(ਸਮਾਜ ਵੀਕਲੀ)
ਕੁਦਰਤ ਤੋਂ ਬਾਅਦ ਇਸ ਧਰਤੀ ਤੇ ਸਭ ਤੋਂ ਸ਼ਕਤੀਸ਼ਾਲੀ ਜੀਵ ਔਰਤ ਹੈ। ਔਰਤ ਸਿਰਜਣਹਾਰੀ ਹੈ।ਔਰਤ ਘਰ ਦੀ ਨੀਂਹ ਹੁੰਦੀ ਹੈ। ਜੋ ਮਕਾਨ ਨੂੰ ਘਰ ਬਣਾਉਂਦੀ ਹੈ। ਔਰਤ ਅਣਹੋਂਦ ਤੇ ਘਰ ਘਰ ਨਹੀਂ ਰਹਿੰਦਾ ਸਗੋਂ ਤੂੜੀ ਵਾਲਾ ਕੋਠਾ ਬਣ ਜਾਂਦਾ ਹੈ।ਔਰਤ ਘਰ ਵਿਚ ਸਭ ਤੋਂ ਅਹਿਮ ਭੂਮਿਕਾ ਨਿਭਾਉਂਦੀ ਹੈ ਉਹ ਘਰ ਦੇ ਹਰ ਮੈਂਬਰ ਦੀ ਛੋਟੀ ਤੋਂ ਛੋਟੀ ਗੱਲ ਦਾ ਖਿਆਲ ਰੱਖਦੀ ਹੈ। ਰਿਸ਼ਤਿਆਂ ਵਿਚ ਪਿਆਰ ਬਣਾਈ ਰੱਖਣ ਦੀਆਂ ਕੋਸ਼ਿਸ਼ਾਂ ਕਰਦੀ ਹੈ। ਔਰਤ ਦੀ ਘਰ ਵਿੱਚ ਹੀ ਅਹਿਮੀਅਤ ਹੈ ਇਸ ਗੱਲ ਤੋਂ ਸਪੱਸ਼ਟ ਹੁੰਦੀ ਹੈ ਕਿ ਜਦੋਂ ਵੀ ਅਸੀਂ ਕਿਤੇ ਘਰ ਤੋਂ ਬਾਹਰ ਹੋਈਏ ਤੇ ਘਰ ਆਈਏ ਪਰ ਮਾਂ ਨਾ ਦਿਖੇ ਤਾਂ ਸਾਰਾ ਘਰ ਸੁੰਨਾ ਲੱਗਦਾ ਹੈ ਜਿਨ੍ਹਾਂ ਚਿਰ ਮਾਂ ਦਿਸਦੀ ਨਹੀਂ ਚੈਨ ਨਹੀਂ ਮਿਲਦਾ।
ਔਰਤ ਦੀ ਘਰ ਵਿੱਚ ਇਕ ਅਜਿਹੀ ਪੱਕੀ ਤੇ ਨਿਸ਼ਚਿਤ ਜ਼ਿੰਮੇਵਾਰੀ ਹੈ । ਜਿਸਨੂੰ ਕਦੇ ਕੋਈ ਛੁੱਟੀ, ਨਾ ਕੋਈ ਰਿਆਇਤ ਮਿਲਦੀ ਹੈ। ਜਿਸ ਤਰ੍ਹਾਂ ਸੂਰਜ ਦੁਆਲੇ ਧਰਤੀ ਚੱਕਰ ਲਗਾਉਂਦੀ ਰਹਿੰਦੀ ਹੈ। ਉਸੇ ਤਰ੍ਹਾਂ ਹੀ ਔਰਤ ਧਰਤੀ ਤੇ ਉਸਦਾ ਸੂਰਜ ‘ਘਰ’ ਹੁੰਦਾ ਹੈ ਜਿਸ ਦੁਆਲੇ ਉਹ ਵੀ ਬਿਨਾਂ ਰੁਕੇ ਚੱਕਰ ਲਗਾਉਂਦੀ ਭਾਵ ਕੰਮ ਕਰਦੀ ਹੈ। ਪ੍ਰਤੂੰ ਅਸੀਂ ਫਿਰ ਵੀ ਔਰਤ ਦੀ ਘਰ ਵਿੱਚ ਨਿਭਾਈ ਜਾਣ ਵਾਲੀ ਭੂਮਿਕਾ ਨੂੰ ਚੰਗੇ ਵਿਚਾਰਾਂ ਵਿੱਚ ਬਹੁਤ ਘੱਟ ਗਿਣਦੇ ਹਾਂ।
ਭਾਵੇਂ ਅੱਜ ਵੀ ਬਹੁਤੇ ਘਰ ਮਰਦ ਦੀ ਕਮਾਈ ਨਾਲ ਚਲਦੇ ਹਨ। ਪਰ ਔਰਤ ਦੀ ਇਸ ਕਮਾਈ ਨੂੰ ਸੰਜਮ ਅਨੁਸਾਰ ਵਰਤ ਕੇ ਘਰ ਦਾ ਗੁਜ਼ਾਰਾ ਕਰਦੀ ਹੈ। ਇਸ ਲਈ ਔਰਤ ਦੀ ਘਰ ਵਿਚੋਂ ਅਹਿਮ ਭੂਮਿਕਾ ਉਸਦੀ ਹੋਂਦ ਤੇ ਮਾਣ ਮਹਿਸੂਸ ਕਰਨ ਵਾਲੀ ਗੱਲ।ਔਰਤ ਬਾਹਰ ਜਾ ਕੇ ਕੰਮ ਵੀ ਕਰ ਸਕਦੀ ਹੈ ਅਤੇ ਘਰ ਵੀ ਚਲਾ ਸਕਦੀ ਹੈ ਜਦਕਿ ਮਰਦ ਕਦੇ ਵੀ ਔਰਤ ਵਾਂਗ ਘਰ ਨੂੰ ਉਨ੍ਹੀ ਚੰਗੀ ਤਰ੍ਹਾਂ ਸਾਂਭ ਨਹੀਂ ਕਰ ਸਕਦਾ। ਔਰਤ ਵਾਂਗ ਇਕ ਨਵੇਂ ਜੀਵ ਦਾ ਪਾਲਣ-ਪੋਸ਼ਣ ਨਹੀਂ ਕਰ ਸਕਦਾ।
ਔਰਤਾਂ ਨੂੰ ਕਦੇ ਵੀ ਹਾਊਸ ਵਾਈਫ਼ ਕਹਿਣ ਵਿਚ ਸ਼ਰਮ ਮਹਿਸੂਸ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਤਾਂ ਇਕ ਅਜਿਹਾ ਕੰਮ ਹੈ ਜੋ ਇਸ ਧਰਤੀ ਉੱਤੇ ਔਰਤ ਤੋਂ ਬੇਹਤਰੀਨ ਹੋਰ ਕੋਈ ਵੀ ਨਹੀਂ ਕਰ ਸਕਦਾ। ਇਸ ਲਈ ਹਮੇਸ਼ਾ ਮਾਣ ਮਹਿਸੂਸ ਕਰੋ ਕਿ ਔਰਤ ਹੀ ਘਰ ਦੀ ਉਹ ਮਜਬੂਤ ਇੱਟ ਹੈ ਜਿਵੇਂ ਇਕ ਮਿੱਥ ਅਨੁਸਾਰ “ਧਰਤੀ ਬੌਲਦ ਦੇ ਸਿੰਗਾਂ ਤੇ ਖੜ੍ਹੀ ਹੈ ਉਸੇ ਤਰ੍ਹਾਂ ਹੀ ਸਾਡਾ ਘਰ ਔਰਤ ਮੋਢਿਆਂ ਤੇ ਹੀ ਖੜ੍ਹਾ ਹੈ।” ਜੇਕਰ ਇਹ ਨੀਂਹ ਕਮਜ਼ੋਰ ਪੈ ਜਾਵੇ ਤਾਂ ਘਰ ਨੂੰ ਟੁੱਟਣ ਤੋਂ ਕੋਈ ਰੋਕ ਨਹੀਂ ਸਕਦਾ ਅਤੇ ਜੇਕਰ ਇਹ ਨੀਂਹ ਮਜ਼ਬੂਤ ਹੋਵੇ ਤਾਂ ਫਿਰ ਉਸ ਘਰ ਨੂੰ ਕੋਈ ਤੋੜ ਨਹੀਂ ਸਕਦਾ।
ਨਿੱਕੀ ਕੌਰ