ਸਿਆਣਪ

0
32
ਮਨਪ੍ਰੀਤ ਕੌਰ ਭਾਟੀਆ

(ਸਮਾਜ ਵੀਕਲੀ)

ਅਨੂਪ ਨੇ ਰਜਿਸਟਰਡ ਡਾਕ ਰਾਹੀਂ ਮਿਲੀ ਚਿੱਠੀ ਖੋਲ੍ਹ ਕੇ ਦੇਖੀਂ ਤਾਂ ਹੈਰਾਨ ਰਹਿ ਗਿਆ। ਉਸ ਨੇ ਪਿਛਲੇ ਮਹੀਨੇ ਜੋ ਆਨ ਲਾਈਨ ਬੂਟਾਂ ਦੀ ਸ਼ਾਪਿੰਗ ਕੀਤੀ ਸੀ , ਉਸ ਕੰਪਨੀ ਵੱਲੋਂ ਇਕ ਪੱਤਰ ਸੀ।

ਪੱਤਰ ਵਿੱਚ ਲਿਖਿਆ ਹੋਇਆ ਸੀ ਕਿ ‘ਸਾਡੀ ਕੰਪਨੀ ਵੱਲੋਂ ਕੰਪਨੀ ਦੀ ਦਸਵੀਂ ਸਾਲਗਿਰ੍ਹਾ ਮਨਾਈ ਜਾ ਰਹੀ ਹੈ। ਇਸ ਲਈ ਤੁਹਾਨੂੰ ਲੱਕੀ ਵਿਜੇਤਾ ਚੁਣਿਆ ਗਿਆ ਹੈ । ਹੇਠਾਂ ਦਿੱਤੇ ਹੋਏ ਕੋਡ ਨੂੰ ਸਕ੍ਰੈਚ ਕਰੋ ਤੇ ਆਪਣਾ ਇਨਾਮ ਦੇਖੋ ।’

ਅਨੂਪ ਨੇ ਜਲਦੀ ਨਾਲ ਉਸ ਕੋਡ ਨੂੰ ਸਕਰੈਚ ਕੀਤਾ।

ਉੱਥੇ ਲਿਖਿਆ ਸੀ ,”ਮਾਰੂਤੀ ਸੁਜ਼ੂਕੀ ਕਾਰ” ਉਹ ਬਹੁਤ ਹੀ ਖੁਸ਼ ਹੋਇਆ ।

ਉਸ ਨੇ ਜਲਦੀ ਨਾਲ ਹੇਠਾਂ ਦਿੱਤੇ ਹੋਏ ਨੰਬਰ ਤੇ ਫੋਨ ਮਿਲਾਇਆ। ਕੰਪਨੀ ਦੇ ਆਦਮੀ ਨੇ ਫੋਨ ਚੁੱਕਿਆ। ਉਨ੍ਹਾਂ ਨੇ ਕਿਹਾ ਕਿ ‘ਤੁਸੀਂ ਇਹ ਸਾਰੀ ਜਾਣਕਾਰੀ ਦੀ ਫੋਟੋ ਕਲਿੱਕ ਕਰਕੇ ਸਾਡੇ ਚਿੱਠੀ ਵਿਚ ਹੀ ਦਿਤੇ ਹੋਏ ਵ੍ਹੱਟਸਐਪ ਨੰਬਰ ਤੇ ਭੇਜ ਦਿਉ। ਜਲਦੀ ਹੀ ਤੁਹਾਡਾ ਇਨਾਮ ਤੁਹਾਡੇ ਤੱਕ ਪਹੁੰਚ ਜਾਵੇਗਾ ।’

ਅਨੂਪ ਨੂੰ ਚਾਅ ਚੜ੍ਹ ਗਿਆ । ਉਸ ਨੇ ਜਲਦੀ ਨਾਲ ਸਾਰੀ ਜਾਣਕਾਰੀ ਭੇਜ ਦਿੱਤੀ। ਉਧਰੋਂ ਫਿਰ ਕਾਲ ਆਈ ਕਿ ‘ਤੁਸੀਂ ਇੱਥੇ ਆ ਕੇ ਕਾਰ ਲੈਣਾ ਚਾਹੋਗੇ ਜਾਂ ਫਿਰ ਦੋ ਲੱਖ ਚਾਲੀ ਹਜ਼ਾਰ ਤੁਹਾਡੇ ਅਕਾਊਂਟ ਵਿਚ ਟਰਾਂਸਫਰ ਕਰ
ਦੇਈਏ ।’

ਤਾਂ ਅਨੂਪ ਨੇ ਸੋਚਿਆ ਕਿ ਇੰਨੀ ਦੂਰੋਂ ਕਾਰ ਲੈ ਕੇ ਆਉਣੀ ਔਖੀ ਹੈ । ਉਸਨੇ ਉਨ੍ਹਾਂ ਨੂੰ ਕਿਹਾ ਕਿ ‘ਤੁਸੀਂ ਮੇਰੇ ਅਕਾਉਂਟ ਵਿੱਚ ਰਕਮ ਪੁਆ ਦਿਓ ।’ ਉਨ੍ਹਾਂ ਦੁਆਰਾ ਅਕਾਊਂਟ ਨੰਬਰ ਮੰਗਣ ਤੇ ਉਹ ਅਕਾਉਂਟ ਨੰਬਰ ਦੇਣ ਹੀ ਲੱਗਾ ਸੀ ਕਿ ਅਚਾਨਕ ਉਸ ਦੇ ਦਿਮਾਗ ‘ਚ ਇੱਕ ਖ਼ਿਆਲ ਆਇਆ ਤੇ ਉਹ ਉੱਠ ਕੇ ਬੈਂਕ ਚਲਾ ਗਿਆ । ਜਿੱਥੇ ਕਿ ਉਸ ਦਾ ਦੋਸਤ ਹੀ ਮੈਨੇਜਰ ਸੀ। ਉਸ ਨੇ ਇਸ ਸਭ ਬਾਰੇ ਉਸ ਨੂੰ ਦਸਦਿਆਂ ਉਸ ਦੀ ਸਲਾਹ ਮੰਗੀ ।

ਮੈਨੇਜਰ ਸਾਹਿਬ ਨੇ ਕਿਹਾ ਕਿ ‘ਕੋਈ ਗੱਲ ਨਹੀਂ ਤੁਸੀਂ ਆਪਣਾ ਅਕਾਊਂਟ ਨੰਬਰ ਬੇਫ਼ਿਕਰ ਹੋ ਕੇ ਦੇ ਦਿਓ । ਪਰ ਜੋ ਤੁਹਾਡੇ ਖਾਤੇ ਵਿਚ ਪੈਸੇ ਹਨ । ਉਨ੍ਹਾਂ ਵਿੱਚੋਂ ਜ਼ਰੂਰੀ ਅਮਾਊਂਟ ਅੱਠ ਸੌ ਰੁਪਏ ਛੱਡ ਕੇ ਬਾਕੀ ਸਾਰੇ ਮੈਂ ਤੁਹਾਨੂੰ ਕੱਢ ਦਿੰਦਾ ਹਾਂ।

ਅਨੂਪ ਨੇ ਉਨ੍ਹਾਂ ਨੂੰ ਆਪਣਾ ਅਕਾਊਂਟ ਨੰਬਰ ਦੇ ਦਿੱਤਾ। ਤੇ ਕੁਝ ਦੇਰ ਵਿਚ ਹੀ ਬੈਂਕ ਵੱਲੋਂ ਉਸ ਦੇ ਅਕਾਊਂਟ ਵਿਚ ਪੈਸੇ ਟਰਾਂਸਫਰ ਹੋਣ ਦਾ ਮੈਸੇਜ ਆ ਗਿਆ । ਅਨੂਪ ਬਹੁਤ ਜ਼ਿਆਦਾ ਖ਼ੁਸ਼ ਹੋ ਗਿਆ।

ਕੰਪਨੀ ਵੱਲੋਂ ਫੋਨ ਵੀ ਆ ਗਿਆ ਕਿ ‘ਤੁਹਾਡੇ ਅਕਾਉਂਟ ਵਿੱਚ ਦੋ ਲੱਖ ਚਾਲੀ ਹਜ਼ਾਰ ਦੇ ਨਾਲ ਕੁਝ ਹੋਰ ਇਨਾਮੀ ਰਾਸ਼ੀ ਵੀ ਪਾਈ ਗਈ ਹੈ। ਪਰ ਹੋਲਡ ਤੇ ਰੱਖੀ ਗਈ ਹੈ । ਇਹ ਰਾਸ਼ੀ ਤੁਸੀਂ ਤਾਂ ਹੀ ਕਢਵਾ ਸਕਦੇ ਹੋ ਜੇ ਤੁਸੀਂ ਕੰਪਨੀ ਦੇ ਨਿਯਮ ਅਨੁਸਾਰ ਪਚਾਸੀ ਸੋ ਟੈਕਸ ਜਮ੍ਹਾ ਕਰਵਾ ਦਿਓ।’

ਉਸ ਨੇ ਫੋਨ ਰਖਦਿਆਂ ਮੈਨੇਜਰ ਨੂੰ ਮੈਸੇਜ ਦਿਖਾਇਆ । ਮੈਨੇਜਰ ਮੈਸੇਜ ਪੜ੍ਹ ਕੇ ਹੱਸਣ ਲੱਗਾ ਤੇ ਅਨੂਪ ਨੂੰ ਬੋਲਿਆ,’ ਧਿਆਨ ਨਾਲ ਦੇਖ ਇਹ ਮੈਸੇਜ ਕਿਸੇ ਵੀ ਬੈਂਕ ਵੱਲੋਂ ਨਹੀਂ ਹੈ ਬਲਕਿ ਉਨ੍ਹਾਂ ਵੱਲੋਂ ਹੀ ਹੈ ਜਿਨ੍ਹਾਂ ਤੈਨੂੰ ਫੋਨ ਕੀਤਾ।’ ਨਾਲ ਹੀ ਮੈਨੇਜਰ ਸਾਹਿਬ ਨੇ ਉਸ ਨੂੰ ਕੰਪਿਊਟਰ ਖੋਲ੍ਹ ਕੇ ਦਿਖਾਇਆ ਕੇ ਉਸ ਦੇ ਖਾਤੇ ਵਿੱਚ ਇੱਕ ਵੀ ਪੈਸਾ ਟਰਾਂਸਫਰ ਨਹੀਂ ਹੋਇਆ ਹੈ ।

ਅਨੂਪ ਝੱਟ ਸਮਝ ਗਿਆ ਕਿ ਇਹ ਕੋਈ ਫਰੌਡ ਗਰੋਹ ਹੀ ਹੈ । ਉਸੇ ਵੇਲੇ ਉਨ੍ਹਾਂ ਦਾ ਫਿਰ ਫੋਨ ਆ ਗਿਆ। ਉਨ੍ਹਾਂ ਨੇ ਕਿਹਾ ਕਿ ਤੁਸੀਂ ਅਜੇ ਤੱਕ ਰਾਸ਼ੀ ਜਮ੍ਹਾਂ ਕਿਉਂ ਨਹੀਂ ਕਰਵਾਈ। ਤਾਂ ਅਨੂਪ ਨੇ ਕਿਹਾ ਕਿ’ ਇੰਝ ਕਰੋ ਤੁਸੀਂ ਜੋ ਇਨਾਮ ਰਾਸ਼ੀ ਮੈਨੂੰ ਦੇ ਰਹੇ ਹੋ ਉਸ ਵਿਚੋਂ ਆਪਣੇ ਟੈਕਸ ਦੀ ਰਾਸ਼ੀ ਕੱਟ ਕੇ ਬਾਕੀ ਮੇਰੇ ਅਕਾਊਂਟ ਵਿੱਚ ਜਮ੍ਹਾ ਕਰਵਾ ਦਿਓ ।’

ਇਸ ਤੇ ਕੰਪਨੀ ਵਾਲਾ ਹੈਰਾਨ ਹੋ ਗਿਆ ਕਿ ਇਸ ਤਰ੍ਹਾਂ ਥੋੜ੍ਹੀ ਹੁੰਦਾ ਹੈ ਜੋ ਕੰਪਨੀ ਦੇ ਨਿਯਮ ਉਨ੍ਹਾਂ ਦੀ ਪਾਲਣਾ ਕਰਨੀ ਪਵੇਗੀ ।

‘ ਅੱਛਾ ! ਫੇਰ ਤੁਸੀਂ ਐਦਾਂ ਕਰੋ ਤੁਸੀਂ ਮੈਨੂੰ ਸਿਰਫ ਇੱਕ ਲੱਖ ਰੁਪਏ ਦੇ ਦਿਓ। ਮੈਂ ਤਾਂ ਵੀ ਬਹੁਤ ਖ਼ੁਸ਼ ਹੋ ਜਾਵਾਂਗਾ । ਬਾਕੀ ਆਪਣੇ ਟੈਕਸ ਦੇ ਸਮਝ ਕੇ ਕੱਟ ਲਵੋ ।’ ਇਸ ਤੇ ਕੰਪਨੀ ਵਾਲਾ ਛਿੱਥਾ ਪੈ ਗਿਆ ਤੇ ਬੋਲਿਆ , “ਤੁਸੀਂ ਕੁਝ ਜਿਆਦਾ ਸਿਆਣੇ ਨਹੀਂ ਬਣ ਰਹੇ?”
“ਦੱਸਾਂ ਤੈਨੂੰ ਸਿਆਣੇ ਦੀ । ਤੂੰ ਤਾਂ ਮੈਨੂੰ ਮੂਰਖ ਬਣਾ ਰਿਹਾ।”

ਤੇ ਅਨੂਪ ਗੁੱਸੇ ਵਿੱਚ ਉਬਲਣ ਲੱਗਾ । ਉਧਰੋਂ ਫੋਨ ਕੱਟਿਆ ਗਿਆ। ਭਰੇ ਪੀਤੇ ਅਨੂਪ ਨੇ ਫਿਰ ਤੋਂ ਕਈ ਵਾਰ ਫੋਨ ਮਿਲਾਇਆ । ਪਰ ਫੋਨ ਸਵਿੱਚ ਆਫ ਆਉਣ ਲੱਗਾ ।

ਕੋਲ ਬੈਠਾ ਮੈਨੇਜਰ ਹੱਸਣ ਲੱਗਾ ਤੇ ਬੋਲਿਆ , “ਦੇਖਿਆ ਇਹ ਫਰਾਡ ਬੰਦੇ ਸਨ। ਅੱਜਕੱਲ੍ਹ ਆਨਲਾਈਨ ਇੰਝ ਦੀਆਂ ਬਹੁਤ ਹੀ ਲੁੱਟ -ਖਸੁੱਟ ਦੀਆਂ ਘਟਨਾਵਾਂ ਹੋ ਰਹੀਆਂ ਹਨ । ਤੂੰ ਸਿਰਫ਼ ਆਪਣੀ ਸਿਆਣਪ ਨਾਲ ਬਚ ਗਿਆ ।” ਇਸ ਤੇ ਅਨੂਪ ਬੋਲਿਆ ,”ਆਪਣੀ ਨਹੀਂ ਸਿਰਫ ਤੁਹਾਡੀ ਸਿਆਣਪ ਨਾਲ ।” ਤੇ ਅਨੂਪ ਵੱਲੋਂ ਇੰਨਾ ਕਹਿੰਦੇ ਹੀ ਦੋਵੇਂ ਖਿੜ- ਖਿੜਾ ਕੇ ਹੱਸ ਪਏ ।

ਮਨਪ੍ਰੀਤ ਕੌਰ ਭਾਟੀਆ
ਐਮ.ਏ ,ਬੀ.ਐਡ ।
ਫਿਰੋਜ਼ਪੁਰ ਸ਼ਹਿਰ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly