਣ ਮਿੱਤਰ ਤੋਂ ਵਿਛੁੜ ਕੇ ਆਉਂਦਾ ਹੈ, ਉਦਾਸ ਆਉਂਦੈ। ਪਰ ਇੱਥੇ ਤਾਂ ਉਲਟੀ ਗੰਗਾ ਵਹੀ ਜਾ ਰਹੀ ਹੈ। ਇੱਕ ਦਿਨ ਮੈਂ ਚੁੱਪ-ਚੁਪੀਤੇ ਪਿੱਛਾ ਕੀਤਾ, ਤੇ ਦੇਖਿਆ, ਮੈਂ ਤਾਂ ਦੰਗ ਹੀ ਰਹਿ ਗਿਆ, ਕਿ ਉਹ ਮੁਲਾਕਾਤੀ ਕਮਰੇ ‘ਚ ਕੀ ਕਰਨ ਆਉਂਦੇ ਹਨ।
” ਕਿਉਂ ਝਾਕੇ ਲੈ ਆਏ ?”
ਮੈਂ ਪੁੱਛਿਆ।
“ਹੋਰ ਕੀ ਕਰੀਏ। ਸਾਡਾ ਤਾਂ ਕੋਈ ਮੁਲਾਕਾਤੀ ਆਉਂਦਾ ਨਹੀਂ। ਲੋਕਾਂ ਦੀਆਂ ਜਨਾਨੀਆਂ ਸਜ ਧਜ ਕੇ ਮਿਲਣ ਆਉਂਦੀਆਂ ਨੇ।”
ਇੱਕ ਸਾਥੀ ਕਹਿੰਦਾ,” ਉਹਨਾਂ ਦੀ ਗੱਲਬਾਤ ਵਿਚ ਕੀ ਰਸ ਹੁੰਦੈ ! ਨਸ਼ਾ ਹੀ ਛਾ ਜਾਂਦੈ ।”
” ਸੋਹਣੀਆਂ ਅੱਖ਼ਾਂ ‘ਚ ਵੱਡੇ-ਵੱਡੇ ਹੰਝੂ ਕਿੰਨੇ ਪਿਆਰੇ ਲੱਗਦੇ ਨੇ।” ਇੱਕ ਨੇ ਤਾਂ ਅੱਜ ਹੱਦ ਹੀ ਕਰ ਦਿੱਤੀ, ਕਹਿੰਦੀ,” ਮੇਰਾ ਤਾਂ ‘ਕੱਲੀ ਦਾ ਰਾਤੀ ਘਰੇ ਜੀ ਨਹੀਂ ਲੱਗਦਾ, ਰਾਤੀਂ ਨੀਂਦ ਨ੍ਹੀਂ ਆਉਂਦੀ।”
” ਏਥੋਂ ਕਦੋਂ ਖਹਿੜਾ ਛੁੱਟੂ ।”
ਇੱਕ ਕਹਿੰਦੀ,” ਤੂੰ ਤਾਂ ਕਹਿੰਦਾ ਸੀ, ਦੋ-ਚਾਰ ਦਿਨਾਂ ‘ਚ ਆਜਾਂਗੇ ? ਤੇ ਅੱਜ ਹਫ਼ਤਾ ਹੋ ਗਿਆ। ਬੰਦਾ ਬਣ ਕੇ ਮੁਆਫ਼ੀਨਾਮਾ ਦੇ ਦੇ।” ਬੜਾ ਸੁਆਦ ਆਉਂਦੈ ਬਈ, ਕੱਲ੍ਹ ਤੋਂ ਤੂੰ ਵੀ ਆਇਆ ਕਰ। ਬੜੇ ਵਧੀਆ ਆਈਡੀਏ ਮਿਲਦੇ ਨੇ,
ਤੂੰ ਤਾਂ ਕੁਝ ਲਿਖਣਾ ਵੀ ਹੁੰਦੈ।”
ਮੈਂ ਕਿਹਾ,” ਬੜਾ ਵਧੀਆ ਸਾਧਨ ਲੱਭਿਐ, ਟਾਈਮ ਪਾਸ ਦਾ! ”
ਸਾਡਾ ਵਾਈਸ ਪ੍ਰਿੰਸੀਪਲ ਜਦੋਂ ਸਾਡੀ ਮੁਲਾਕਾਤ ‘ਤੇ ਆਇਆ ਤਾਂ, ਉਸਨੇ ਮੁਲਾਕਾਤੀ ਪਿੰਜਰੇ ਵਿਚ ਦੀ, ਮੇਰੀ ਉਂਗਲ ਨਾਲ ਉਂਗਲ ਛੁਹਾ ਕੇ ਪਿਆਰ ਕੀਤਾ । ਸਾਡੇ ਪ੍ਰਿੰਸੀਪਲ ਸਾਹਿਬ, ਅਜੇ ਤੱਕ ਇੱਕ ਵਾਰ ਵੀ ਮੁਲਾਕਾਤ ਕਰਨ ਨਹੀਂ ਆਏ ਸਨ। ਸਾਡਾ ਇੱਕ ਸਾਥੀ ਮੁਲਾਕਾਤ ਕਰਨ ਆਇਆ ਰੋਵੇ। ਰੋਂਦਾ ਰੋਂਦਾ ਕਹਿੰਦਾ,
“ਮੈਨੂੰ ਮੁਆਫ਼ ਕਰ ਦਿਓ। ਮੈਨੂੰ ਗ਼ਦਾਰ ਨਾ ਸਮਝੋ।”
ਸਭ ਨੇ ਕਿਹਾ, ” ਸਾਡੇ ਮਨ ਵਿੱਚ ਅਜਿਹੀ ਕੋਈ ਗੱਲ ਨਹੀਂ, ਤੂੰ ਮਹਿਸੂਸ ਨਾ ਕਰ।” ਜਦੋਂ ਅਸੀਂ ਮੁਲਾਕਾਤ ਤੋਂ ਬਾਅਦ ਬੈਰਕ ਵਿਚ ਆਏ ਤਾਂ ਇਕ ਸਾਥੀ ਕਹਿੰਦਾ,” ਦੇਖਿਆ ! ਹੁਣ ਮਗਰ ਮੱਛ ਦੇ ਹੰਝੂ ਰੋਂਦੈ।” ਉਦੋਂ ਗਰਿਫ਼ਤਾਰੀ ਦੇਣ ਤੋਂ ਭੱਜ ਗਿਆ।
ਇੱਕ ਜੇਲ੍ਹੀ ਸਾਥੀ ਕਹਿੰਦਾ,” ਏਹਨੂੰ ਇੱਕ ਮਹੀਨਾ,ਇਹਦੇ ਬੱਚਿਆਂ ਤੋਂ ਦੂਰ ਕਰ ਕੇ, ਸਕੂਲ ‘ਚ ਹੀ ਕਰੋ ਨਜ਼ਰਬੰਦ।”
ਮੈਂ ਕਿਹਾ,” ਮਿੱਤਰੋ ! ਜਿਹੜਾ ਆਪਣੀ ਗ਼ੁਸਤਾਖ਼ੀ ਦੀ ਮੁਆਫ਼ੀ ਮੰਗ ਲਵੇ ਤਾਂ, ਮੁਆਫ਼ ਕਰਨ ਵਾਲਾ ਬਹੁਤ ਵੱਡਾ ਹੋ ਜਾਂਦੈ।’
ਗੁਰਬਾਣੀ ਕਹਿੰਦੀ ਹੈ :-
‘ਨਿਵੇਂ ਸੁ ਗਉਰਾ ਹੋਇ।’
ਸਾਡਾ ਸਾਥੀ ਭਾਵੇਂ ਕਿਸੇ ਮਜਬੂਰੀ ਵੱਸ ਜੇਲ੍ਹ ਨਹੀਂ ਆ ਸਕਿਆ,ਪਰ ਬਾਹਰ ਬੈਠਾ ਘਰਦਿਆਂ ਦੀ ਬਹੁਤ ਸੇਵਾ ਕਰਦਾ ਰਿਹਾ।
ਗੱਲ ਵਕਤ ਲੰਘਾਉਣ ਹੋ ਰਹੀ ਸੀ। ਕਈ ਹਾਸੋ-ਹੀਣੀਆਂ ਗੱਲਾਂ ਜੇਲ੍ਹ ਵਿਚ ਅਕਸਰ ਹੀ ਹੁੰਦੀਆਂ ਰਹਿੰਦੀਆਂ ਸਨ। ਸਾਡੀ ਬੈਰਕ ਦੇ ਮੁੱਖ ਦਰਵਾਜੇ ਦੇ ਸਾਹਮਣੇ, ਇੱਕ, ਦੋ ਕਮਰੇ ਸਨ। ਜੇਲ੍ਹ ਸੁਪਰਡੈਂਟ ਨੇ ਸਾਡੀ ਮੰਗ ਤੇ ਓਥੇ ਇੱਕ ਕਮਰੇ ਵਿਚ, ਦੁਕਾਨ ਖੁਲ੍ਹਵਾ ਦਿੱਤੀ ਸੀ। ਉਸ ਦੇ ਬਾਹਰ ਹੀ, ਕੰਧ ਨਾਲ ਚਾਹ ਪਾਣੀ ਦਾ ਇੰਤਜ਼ਾਮ ਵੀ ਕਰਵਾ ਦਿੱਤਾ ਸੀ। ਸਾਡੇ ਬੈਠਣ ਉੱਠਣ ਤੇ ਵਕਤ ਲੰਘਾਉਣ ਦਾਇਰਾ ਹੋਰ ਵੀ ਵਧ ਗਿਆ ਸੀ। ਜੇ ਕਿਸੇ ਨੇ ਠੰਡਾ ਪਾਣੀ ਪੀਣਾ ਹੁੰਦਾ, ਕੰਟੀਨ ‘ਤੇ, ਸਿਗਰਟ ਪੀਣੀ ਕੰਟੀਨ ‘ਤੇ, ਗੱਲ ਕੀ ਹਰ ਕਿਸਮ ਦੀ ਸੁਵਿਧਾ ਜੇਲ੍ਹ ਵਿਚ ਹੋ ਗਈ ਸੀ। ਬਾਹਰੋਂ ਮੁਲਾਕਾਤੀਆਂ ਤੋਂ ਸਮਾਨ ਮੰਗਵਾਉਣ ਦਾ ਝੰਜਟ ਵੀ ਮੁੱਕ ਗਿਆ ਸੀ। ਕਿਉਂਕਿ ਕੰਟੀਨ ‘ਤੇ ਛੋਟੀ ਚੀਜ਼ ਤੋਂ ਲੈ ਕੇ ਵੱਡੀ ਜੀ ਤੱਕ ਸਭ ਕੁਝ ਹਾਜ਼ਰ ਹੁੰਦਾ ਸੀ। ਜੇ ਚੀਜ਼ ਨਾ ਵੀ ਹੁੰਦੀ, ਕੰਟੀਨ ਵਾਲੇ ਨੂੰ ਲਿਖਵਾ ਦੇਣੀ, ਤੇ ਉਹ ਸ਼ਾਮ ਤੱਕ ਹਾਜ਼ਰ ਹੋ ਜਾਂਦੀ।
ਦੁਕਾਨ ਦੀ ਕੰਧ ਦੇ ਨਾਲ ਜੋ ਚਾਹ ਦੀ ਕੰਟੀਨ ਸੀ, ਓਥੇ ਇੱਕ ਦਿਨ ਅਜਿਹੀ ਹਾਸੇ ਵਾਲੀ ਘਟਨਾ ਵਾਪਰੀ, ਜਿਸ ਨੂੰ ਯਾਦ ਕਰ ਕੇ, ਅੱਜ ਵੀ ਹੱਸ-ਹੱਸ ਢਿੱਡੀਂ ਪੀੜਾਂ ਪੈ ਜਾਂਦੀਆਂ ਹਨ। ਚਾਹ ਦੀ ਕੰਟੀਨ ਚਲਾਉਣ ਵਾਲਾ ਵਿਅਕਤੀ ਵੀ ਕੈਦੀ ਸੀ। ਸ਼ਾਇਦ ਉਹ ਵੀ ਕਿਸੇ ਕਤਲ ਕੇਸ ਵਿੱਚ ਆਇਆ ਸੀ। ਉਸ ਨੂੰ ਜੇਲ੍ਹ ਪ੍ਰਸ਼ਾਸਨ ਨੇ ਚਾਹ ਬਣਾਉਣ ਦਾ ਸਾਰਾ ਸਮਾਨ ਟੇਬਲ, ਸਟੋਵ, ਵੀਹ ਕੁ ਗਿਲਾਸ ਤੇ ਦੂਜੇ ਬਰਤਨ ਦਿੱਤੇ ਹੋਏ ਸਨ। ਇੱਕ ਦੁੱਧ ਦੇ ਪੈਕੇਟ ਵਿਚ ਉਸ ਨੂੰ ਘੱਟੋ-ਘੱਟ 40 ਕੱਪ ਚਾਹ ਬਣਾਉਣ ਦੀ ਹਦਾਇਤ ਸੀ। ਉਹ ਗੰਢ ਦਾ ਪੂਰਾ ਚਾਲ਼ੀ ਕੱਪਾਂ ਦੀ ਥਾਂ, ਇੱਕ ਪੈਕਟ ਦੁੱਧ ਵਿੱਚੋਂ 50 ਕੱਪ ਚਾਹ ਬਣਾਉਣ ਦੀ ਪੂਰੀ ਕੋਸ਼ਿਸ਼ ਕਰਦਾ।
ਤੇ ਸ਼ਾਮ ਨੂੰ ਦੋ ਰੁਪਇਆਂ ਦੇ ਹਿਸਾਬ ਨਾਲ, ਪੈਸੇ ਜੇਲ੍ਹ ‘ਚ ਹੀ ਜਮ੍ਹਾਂ ਕਰਵਾਉਂਦਾ ਸੀ। ਚਾਹ ਉਹ ਐਨੀ ਗੰਦੀ ਬਣਾਉਂਦਾ ਸੀ,ਜਿਵੇਂ ਸੁੱਖ ਕੇ ਆਇਆ ਹੋਵੇ,ਕਿ ਪੰਜਾਹ ਪੈਸਿਆਂ ਤੋਂ ਵੱਧ ਰਾਸ਼ਨ ਨਹੀਂ ਦੇਣਾ। ਇੱਕ ਦੋ ਵਾਰ ਤਾਂ ਅਣ-ਸਰਦੇ ਚਾਹ ਪੀਤੀ। ਅਖ਼ੀਰ ਅੱਕ ਕੇ ਸੋਚਿਆ, ਕੰਟੀਨ ਤੋਂ ਦੁੱਧ ਦਾ ਪੈਕਟ ਲੈ ਕੇ,ਖੰਡ ਮਿੱਠਾ ਇਸ ਤੋਂ ਪਵਾ ਕੇ, ਚਾਹ ਬਣਵਾ ਲਿਆ ਕਰੀਏ ਤੇ ਇਸ ਨੂੰ ਬਣਵਾਈ ਦੇ ਪੈਸੇ ਦੇ ਦਿਆ ਕਰੀਏ, ਮੈਂ ਉਸ ਚਾਹ ਦੀ ਦੁਕਾਨ ਵਾਲੇ ਕੈਦੀ ਨੂੰ ਕਿਹਾ,” ਜੇ ਮੈਂ ਤੈਨੂੰ ਇੱਕ ਦੁੱਧ ਦਾ ਪੈਕਟ ਲੈ ਦਿਆਂ, ਤੇ ਤੂੰ ਆਪਣੇ ਕੋਲੋਂ ਮਿੱਠਾ,ਤੇ ਚਾਹ ਪੱਤੀ ਪਾ ਕੇ ਗਰਮ ਕਰਕੇ ਸਾਨੂੰ ਦੇ ਦਿਆ ਕਰੇਂ, ਤੈਨੂੰ ਫ਼ਾਇਦਾ ਹੋਵੇਗਾ, ਨੁਕਸਾਨ ਨਹੀਂ ਹੋਵੇਗਾ। ਉਹ ਮੰਨ ਗਿਆ ਤੇ ਮੈਨੂੰ ਕਹਿੰਦਾ,” ਆਪਣਾ ਦੁੱਧ ਦਾ ਪੈਕਟ ਲਿਆਓ ਜੀ।” ਮੈਂ ਗਰਮ ਕਰ ਦਿਆਂਗਾ।
ਮੈਂ ਦੁੱਧ ਦਾ ਪੈਕਟ, ਨਾਲ ਵਾਲੀ ਜੇਲ੍ਹ ਦੀ ਦੁਕਾਨ ਤੋਂ ਫੜਿਆ, ਐਨੇ ‘ਚ ਹੀ ਸਾਡੇ ਅਧਿਆਪਕ ਸਾਥੀ ਦਰਸ਼ਨ ਨੂੰ ਇੱਕ ਘਤਿੱਤ ਸੁੱਝੀ, ਉਹ ਘਾਹ ‘ਚੋਂ ਉੱਠ ਕੇ ਉਸ ਚਾਹ ਬਣਾਉਣ ਵਾਲੇ ਕੈਦੀ ਕੋਲ ਗਿਆ, ਕਹਿੰਦਾ,” ਤੂੰ ਯਾਰ ਕਮਲਾ ਹੋ ਗਿਆ।” ਇਹ ਤਾਂ ਤੈਨੂੰ ਨੁਕਸਾਨ ਪਹੁੰਚਾਣ ਨੂੰ ਫਿਰਦੈ । ਐਂ ਤਾਂ ਸਾਰੇ ਆਪਣੇ ਆਪਣੇ ਦੁੱਧ ਦੇ ਪੈਕੇਟ ਖ਼ਰੀਦ ਕੇ ਲਿਆਇਆ ਕਰਨਗੇ, ਤੂੰ ਤਾਂ ਗਰਮ ਕਰਦਾ ਹੀ ਰਹਿ ਜਾਇਆ ਕਰੇਗਾ, ਤੇਰੀ ਚਾਹ ਕੌਣ ਪੀਊ ?”
ਉਸ ਦੇ ਗੱਲ ਜਚ ਗਈ। ਫ਼ੇਰ ਕੀ ਸੀ, ਮੈਂ ਉਸ ਦੀਆਂ ਬੜੀਆਂ ਮਿੰਨਤਾਂ ਕੀਤੀਆਂ ਦੁੱਧ ਗਰਮ ਕਰਕੇ ਸਾਨੂੰ ਚਾਹ ਪਿਲਾ ਦੇਵੇ ਤੇ ਆਪਣੇ ਬਣਦੇ ਚਾਹ ਦੇ ਕੱਪਾਂ ਦੇ ਪੂਰੇ ਪੈਸੇ ਲੈ ਲਵੇ। ਪਰ ਉਹ ਅੜ ਗਿਆ। ਉਸ ਦੇ ਦਿਮਾਗ਼ ਵਿਚ ਦਰਸ਼ਨ ਦੀ ਸ਼ਰਾਰਤ ਘਰ ਕਰ ਗਈ। ਮੈਂ ਉਸਨੂੰ ਫੇਰ ਕਿਹਾ,” ਜਿੰਨੇ ਗਿਲਾਸਾਂ ‘ਚ ਤੂੰ ਦੁੱਧ ਗਰਮ ਕਰਕੇ ਦੇਵੇਗਾ, ਓਨੇਂ ਗਿਲਾਸਾਂ ਦੇ ਚਾਹ ਦੇ ਪੈਸੇ ਵੀ ਲੈ ਲਵੀਂ, ਰਾਸ਼ਨ ਦੇ ਪੈਸੇ ਅਲੱਗ ਲੈ ਲਵੀਂ।” ਪਰ ਉਹ ਮਾਂ ਦਾ ਪੁੱਤ ਮੇਰੀ ਗੱਲ ਹੀ ਨਾ ਸਮਝੇ, ਕਹਿੰਦਾ ਮੈਥੋਂ ਚਾਹ ਕੀਹਨੇ ਪੀਣੀ ਐਂ ਜੀ, ਮੈਂ ਸ਼ਾਮੀਂ ਹਿਸਾਬ ਵੀ ਦੇਣੈਂ। ਮੈਂ ਉਸਨੂੰ ਬੜਾ ਸਮਝਾਇਆ ਕਿ ਜਿਹੜੀ ਚਾਹ ਤੂੰ ਸਾਨੂੰ ਪਿਲਾਈ ਨਹੀਂ, ਉਸ ਦੇ ਵੀ ਪੈਸੇ, ਰਾਸ਼ਨ ਦੇ ਅਲੱਗ ਪੈਸੇ। (ਪਰ ਜੇ ਦਿਮਾਗ਼ ਹੁੰਦਾ ਤਾਂ, ਕਤਲ ਕਰ ਕੇ ਜੇਲ੍ਹ ਕਿਉਂ ਆਉਂਦਾ।)
ਚਲਦਾ…….
(ਜਸਪਾਲ ਜੱਸੀ)
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly