ਵਾਸ਼ਿੰਗਟਨ, (ਸਮਾਜ ਵੀਕਲੀ): ਅਮਰੀਕਾ ਪੂਰੀ ਤਰ੍ਹਾਂ ਨਾਲ ਕੋਵਿਡ ਵੈਕਸੀਨ ਲਵਾਉਣ ਵਾਲੇ ਭਾਰਤੀ ਨਾਗਰਿਕਾਂ ਸਣੇ ਸਾਰੇ ਕੌਮਾਂਤਰੀ ਯਾਤਰੀਆਂ ਲਈ ਅੱਠ ਨਵੰਬਰ ਤੋਂ ਸਾਰੀਆਂ ਪਾਬੰਦੀਆਂ ਹਟਾ ਲਏਗਾ ਪਰ ਯਾਤਰੀਆਂ ਨੂੰ ਜਹਾਜ਼ ਵਿਚ ਸਵਾਰ ਹੋਣ ਤੋਂ ਪਹਿਲਾਂ ਕਰੋਨਾ ਪਾਜ਼ੇਟਿਵ ਨਾ ਹੋਣ ਦਾ ਸਰਟੀਫਿਕੇਟ ਦਿਖਾਉਣਾ ਪਏਗਾ। ਵਾਈਟ ਹਾਊਸ ਨੇ ਇਸ ਬਾਰੇ ਐਲਾਨ ਕਰਦਿਆਂ ਤਾਜ਼ਾ ਯਾਤਰਾ ਹਦਾਇਤਾਂ-ਨਿਰਦੇਸ਼ਾਂ ਵਿਚ ਜਾਂਚ ਬਾਰੇ ਨਵੇਂ ਪ੍ਰੋਟੋਕੋਲ ਵੀ ਸ਼ਾਮਲ ਕੀਤੇ ਹਨ।
ਸੁਰੱਖਿਆ ਮਜ਼ਬੂਤ ਕਰਨ ਲਈ ਟੀਕਾ ਨਾ ਲਵਾਉਣ ਵਾਲੇ ਯਾਤਰੀ ਚਾਹੇ ਅਮਰੀਕੀ ਨਾਗਰਿਕ ਹੋਣ, ਕਾਨੂੰਨੀ ਪੱਕੇ ਰਿਹਾਇਸ਼ੀ (ਐਲਪੀਆਰ) ਹੋਣ ਜਾਂ ਬਿਨਾਂ ਟੀਕਾ ਲਵਾਉਣ ਵਾਲੇ ਵਿਦੇਸ਼ੀ ਨਾਗਰਿਕਾਂ ਦੀ ਥੋੜ੍ਹੀ ਜਿਹੀ ਗਿਣਤੀ ਵਾਲੇ ਲੋਕ ਹੋਣ, ਉਨ੍ਹਾਂ ਨੂੰ ਯਾਤਰਾ ਕਰਨ ਤੋਂ ਇਕ ਦਿਨ ਪਹਿਲਾਂ ਜਾਂਚ ਕਰਾਉਣੀ ਹੋਵੇਗੀ। ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ‘ਇਸ ਨਵੀਂ ਕੌਮਾਂਤਰੀ ਹਵਾਈ ਯਾਤਰਾ ਵਿਵਸਥਾ ਤਹਿਤ ਵਿਦੇਸ਼ੀ ਨਾਗਰਿਕਾਂ ਨੂੰ ਅਮਰੀਕਾ ਆਉਣ ਲਈ ਪੂਰੀ ਤਰ੍ਹਾਂ ਟੀਕਾ ਲਗਵਾਉਣ ਦੀ ਲੋੜ ਹੈ।’ ਨਵੇਂ ਨੇਮਾਂ ਵਿਚ ਜਾਂਚ ਦੀ ਜ਼ਰੂਰਤ ਹੋਣਾ, ਸੰਪਰਕ ਵਿਚ ਆਏ ਲੋਕਾਂ ਦਾ ਪਤਾ ਲਾਉਣ ਦੀ ਪ੍ਰਣਾਲੀ ਮਜ਼ਬੂਤ ਹੋਣ ਦੇ ਨਾਲ ਹੀ ਮਾਸਕ ਲਗਾਉਣਾ ਵੀ ਸ਼ਾਮਲ ਹੈ। ਇਕ ਸੀਨੀਅਰ ਅਧਿਕਾਰੀ ਮੁਤਾਬਕ ਪ੍ਰਸ਼ਾਸਨ ਏਅਰਲਾਈਨਾਂ ਨਾਲ ਨੇੜਿਓਂ ਤਾਲਮੇਲ ਯਕੀਨੀ ਬਣਾਉਣ ਲਈ ਕੰਮ ਕਰੇਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly