(ਸਮਾਜਵੀਕਲੀ)–ਕਿਸਾਨ ਅੰਦੋਲਨ ਨੂੰ ਦਿੱਲੀ ਦੀ ਬਰੂਹਾਂ ਤੇ ਪਹੁੰਚੇ ਅੱਜ ਪੂਰਾ ਇੱਕ ਸਾਲ ਹੋ ਗਿਆ।ਸਬਰ ਸਿਦਕ ਤੇ ਸਿਰੜ ਨਾਲ ਖੇਤਾਂ ਦੇ ਯੋਧਿਆਂ ਨੇ ਸਾਲ ਪੂਰਾ ਕਰ ਲਿਆ।ਇਸ ਸਮੇਂ ਦੌਰਾਨ ਅਨੇਕਾਂ ਮੁਸ਼ਕਿਲਾਂ ਆਈਆਂ ਪਰ ਇਨ੍ਹਾਂ ਨੇ ਹਿੰਮਤ ਨਹੀਂ ਹਾਰੀ।ਜਿਸ ਮਜ਼ਬੂਤੀ ਨਾਲ ਅੱਜ ਦੇ ਦਿਨ ਪਿਛਲੇ ਸਾਲ ਸਾਰੇ ਬੈਰੀਕੇਡ ਤੋੜ ਕੇ ਦਿੱਲੀ ਦੀਆਂ ਬਰੂਹਾਂ ਤੇ ਚਾਹ ਪਹੁੰਚੇ ਸਨ,ਅੱਜ ਵੀ ਉਸੇ ਹਿੰਮਤ ਤੇ ਨਾਲ ਉੱਥੇ ਡਟੇ ਹੋਏ ਹਨ।
ਕਿਸੇ ਅੰਦੋਲਨ ਸ਼ੁਰੂ ਕਰਨਾ ਹੋਵੇ ਉਸ ਸਮੇਂ ਅਸੀਂ ਜੋਸ਼ ਨਾਲ ਭਰਪੂਰ ਹੁੰਦੇ ਹਾਂ।ਅਕਸਰ ਦੇਖਿਆ ਗਿਆ ਹੈ ਕਿ ਸਮੇਂ ਦੇ ਨਾਲ ਨਾਲੀ ਜੋਸ਼ ਘਟਦਾ ਜਾਂਦਾ ਹੈ।ਪਰ ਕਿਰਤੀਆਂ ਅਤੇ ਕਿਸਾਨਾਂ ਨੇ ਤੌਖ਼ਲਿਆਂ ਨੂੰ ਦੂਰ ਕਰ ਦਿੱਤਾ ਤੇ ਮੈਦਾਨ ਵਿੱਚ ਡਟੇ ਹੋਏ ਹਨ।ਜਿੱਤ ਦੇ ਬਹੁਤ ਕਰੀਬ ਹਨ।
ਕੌਣ ਭੁੱਲ ਸਕਦਾ ਹੈ ਪਿਛਲੇ ਸਾਲ ਦੇ ਅੱਜ ਦੇ ਦ੍ਰਿਸ਼।ਗੰਦੇ ਪਾਣੀ ਦੀਆਂ ਬੌਛਾੜਾਂ,ਟੋਏ ਪੁੱਟੇ ਹੋਏ ਸੜਕਾਂ ਤੇ ਭਾਰੀ ਭਰਕਮ ਬੈਰੀਕੇਡਿੰਗ।ਸੂਰਮਿਆਂ ਦੇ ਹੌਸਲੇ, ਸਭ ਮੁਸ਼ਕਿਲਾਂ ਨੂੰ ਸਰ ਕਰ ਵਧਦੇ ਜਾਣਾ,ਨਵਦੀਪ ਦੀ ਲੰਬੀ ਛਾਲ,ਪੰਜਾਬ ਤੇ ਹਰਿਆਣੇ ਦਾ ਇੱਕ ਹੋ ਜਾਣਾ,ਬੀਬੀਆਂ ਦੇ ਬਣਾਏ ਲੰਗਰ,ਜੋਸ਼ ਨਾਲ ਭਰਪੂਰ ਦਿੱਲੀ ਵੱਲ ਕੂਚ ਕਰਨ ਵਾਲਿਆਂ ਦਾ ਹੌਸਲਾ।
ਸਰਕਾਰ ਨੇ ਅਨੇਕਾਂ ਕੋਝੀਆਂ ਚਾਲਾਂ ਚੱਲੀਆਂ।ਗੋਦੀ ਮੀਡੀਆ ਨੇ ਕਦੀ ਖ਼ਾਲਿਸਤਾਨੀ ਕਿਹਾ ਕਦੀ ਵੱਖਵਾਦੀ।ਅਨੇਕਾਂ ਤਰ੍ਹਾਂ ਦੇ ਇਲਜ਼ਾਮ ਲਾਏ ਗਏ ਮੋਰਚੇ ਦੇ ਆਗੂਆਂ ਤੇ।ਬਿਨਾਂ ਕਿਸੇ ਗੱਲ ਦੀ ਪ੍ਰਵਾਹ ਕੀਤਿਆਂ ਡਟੇ ਰਹੇ ਬਹਾਦਰ ਕਿਰਤੀ ਅਤੇ ਕਿਸਾਨ।
ਟਰੈਕਟਰ ਮਾਰਚ,ਜੋਸ਼ੀਲੇ ਗਾਣੇ,ਕਾਜੂ ਪਿਸਤੇ ਬਦਾਮਾਂ ਦੇ ਲੰਗਰ,ਪਿੰਨੀਆਂ ਦੀਆਂ ਟਰਾਲੀਆਂ,ਖ਼ਾਲਸਾ ਏਡ ਵੱਲੋਂ ਕੀਤੀ ਗਈ ਤਰ੍ਹਾਂ ਤਰ੍ਹਾਂ ਦੀ ਮੱਦਦ ,ਪੋਹ ਦੀਆਂ ਠੰਢੀਆਂ ਰਾਤਾਂ,ਜੇਠ ਹਾੜ੍ਹ ਦੀਆਂ ਧੁੱਪਾਂ,ਸੱਤ ਸੌ ਦੇ ਕਰੀਬ ਕਿਸਾਨਾਂ ਦੀ ਸ਼ਹਾਦਤ,ਹਰਿਆਣੇ ਤੇ ਦਿੱਲੀ ਦੇ ਲੋਕਾਂ ਦਾ ਖੁੱਲ੍ਹ ਕੇ ਕਿਸਾਨਾਂ ਦੀ ਮੱਦਦ ਕਰਨਾ,ਵਿਆਹਾਂ ਵਿੱਚ ਕਿਸਾਨੀ ਦੇ ਝੰਡੇ,ਟਰੈਕਟਰਾਂ ਤੇ ਨਵੀਂ ਵਿਆਹੀ ਨੂੰ ਲੈ ਕੇ ਆਉਣਾ।ਕੌਣ ਭੁੱਲ ਸਕਦਾ ਹੈ ਇਹ ਸਭ ਕੁਝ।
ਰਾਜਾਂ ਦੀਆਂ ਹੱਦਾਂ ਦਾ ਭੁੱਲ ਜਾਣਾ,ਲੋਕਾਂ ਦਾ ਭਾਈਚਾਰਾ,ਸਭ ਧਰਮਾਂ ਤੇ ਜਾਤਾਂ ਦੇ ਲੋਕਾਂ ਦਾ ਅੰਦੋਲਨ ਵਿਚ ਇਕ ਦੂਜੇ ਦਾ ਸਾਥ ਦੇਣਾ,ਹਰ ਵਖਰੇਵੇਂ ਨੂੰ ਭੁੱਲ ਕੇ ਇਕ ਹੋ ਜਾਣਾ,ਇੱਕ ਮਕਸਦ ਲਈ ਅੰਦੋਲਨ ਕਰਨਾ ਇਕ ਕ੍ਰਿਸ਼ਮਾ ਹੀ ਤਾਂ ਹੈ।
ਇਸ ਅੰਦੋਲਨ ਨੇ ਲੋਕਾਂ ਨੂੰ ਬਹੁਤ ਕੁਝ ਸਿਖਾਇਆ ਹੈ।ਭਾਰਤ ਵਿੱਚ ਇੱਕ ਨਵੀਂ ਚੇਤਨਾ ਭਰੀ ਹੈ।ਭਾਰਤ ਨੂੰ ਅੰਦੋਲਨ ਦੀ ਸ਼ਕਤੀ ਬਾਰੇ ਦੱਸਿਆ ਹੈ ਕਿਉਂਕਿ ਆਜ਼ਾਦੀ ਤੋਂ ਬਾਅਦ ਅਸੀਂ ਭੁੱਲ ਹੀ ਗਏ ਸੀ।ਪ੍ਰਧਾਨ ਮੰਤਰੀ ਨੇ ਤਿੰਨੋਂ ਕਾਨੂੰਨ ਵਾਪਸ ਲੈਣ ਦਾ ਅੈਲਾਨ ਕਰ ਦਿੱਤਾ ਹੈ।ਸੰਸਦ ਦੇ ਸਤਰ ਵਿੱਚ ਹੀ ਵਾਪਸ ਕਰ ਲਏ ਜਾਣਗੇ।
ਸ਼ਾਲਾ! ਕਾਮਯਾਬੀ ਹਮੇਸ਼ਾ ਸਾਡੇ ਕਿਸਾਨਾਂ ਤੇ ਕਿਰਤੀਆਂ ਦੇ ਕਦਮ ਚੁੰਮੇ।ਆਪਣੇ ਏਕੇ ਦੀ ਬਰਕਤ ਨਾਲ ਸਾਰੀਆਂ ਸਮੱਸਿਆਵਾਂ ਨੂੰ ਸਰ ਕਰ ਲੈਣ।
ਅੰਦੋਲਨ ਦਾ ਇਕ ਸਾਲ ਪੂਰਾ ਹੋਣ ਤੇ ਸਭ ਨੂੰ ਬਹੁਤ ਬਹੁਤ ਵਧਾਈਆਂ
ਹਰਪ੍ਰੀਤ ਕੌਰ ਸੰਧੂ
‘ਸਮਾਜਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly