(ਸਮਾਜ ਵੀਕਲੀ)
ਸਾਡੇ ਪਿੰਡ ਬਾਹਰ ਬਾਹਰ ਖੂਹ ਤੇ ਇੱਕ ਪੁਰਾਣਾ ਬੋਹੜ ਹੋਇਆ ਕਰਦਾ ਸੀ। ਉਸ ਦੀਆਂ ਜੜ੍ਹਾਂ ਧਰਤੀ ਹੇਠ ਦੂਰ ਦੂਰ ਤੱਕ ਫੈਲੀਆਂ ਹੋਈਆਂ ਸਨ, ਤੇ ਉੱਪਰ ਨੂੰ ਵੀ ਬਹੁਤ ਫੈਲਰਿਆ ਹੋਇਆ ਸੀ। ਬੜੀ ਸੰਘਣੀ ਛਾਂ ਜਿਸ ਵਿੱਚ ਦੀ ਸੂਰਜ ਦੀ ਰੋਸ਼ਨੀ ਵੀ ਨਹੀਂ ਸੀ ਲੰਘਦੀ, ਤੇ ਸੈਂਕੜੇ ਪੰਛੀਆਂ ਦਾ ਰੈਣ ਬਸੇਰਾ ਸੀ, ਸਾਡੇ ਬਾਪੂ ਜੀ ਨੇ ਖੂਹ ਵਿੱਚੋਂ ਡੋਲ ਨਾਲ ਪਾਣੀ ਕੱਢ ਮਿੱਟੀ ਦੀਆਂ ਬਣੀਆਂ ਬੱਠਲੀਆਂ ਵਿੱਚ ਪੰਛੀਆਂ ਦੇ ਪੀਣ ਲਈ ਰੱਖਣਾ, ਤੇ ਨਾਲੇ ਆਪਣੇ ਪੀਣ ਵਾਸਤੇ ਘੜਾ ਭਰ ਲੈਣਾ, ਉਹ ਬੁੱਢਾ ਦਰਖ਼ਤ, ਮੋਟਾ ਤਣਾ, ਭਾਰੇ- ਭਾਰੇ ਟਾਹਣੇ ਲੰਬੀ ਲੰਬੀ ਦਾਹੜੀ, ਜਿੰਨਾਂ ਨਾਲ ਸਾਰਾ ਦਿਨ ਨਿਆਣਿਆਂ ਨੇ ਝੂਟਣਾ, ਖੇਡਣਾ, ਕੀ ਨਿਆਣੇ ਸਿਆਣੇ ਦੁਪਿਹਰ ਵੇਲੇ ਉਸ ਦੇ ਥੱਲੇ ਮੰਜੇ ਮੰਜੀਆਂ ਢਾਹ ਕੇ ਜੇਠ ਹਾੜ ਦੇ ਦਿਨਾਂ ਵਿੱਚ ਦੁਪਹਿਰਾ ਕੱਟਦੇ।
ਬੁੱਢੀਆਂ, ਕੁੜੀਆਂ ਵੀ ਹੇਠ ਕਸੀਦਾ ਕੱਢਦੀਆਂ ਪੱਖੀਆਂ ਬੁਣਦੀਆਂ, ਮੁੱਕਦੀ ਗੱਲ ਇਹ ਬੋਹੜ ਦਾ ਰੁੱਖ ਸਾਡੇ ਪਿੰਡ ਵਾਸਤੇ ਸਵਰਗ ਨਾਲੋਂ ਘੱਟ ਨਹੀਂ ਸੀ। ਜਿਸ ਦੀ ਛਾਵੇਂ ਬੈਠ ਬਜ਼ੁਰਗਾਂ ਨੇ ਆਪਸ ਵਿੱਚ ਦੁੱਖ- ਸੁੱਖ ਸਾਂਝੇ ਕਰਨੇ ਰੌਣਕਾਂ ਲਾਉਣੀਆਂ, ਉਹ ਖੂਹ ਵਾਲਾ ਬੋਹੜ ਲੋਕਾਂ ਨੂੰ ਰੱਬ ਬਣਕੇ ਆਸਰਾ ਦਿੰਦਾ ਸੀ। ਉਸ ਨਾਲ਼ ਕਈ ਪੀੜ੍ਹੀਆਂ ਤੋਂ ਬਜ਼ੁਰਗਾਂ ਦੀਆਂ ਯਾਦਾਂ ਜੁੜੀਆਂ ਹੋਈਆਂ ਸਨ। ਸਾਡੇ ਸੱਭਿਆਚਾਰ ਵਿਰਸੇ ਦਾ ਇੱਕ ਵਡਮੁੱਲਾ ਸਰਮਾਇਆ ਸੀ।
ਹੌਲੀ-ਹੌਲੀ ਸਮੇਂ ਨੇ ਕਰਵਟ ਬਦਲੀ ਪਿੰਡ ਤੋਂ ਸ਼ਹਿਰ ਬਣਨੇ ਸ਼ੁਰੂ ਹੋ ਗਏ , ਨੌਜਵਾਨ ਮੁੰਡੇ ਕੁੜੀਆਂ ਸ਼ਹਿਰਾਂ ਚ’ ਪੜਨ ਲਿਖਣ ਚੱਲੇ ਗਏ। ਕੁਝ ਵਿਦੇਸ਼ੀ ਜਾ ਵਸੇ। ਹੁਣ ਪੱਕੀਆਂ ਕੋਠੀਆਂ ਤੇ ਵੱਡੀਆਂ ਸੜਕਾਂ ਬਣਾਉਣ ਵਾਲੇ ਠੇਕੇਦਾਰਾਂ ਨੇ ਪਤਾ ਨੀ ਕਿੰਨੇ ਕ ਬਾਬੇ ਬੋਹੜਾਂ ਤੇ ਆਪਣੀਆਂ ਤਿੱਖੀਆਂ ਆਰੀਆਂ ਚਲਾ ਕੇ ਪੰਛੀਆਂ ਦੇ ਰੈਣ ਬਸੇਰੇ ਪਸ਼ੂਆਂ ਦੀ ਠਹਿਰ ਤੇ ਬੁੱਢਿਆਂ ਦੀਆਂ ਯਾਦਾਂ ਨੂੰ ਮਿੱਟੀ ਵਿੱਚ ਮਿਲਾ ਦਿੱਤਾ।
ਜੇ ਅੱਜ ਦੀ ਪੀੜ੍ਹੀ ਨੂੰ ਉਹਨਾਂ ਗੱਲਾਂ ਬਾਰੇ ਦੱਸੀਏ,ਤਾਂ ਸੱਚ ਨੀ ਮੰਨਣਾ ਕਿਉਂਕਿ ਅੱਜ ਦਾ ਜ਼ਮਾਨਾ ਕੁਝ ਹੋਰ ਹੈ। ਉਹ ਸਮੇਂ ਤਾਂ ਹੁਣ ਸਿਰਫ਼ ਕਿਤਾਬਾਂ ਦੇ ਵਰਕਿਆਂ ਤੇ ਹੀ ਪੜ੍ਹ ਸਕਦੇ ਹਨ। ਉਹ ਗੱਲਾਂ ਹੁਣ ਵਾਲੀ ਪੀੜ੍ਹੀ ਵਾਸਤੇ ਬਾਤਾਂ ਬਣ ਕੇ ਰਹਿ ਗਈਆਂ ਹਨ। ਜਦੋਂ ਅਸੀਂ ਉਹ ਗੱਲਾਂ ਆਪਣੇ ਬੱਚਿਆਂ ਨੂੰ ਦੱਸਾਂਗੇ ਤਾਂ ਉਹਨਾਂ ਨੇ ਸੱਚ ਨੀ ਮੰਨਣਾ ਕਿ ਇਸ ਤਰ੍ਹਾਂ ਹੁੰਦਾ ਹੋਵੇਗਾ। ਅੱਜ ਸਾਨੂੰ ਲੋੜ ਹੈ ਬੇਵਜ੍ਹਾ ਹੁੰਦੀ ਦਰੱਖਤਾਂ ਦੀ ਕਟਾਈ ਰੋਕਣ ਦੀ। ਪੁਰਾਣੇ ਰੁੱਖ ਤੇ ਪੁਰਾਣੇ ਬਜ਼ੁਰਗਾਂ ਦੇ ਸਾਂਭ ਸੰਭਾਲ ਕਰਨ ਦੀ। ਜੋ ਸਾਡਾ ਵਿਰਸਾ ਤੇ ਸਭਿਆਚਾਰ ਆਪਣੇ ਅੰਦਰ ਸਮੋਈ ਬੈਠੇ ਹਨ।
ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly