ਸ੍ਰੀ ਆਨੰਦਪੁਰ ਸਾਹਿਬ (ਸਮਾਜ ਵੀਕਲੀ): ਬੀਤੇ ਦਿਨੀਂ ਤਖ਼ਤ ਕੇਸਗੜ੍ਹ ਸਾਹਿਬ ’ਤੇ ਵਾਪਰੀ ਬੇਅਦਬੀ ਦੀ ਘਟਨਾ ਸਬੰਧੀ ਅੱਜ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਤਖ਼ਤ ਸਾਹਿਬ ਵਿਖੇ ਵਾਪਰੀ ਘਟਨਾ ਦਾ ਜਾਇਜ਼ਾ ਲਿਆ। ਤਖ਼ਤ ਦੇ ਜਥੇਦਾਰ ਅਤੇ ਹੋਰਨਾਂ ਮੈਂਬਰਾਂ ਨਾਲ ਕੀਤੀ ਮੀਟਿੰਗ ਮਗਰੋਂ ਪੱਤਰਕਾਰ ਮਿਲਣੀ ਦੌਰਾਨ ਉਨ੍ਹਾਂ ਕਿਹਾ ਕਿ ਬੀਤੇ ਲੰਮੇ ਸਮੇਂ ਤੋਂ ਵਾਪਰ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਹੁਣ ਤਖ਼ਤ ਸਾਹਿਬਾਨ ਤੱਕ ਪਹੁੰਚ ਗਈਆਂ ਹਨ। ਉਨ੍ਹਾਂ ਕਿਹਾ ਬਹੁਤੀਆਂ ਘਟਨਾਵਾਂ ਸਿੱਖ ਵਿਰੋਧੀ ਏਜੰਸੀਆਂ ਵੱਲੋਂ ਕਰਵਾਈਆਂ ਜਾ ਰਹੀਆਂ ਹਨ ਤੇ ਇਨ੍ਹਾਂ ਦਾ ਸੱਚ ਸਾਹਮਣੇ ਲਿਆਉਣਾ ਸਰਕਾਰ ਦਾ ਫ਼ਰਜ਼ ਹੈ।
ਉਨ੍ਹਾਂ ਕਿਹਾ ਹੁਣ ਤੱਕ ਦੀ ਹੋਈ ਤਫਤੀਸ਼ ਮੁਤਾਬਕ ਇਸ ਘਟਨਾ ਦੇ ਤਾਰ ਡੇਰਾ ਸਿਰਸਾ ਨਾਲ ਜੁੜੇ ਹੋਏ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੇ ਮਾਂ-ਬਾਪ ਡੇਰਾ ਸਿਰਸਾ ਨਾਲ ਸਬੰਧਿਤ ਹਨ ਤੇ ਪਿਤਾ ਡੇਰੇ ਦੀ ਸੱਤ ਮੈਂਬਰੀ ਕਮੇਟੀ ਦਾ ਮੈਂਬਰ ਹੈ। ਮੁਲਜ਼ਮ ਦਾ ਵਿਆਹ ਵੀ ਡੇਰਾ ਪ੍ਰੇਮੀ ਲੜਕੀ ਨਾਲ ਹੋਇਆ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸਿੱਖ ਵਿਰੋਧੀ ਏਜੰਸੀਆਂ ਬੇਅਦਬੀ ਦੀਆਂ ਘਟਨਾਵਾਂ ਕਰਵਾ ਕੇ ਸਿੱਖਾਂ ਨੂੰ ਆਪਸ ਵਿਚ ਲੜਾਉਣਾ ਚਾਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਬੇਅਦਬੀ ਕਰਨ ਵਾਲਿਆਂ ਨੂੰ ਪਾਗਲ ਜਾਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਦੱਸ ਕੇ ਪੱਲਾ ਛੁਡਾਇਆ ਜਾ ਰਿਹਾ ਹੈ। ਪ੍ਰੈੱਸ ਕਾਨਫਰੰਸ ਮਗਰੋਂ ਜਦੋਂ ਬੀਬੀ ਜਗੀਰ ਕੌਰ ਬਾਹਰ ਆਏ ਤਾਂ ਤਖ਼ਤ ਸਾਹਿਬ ਦੇ ਸਾਹਮਣੇ ਪਸ਼ਚਾਤਾਪ ਕਰ ਰਹੀ ਸੰਗਤ ਨੇ ਰੋਹ ਵਿੱਚ ਆ ਕੇ ਜੈਕਾਰੇ ਲਾਉਣੇ ਸ਼ੁਰੂ ਕਰ ਦਿੱਤੇ। ਸੰਗਤ ਵਿੱਚ ਪਹੁੰਚ ਕੇ ਉਨ੍ਹਾਂ ਦੋਸ਼ੀ ਖ਼ਿਲਾਫ਼ ਸਖ਼ਤ ਕਾਰਵਾਈ ਕਰਵਾਉਣ ਦਾ ਭਰੋਸਾ ਦਿੱਤਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly