(ਸਮਾਜ ਵੀਕਲੀ)
ਪਿੰਡਾਂ ਵਿੱਚ ਸਰਪੰਚੀ ਦੀ ਹੋਈ ਚਰਚਾ,
ਹਰ ਬੰਦੇ ਨੂੰ ਇਸਦਾ ਲੋਰ ਮੀਆਂ ।
ਗਿਰਗਟ ਵਾਂਗ ਲੋਕਾਂ ਨੇ ਰੰਗ ਬਦਲੇ
ਮੂੰਹ ਤੇ ਹੋਰ ਤੇ ਪਿੱਛੋਂ ਹੋਰ ਮੀਆਂ ।
ਪਹਿਲਾਂ ਕਿਸੇ ਨਾ ਮੁੱਦੇ ਦੀ ਗੱਲ ਕੀਤੀ,
ਹਰ ਇੱਕ ਦਾ ਇੱਧਰ ਹੁਣ ਗੌਰ ਮੀਆਂ ।
ਭਾਈ, ਭਾਈ ਦੇ ਚੱਲਿਆ ਉਲ਼ਟ ਫਿਰਦਾ,
ਰਾਜਨੀਤੀ ਨੇ ਬਦਲਿਆ ਦੌਰ ਮੀਆਂ।
ਠੱਗ ਚੋਰ ਵੀ ਬਣਿਆ ਸਾਧ ਫਿਰਦਾ,
ਇਸ ਪਾਸੇ ਨਾ ਕਿਸੇ ਦਾ ਗੌਰ ਮੀਆਂ।
ਧੜਿਆਂ ਵਿੱਚ ਨੇ ਪਿੰਡਾਂ ਦੇ ਲੋਕ ਵੰਡੇ,
ਫੁੱਟਾਂ ਪਾਉਣ ਦਾ ਚੱਲਿਆ ਦੌਰ ਮੀਆਂ।
ਵੋਟਾਂ ਖਾਤਰ ਨੇ ਯਾਰਾਂ ਤੋਂ ਯਾਰ ਰੁੱਸੇ,
ਰਿਸ਼ਤੇ, ਸਾਂਝਾਂ ਤੇ ਕੋਈ ਨਾ ਗੌਰ ਮੀਆਂ।
ਕੋਈ ਪੈਸੇ ਤੇ ਨਸ਼ੇ ਦੀ ਵੰਡ ਕਰਦਾ,
ਇਹਨਾਂ ਚੀਜ਼ਾਂ ਦਾ ਲੋਕਾਂ ਨੂੰ ਲੋਰ ਮੀਆਂ।
ਚਾਰ ਦਿਨਾਂ ਦੀ ਖੇਡ ਨੇ ਪਾਏ ਖੇਡੀਂ,
ਜਿੱਤ ਹਾਰ ਦਾ ਚੱਲਿਆ ਦੌਰ ਮੀਆਂ।
ਵੋਟਾਂ ਖਾਤਰ ਨੇ ਕਈਂ ਥਾਂ ਸਿਰ ਪਾਟੇ,
ਕਈ ਉੱਡ ਗਏ, ਫੁੱਲਾਂ ਤੋਂ ਭੌਰ ਮੀਆਂ।
ਗੱਲ ਇੱਧਰ ਦੀ ਓਧਰ ਹਰ ਕੋਈ ਕਰਦਾ,
ਹੁੰਦੇ ਪਏ ਨੇ,ਝੂਠੇ ਸਭ ਕੌਲ ਮੀਆਂ।
ਸੌਹਾਂ ਚੁੱਕਦੇ, ਪਾਣੀ ਦੀ ਭਰਨ ਚੂਲੀ,
ਵਫ਼ਾਦਾਰੀ ਦਾ ਰਚਦੇ ਢੌਂਗ ਮੀਆਂ।
ਵੋਟਾਂ ਖਾਤਰ ਨੇ ਲੋਕਾਂ ਨੇ ਰੰਗ ਬਦਲੇ,
ਕੱਲ੍ਹ ਤੁਸੀਂ ਤੇ ਅਸੀਂ ਹੋਣੇ ਕੌਣ ਮੀਆਂ।
ਸਮਝਦਾਰੀ ਨਾਲ ਚੁਣਿਓ ਸਰਪੰਚ ਸੱਚਾ,
ਪੰਜ ਸਾਲ ਨਾ ਲੋਕ ਪਛਤਾਉਣ ਮੀਆਂ।
‘ਸੰਦੀਪ’ ਅੱਖਾਂ ਮੀਚ ਨਾ, ਵੋਟ ਦਾ ਮੁੱਲ ਪਾਵੀਂ,
ਇੱਕ ਵੋਟ ਨੇ, ਬਦਲਣਾ ਦੌਰ ਮੀਆਂ।
ਸੰਦੀਪ ਸਿੰਘ ‘ਬਖੋਪੀਰ’
ਸੰਪਰਕ:-98153 21017