HOME ਸੱਚੇ -ਸੁੱਚੇ ਅੰਬੇਡਕਰੀ ਅਤੇ ਦਲਿਤ ਚਿੰਤਕ–ਕੇ.ਸੀ. ਸੁਲੇਖ ਜੀ

ਸੱਚੇ -ਸੁੱਚੇ ਅੰਬੇਡਕਰੀ ਅਤੇ ਦਲਿਤ ਚਿੰਤਕ–ਕੇ.ਸੀ. ਸੁਲੇਖ ਜੀ

ਕੇ.ਸੀ. ਸੁਲੇਖ ਜੀ

ਸਮਾਜ ਵੀਕਲੀ ਯੂ ਕੇ

-ਪ੍ਰਿੰਸੀਪਲ ਪਰਮਜੀਤ ਜੱਸਲ
ਡਾ. ਬੀ. ਆਰ. ਅੰਬੇਡਕਰ ਪਬਲਿਕ ਸਕੂਲ ਬੁਲੰਦਪੁਰ, ਜਲੰਧਰ
ਮੋਬਾਇਲ -9872180653

ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਸੱਚੇ -ਸੁੱਚੇ ਪੈਰੋਕਾਰ, ਮਹਾਨ ਵਿਦਵਾਨ, ਦਲਿਤ ਚਿੰਤਕ, ਉਜਾਲਾ ਉਰਦੂ ਅਖਬਾਰ ਦੇ ਸੰਪਾਦਕ, ਕਰਨੀ ਤੇ ਕਥਨੀ ਦੇ ਪਹਿਰੇਦਾਰ, ਹੱਕ ਸੱਚ ਤੇ ਨਿਆ ਲਈ ਲੜਨ ਵਾਲੇ ਜੁਝਾਰੂ ਯੋਧੇ, ਕਲਮ ਦੇ ਧਨੀ, ਬਹੁਜਨ ਮਹਾਂਪੁਰਸ਼ਾਂ ਦੀ ਵਿਚਾਰਧਾਰਾ ਨੂੰ ਅੱਗੇ ਲਿਜਾਣ ਵਾਲੇ ਮਹਾਨ ਲੇਖਕ, ਬੁੱਧੀਜੀਵੀ ਸਾਹਿਤਕਾਰ, ਜੋ ਕਿਸੇ ਜਾਣ ਪਛਾਣ ਦੇ ਮੁਹਥਾਜ ਨਹੀਂ, ਸਗੋਂ ਉਹਨਾਂ ਦਾ ਨਾਂ ਸਮਾਜ ‘ਚ ਬੜੇ ਮਾਣ ਅਤੇ ਸਤਿਕਾਰ ਨਾਲ ਲਿਆ ਜਾਂਦਾ ਹੈ। ਉਹ ਸਨ “ਸ੍ਰੀ ਕਰਤਾਰ ਚੰਦ ਸੁਲੇਖ ਜੀ ” (ਕੇ.ਸੀ. ਸੁਲੇਖ), ਜੋ ਆਪ ਇਕ ਸੰਸਥਾ ਸਨ, ਜਿੱਥੋਂ ਅਜੋਕੀ ਪੀੜ੍ਹੀ ਦੇ ਨੌਜਵਾਨ ਸਾਥੀ ਪ੍ਰੇਰਨਾ ਲੈ ਕੇ ਜ਼ਿੰਦਗੀ ‘ਚ ਉਚਾਈਆਂ ਦੀਆਂ ਨਵੀਆਂ ਪੁਲਾਂਘਾਂ ਪੁੱਟ ਕੇ ਨਵੇਂ ਇਤਿਹਾਸ ਦੀ ਸਿਰਜਣਾ ਕਰਕੇ ਬੁਲੰਦੀਆਂ ਨੂੰ ਛੂੰਹਦੇ ਹਨ। ਬਾਬਾ ਸਾਹਿਬ ਜੀ ਨੇ 1927 ਵਿੱਚ “ਮਨੂੰ ਸਿਮ੍ਰਤੀ ਗ੍ਰੰਥ” ਨੂੰ ਅਗਨੀ ਭੇਂਟ ਕੀਤਾ ਸੀ, ਜੋ ਮਨੁੱਖਤਾ ਨੂੰ ਬਰਾਬਰਤਾ, ਸੁਤੰਤਰਤਾ ਅਤੇ ਭਾਈਚਾਰੇ ਤੋਂ ਕੋਹਾਂ ਦੂਰ ਰੱਖਦਾ ਸੀ। ਬਾਬਾ ਸਾਹਿਬ ਜੀ ਨੇ “ਭਾਰਤ ਦੇ ਸੰਵਿਧਾਨ” ‘ਚ ਸਮਾਨਤਾ, ਸੁਤੰਤਰਤਾ, ਭਾਈਚਾਰਾ ਤੇ ਨਿਆ ਦੇ ਸਿਧਾਂਤ ਨੂੰ ਪ੍ਰਮੁੱਖਤਾ ਦਿੱਤੀ ।

ਸੰਨ 1927 ‘ਚ, 20 ਜੁਲਾਈ ਨੂੰ ਸ੍ਰੀ ਕੇ.ਸੀ.ਸੁਲੇਖ ਜੀ ਦਾ ਜਨਮ ਨਵਾਂ ਸ਼ਹਿਰ (ਸ਼ਹੀਦ ਭਗਤ ਸਿੰਘ ਨਗਰ) ‘ਚ ਪੈਂਦੇ ਕਸਬੇ ਬੰਗੇ ਦੀ ਪਵਿੱਤਰ ਧਰਤੀ ‘ਤੇ ਸਤਿਕਾਰਯੋਗ ਮਾਤਾ ਸ਼੍ਰੀਮਤੀ ਦਾਨੀ ਜੀ ਅਤੇ ਸਤਿਕਾਰਯੋਗ ਪਿਤਾ ਸ੍ਰੀਮਾਨ ਬੀਰੂ ਰਾਮ ਜੀ ਦੇ ਗ੍ਰਹਿ ਵਿਖੇ ਹੁੰਦਾ ਹੈ। ਆਪ ਜੀ ਦੇ ਪਿਤਾ ਜੀ ਪੰਜਾਬੀ ਵਿੱਚ ਕਵਿਤਾ ਲਿਖਦੇ ਸਨ, ਜਿਥੋਂ ਆਪ ਜੀ ਨੂੰ ਵਿਰਸੇ ‘ਚ ਪੰਜਾਬੀ ਭਾਸ਼ਾ ਦਾ ਗਿਆਨ ਪਿਤਾ ਜੀ ਤੋਂ ਪ੍ਰਾਪਤ ਹੋਇਆ। ਇਥੋਂ ਹੀ ਸਾਹਿਤਕ ਦੀ ਜੀਵਨ ‘ਚ ਚੇਟਕ ਲੱਗਦੀ ਹੈ। ਅਜੇ ਆਪ ਨੌਵੀਂ ਕਲਾਸ ਦੇ ਵਿਦਿਆਰਥੀ ਹੀ ਸਨ, ਜਦੋਂ ਆਪ ਜੀ ਦੇ ਪਿਤਾ ਜੀ ਸਦੀਵੀ ਵਿਛੋੜਾ ਦੇ ਗਏ। ਦਸਵੀਂ ਕਲਾਸ ਸੈਕਿੰਡ ਡਿਵੀਜ਼ਨ ਵਿੱਚ ਪਾਸ ਕੀਤੀ। ਉਚੇਰੀ ਪੜ੍ਹਾਈ ਲਈ ਦੋਆਬਾ ਕਾਲਜ, ਜਲੰਧਰ ਵਿੱਚ ਦਾਖਲਾ ਲਿਆ। ਇਸ ਸਮੇਂ ਦੌਰਾਨ ਆਪ ਜੀ ਨੇ ਸਾਹਿਤ ਸਿਰਜਣਾ ਦਾ ਕੰਮ ਸ਼ੁਰੂ ਕਰ ਦਿੱਤਾ ਅਤੇ ਆਪਣੇ ਨਾਮ ਦੇ ਪਿੱਛੇ ਸਾਹਿਤਕ ਨਾਂ “ਸੁਲੇਖ ” ਲਗਾਉਣ ਨਾਲ ਸਾਰੇ ਪਾਸੇ “ਕੇ.ਸੀ. ਸੁਲੇਖ” ਪਹਿਚਾਣ ਮਿਲਣ ਲੱਗ ਪਈ ਸੀ। 1941-42 ਵਿੱਚ ਆਪ “ਆਦਿ ਧਰਮ ਲਹਿਰ” ਦੇ ਪ੍ਰਭਾਵ ਵੱਲ ਖਿੱਚੇ ਗਏ। ਆਪਣੇ ਵਿਦਿਆਰਥੀ ਸਾਥੀਆਂ ਨਾਲ ਮਿਲ ਕੇ ” ਆਦਿ ਧਰਮ ਰਵਿਦਾਸ ਬਾਲ ਸਭਾ ” ਬਣਾਈ। ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਅਤੇ ਵਿਚਾਰਧਾਰਾ ਦਾ ਪ੍ਰਚਾਰ ਤੇ ਪ੍ਰਸਾਰ ਕਰਦਿਆਂ ਨੌਜਵਾਨਾਂ ਵਿਚ ਜਾਗ੍ਰਿਤੀ ਪੈਦਾ ਕੀਤੀ। ਇਸ ਸਮੇਂ ਆਪ ਜੀ ਦੇ ਲਿਖੇ ਲੇਖ, ਗੀਤਾਂ ਅਤੇ ਵਿਚਾਰਾਂ ਦੇ ਸੰਗ੍ਰਹਿ “ਗੁਰੂ ਰਵਿਦਾਸ ਦੀ ਤਾਂਘ ” ਅਤੇ “ਕੌਮ ਨੂੰ ਹਲੂਣਾ” ਛਾਪੇ ਗਏ। ਬਹੁਜਨ ਮਹਾਂਪੁਰਸ਼ਾਂ ਦੀ ਵਿਚਾਰਧਾਰਾ ਨੂੰ ਹੋਰ ਅੱਗੇ ਵਧਾਉਣ ਲਈ ਇਕ ਜਲਸੇ ਵਿੱਚ ਸੇਠ ਕਿਸ਼ਨ ਦਾਸ ਜੀ ਬੂਟਾ ਮੰਡੀ ਨੂੰ ਮੁੱਖ ਮਹਿਮਾਨ ਬਣਾਇਆ ਗਿਆ। ਸੇਠ ਜੀ ਨੇ ਆਪ ਜੀ ਦੀ ਸਭਾ ਦੇ ਕੰਮਾਂ ਤੋਂ ਖੁਸ਼ ਹੋ ਕੇ ਸਭਾ ਨੂੰ “ਇਕ ਰੁਪਏ ” ਨਾਲ ਸਨਮਾਨਿਤ ਕੀਤਾ।

ਆਪ ਜੀ ਨੂੰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀ ਇਤਿਹਾਸਿਕ ਪੁਸਤਕ “ਗਾਂਧੀ ਅਤੇ ਅਛੂਤਾਂ ਦੀ ਆਜ਼ਾਦੀ ” ਉਰਦੂ ਭਾਸ਼ਾ ਵਿੱਚ ਅਨੁਵਾਦ ਕਰਨ ਦੀ ਮਨਜ਼ੂਰੀ ਖੁਦ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ 1946 ਵਿੱਚ ਇੱਕ ਪੱਤਰ ਰਾਹੀਂ ਲਿਖ ਕੇ ਦਿੱਤੀ ਸੀ, ਉਸ ਸਮੇਂ ਆਪ ਜੀ ਦੀ ਉਮਰ 19 ਸਾਲ ਦੀ ਸੀ। ਤੁਸੀਂ ਅੰਦਾਜ਼ਾ ਲਾਓ ਕਿ ਸ੍ਰੀ ਕੇ.ਸੀ. ਸੁਲੇਖ ਜੀ ਨੂੰ ਉਸ ਸਮੇਂ ਬਾਬਾ ਸਾਹਿਬ ਜੀ ਨੇ ਕਿੰਨਾ ਮਾਣ ਤੇ ਸਤਿਕਾਰ ਬਖਸ਼ਿਆ ਹੋਵੇਗਾ। ਸ੍ਰੀ ਸੁਲੇਖ ਜੀ young age ਵਿੱਚ ਕਿੰਨੇ ਸੁਲਝੇ ਹੋਏ ਬੁੱਧੀਜੀਵੀ, ਦਲਿਤ ਚਿੰਤਕ ਪੜ੍ਹੇ ਲਿਖੇ ਹੋਣਗੇ, ਜੋ ਉਰਦੂ ਭਾਸ਼ਾ ਦੇ ਲਾਇਕ ਵਿਦਵਾਨ ਸਨ। ਬਾਬਾ ਸਾਹਿਬ ਜੀ ਨੇ ਪੁਸਤਕ ਦਾ ਉਰਦੂ ਵਿੱਚ ਅਨੁਵਾਦ ਕਰਨ ਲਈ ਕਿੰਨੀ ਵੱਡੀ ਜ਼ਿੰਮੇਵਾਰੀ ਲਾਈ ਹੋਵੇਗੀ, ਜਿਸ ਨੂੰ ਉਹਨਾਂ ਬਾਖੂਬੀ ਇਮਾਨਦਾਰੀ ਨਾਲ ਨਿਭਾਇਆ। ਮੈਂ ਸਿੱਜਦਾ ਕਰਦਾ ਹਾਂ, ਇਸ ਮਹਾਨ ਸ਼ਖਸ਼ੀਅਤ ਸ੍ਰੀ ਕੇ.ਸੀ. ਸੁਲੇਖ ਦੇ ਚਰਨਾਂ ਵਿੱਚ, ਜੋ ਕਰੋੜਾਂ ਲੋਕਾਂ ਲਈ ਇਕ ਮਸੀਹਾ ਬਣ ਕੇ ਆਏ ਮਹਾਨ ਰਹਿਬਰ ਬਾਬਾ ਸਾਹਿਬ ਜੀ ਦੇ ਅੰਗ ਸੰਗ ਇਮਾਨਦਾਰੀ ਨਾਲ ਖੜੇ ਹੋਏ। ਇੱਥੇ ਹੀ ਬਸ ਨਹੀਂ ਜਦੋਂ ਆਪ ਜੀ ਨੇ 21ਵੇਂ ਵਰ੍ਹਿਆਂ ਵਿੱਚ ਪ੍ਰਵੇਸ਼ ਕੀਤਾ ਤਾਂ 14 ਅਪ੍ਰੈਲ 1948 ਨੂੰ ਆਪ ਜੀ ਨੇ “ਉਜਾਲਾ ਹਫ਼ਤਾਵਾਰੀ ” ਉਰਦੂ ਅਖਬਾਰ ਦੀ ਸੰਪਾਦਨਾ ਸ਼ੁਰੂ ਕੀਤੀ ਤਾਂ ਖੁਦ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ” ਉਜਾਲਾ ” ਉਰਦੂ ਅਖਬਾਰ ਲਈ 12 ਅਪ੍ਰੈਲ 1948 ਨੂੰ ਆਪਣੇ ਵੱਲੋਂ ਲਿਖਤੀ ਰੂਪ ‘ਚ ਇੱਕ ਪੱਤਰ ਰਾਹੀਂ ਵਧਾਈ ਸੰਦੇਸ਼ ਅਤੇ ਸ਼ੁੱਭਕਾਮਨਾਵਾਂ ਭੇਜੀਆਂ। ਪੱਤਰ ‘ਚ ਬਾਬਾ ਸਾਹਿਬ ਲਿਖਦੇ ਹਨ, ” ਮੈਂ ਜਾਣਦਾ ਹਾਂ ਕਿ ਹਿੰਦੂਆਂ ਦੁਆਰਾ ਪੂਰੇ ਭਾਰਤ ਵਿੱਚ ਅਛੂਤਾਂ ਉੱਤੇ ਘੋਰ ਉਤਪੀੜਨ ਅਤੇ ਅੱਤਿਆਚਾਰ ਕੀਤੇ ਜਾਂਦੇ ਹਨ ਅਤੇ ਸਰਕਾਰ ਦੁਆਰਾ ਉਹਨਾਂ ਦੀ ਸੁਰੱਖਿਆ ਕਰਨ ਵਿੱਚ ਬੜੀ ਲਾਪਰਵਾਹੀ ਵਰਤੀ ਜਾਂਦੀ ਹੈ। ਇਸ ਮਸਲੇ ਵਿੱਚ ਸਾਡੇ ਵਿਧਾਇਕਾਂ ਨੇ ਸਾਨੂੰ ਧੋਖਾ ਦਿੱਤਾ ਹੈ ਜਿਸ ਦਾ ਮੁੱਖ ਕਾਰਨ ਸਾਡਾ ਕੋਈ ਸਮਾਚਾਰ ਪੱਤਰ (ਅਖ਼ਬਾਰ) ਨਾ ਹੋਣਾ ਹੈ। ਅਖਬਾਰਾਂ ਸਮਾਜ ਦੀਆਂ ਸ਼ਿਕਾਇਤਾਂ, ਦੁੱਖ, ਤਕਲੀਫਾਂ ਦੀ ਜਾਣਕਾਰੀ ਦੇ ਨਾਲ- ਨਾਲ ਅਗਵਾਈ ਵੀ ਪ੍ਰਦਾਨ ਕਰਦੀਆਂ ਹਨ। ਅਜਿਹੇ ਸਮਾਂਚਾਰ ਕੱਢਣਾ ਅੱਜ ਦੇ ਸਮੇਂ ਦੀ ਬਹੁਤ ਵੱਡੀ ਜਰੂਰਤ ਹੈ। ਮੈਂ ਆਪ ਜੀ ਨੂੰ ਇਸ ਕੰਮ ਦੇ ਲਈ ਸ਼ੁਭਕਾਮਨਾਵਾਂ ਅਤੇ ਵਧਾਈ ਦਿੰਦਾ ਹਾਂ। ਮੈਨੂੰ ਉਮੀਦ ਹੈ ਕਿ ਸਾਰੇ ਲੋਕ ਆਪ ਨੂੰ ਪੂਰਾ ਪੂਰਾ ਸਹਿਯੋਗ ਦੇਣਗੇ ।”

ਜਦੋਂ 27 ਅਕਤੂਬਰ 1951 ਤੋਂ 29 ਅਕਤੂਬਰ 1951 ਤੱਕ, ਨੂੰ ਬਾਬਾ ਸਾਹਿਬ ਜੀ ਨੇ ਪੰਜਾਬ ਦਾ ਤਿੰਨ ਦਿਨਾਂ ਦੌਰਾ ਕੀਤਾ ਤਾਂ ਬਾਬਾ ਸਾਹਿਬ ਜੀ ਦਾ ਥਾਂ -ਥਾਂ ਭਰਪੂਰ ਫੁੱਲਾਂ ਦੇ ਹਾਰਾਂ, ਗੁਲਦਸਤਿਆ ਨਾਲ ਸਵਾਗਤ ਕੀਤਾ ਗਿਆ। ਪਹਿਲੀ ਵਾਰ ਜਲੰਧਰ ਵਿੱਚ ਜਨ ਸਭਾ ਹੋਈ, ਜਿਸ ਨੂੰ ਬਾਬਾ ਸਾਹਿਬ ਜੀ ਨੇ ਸੰਬੋਧਨ ਕੀਤਾ ਤਾਂ ਸ੍ਰੀ ਸੁਲੇਖ ਜੀ ਵੱਲੋਂ ਬਹੁਤ ਸੁਚੱਜੇ ਢੰਗ ਨਾਲ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ ਗਈ ਸੀ। (ਯਾਦ ਰਹੇ ਬਾਬਾ ਸਾਹਿਬ 27 ਅਕਤੂਬਰ 1951 ਨੂੰ ਦੇਰ ਰਾਤ ਜਲੰਧਰ ਕੈਂਟ ਵਿੱਚ ਸਰਕਾਰੀ ਇਮਾਰਤ ਵਿੱਚ ਰਹੇ ਸਨ।) ਆਪ ਜੀ ਨੂੰ 1952 ਵਿੱਚ ਐਕਸਾਈਜ਼ ਐਂਡ ਟੈਕਸਟ ਸਟੇਸ਼ਨ ਅਫਸਰ ਦੇ ਅਹੁਦੇ ਦੀ ਸਰਕਾਰੀ ਨੌਕਰੀ ਮਿਲ ਗਈ। 33 ਸਾਲ ਦੀ ਨੌਕਰੀ ਕਰਨ ਤੋਂ ਬਾਅਦ ਆਪ 1985 ਵਿੱਚ ਰਿਟਾਇਰਡ ਹੋ ਗਏ। ਇਸ ਤੋਂ ਬਾਅਦ ਆਪ ਜੀ ਨੇ ਨਿਡਰ ਹੋ ਕੇ ਸਮਾਜ ਦੀ ਭਲਾਈ ਲਈ ਕਈ ਅਖਬਾਰਾਂ ਵਿੱਚ ਲੇਖ ਲਿਖੇ। ਜਿਨਾਂ ਵਿੱਚ ਅਰੁਣ ਸ਼ੋਰੀ ਲਿਖਤ ਪੁਸਤਕ ਦਾ ਬੜੇ ਸੁਚੱਜੇ ਢੰਗ ਨਾਲ ਜਵਾਬ ਦਿੱਤਾ, ਜਿਸ ਵਿੱਚ ਉਹਨਾਂ ਬਾਬਾ ਸਾਹਿਬ ਬਾਰੇ ਗਲਤ ਟਿੱਪਣੀ ਕੀਤੀ ਸੀ। ਇਸੇ ਤਰ੍ਹਾਂ “ਗਦਰੀ ਬਾਬਾ ਮੰਗੂ ਰਾਮ ਜੀ ” ਬਾਰੇ ਗਲਤ ਭਾਸ਼ਾ ਬੋਲਣ ‘ਤੇ ਪ੍ਰਸਿੱਧ ਲੇਖਕ ਨੂੰ ਢੁੱਕਵਾਂ ਜਵਾਬ ਦਿੱਤਾ। ਉਹਨਾਂ ਦਾ ਖੂਨ ਖੋਲ ਉਠਦਾ ਸੀ, ਜਦੋਂ ਕੋਈ ਵਿਅਕਤੀ ਬਾਬਾ ਸਾਹਿਬ ਜੀ, ਜਾਂ ਹੋਰ ਬਹੁਜਨ ਮਹਾਂਪੁਰਸ਼ਾਂ ‘ਤੇ ਗਲਤ ਟਿੱਪਣੀ ਕਰਦਾ ਸੀ । ਉਹ ਡਰਦੇ ਨਹੀਂ ਸਨ, ਸਗੋਂ ਸੂਝ ਬੂਝ ਨਾਲ ਉਸ ਦਾ ਜਵਾਬ ਅਖਬਾਰਾਂ ਰਾਹੀਂ, ਪੁਸਤਕਾਂ ਰਾਹੀਂ ਦਿੰਦੇ ਸਨ।

ਉਨਾਂ ਨੇ ਕਈ ਪੁਸਤਕਾਂ ਲਿਖੀਆਂ ਜਿਹਨਾਂ ਵਿੱਚ -* ਮਿਸਟਰ ਗਾਂਧੀ ਅਤੇ ਅਛੂਤਾਂ ਦੀ ਆਜ਼ਾਦੀ-ਡਾਕਟਰ ਅੰਬੇਡਕਰ (ਉਰਦੂ ਅਨੁਵਾਦ)। *ਅੰਬੇਡਕਰਵਾਦ-ਪੀੜਿਤ ਭਾਰਤ ਦੀ ਆਖਰੀ ਉਮੀਦ। *ਡਾਕਟਰ ਅੰਬੇਡਕਰ ਦੀ ਦ੍ਰਿਸ਼ਟੀ ਵਿੱਚ ਸੰਵਿਧਾਨ (ਹਿੰਦੀ ਅਨੁਵਾਦ)। *ਸ਼ੋਰੀ ਬੇਨਕਾਬ (ਪੰਜਾਬੀ)।*ਆਦਿ ਧਰਮ, ਮੰਗੂਰਾਮ ਅਤੇ ਡਾਕਟਰ ਅੰਬੇਡਕਰ -ਸੱਚ ਕੀ? (ਤਿੰਨ ਐਡੀਸ਼ਨ) । *ਮੇਰਾ ਜੀਵਨ ਸਫਰ ਅੰਬੇਡਕਰ ਮਿਸ਼ਨ ਕੀ ਰਾਹ ਪਰ-ਸਵੈ ਜੀਵਨੀ (ਹਿੰਦੀ ਤੇ ਪੰਜਾਬੀ)। *ਅੰਧੇਰੇ ਮੇਂ ਅੰਬੇਡਕਰੀ ਕਿਰਨੇਂ (2021)। *ਡਾਕਟਰ ਅੰਬੇਡਕਰ ਕੀ ਸੱਚੀ ਮਹਾਨਤਾ (ਹਿੰਦੀ ਅਨੁਵਾਦ)। ਉਪਰੋਤਕ ਪੁਸਤਕਾਂ ਵਿੱਚੋਂ “ਅੰਧੇਰੇ ਮੇਂ ਅੰਬੇਡਕਰੀ ਕਿਰਨੇਂ ” ਪੁਸਤਕ ਦੀ ਭੂਮਿਕਾ ਰਾਜਕੁਮਾਰ ਮਲਹੋਤਰਾ ਸੰਪਾਦਕ ਪ੍ਰਭਾਤ ਪੋਸਟ , ਜੈਪੁਰ (ਰਾਜਸਥਾਨ) ਨੇ ਬਾਖੂਬੀ ਲਿਖੀ ਹੈ । ਸ੍ਰੀ ਸੁਲੇਖ ਜੀ 99 ਸਾਲ ਦੀ ਉਮਰ ਭੋਗ ਕੇ 16 ਅਕਤੂਬਰ 2025 ਨੂੰ, ਸੈਕਟਰ 15 ਏ ਚੰਡੀਗੜ੍ਹ ਵਿੱਚ ਸਦੀਵੀ ਵਿਛੋੜਾ ਦੇ ਗਏ। ਸ੍ਰੀ ਕੇ.ਸੀ. ਸੁਲੇਖ ਜੀ ਸਰੀਰਕ ਤੌਰ ‘ਤੇ ਸਾਡੇ ਦਰਮਿਆਨ ਨਹੀਂ ਹਨ, ਪ੍ਰੰਤੂ ਉਹਨਾਂ ਵੱਲੋਂ ਪ੍ਰਕਾਸ਼ਿਤ ਕੀਤੀਆਂ ਗਈਆਂ ਪੁਸਤਕਾਂ ਹਮੇਸ਼ਾ ਹੀ ਉਹਨਾਂ ਨੂੰ ਜ਼ਿੰਦਾ ਰੱਖਣਗੀਆਂ। ਉਨਾਂ ਵੱਲੋਂ ਕੀਤੇ ਸੰਘਰਸ਼ ਨੂੰ ਹਮੇਸ਼ਾ ਹੀ ਸਮਾਜ ਯਾਦ ਰੱਖੇਗਾ ਤੇ ਸਿੱਜਦਾ ਕਰੇਗਾ।

Previous articleThe UAE Visa Ban: When Muslim Countries Enforce Their Borders
Next articleਪੰਚਾਇਤ ਸੰਮਤੀ ਅਤੇ ਜਿਲ੍ਹਾਂ ਪ੍ਰੀਸ਼ਦ ਦੀ ਚੋਣ ਲਈ ਨਾਮਜਦਗੀਆਂ 1ਦਸੰਬਰ ਤੋਂ 4 ਦਸੰਬਰ ਤੱਕ, 14 ਦਸੰਬਰ ਨੂੰ ਪੈਣਗੀਆਂ ਵੋਟਾਂ:ਐਸ.ਡੀ.ਐਮ ਕ੍ਰਿਤਿਕਾ ਗੋਇਲ