ਮਿੰਨੀ ਕਹਾਣੀਆਂ ਦਾ ਸਿਰਨਾਵਾਂ ਮਨਪ੍ਰੀਤ ਕੌਰ ਭਾਟੀਆ

(ਸਮਾਜ ਵੀਕਲੀ)

ਸਾਹਿਤ ਸਿਰਜਣਾ ਕੋਈ ਸੁਖਾਲਾ ਕਾਰਜ ਨਹੀਂ ਹੈ । ਸਮਾਜ ਦੀ ਦੁਖਦੀ ਹਰ ਰਗ ਨੂੰ ਟੋਹ ਕੇ , ਉਸ ਦੇ ਦਰਦ ਨੂੰ ਆਪਣੇ ਅਨੁਭਵ ਨਾਲ ਮਿਲਾ ਕੇ ਅਲੌਕਿਕ ਰਚਨਾ ਕਰਨਾ ਇਹ ਹੀ ਇੱਕ ਲੇਖਕ ਦੀ ਖ਼ੂਬੀ ਹੁੰਦੀ ਹੈ,ਜਿਸ ਤੇ ਪੂਰੀ ਤਰ੍ਹਾਂ ਖਰੀ ਉਤਰਦੀ ਹੈ ਮਨਪ੍ਰੀਤ ਕੌਰ ਭਾਟੀਆ।

ਮਨਪ੍ਰੀਤ ਕੌਰ ਭਾਟੀਆ ਦਾ ਨਾਮ ਜਾਣਿਆ ਪਛਾਣਿਆ ਹੈ। ਉਹ ਤੇਜ਼ ਚਾਲ ‘ਚ ਲਿਖਣ ਵਾਲੀ ਤੀਖਣ ਬੁੱਧੀ ਵਾਲੀ ਲੇਖਕਾ ਹੈ । ਪੜ੍ਹਾਈ ਵਿੱਚ ਪ੍ਰਵੀਨਤਾ ਦੇ ਨਾਲ -ਨਾਲ ਉਸ ਨੇ ਸਾਹਿਤ ਦੇ ਹਰ ਰੂਪ ਵਿੱਚ ਹੱਥ ਅਜ਼ਮਾਈ ਕੀਤੀ ਹੋਈ ਹੈ । ਪਰ ਮਿੰਨੀ ਕਹਾਣੀ ‘ਚ ਉਸਦਾ ਹੱਥ ਕਾਫ਼ੀ ਟਿਕਿਆ ਹੋਇਆ ਹੈ । ਉਸ ਕੋਲ ਯਥਾਰਥ ਹੈ ਕਹਾਣੀ ਲਿਖਣ ਦੀ ਕਲਾ ਹੈ ਤੇ ਸੰਵੇਦਨਾ ਹੈ।

ਫਿਲੌਰ (ਜਲੰਧਰ )ਸ਼ਹਿਰ ਦੀ ਅਧਿਆਪਨ ਦੇ ਕਿੱਤੇ ਨਾਲ ਜੁੜੀ ਹੋਈ ਜੋਡ਼ੀ ਸਰਦਾਰ ਸੁਰਜੀਤ ਸਿੰਘ ਤੇ ਬੀਬੀ ਕਿਰਪਾਲ ਕੌਰ ਦੇ ਘਰ ਤਿੰਨ ਭੈਣਾਂ ਚੋਂ ਛੋਟੀ ਤੇ ਇੱਕ ਭਰਾ ਦੀ ਭੈਣ ਮਨਪ੍ਰੀਤ ਕੌਰ ਅੰਦਰ ‘ਹੋਣਹਾਰ ਬਿਰਵਾਨ ਦੇ ਚਿਕਨੇ -ਚਿਕਨੇ ਪਾਤ’ ਅਨੁਸਾਰ ਬਚਪਨ ਤੋਂ ਹੀ ਸਾਹਿਤ ਰਚਣ ਦੀ ਭਾਵਨਾ ਛੁਪੀ ਹੋਈ ਸੀ। ਬਾਰਾਂ ਸਾਲ ਦੀ ਬਾਲ ਉਮਰੇ ਮਨਪ੍ਰੀਤ ਕੌਰ ਦੀ ਪਹਿਲੀ ਕਹਾਣੀ ਫਿਲੌਰ ਦੀ ਇਕ ਅਖਬਾਰ ਵਿਚ ‘ਕਿਸਮਤ’ ਨਾਮ ਹੇਠ ਛਪਣ ਨੇ ਉਸ ਦੀ ਕਿਸਮਤ ਹੀ ਬਦਲ ਦਿੱਤੀ। ਉਸ ਦੇ ਪਰਿਵਾਰ ਖ਼ਾਸ ਕਰਕੇ ਉਸ ਦੀ ਮਾਤਾ ਕਿਰਪਾਲ ਕੌਰ ਜੀ ,ਸਹੇਲੀਆਂ -ਜਮਾਤਣਾਂ ,ਅਧਿਆਪਕਾਂ, ਪਾਠਕਾਂ ਨੇ ਉਸ ਨੂੰ ਅਜਿਹੀ ਹੱਲਾਸ਼ੇਰੀ ਦਿੱਤੀ ਕਿ ਉਸ ਨੇ ਫਿਰ ਪਿੱਛੇ ਵੱਲ ਮੁੜ ਕੇ ਨਹੀਂ ਵੇਖਿਆ। ਉਸ ਤੋਂ ਬਾਅਦ ਉਹ ਲਗਾਤਾਰ ਰਚਨਾਵਾਂ ਲਿਖਦੀ ਗਈ ਦੇ ਸਾਹਿਤ ਨੂੰ ਪੂਰੀ ਤਰ੍ਹਾਂ ਸਮਰਪਿਤ ਹੋ ਗਈ ਸਾਹਿਤ ਸਿਰਜਣਾ ਉਸ ਦੀ ਰੂਹ ਦੀ ਖੁਰਾਕ ਬਣ ਗਈ ।

ਆਪਣੀ ਵਿੱਦਿਅਕ ਯੋਗਤਾ ਐਮ. ਏ ,ਬੀ .ਐਡ ਪਹਿਲੇ ਦਰਜੇ ਵਿੱਚ ਸੰਪੂਰਨ ਕਰਨ ਦੇ ਨਾਲ -ਨਾਲ ਉਸ ਨੇ ਕੇਵਲ ਵੀਹ ਸਾਲ ਦੀ ਆਯੂ ਵਿੱਚ ‘ਪੰਜਾਬ ਯੂਨੀਵਰਸਿਟੀ ਚੰਡੀਗੜ੍ਹ’ ਵੱਲੋਂ ਕਰਵਾਏ ਗਏ ‘ਯੂਥ ਫੈਸਟੀਵਲ ਲੇਖ ਪ੍ਰਤੀਯੋਗਤਾ’ ਮੁਕਾਬਲੇ ਵਿੱਚ ‘ਪ੍ਰਦੂਸ਼ਣ’ ਲੇਖ ਲਿਖਣ ਕਰਕੇ ਯੂਨੀਵਰਸਿਟੀ ਵੱਲੋਂ ਪਹਿਲਾ ਇਨਾਮ ਤੇ ਸਰਟੀਫਿਕੇਟ ਹਾਸਲ ਕੀਤਾ। ਉਸ ਤੋਂ ਬਾਅਦ ‘ਅੰਤਰਰਾਸ਼ਟਰੀ ਮਿੰਨੀ ਕਹਾਣੀ ਮੰਚ ਮੋਗਾ’ ਵੱਲੋਂ ਉਸ ਦੀ ਮਿੰਨੀ ਕਹਾਣੀ ‘ਸੇਵਾ’ ਨੂੰ ਐਵਾਰਡ । ‘ਪੰਜ ਦਰਿਆ’ ਮਾਸਿਕ ਪੱਤਰ ਵੱਲੋਂ ਕਰਵਾਏ ਗਏ ਮਿੰਨੀ ਕਹਾਣੀ ਮੁਕਾਬਲੇ ‘ਚ ਮਿੰਨੀ ਕਹਾਣੀ ‘ਭੁੱਲ’ ਨੂੰ ਇਨਾਮ। ‘ਹਰਿਆਣਾ ਪੰਜਾਬੀ ਸਾਹਿਤ ਸਭਾ’ ਕਹਾਣੀ ਮੁਕਾਬਲੇ ਵਿੱਚ ਕਹਾਣੀ ‘ਅਹਿਸਾਸ’ ਨੂੰ ਇਨਾਮ ਤੇ ਸਰਟੀਫਿਕੇਟ ਮਿਲਿਆ।

ਮਨਪ੍ਰੀਤ ਕੌਰ ਭਾਟੀਆ ਦੀਆਂ ਰਚਨਾਵਾਂ ਪੰਜਾਬੀ ਦੇ ਹਰ ਉੱਚ -ਪੱਧਰੀ ਅਖ਼ਬਾਰਾਂ ਰਸਾਲਿਆਂ ਵਿੱਚ ਉਦੋਂ ਤੋਂ ਹੁਣ ਤਕ ਲਗਾਤਾਰ ਛਪ ਰਹੀਆਂ ਹਨ। ਉਸ ਦੀਆਂ ਰਚਨਾਵਾਂ ਦੇਸ਼ ਦੀਆਂ ਹੀ ਨਹੀਂ ਬਲਕਿ ਵਿਦੇਸ਼ਾਂ ਦੇ ਛਪਦੇ ਪੰਜਾਬੀ ਪਰਚਿਆਂ ‘ਚ ਵੀ ਛਪ ਚੁੱਕੀਆਂ ਹਨ। ਪਾਕਿਸਤਾਨੀ ਲੇਖਕ ‘ਅਸ਼ਰਫ਼ ਸੁਹੇਲ’ ਵੱਲੋਂ ‘ਪਰਾਗਾ’ ਨਾਮੀ ਪੁਸਤਕ (ਜਿਸ ਦੀ ਲਿੱਪੀ ਫ਼ਾਰਸੀ ਤੇ ਜ਼ੁਬਾਨ ਪੰਜਾਬੀ ਹੈ) ਵਿੱਚ ਤਿੱਨ ਮਿੰਨੀ ਕਹਾਣੀਆਂ ਦਿਖਾਵਾ, ਨੌਕਰੀ ਤੇ ਆਜ਼ਾਦੀ ਛਪਣ ਕਰਕੇ ਉਹ ਹਿੰਦ- ਪਾਕ ਲੇਖਕਾਂ ਵਿਚ ਸ਼ਾਮਲ ਹੋ ਕੇ ਪਾਕਿਸਤਾਨ (ਖਾਸ ਕਰ ਪੱਛਮੀ ਪੰਜਾਬ )ਦੇ ਪੰਜਾਬੀ ਪਾਠਕਾਂ ਦੇ ਹਿਰਦਿਆਂ ਤੇ ਉਸਨੇ ਆਪਣੀ ਲਿਖਣ ਕਲਾ ਦਾ ਜਾਦੂ ਬਿਖੇਰ ਦਿੱਤਾ।

ਉਸ ਦੀਆਂ ਰਚਨਾਵਾਂ ਹੋਰ ਵੀ ਕਈ ਸੰਗ੍ਰਿਹਾਂ ਜਿਵੇਂ ‘ਇੱਕ ਅਜੂਬਾ ਹੋਰ’ (ਡਾ ਕਰਮਜੀਤ ਨਡਾਲਾ) ‘ਦਸਵੇਂ ਦਹਾਕੇ ਦੀ ਮਿੰਨੀ ਕਹਾਣੀ’ (ਸੁਰਿੰਦਰ ਕੈਲੇ) ‘ ਜਜ਼ਬਾਤ ‘ (ਸੰਜੀਵ ਛਾਬੜਾ) ‘ਜੀਵਨ ਸੰਧਿਆ'( ਦੀਪਤੀ ) ‘ਅਣੂ ਕਹਾਣੀਆਂ’ (ਸੁਰਿੰਦਰ ਕੈਲੇ ) ‘ਕੁੜੀਆਂ ਤੇ ਹੋਰ ਕਹਾਣੀਆਂ’ (ਦਿਲਬਾਰਾ ਸਿੰਘ ਬਾਜਵਾ) ‘ਰਿਸ਼ਤਾ ਨੂੰਹ ਸੱਸ ਦਾ’ (ਡਾ ਚਰਨਜੀਤ ਸਿੰਘ) ਮਹਿਕਦੀ ਸਵੇਰ, ਕਲਮਾਂ ਬੋਲਦੀਆਂ ਤੇ ਹੋਰ ਵੀ ਅਣਗਿਣਤ ਸੰਗ੍ਰਿਹਾਂ ਵਿਚ ਮਨਪ੍ਰੀਤ ਕੌਰ ਦੀਆਂ ਰਚਨਾਵਾਂ ਛਪ ਚੁੱਕੀਆਂ ਹਨ । ਸਭ ਦਾ ਇੱਥੇ ਜ਼ਿਕਰ ਕਰਨਾ ਔਖਾ ਹੈ।

ਰੇਡੀਓ ਸਟੇਸ਼ਨ ਆਕਾਸ਼ਵਾਣੀ ਜਲੰਧਰ ਤੇ ਜਲੰਧਰ ਦੂਰਦਰਸ਼ਨ ਤੇ ਵੀ ਉਹ ਕਈ ਵਾਰ ਜਾ ਕੇ ਆਪਣੀਆਂ ਕਹਾਣੀਆਂ ਦੀ ਹਾਜ਼ਰੀ ਲਗਵਾ ਚੁੱਕੀ ਹੈ। ਉਹ ਸਾਹਿਤ ਦੀ ਹਰ ਸਿਨਫ਼ ਤੇ ਲਿਖ ਰਹੀ ਹੈ। ਪਰ ਮਿੰਨੀ ਕਹਾਣੀ ਉਸਦੀ ਪਸੰਦੀਦਾ ਵਿਧਾ ਹੈ । ਮਿੰਨੀ ਕਹਾਣੀਆਂ ਦੀ ਹੀ ਇਕ ਪੁਸਤਕ “ਅਨਮੋਲ ਮੋਤੀ” ਉਹ ਪਾਠਕਾਂ ਦੀ ਝੋਲੀ ਵਿੱਚ ਪਾ ਚੁੱਕੀ ਹੈ। ਦੋ ਹੋਰ ਕਿਤਾਬਾਂ ਕਹਾਣੀ ਤੇ ਮਿੰਨੀ ਕਹਾਣੀਆਂ ਦੇ ਕੱਚੇ ਖਰੜੇ ਉਸ ਕੋਲ ਤਿਆਰ ਪਏ ਹਨ । ਜਿਨ੍ਹਾਂ ਨੂੰ ਜਲਦੀ ਹੀ ਉਹ ਪੁਸਤਕਾਂ ਦਾ ਰੂਪ ਦੇ ਕੇ ਪਾਠਕਾਂ ਦੀ ਝੋਲੀ ਪਾਵੇਗੀ ।

ਮਨਪ੍ਰੀਤ ਕੌਰ ਭਾਟੀਆ ਇੱਕ ਯਥਾਰਥਵਾਦੀ ਲੇਖਿਕਾ ਹੈ। ਉਸ ਦੀਆਂ ਰਚਨਾਵਾਂ ਵਿੱਚ ਵੰਨ -ਸੁਵੰਨੇ ਵਿਸ਼ਿਆਂ ਦੇ ਝਲਕਾਰੇ ਪੈਂਦੇ ਹਨ।ਉਹ ਆਪਣੀਆਂ ਕਹਾਣੀਆਂ ਦੇ ਵਿਸ਼ੇ ਸਮਾਜਿਕ ਵਰਤਾਰੇ ਤੇ ਆਪਣੀ ਜ਼ਿੰਦਗੀ ਦੇ ਕੌੜੇ ਕੁਸੈਲੇ ਅਨੁਭਵਾਂ ਚੋਂ ਹੀ ਚੁਣਦੀ ਹੈ । ਉਸ ਦੀਆਂ ਕਹਾਣੀਆਂ ਵਿਚਲੇ ਪਾਤਰ ਸਾਨੂੰ ਆਸ -ਪਾਸ ਵਿਚਰਦੇ ਦਿਖਾਈ ਦਿੰਦੇ ਹਨ।ਮਰਦ ਪ੍ਰਧਾਨ ਸਮਾਜ ਵਿੱਚ ਹੋ ਰਹੀਆਂ ਵਧੀਕੀਆਂ ਨੂੰ ਹਰ ਮਰਦ ਲੇਖਕ ਜਿੱਥੇ ਆਪਣੀ ਜਮਾਤ ਨੂੰ ਹੀ ਦੋਸ਼ੀ ਮੰਨਦਾ ਹੈ ਉੱਥੇ ਮਨਪ੍ਰੀਤ ਨੇ ਕੇਵਲ ਆਦਮੀ ਨੂੰ ਹੀ ਨਹੀਂ ਸਗੋਂ ਅੰਤਰ ਵਿਰੋਧੀ ਵਿਚਾਰਾਂ ਅਧੀਨ ਔਰਤ ਵਰਗ ਦੀ ਕਮਜ਼ੋਰੀ, ਗ਼ਲਤੀ,ਕੇਵਲ ਸਰੀਰਕ ਖਿੱਚ ਕਾਰਨ ਆਪਣੇ ਆਦਰਸ਼ ਤੋਂ ਭਟਕ ਕੇ ਪਿਓ ਦੀ ਪੱਗ ਦਾਗੀ ਤੇ ਭਰਾਵਾਂ ਨਾਲ ਬੇਵਫ਼ਾਈ ਕਰਨ ਵਿੱਚ ਕਾਫ਼ੀ ਹੱਦ ਤਕ ਔਰਤ ਨੂੰ ਹੀ ਜ਼ਿੰਮੇਵਾਰ ਬਣਾ ਕੇ ਪਾਣੀ ਪੀ-ਪੀ ਕੇ ਕੋਸਣਾ ਇਹ ਕੇਵਲ ਤੇ ਕੇਵਲ ਭਾਟੀਆ ਦੀ ਹੀ ਦਲੇਰੀ ਹੈ।

ਨੌਜਵਾਨਾਂ ਵੱਲੋਂ ਬਜ਼ੁਰਗਾਂ ਦੀ ਅਣਦੇਖੀ ,ਦਹੇਜ ਦੀ ਸਮੱਸਿਆ, ਨਸ਼ਿਆਂ ਦੀ ਬੁਰਾਈ, ਸਮਾਜਿਕ ਨਾਬਰਾਬਰੀ, ਧਾਰਮਿਕ ਅਡੰਬਰਤਾ, ਵਹਿਮ ਭਰਮ, ਅੱਤਿਆਚਾਰ, ਧੋਖਾਧੜੀ, ਰਿਸ਼ਤਿਆਂ ਦੀ ਟੁੱਟ- ਭੱਜ ਜਿਹੇ ਵਿਸ਼ਿਆਂ ਨੂੰ ਉਸ ਨੇ ਆਪਣੀਆਂ ਕਹਾਣੀਆਂ ਦੇ ਪਾਤਰਾਂ ਰਾਹੀਂ ਬਹੁਤ ਹੀ ਕੁਸ਼ਲਤਾ ਨਾਲ ਪ੍ਰਤੱਖ ਰੂਪ ‘ਚ ਚਿਤ੍ਰਿਤ ਕੀਤਾ ਹੈ। ਨਸ਼ਿਆਂ ‘ਚ ਟੁੰਨ ਵਿਅਕਤੀ ਦੂਜੀ ਤਾਂ ਕੀ ਆਪਣੇ ਖੂਨ ਦੀ ਇੱਜ਼ਤ ਨੂੰ ਵੀ ਪੈਰਾਂ ਹੇਠ ਰੋਲ ਦਿੰਦਾ ਹੈ ।ਅਜਿਹੇ ਗੰਭੀਰ ਮੁੱਦਿਆਂ ਤੇ ਬੇਬਾਕੀ ਤੇ ਹਿੰਮਤ ਨਾਲ ਲਿਖਣ ਦੀ ਪ੍ਰਤੀਕ ਹੈ ਭਾਟੀਆ ,ਜੋ ਉਸ ਦੀਆਂ ਅੰਤਰ ਵਿਰੋਧੀ ਵਿਸ਼ਿਆਂ ਤੇ ਲਿਖੀਆਂ ਕਹਾਣੀਆਂ ਤੋਂ ਪ੍ਰਤੀਤ ਹੁੰਦਾ ਹੈ।

ਮਨਪ੍ਰੀਤ ਕੌਰ ਭਾਟੀਆ ਦੀਆਂ ਰਚਨਾਵਾਂ ਕਹਾਣੀ -ਰਸ ਨਾਲ ਭਰਪੂਰ ਹੋਣ ਕਾਰਨ ਉਕਾਊਪਣ ਬਿਲਕੁਲ ਵੀ ਪੈਦਾ ਨਹੀਂ ਕਰਦੀਆਂ ਤੇ ਪਾਠਕਾਂ ਵੱਲੋਂ ਬਹੁਤ ਹੀ ਪਸੰਦ ਕੀਤੀਆਂ ਜਾਂਦੀਆਂ ਹਨ। ਅੱਜਕੱਲ੍ਹ ਮਨਪ੍ਰੀਤ ਕੌਰ ਭਾਟੀਆ ਆਨਲਾਈਨ ਵੀ ਕਾਫ਼ੀ ਜ਼ਿਆਦਾ ਲਿਖ ਰਹੀ ਹੈ। ਉਸ ਦੇ ਫੇਸਬੁੱਕ ਪੇਜਾਂ ‘ ਮਨਪ੍ਰੀਤ ਕੌਰ ਭਾਟੀਆ ‘ਅਤੇ ਸਾਹਿਤ ਸਿਰਜਣਾ ਮਨਪ੍ਰੀਤ ਕੌਰ ਭਾਟੀਆ’ ਤੇ ਉਸ ਦੀਆਂ ਵੰਨ ਸੁਵੰਨੀਆਂ ਕਹਾਣੀਆਂ ਪਾਠਕਾਂ ਨੂੰ ਲਗਾਤਾਰ ਪੜ੍ਹਨ ਨੂੰ ਮਿਲ ਰਹੀਆਂ ਹਨ। ਹਾਲ ਵਿਚ ਹੀ ਉਸਨੇ ਆਪਣਾ ਕਹਾਣੀਆਂ ਦਾ ਯੂਟਿਊਬ ਚੈਨਲ ‘ਮਨਪ੍ਰੀਤ ਕੌਰ ਭਾਟੀਆ ਸਟੋਰੀਜ਼’ ਵੀ ਬਣਾਇਆ ਹੈ।ਜਿਸ ਤੇ ਉਹ ਲਗਾਤਾਰ ਆਪਣੀਆਂ ਨਵੀਂਆਂ -ਨਵੀਂਆਂ ਕਹਾਣੀਆਂ ਪੋਸਟ ਕਰ ਰਹੀ ਹੈ। ਮਨਪ੍ਰੀਤ ਦੀਆਂ ਰਚਨਾਵਾਂ ਨੂੰ ਪਾਠਕਾਂ ਵੱਲੋਂ ਆਨਲਾਈਨ ਲਗਾਤਾਰ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਜਿਸ ਕਾਰਨ ਉਹ ਪਾਠਕਾਂ ਦੀ ਧੰਨਵਾਦੀ ਹੈ।

ਅਗਸਤ ਮਹੀਨੇ ਵਿੱਚ ਪੰਜਾਬੀ ਭਵਨ ਲੁਧਿਆਣਾ ਵਿਖੇ ਮਨਪ੍ਰੀਤ ਕੌਰ ਭਾਟੀਆ ਨੂੰ ਇੱਕ ਚੰਗੀ ਲੇਖਿਕਾ ਹੋਣ ਕਾਰਨ ‘ਮਾਣ ਮੱਤੀ ਪੰਜਾਬਣ ਐਵਾਰਡ’ ਨਾਲ ਵੀ ਸਨਮਾਨਿਤ ਕੀਤਾ ਗਿਆ।ਇਸ ਤੋਂ ਇਲਾਵਾ ਉਸਨੂੰ ਕਈ ਸੰਸਥਾਵਾਂ ,ਸਾਹਿਤ ਸਭਾਵਾਂ ਅਤੇ ਸਾਹਿਤਕ ਸੱਥਾਂ ਚੋਂ ਇਨਾਮ ,ਸਰਟੀਫਿਕੇਟ ਅਤੇ ਪੁਰਸਕਾਰ ਹਾਸਲ ਹੋਏ ਹਨ। ਪਰ ਉਹ ਆਪਣੇ ਅਸਲ ਸਰਟੀਫਿਕੇਟ ਆਪਣੇ ਪਾਠਕਾਂ ਨੂੰ ਹੀ ਮੰਨਦੀ ਹੈ। ਉਹ ਕੇਵਲ ਦਿਲ ਪ੍ਰਚਾਵੇ ਲਈ ਨਹੀਂ ਲਿਖਦੀ। ਜਦੋਂ ਕਿਸੇ ਨਾਲ ਵਧੀਕੀ ਹੁੰਦੀ ਹੈ ਤਾਂ ਉਹ ਚੁੱਪ ਨਹੀਂ ਬੈਠ ਸਕਦੀ। ਸਗੋਂ ਮਿੰਨੀ ਕਹਾਣੀ ਜਾਂ ਕਹਾਣੀ ਦੇ ਰੂਪ ਵਿੱਚ ਕੁਝ ਉੱਕਰ ਦਿੰਦੀ ਹੈ।

ਆਤਮ ਵਿਸ਼ਵਾਸ ਤੇ ਬੁਲੰਦ ਹੌਸਲੇ ਨਾਲ ਭਰਪੂਰ, ਸੂਰਤ ਤੇ ਸੀਰਤ ਦਾ ਸੁਮੇਲ, ਸੂਝਵਾਨ , ਸਾਫ਼ ਸੁਥਰੀ ਲੇਖਣੀ ਨਾਲ ਭਰਪੂਰ,ਯਥਾਰਥ ਨੂੰ ਨੀਝ ਨਾਲ ਤੱਕਣ ਵਾਲੀ ਮਨਪ੍ਰੀਤ ਅੱਜ ਕੱਲ੍ਹ ਫ਼ਿਰੋਜ਼ਪੁਰ ਸ਼ਹਿਰ ਵਿਖੇ ਆਪਣੇ ਪਰਿਵਾਰ ਨਾਲ ਜੀਵਨ ਬਤੀਤ ਕਰ ਰਹੀ ਹੈ।
ਜ਼ਿੰਦਗੀ ਦੀ ਅਸਲੀਅਤ ਨੂੰ ਨੇਡ਼ਿਓਂ ਹੋ ਕੇ ਵੇਖਣ ਵਾਲੀ ਮਨਪ੍ਰੀਤ ਕੌਰ ਭਾਟੀਆ ਆਪਣੀਆਂ ਰਚਨਾਵਾਂ ਨਾਲ ਆਉਣ ਵਾਲੇ ਸਮੇਂ ਵਿੱਚ ਪੰਜਾਬੀ ਮਾਂ ਬੋਲੀ ਦੀ ਫੁਲਵਾੜੀ ਨੂੰ ਆਪਣੇ ਲੇਖਕ ਰੂਪੀ ਪਾਣੀ ਨਾਲ ਸਿੰਜਦੀ ਰਹੇ! ਇਸ ਦੀਆਂ ਲਿਖਤਾਂ ਦਾ ਚਿਹਰਾ ਬੁਲਬੁਲ ਵਰਗਾ ਤੇ ਬੋਲ ਕੋਇਲ ਵਰਗੇ ਹੋਣ !ਇਸ ਦੀ ਜ਼ੁਬਾਨ ਮੋਤੀ ਉਗਲੇ ਤੇ ਕਲਮ ਮੋਤੀ ਪਰੋਂਦੀ ਰਹੇ! ਮਨਪ੍ਰੀਤ ਲੇਖਣੀ ਦੀਆਂ ਹੋਰ ਉੱਚੀਆਂ ਚੋਟੀਆਂ ਨੂੰ ਇਸੇ ਤਰ੍ਹਾਂ ਸਰ ਕਰਦੀ ਰਹੇ! ਉਸ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਮਨਪ੍ਰੀਤ ਕੌਰ ਭਾਟੀਆ ਆਪਣੀ ਕਲਮ ਨਾਲ ਅੱਗੇ ਹੋਰ ਸਿਖਰਾਂ ਦੀਆਂ ਬੁਲੰਦੀਆਂ ਨੂੰ ਛੂਹੇ

ਰਮੇਸ਼ਵਰ ਸਿੰਘ ਸੰਪਰਕ-9914880392

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article90-yr-old casts his vote at school opened in 1890 in Himachal
Next articleਬੱਚਿਆਂ ਦੀ ਹਿੰਮਤ ਬਣੋ,ਨਾ ਕਿ ਪੈਰਾਂ ਦੀਆਂ ਬੇੜੀਆਂ…