(ਸਮਾਜ ਵੀਕਲੀ) ਦਰਿਆ ਕਿਨਾਰੇ ਪੁਰਖਿਆਂ ਦੀ ਜ਼ਮੀਨ ਦੇ ਨਾਲ ਉਹਨਾਂ ਨੂੰ ਹੜ੍ਹ ਵੀ ਵਿਰਾਸਤ ‘ਚ ਹੀ ਮਿਲੇ ਸਨ ।ਕਦੇ-ਕਦੇ ਗਮਗੀਨ ਬੈਠਾ ਲੋਕ ਆਪਣੇ-ਆਪ ਦੀ ਤੁਲਨਾ ਕੁਕਨੂਸ ਨਾਲ ਕਰਦੇ। ਫੇਰ ਆਪ ਹੀ ਆਖਦੇ ਨਹੀਂ ? ਸਾਡੇ ਤੇ ਕੁਕਨੂਸ ‘ਚ ਇੱਕ ਫਰਕ ਹੈ।ਪਰ ਹੋਣੀ ਦੋਹਾਂ ਦੀ ਇੱਕੋ ਜਿਹੀ ਹੈ। ਬਸੰਤ ਰੁੱਤੇ ਭਸ਼ਮ ਹੋਇਆ ਕੁਕਨੂਸ ਵਰਖਾ ਰੁੱਤੇ ਆਪਣੀ ਰਾਖ ਚੋਂ ਫੇਰ ਜਨਮਦਾ ਹੈ।
ਪਰ ਅਸੀਂ ??
ਐਨ ਉਲਟ।ਬਸੰਤ ਰੁੱਤੇ ਵੱਧਦੀਆਂ’- ਫੁਲਦੀਆਂ ਫਸਲਾ ,ਬਨਸਪਤੀ ,ਫੁੱਲ-ਬੂਟੇ ਦੇਖ ਲੋਕਾਂ ਦਾ ਦਿਲ ਧੀਰਜ ਫੜਦਾ ਹੈ ਤੇ ਫੁੱਲੇ ਨਾ ਸਮਾਉਂਦੇ।ਪਰ ਜਿਉਂ ਹੀ ਵਰਖਾ ਰੁੱਤ ਜਦੋਂ ਹੜ੍ਹਾਂ ‘ਚ ਤਬਦੀਲ ਹੁੰਦੀ ਹੈ, ਦਰਿਆਵਾਂ ਦੇ ਟੁੱਟਦੇ ਬੰਨ੍ਹ ਸਭ ਮਲੀਆਮੇਟ ਕਰ ਜਾਂਦੇ ਹਨ ।ਹਾੜੀ ਦੀ ਫਸਲ ਨੇ ਪੈਰਾਂ ਸਿਰ ਕੀਤੇ ਕਿਸਾਨ ,ਸਾਉਣੀ ਦੀ ਫਸਲ ਹੱਥ ਖਾਲੀ ਠੂਠਾ ਫੜਾ ਜਾਂਦੀ ਹੈ। ਇਹ ਇੱਕ ਵਾਰ ਹੋਵੇ ਤਾਂ ਜਰ ਲਈ ਏ। ਇਹ ਹਰ ਵਾਰ ਦਾ ਕਹਿਰ ਸਾਡੇ ਮੱਥੇ ਵਿਧ ਮਾਤਾ ਦੇ ਉਕਰੇ ਅੱਖਰਾਂ ਵਾਂਗ ਕਦੇ ਨਹੀਂ ਮਿਟਣਾ।ਪਰ ਢੇਰੀ ਢਾਇਆ ਵੀ ਕਿੱਥੇ ਸਰਦਾ ਹੈ। ਫੇਰ ਉਹੀ ਹਲ਼-ਪੰਜਾਲੀ।ਖੂਨ ਪਸੀਨੇ ਨਾਲ ਸਿੰਜੀ ਜ਼ਮੀਨ ਹਾਕਾਂ ਮਾਰਦੀ । ਸਭ ਕੁੱਝ ਭੁਲ ਭੁਲਾ ਕੇ ਅਗਲੀ ਫਸਲੀ ਦੀ ਤਿਆਰੀ ਚ ਜੁਟ ਜਾਂਦੇ ਆ ।
ਟੀ ਵੀ ,ਅਖਬਾਰਾਂ ਵਾਲੇ ਤੇ ਕੁੱਝ ਸੂਝਵਾਨ ਲੋਕੀ ਕਈ ਦਿਨਾਂ ਦੇ ਆਖ ਰਹੇ ਸਨ ਕਿ ਐਸ ਵਾਰ ਮੀਂਹ ਵੱਧ ਪੀਣ ਗੇ।ਮੀਂਹ ਦਾ ਨਾਂ ਸੁਣ ਕੇ ਸਾਹ ਸੂਤੇ ਜਾਂਦੇ।ਬੰਨਿਆਂ ਦੇ ਨੇੜਲੀਆਂ ਜ਼ਮੀਨਾਂ ਵਾਲਿਆਂ ਤੇ ਪਿੰਡਾਂ ਨੇ ਰਲ ਕੇ ਬੰਨ੍ਹ ਮਜ਼ਬੂਤ ਕਰਨ ਦਾ ਫੈਸਲਾ ਕੀਤਾ। ਕੀ ਕਰੀਏ ? ਇੱਥੇ ਸਭ ਨੂੰ ਆਪਣਾ ਸਿਰ ਆਪ ਹੀ ਗੁੰਦਣਾ ਪੈਂਦਾ ਐ ।ਲੋਕ ਆਪਣੇ ਸਭ ਕੰਮ-ਧੰਦੇ ਛੱਡ ਕੇ ਬੰਨ੍ਹਾਂ ਦੀਆਂ ਕੰਮਜੋਰ ਥਾਵਾਂ ਹੋਰ ਮਜ਼ਬੂਤ ਕਰਨ ‘ਚ ਜੁਟ ਗਏ।
ਕਈ ਦਿਨਾਂ ਤੋਂ ਲਗਾਤਾਰ ਵਰਦਾ ਮੀਂਹ ਦਿਲ ਨੂੰ ਧੁੜਕੂ ਲਾ ਰਿਹਾ ਸੀ।ਕਹਿੰਦੇ ਪਿੱਛੋਂ ਪਹਾੜਾਂ ਤੋਂ ਆ ਰਿਹਾ ਪਾਣੀ ਤਬਾਹੀ ਮਚਾ ਸਕਦਾ ਹੈ। ਨੱਕੋ-ਨੱਕ ਭਰੇ ਹੋਏ ਡੈਮਾਂ ਤੋਂ ਜਦੋਂ ਪਾਣੀ ਨਾ ਸੰਭਾਲਿਆ ਗਿਆ ਤਾਂ ਪਾਸੇ ਗੇਟ ਖੁਲਣ ਲੱਗੇ।ਕੁੱਝ ਖੁੱਲ੍ਹ ਗਏ ਤੇ ਕੁੱਝ ਟੁੱਟ ਗਏ।ਦਰਿਆਵਾਂ ਦਾ ਪਾਣੀ ਖੌਰੂ ਮਚਾਉਣ ਲੱਗਾ।ਦਿਲਾਂ ਦੀ ਧੜਕਨ ਤੇਜ ਹੋਣ ਲੱਗੀ।ਪਰ ,ਮੂੰਹ ਜ਼ੋਰ ਪਾਣੀ ਅੱਗੇ ਇੱਕ ਨਾ ਚੱਲੀ।ਬਹੁਤ ਚੀਕੇ,ਰੋਏ।ਸਰਕਾਰਾਂ ਨੂੰ ਕੋਸਿਆ।ਰੱਬ ਨੂੰ ਉਲਾਭੇ ਦਿੱਤੇ।ਪਰ ਸਾਡੀ ਕਿਸੇ ਨਾ ਸੁਣੀ। ਘਰਾਂ ਦੇ ਪਸ਼ੂ-ਡੰਗਰ,ਦਾਣਾ-ਫੱਕਾ, ਤੇ ਫਸਲਾਂ ਰੁੜ ਦੀਆਂ ਦੇਖ ਲੋਕਾਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ। ਲੋਕਾਂ ਦੇ ਚੀਕਣ ਦੀਆਂ ਅਵਾਜ਼ਾਂ ਘਰਾਂ ਦੀਆਂ ਦੀ ਕੰਧਾਂ ਨਾਲ ਟਕਰਾ ਕੇ ਲੋਕਾਂ ਦੇ ਕੰਨਾਂ ‘ਚ ਗੂੰਜਣ ਲੱਗੀਆਂ ।ਲੋਕ ,ਜਿੰਨ੍ਹਾਂ ਦੀ ਬਾਂਹ ਫੜਨ ਵਾਲਾ ਕੋਈ ਨਹੀਂ ਸੀ ।ਉਪਰ ਵਾਲੇ ਨੂੰ ਉਲਾਭੇ ਦੇ ਰੂਪ ‘ਚ ਤਾਹਨੇ-ਮਿਹਣੇ ਮਾਰ ਰਹੇ ਸਨ।ਜਿਵੇਂ ਉਹਨਾਂ ਨਿਰ- ਆਸਰਿਆਂ ਦੀ ਸੁਣਨ ਵਾਲਾ ਇਸ ਦੁਨੀਆ ਤੇ ਕੋਈ ਨਾ ਹੋਵੇ।
ਟੁੱਟੇ ਬੰਨ੍ਹ ਵੱਲ ਵਾਰ-ਵਾਰ ਦੇਖਦੇ,ਰੁੜਦੀਆਂ ਫਸਲਾਂ ਤੇ ਹੰਝੂ ਵਹਾਉਂਦੇ,ਢਹਿੰਦੇ ਘਰਾਂ ਦੀ ਹੋਣੀ ਤੇ ਝੁਰਦੇ , ਅੰਨਦਾਤੇ ਘਰਾਂ ਨੂੰ ਇੰਝ ਪਰਤ ਰਹੇ ਸਨ ਜਿਵੇਂ ਕਿਸੇ ਨੇ ਉਹਨਾਂ ਦੇ ਪੈਰੀਂ ਭਾਰੇ ਪੱਥਰ ਬੰਨ੍ਹ ਦਿੱਤੇ ਹੋਣ।ਅਚਾਨਕ ਪਿੱਛੋਂ ਅਵਾਜ ਆਈ।
ਠਹਿਰੋ??
ਆਪਣੀ ਤਬਾਹੀ ਦਾ ਕਾਰਨ ਨਹੀਂ ਜਾਨਣਾ ਚਾਹੁੰਦੇ?? ਡਰਪੋਕੋ!! ਜਦੋਂ ਸਾਡੀ ਮਿੱਟੀ ਤੱਕ ਫਰੋਲੀ ਜਾ ਰਹੀ ਸੀ।ਲਾਲਚੀ ਲੋਕ ਆਪਣੇ ਲਾਲਚ ਲਈ ਸਾਡੀ ਮਿੱਟੀ ਸੋਨੇ ਦੇ ਭਾਅ ਵੇਚ ਰਹੇ ਸਨ।ਰੇਤਾ ਕੱਢ-ਕੱਢ ਸਾਨੂੰ ਖੋਖਲੇ ਕੀਤਾ ਜਾ ਰਿਹਾ ਸੀ ।ਭਾਰੀ ਮਸ਼ੀਨਾਂ , ਟਿੱਪਰ, ਟਰੈਕਟਰ, ਟਰਾਲੀਆਂ ਸਾਡੀ ਹਿੱਕ ਤੇ ਮੇਲਦੀਆਂ ਸਨ , ਤੁਸੀਂ ਉਦੋਂ ਚੁੱਪ ਰਹੇ।ਪਰ ਆਸੀਂ ਹੀ ਜਿਣਦੇ ਆ ,ਉਦੋਂ ਸਾਡੇ ਦਿਲ ਕੀ ਬੀਤ ਰਿਹਾ ਸੀ।ਜਦੋਂ ਸਾਡੇ ਵਹਿਣ ਬਦਲੇ। ਨਜਾਇਜ ਕਬਜੇ ਹੋਏ ਅਸੀਂ ਫੇਰ ਵੀ ਔਖੇ-ਸੌਖੇ ਚਲਦੇ ਰਹੇ।ਸਾਡੇ ਕੰਢੇ ਮਜ਼ਬੂਤ ਕਰਨ ਦੇ ਨਾਂ ਤੇ ਮਾਇਆ ਗੋਲ ਕੀਤੀ।ਜਿਸ ਦੇ ਮਨ ‘ਚ ਜੋ ਆਇਆ ਕੀਤਾ।ਅਸੀਂ ਸਭ ਦੇਖਦੇ ਰਹੇ।ਹੰਝੂ ਵਹਾਉਂਦੇ ਰਹੇ।ਪਰ ਅਖੀਰ ਸਾਡਾ ਵੀ ਅੱਜ ਸਬਰ ਦਾ ਬੰਨ੍ਹ ਟੁੱਟ ਗਿਆ। ਦੱਸੋ ਅਸੀਂ ਬੇਕਾਬੂ ਨਾ ਹੋਈਏ ਤਾਂ ਹੋਰ ਕੀ ਕਰੀ?? ਅਸੀਂ ਕੰਢਿਆਂ ਤੋਂ ਉੱਛਲ ਕੇ ਤੁਹਾਡੇ ਖੇਤਾਂ ਤੇ ਘਰਾਂ ਵੱਲ ਰੁੱਖ ਕੀਤਾ।ਆਖਰ ਅਸੀਂ ਵੀ ਤਾਂ ਚੋਰੀ ਦਾ ਹਿਸਾਬ ਲੈਣਾ ਹੈ।
ਹੱਕੇ-ਬੱਕੇ ਹੋਏ ਲੋਕ ਦੂਰ ਕਿਤੋਂ ਆ ਰਹੀ ਇਸ ਗੈਬੀ ਅਵਾਜ਼ ਨੂੰ ਸੁਣ ਕੇ ਆਪਣੀ ਹੋਣੀ ਤੇ ਪਛਤਾ ਰਹੇ ਸਨ।
ਫਲੇਲ ਸਿੰਘ ਸਿੱਧੂ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



