(ਸਮਾਜ ਵੀਕਲੀ)
ਤੈਨੂੰ ਤਾਂ ਪਤਾ ਹੀ ਐ ਮੁਹੱਬਤਾਂ ਰੂਹਾਂ ਦੀਆਂ ਹੁੰਦੀਆਂ ਨੇ ਜਿਸਮਾਂ ਦੀਆਂ ਨਹੀਂ, ਨਾਲੇ ਇਹ ਕਿਹੜਾ ਝੂਠ ਐ ਕਿ ਰੋਸੇ ਮੂੰਹਾਂ ਦੇ ਹੁੰਦੇ ਨੇ ਦਿਲਾਂ ਦੇ ਨਹੀਂ ।
ਮਾਂ ਬੱਚੇ ਨਾਲ ਮੁਹੱਬਤ ਕਰਦੀ ਏ,ਪੰਛੀ ਕੁਦਰਤ ਨਾਲ ,ਮਿੱਟੀ ਹਵਾ ਨਾਲ ,ਪਾਣੀ ਢਲਾਣਾਂ ਨਾਲ ਤੇ ਹਮ ਉਮਰ ਆਪਣੇ ਹਾਣੀਆਂ ਨਾਲ ,ਪਰ ਕੁਝ ਲੋਕ ਪੰਛੀਆਂ ਵਰਗੇ ਵੀ ਹੁੰਦੇ ਨੇ !!! ਮੁਹੱਬਤ ਕਰਨ ਲਈ ਬੰਦੇ ਨੂੰ ਸਿਰਫ਼ ਬੰਦਾ ਨਹੀਂ ਚਾਹੀਦਾ ਕੁਦਰਤ ਹੀ ਰਚਦੀ ਹੈ ਸਾਰੀ ਜੀਵਨੀ ਨੂੰ । ਉਹ ਆਖਦੀ ਹੈ “ਮੈਨੂੰ ਤੇਰੇ ਨਾਲ ਉਦੋਂ ਦਾ ਪਿਆਰ ਹੈ ਜਦ ਮੈਂ ਤੈਨੂੰ ਸਿਰਫ਼ ਮਹਿਸੂਸ ਕੀਤਾ ਸੀ ਪਰ ਦੇਖਿਆ ਨਹੀਂ “ਤੇ “ਤੈਨੂੰ ਵੀ ਮੇਰੇ ਨਾਲ ਉਦੋਂ ਦਾ ਹੀ ਪਿਆਰ ਹੈ” ਇਹ ਮੁਹੱਬਤ ਹੀ ਤਾਂ ਹੈ ।ਉਹ ਅੱਜ ਵੀ ਮੈਨੂੰ ਉਸੇ ਤਰ੍ਹਾਂ ਮਹਿਸੂਸ ਕਰਦੀ ਹੈ ਭਾਵੇਂ ਮੈਂ ਰੋਜ਼ ਉਹਦੀ ਗੋਦੀ ‘ਚ ਸਿਰ ਨਹੀਂ ਰੱਖਦੀ ਜਦ ਚਿੱਤ ਕਰਦੈ ਝੱਟ ਫੋਨ ਲਗਾ ਕੇ ਪੁੱਛਦੀ ਐ “ਕਿਵੇਂ ਆਂ ?”ਮੈਂ ਕਹਿਣਾ “ਠੀਕ ਹਾਂ ਮਾਂ “ਮੈਨੂੰ ਵੀ ਇਉਂ ਲੱਗਦਾ ਜਿਵੇਂ ਇਹ ਸਭ ਸੁਣ ਕੇ ਉਹਦੇ ਵੀ ਕਲੇਜੇ ਠੰਢ ਪੈ ਗਈ ਹੋਵੇ ਇਹ ਮੁਹੱਬਤ ਹੀ ਤਾਂ ਹੈ ।
ਮਾਂਵਾ ਜੋ ਨਿੱਕੀਆਂ ਮਾਸੂਮ ਜਿੰਦਾਂ ਦੀ ਉਂਗਲ ਛੱਡ ਰੱਬ ਦੀ ਉਂਗਲ ਫੜ ਤੁਰ ਜਾਂਦੀਆਂ ਨੇ ਉਹਦੇ ਘਰ ਦੇ ਕੰਮ ਸੰਵਾਰਨ ਨੂੰ ਤੇ ਭਲਕੇ ਵੀ ਨ੍ਹੀਂ ਵੇਖਦੀਆਂ, ਉਹ ਰੂਹਾਂ ਦੀ ਬੁਣਤੀ ਛੇੜ ਜਾਂਦੀਆਂ ਨੇ ਉਮਰ ਭਰ ਮੁਹੱਬਤ ਕਰਨ ਲਈ !!! ਕੁੜੀਆਂ ਦੀ ਮੁਹੱਬਤ ਮਾਂ ਦੀ ਚੁੰਨੀ ਦੇ ਬੰਬਲ ਬਣ ਮੱਥੇ ‘ਤੇ ਸਜ਼ ਜਾਂਦੀ ਐ, ਪਿਓ ਦੀ ਪੱਗ ਬਣ ਸਿਰ ਦਾ ਤਾਜ਼ ਬਣ ਜਾਂਦੀ ਐ, ਵੀਰ ਦੀ ਰੱਖੜੀ ਬਣ ਗੁੱਟ ਤੇ ਸਜ਼ ਜਾਂਦੀ ਐ, ਫਿਰ ਐਸੀ ਡੋਰ ਬਣ ਜਾਂਦੀ ਐ ਜੋ ਪਤੀ ਦੇ ਘਰ ਨੂੰ ਬੰਨ੍ਹ ਕੇ ਰੱਖਦੀ ਐ,ਬੱਚਿਆਂ ਦੀਆਂ ਕਿਲਕਾਰੀਆਂ ਤੋਂ ਪੋਤਰੇ- ਦੋਹਤਰਿਆਂ ਦੀਆਂ ਲਾਰਾਂ ਬਣ ਕੇ ਰਹਿ ਜਾਂਦੀ ਐ। ਆਪਣੇ ਆਪ ਨੂੰ ਮੁਹੱਬਤ ਕਰਨਾ ਤਾਂ ਕਿਤੇ ਭੁੱਲ ਹੀ ਜਾਂਦੀਆਂ ਨੇ ਝੱਲੀਆਂ।
ਨਾਲੇ ਛੇ ਸਾਲ !!!ਭਾਵੇਂ ਕਿੰਨੀ ਨਫ਼ਰਤ ਕੀਤੀ ਆਪਾਂ ਇੱਕ ਦੂਜੇ ਨਾਲ ਤਾਂ ਵੀ ਆਪਾਂ ਮੁਹੱਬਤੀ ਧਾਗਿਆਂ ਦੀਆਂ ਨਾ ਗੰਢਾਂ ਖੋਲ੍ਹ ਸਕੇ ਤੇ ਨਾ ਹੀ ਤੋੜ ਸਕੇ । ਹੋਰ ਭਲਾ !! ਰੂਹਾਂ ਦਾ ਮਿਲਣ ਕੀ ਹੁੰਦੈ।
ਨਿੱਕੇ ਨਿੱਕੇ ਸੁਫਨੇ ਬੱਚਿਆਂ ਵਾਗੂੰ ਪਾਲੇ ਨੇ,
ਕਰ ਦੇਵੇਗਾ ਪੂਰੇ ਆਸ਼ ਮੈਂ ਰੱਖੀ ਐਂ ।
ਤੇਰੇ ਸੰਗ ਜਾਣਾ ਦੇਸ਼ ਮੈਂ ਖਾਬਾਂ ਦੇ,
ਤਿੱਤਲੀਆਂ ਸੰਗ ਸ਼ਰਤ ਲਗਾ ਕੇ ਰੱਖੀ ਐ।
ਮੁਹੱਬਤ ਹੀ ਤਾਂ ਖਿੱਚ ਕੇ ਲੈ ਜਾਂਦੀ ਐ ਮੈਨੂੰ ਖਾਬਾਂ ਦੇ ਦੇਸ਼ । ਜਿੱਥੇ ਇੱਕ ਟਾਹਣੀ ਤੇ ਫੁੱਲ ਕਈ ਰੰਗਾਂ ਦੇ ਹੁੰਦੇ ਨੇ,ਚਿੜੀਆਂ ਦੇ ਕੱਲੇ ਕੱਲੇ ਖੰਭ ਦਾ ਰੰਗ ਹੀ ਹੋਰ ਹੁੰਦੈ, ਇੱਕ ਕਦਮ ਪੁੱਟਦੀ ਆਂ ਕਿ ਹਵਾ ‘ਚ ਉੱਡਦੀ ਆਂ ਪਤਾ ਹੀ ਨਹੀਂ ਚਲਦਾ ਪਰ ਕਦੀ ਕਦੀ ਰੁਝੇਵੇਂ ਏਨੇ ਵਧ ਜਾਂਦੇ ਨੇ ਕਿ ਖਾਬਾਂ ਦੇ ਦੇਸ਼ ਮੇਰਾ ਗੇੜਾ ਹੀ ਨ੍ਹੀਂ ਲੱਗਦਾ ਉਸ ਦੇਸ਼ ਨਾ ਜਾਣਾ ਤੈਨੂੰ ਨਾ ਮਿਲਣ ਦੇ ਬਰਾਬਰ ਹੁੰਦੈ । ਸੋਨ ਰੰਗੀਆਂ ਤਿਤਲੀਆਂ ਦਾ ਮੇਰੇ ਅੱਗੇ ਪਿੱਛੇ ਉੱਠਣਾ ਮੇਰੀਆਂ ਸਖੀਆਂ ਦਾ ਮੇਰੇ ਕੋਲ ਹੋਣ ਤੋਂ ਘੱਟ ਨਹੀਂ , ਜੇ ਕੁਝ ਪੁੱਛਦੀ ਆਂ ਸ਼ਾਂਤ ਜਿਹੇ ਰੁੱਖਾਂ ਤੋਂ ਤਾਂ ਮੇਰੇ ਬਜ਼ੁਰਗਾਂ ਵਾਂਗ ਡੂੰਘੀ ਜਿਹੀ ਗੱਲ ਕਰ ਜਾਂਦੇ ਨੇ ਤੇ ਮੈਂ ਤੱਕਦੀ ਰਹਿ ਜਾਨੀ ਆਂ ਉਨ੍ਹਾਂ ਦੇ ਖੁਸ਼ਕ ਤੇ ਮੋਟੇ ਤਣਿਆਂ ਨੂੰ ।ਉਨ੍ਹਾਂ ਦੀ ਆਪਸੀ ਗੁਫ਼ਤ-ਗੂ ਮੈਨੂੰ ਸੋਚੀਂ ਪਾ ਦਿੰਦੀ ਐ ਬੜੇ ਸਖ਼ਤ ਤੇ ਤਲਖ਼ ਨੇ ਮੇਰੇ ਬਜ਼ੁਰਗਾਂ ਵਾਂਗ ਓਹ ਬਜ਼ੁਰਗ ਵੀ ,ਜ਼ਰਾ ਉੱਚੀ ਹੱਸਣ ਤੇ ਤਾੜਦੇ ਨੇ।
ਪਿੱਪਲ ਤਾਂ ਪੀਂਘਾਂ ਪੈ ਪੈ ਕੇ ਤੀਆਂ ਵਰਗੇ ਹੋਗੇ ਨੇ ਹੇਠ ਜਾ ਖਲ੍ਹੋਣ ਤੇ ਗਿੱਧਾ ਪਾਉਂਦੇ ਪੱਤੇ ਤੇ ਨੱਚਦੀਆਂ ਟਾਹਣੀਆਂ ਮੈਨੂੰ ਵੀ ਕਮਲੀ ਬਣਾ ਦਿੰਦੀਆਂ ਨੇ ।
ਕੱਚੀ ਉਮਰੇ ਸਾਂਝ ਪਈ ਜੋ ,
ਟੁੱਟਦੀ ਨਹੀਂ ਉਮਰ ਵਡੇਰੀ ।
ਮੇਰੇ ਖਾਬਾਂ ਵਾਲਾ ਦੇਸ਼ ਨੀਂ ਮਾਏਂ,
ਜਿਓਂ ਗਰ੍ਹਾਂ ਆਪਣੇ ਦੀ ਫੇਰੀ ।
ਅਜ਼ੀਜ ਐ ਸੱਚੀਂ ਮੇਰੇ ਲਈ ਮੇਰੀ ਦੁਨੀਆਂ ਤਾਂਹੀ ਤਾਂ ਸੁੱਕੀਆਂ ਛਟੀਆਂ ਵੀ ਮੈਨੂੰ ਮਰੀਆਂ ਨਹੀਂ ਜਾਪਦੀਆਂ।
ਗੁਰਵੀਰ ਅਤਫ਼
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly