ਅੰਮ੍ਰਿਤਸਰ (ਸਮਾਜ ਵੀਕਲੀ): ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਦੇ ਸਾਬਕਾ ਮੁਖੀ, ਉੱਘੇ ਸੱਭਿਆਚਾਰਕ ਵਿਗਿਆਨੀ, ਅਨੁਵਾਦ ਸ਼ਾਸਤਰੀ, ਸਿਧਾਂਤ ਤੇ ਆਲੋਚਨਾ ਦੇ ਵਿਦਵਾਨ ਡਾ. ਗੁਰਬਖਸ਼ ਸਿੰਘ ਫਰੈਂਕ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਉਹ ਇਥੇ ਯੂਨੀਵਰਸਿਟੀ ਵਿੱਚ ਆਪਣੀ ਧੀ ਜੀਨਾ ਸਿੰਘ ਤੇ ਜਵਾਈ ਡੀਨ ਅਕਾਦਮਿਕ ਮਾਮਲੇ ਪ੍ਰੋਫੈ਼ਸਰ ਸਰਬਜੋਤ ਸਿੰਘ ਬਹਿਲ ਕੋਲ ਰਹਿ ਰਹੇ ਸਨ। ਦੁਪਹਿਰ ਡੇਢ ਵਜੇ ਉਨ੍ਹਾਂ ਦਾ ਸਸਕਾਰ ਗੁਰਦੁਆਰਾ ਸ਼ਹੀਦਾਂ ਨੇੜੇ ਸ਼ਮਸ਼ਾਨਘਟ ਵਿੱਚ ਕੀਤਾ ਗਿਆ। ਡਾ. ਫਰੈਂਕ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵਿੱਚ ਅਧਿਆਪਨ ਕਾਰਜ ਵੀ ਕੀਤਾ ਅਤੇ ਉਹ 31 ਜੁਲਾਈ 1993 ਤੋਂ 31 ਅਗਸਤ 1995 ਤੱਕ ਵਿਭਾਗ ਦੇ ਮੁਖੀ ਵੀ ਰਹੇ।
ਉਨ੍ਹਾਂ ਦਸ ਵਰ੍ਹੇ ਮਾਸਕੋ (ਰੂਸ) ਵਿੱਚ ਵੀ ਗੁਜ਼ਾਰੇ। ਇਨ੍ਹਾਂ ਵਰ੍ਹਿਆਂ ਦੌਰਾਨ ਉਨ੍ਹਾਂ ਰੂਸੀ ਭਾਸ਼ਾ ਦੀਆਂ ਤਿੰਨ ਦਰਜਨ ਤੋਂ ਵੱਧ ਮਿਆਰੀ ਪੁਸਤਕਾਂ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ, ਜਿਨ੍ਹਾਂ ਵਿੱਚੋਂ ਰਸੂਲ ਹਮਜ਼ਾਤੋਵ ਦੀ ‘ਮੇਰਾ ਦਾਗ਼ਿਸਤਾਨ’ ਸਭ ਤੋਂ ਵੱਧ ਮਕਬੂਲ ਹੋਈ। ਡਾ. ਫਰੈਂਕ ਨੇ ਰੂਸੀ-ਪੰਜਾਬੀ ਸ਼ਬਦਕੋਸ਼ ਦਾ ਸੰਪਾਦਨ ਵੀ ਕੀਤਾ, ਜਿਸ ਨੂੰ ਰੂਸੀ ਪ੍ਰਕਾਸ਼ਨ, ਮਾਸਕੋ ਨੇ ਛਾਪਿਆ ਸੀ। ਉਨ੍ਹਾਂ ਦੀਆਂ ਹੋਰ ਰੂਸੀ ਅਨੁਵਾਦਕ ਪੁਸਤਕਾਂ ਵਿੱਚ ਛੋਟੇ ਨਾਵਲ ਤੇ ਕਹਾਣੀਆਂ, ਅਸਲੀ ਇਨਸਾਨ ਦੀ ਕਹਾਣੀ, ਸੇਰਿਓਜ਼ਾ, ਰੋਸ਼ਨੀਆਂ, ਨਿਖਰਿਆ ਦਿਨ ਆਦਿ ਸ਼ਾਮਲ ਹਨ। ਪਹਿਲੀ ਸਤੰਬਰ, 1935 ਨੂੰ ਜਨਮੇ ਡਾ. ਫਰੈਂਕ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਸਨ। ਡਾ. ਫਰੈਂਕ ’ਤੇ ਖੋਜ ਕਾਰਜ ਵੀ ਹੋਏ ਹਨ, ਜਿਨ੍ਹਾਂ ਵਿੱਚ ਡਾ. ਗੁਰਬਖਸ਼ ਸਿੰਘ ਫਰੈਂਕ ਦਾ ਚਿੰਤਨ ਕਾਰਜ, ਸਮੀਖਿਆ ਵਿਧੀ ਅਤੇ ਸਭਿਆਚਾਰਕ ਦ੍ਰਿਸ਼ਟੀ-ਸ਼ਰਨਜੀਤ ਕੌਰ ਆਦਿ ਸ਼ਾਮਲ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly