ਹੱਕ ਦਾ ਸੱਚ

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

“ਬੀਬੀ ਮੇਰੀ ਵਰਦੀ ਧੋ ਦੇ, ਕੱਲ੍ਹ ਨੂੰ ਸਾਡੇ ਸਕੂਲ ਬੋਰਡ ਦੇ ਵੱਡੇ ਬੰਦਿਆਂ ਨੇ ਆਉਣੈ…!” ਸੀਟੂ ਕੇ ਮੀਤ ਨੇ ਆਪਣੀ ਮਾਂ ਵੀਰੋ ਨੂੰ ਕਿਹਾ।
“ਵੇ ਸਾਬਣ ਤਾਂ ਪਹਿਲਾਂ ਈ ਮੁੱਕਿਆ ਹੋਇਆ, ਤੇਰੀਆਂ ਵਰਦੀਆਂ ਧੋਣ ਤੇ ਈ ਲੱਗ ਜਾਂਦਾ ਸਾਰਾ, ਤੈਨੂੰ ਪੰਜਾਹ ਵਾਰੀ ਕਿਹਾ ਘੱਟ ਮੈਲਾ ਕਰਿਆ ਕਰ।” ਵੀਰੋ ਨੇ ਗੁੱਸੇ ਨਾਲ ਆਖਿਆ।

“ਬੀਬੀ ਜਦ ਸਾਰੇ ਨਿਆਣੇ ਖੇਡਦੇ ਆ ਅੱਧੀ ਛੁੱਟੀ ਵੇਲੇ,ਉਹ ਮਿੱਟੀ ਆਲ਼ੇ ਹੱਥ ਲਾ ਦਿੰਦੇ ਆ।” ਮੀਤ ਬੋਲਿਆ। “ਬੀਬੀ ਏ , ਮਾਸਟਰ ਜੀ ਕਹਿੰਦੇ ਸੀ ਪ੍ਰੈਸ ਕਰਕੇ ਪਾ ਕੇ ਆਇਓ ਵਰਦੀ…!”

“ਕਿਹੜੀ ਏਥੇ ਤੇਰੇ ਪਿਓ ਨੇ ਪ੍ਰੈਸ ਲੈ ਕੇ ਰੱਖੀ ਆ…! ਖਸਮਾਂ ਨੂੰ ਖਾਣਾਂ ਦੋ ਵਕਤ ਦੀ ਰੋਟੀ ਦਾ ਫ਼ਿਕਰ ਵੱਢ ਵੱਢ ਖਾਂਦਾ, ਮਾਸਟਰਾਂ ਨੂੰ ਪ੍ਰੈਸਾਂ ਦੀ ਪਈ ਆ।ਆਪ ਤਾਂ ਚੜ੍ਹੇ ਮਹੀਨੇ ਥੱਬਾ ਨੋਟਾਂ ਦਾ ਪਰਸ ‘ਚ ਭਰ ਲੈਂਦੇ ਨੇ, ਗੱਲਾਂ ਆਉਂਦੀਆਂ ਨੇ ਓਹਨਾਂ ਨੂੰ….।”ਵੀਰੋ ਆਪਣੇ ਆਪ ਨਾਲ਼ ਗੱਲ ਕਰ ਰਹੀ ਸੀ ਜਾਂ ਮੁੰਡੇ ਨੂੰ ਕਹਿ ਰਹੀ ਸੀ। ਮੁੰਡਾ ਤਾਂ ਬਾਹਰ ਖੇਡਣ ਵੀ ਚਲਿਆ ਗਿਆ ਸੀ। ਵੀਰੋ ਸਰਕਾਰੀ ਟੈਂਕੀ ਤੋਂ ਆਉਂਦੇ ਪਾਣੀ ਦੀ ਟੂਟੀ ਥੱਲੇ ਸਿੱਟ ਕੇ ਵਰਦੀ ਨੂੰ ਧੋਣ ਲੱਗ ਪਈ।ਸਾਬਣ ਦੀ ਪਤਲੀ ਜਿਹੀ ਕਾਤਰ ਨੂੰ ਉਂਗਲਾਂ ਦੇ ਪੋਟਿਆਂ ਨਾਲ਼ ਥੋੜਾ ਥੋੜਾ ਘਿਸਾਇਆ ਤੇ ਹੱਥਾਂ ਨਾਲ ਜ਼ੋਰ ਦੀ ਮਲ ਕੇ ਧੋਣ ਲੱਗੀ ਤਾਂ ਜੋ ਮੈਲ਼ ਨਿਕਲ ਜਾਵੇ। ਜਿੱਥੋਂ ਵੱਧ ਘਸਿਆ ਸੀ ਉਥੋਂ ਕਮੀਜ਼ ਥੋੜ੍ਹਾ ਜਿਹਾ ਪਾਟ ਗਿਆ। ਵੀਰੋ ਨੇ ਸੁੱਕਦੇ ਸਾਰ ਬਰੀਕ ਸੂਈ ਨਾਲ ਤੋਪੇ ਭਰ ਕੇ ਸਿਉਂ ਦਿੱਤਾ। ਪ੍ਰੈਸ ਦੀ ਥਾਂ ਵਰਦੀ ਤਹਿ ਲਾ ਕੇ ਸਰ੍ਹਾਣੇ ਥੱਲੇ ਰੱਖ ਦਿੱਤੀ ਤਾਂ

ਜੋ ਦਬ ਕੇ ਕਰੀਜਾਂ ਪੈ ਜਾਣ।ਵਰਦੀ ਵਾਲੇ ਬੂਟਾਂ ਵਿੱਚ ਵੀ ਅੰਗੂਠਿਆਂ ਕੋਲੋਂ ਮੋਰੀਆਂ ਨਿਕਲਣ ਲੱਗ ਪਈਆਂ ਸਨ।
ਦੋ ਕਿੱਲਿਆਂ ਦੀ ਖੇਤੀ ਵਿੱਚ ਕੀ ਬਣਦਾ , ਹਜੇ ਸਾਰਾ ਕੰਮ ਵੀਰੋ ਦਾ ਪਤੀ ਬਲਦੇਵ ਆਪ ਹੀ ਸੰਭਾਲਦਾ ਸੀ ਕੋਈ ਸੀਰੀ ਨਹੀਂ ਰਲਾਇਆ ਸੀ। ਪੰਦਰਾਂ ਦਿਨ ਬਾਅਦ ਰਿਹੜੇ ਵਾਲ਼ਾ ਰਾਸ਼ਨ ਲੈ ਕੇ ਆਉਂਦਾ ਸੀ।ਉਸ ਤੋਂ ਵੀ ਉਧਾਰ ਈ ਚੱਲਦਾ ਸੀ। ਦਸ ਹਜ਼ਾਰ ਰੁਪਿਆ ਉਸ ਦਾ ਸਿਰ ਤੇ ਖੜਾ ਸੀ।ਖਾਦ ਲਈ ਸੁਸਾਇਟੀ ਤੋਂ ਲੱਖ ਰੁਪਏ ਦਾ ਕਰਜ਼ਾ ਸਿਰ ਚੜਿਆ ਹੋਇਆ ਸੀ।ਆੜ੍ਹਤੀਏ ਤੋਂ ਵੇਲੇ ਕੁਵੇਲੇ ਫੜਕੇ ਰਿਸ਼ਤੇਦਾਰਾਂ ਦੇ ਖੁਸ਼ੀ ਗਮੀ ਨਿਬੇੜਦੇ ਸਨ।ਬਹੁਤੀ ਵਾਰੀ ਤਾਂ ਰੋਟੀ ਤੇ ਚਟਨੀ ਰੱਖ ਕੇ ਗੰਢੇ ਨਾਲ ਖਾ ਕੇ ਹੀ ਡੰਗ ਸਾਰਦੇ ਸਨ। ਕਣਕ ਘਰ ਜੋਗੀ ਰੱਖ ਕੇ ਬਾਕੀ ਤਾਂ ਕਰਜ਼ੇ ਮੋੜਨ ਵਿੱਚ ਹੀ ਲੱਗ ਜਾਂਦੀ । ਕਰਜ਼ਾ ਫਿਰ ਵੀ ਸਿਰ ਤੇ ਖੜਾ ਹੀ ਰਹਿੰਦਾ।

ਮੀਤ ਅਗਲੇ ਦਿਨ ਸਕੂਲੇ ਗਿਆ ਕਿਉਂਕਿ ਸਾਰੇ ਬੱਚੇ ਨਵੀਆਂ ਕਲਾਸਾਂ ਵਿੱਚ ਚੜ੍ਹੇ ਸਨ ,ਇਸ ਲਈ ਉਹਨਾਂ ਨੂੰ ਬਹੁਤ ਉਤਸ਼ਾਹ ਸੀ।ਚਾਰ ਵੱਡੇ ਅਫਸਰ ਆਏ ਤਾਂ ਗਰਾਊਂਡ ਵਿੱਚ ਬੱਚਿਆਂ ਨੂੰ ਟਾਟਾਂ ਤੇ ਬਿਠਾ ਕੇ ਭਾਸ਼ਨ ਕਰਦੇ ਰਹੇ। ਉਹ ਨਾਲ ਨਵੀਆਂ ਵਰਦੀਆਂ, ਕਿਤਾਬਾਂ ਅਤੇ ਜੁੱਤੀਆਂ ਲੈ ਕੇ ਆਏ ਸਨ। ਉਹਨਾਂ ਨੇ ਵਰਦੀਆਂ ਤੇ ਕਿਤਾਬਾਂ ਬੱਚਿਆਂ ਨੂੰ ਵੰਡਣੀਆਂ ਸ਼ੁਰੂ ਕੀਤੀਆਂ।ਮਾਸਟਰ ਜੀ ਜਿਹੜੇ ਜਿਹੜੇ ਬੱਚਿਆਂ ਦੇ ਨਾਂ ਬੋਲੀ ਜਾਂਦੇ,ਉਹ ਉੱਠ ਕੇ ਲਈ ਜਾਂਦੇ। ਮੀਤ ਬੈਠਾ ਆਪਣੀ ਵਾਰੀ ਦੀ ਉਡੀਕ ਕਰ ਰਿਹਾ ਸੀ। ਜਿਵੇਂ ਜਿਵੇਂ ਕਿਤਾਬਾਂ ਤੇ ਵਰਦੀ ਦਾ ਢੇਰ ਛੋਟਾ ਹੋਈ ਜਾਂਦਾ ਉਸ ਦੀ ਘਬਰਾਹਟ ਵਧੀ ਜਾਂਦੀ।

ਅਖੀਰ ਵਿੱਚ ਦੋ ਦੋ ਪੈਕੇਟ ਹੀ ਬਚੇ ਸਨ ਕਿ ਮੀਤ ਉਤਾਵਲਾ ਹੋ ਕੇ ਭਰੀ ਸਭਾ ਵਿੱਚ ਸੱਜਾ ਹੱਥ ਉੱਪਰ ਚੁੱਕ ਕੇ ਖੜ੍ਹ ਗਿਆ,”ਮਾਸਟਰ ਜੀ….ਸਰ ਜੀ …ਮੈਨੂੰ ਨੀ ਮਿਲਿਆ ਕੁਛ ਵੀ ਜੀ….!” ਉਸ ਦੇ ਮੱਥੇ ਤੇ ਪ੍ਰੇਸ਼ਾਨੀ ਦੀਆਂ ਤਿਉੜੀਆਂ ਉੱਕਰੀਆਂ ਹੋਈਆਂ ਸਨ। ਉਹ ਉੱਚੀ ਅਵਾਜ਼ ਵਿੱਚ ਦੱਸਣ ਲੱਗਿਆ। ਅਧਿਆਪਕ ਨੇ ਪੁੱਛਿਆ ,”ਬੇਟਾ ਤੁਹਾਡਾ ਕੀ ਨਾਂ ਹੈ?”

“ਜੀ, ਮਨਮੀਤ ਸਿੰਘ ਗਿੱਲ ਜਮਾਤ ਸੱਤਵੀਂ” ਕਹਿਕੇ ਉਹਨਾਂ ਦੇ ਚਿਹਰਿਆਂ ਤੋਂ ਹਾਂ ਪੱਖੀ ਜਵਾਬ ਲੱਭਣ ਲੱਗਾ। ਮਾਸਟਰ ਜੀ ਲਿਸਟ ਦੇਖਦੇ ਦੇਖਦੇ ਉਸ ਦੇ ਨਾਂ ਤੇ ਰੁਕਿਆ ਤੇ ਹੱਸ ਕੇ ਆਖਣ ਲੱਗਿਆ,” ਬੈਠ ਜਾਓ ਬੇਟਾ! ਇਹ ਵਰਦੀਆਂ ਤੇ ਕਿਤਾਬਾਂ ਤਾਂ ਗਰੀਬ ਬੱਚਿਆਂ ਲਈ ਹਨ। ਤੁਹਾਡੇ ਲਈ ਨਹੀਂ।”

ਮੀਤ ਫਿਰ ਖੜਾ ਹੋ ਕੇ ਕਹਿਣ ਲੱਗਾ,”ਸਰ ਜੀ,ਆਹ ਭੂੰਡਾਂ ਦਾ ਜੱਗਾ ਅਮੀਰ ਆ ਜੀ,ਓਹਦਾ ਡੈਡੀ ਅਫਸਰ ਲੱਗਿਆ ਹੋਇਆ ਸ਼ਹਿਰ। ਤੁਸੀਂ ਓਹਨੂੰ ਵੀ ਦੇਤੀਆਂ ਜੀ,ਓਹਨੇ ਕੱਲ੍ਹ ਈ ਬਜ਼ਾਰੋਂ ਮਹਿੰਗੀ ਨਵੀਂ ਵਰਦੀ ਤੇ ਬਾਟੇ ਆਲ਼ੇ ਬੂਟ ਖ਼ਰੀਦੇ ਆ ਜੀ. ‌‌…! ਕੱਲ੍ਹ ਉਹਨੇ ਮੈਨੂੰ ਦੱਸਿਆ ਸੀ ਜੀ।”

“ਚੁੱਪ ਕਰ ਓਏ, ਤੁਸੀਂ ਉੱਚੀ ਜਾਤ ਵਾਲੇ ਹੋ,ਇਸ ਲਈ ਤੁਹਾਡਾ ਇਸ ਤੇ ਕੋਈ ਹੱਕ ਨਹੀਂ ਹੈ।” ਮਾਸਟਰ ਨੇ ਦਬਕਾ ਮਾਰ ਕੇ ਉਸ ਨੂੰ ਬਿਠਾ ਦਿੱਤਾ।

ਬਰਜਿੰਦਰ ਕੌਰ ਬਿਸਰਾਓ…
9988901324

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੁਲਦੀਪ ਕੌਰ ਰੰਧਾਵਾ ਦੀ ਪਲੇਠੀ ਕਿਤਾਬ “ਸਾਂਝੀ ਪੀੜ” ਪਿੰਡ ਕਿਰਤੋਵਾਲ ਕਲਾਂ (ਪੱਟੀ) ਵਿਖੇ ਰਿਲੀਜ਼
Next articleਧੁਲੇਤਾ ਤੋਂ ਅੱਪਰਾ ਸੜਕ ’ਤੇ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ