ਕੀਵ (ਸਮਾਜ ਵੀਕਲੀ): ਯੂਕਰੇਨ ਦੁਆਲੇ ਬਣੇ ਤਣਾਅ ਦੇ ਮੱਦੇਨਜ਼ਰ ਅੱਜ ਜਰਮਨੀ ਦੇ ਚਾਂਸਲਰ ਓਲਫ਼ ਸ਼ੁਲਜ਼ ਨੇ ਮੁਲਕ ਦਾ ਦੌਰਾ ਕੀਤਾ ਹੈ। ਰੂਸ ਦੇ ਹੱਲੇ ਨੂੰ ਰੋਕਣ ਲਈ ਪੱਛਮ ਵੱਲੋਂ ਕੂਟਨੀਤਕ ਯਤਨਾਂ ਰਾਹੀਂ ਮਸਲੇ ਦਾ ਹੱਲ ਲੱਭਿਆ ਜਾ ਰਿਹਾ ਹੈ ਪਰ ਹੁਣ ਇਸ ਗੱਲ ਦਾ ਡਰ ਵੱਡਾ ਹੁੰਦਾ ਜਾ ਰਿਹਾ ਹੈ ਕਿ ਰੂਸ ਕਿਸੇ ਵੇਲੇ ਵੀ ਯੂਕਰੇਨ ਵਿਚ ਦਾਖਲ ਹੋ ਸਕਦਾ ਹੈ।
ਸ਼ੁਲਜ਼ ਮੁੜ ਮਾਸਕੋ ਜਾਣ ਦੀ ਯੋਜਨਾ ਬਣਾ ਰਹੇ ਹਨ ਜਿੱਥੇ ਉਹ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਮਨਾਉਣ ਦੀ ਕੋਸ਼ਿਸ਼ ਕਰਨਗੇ। ਅਮਰੀਕੀ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਰੂਸ ਇਸ ਹਫ਼ਤੇ ਹਮਲਾ ਕਰ ਸਕਦਾ ਹੈ। ਮਾਸਕੋ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਪਰ ਨਾਲ ਹੀ ਯੂਕਰੇਨ ਨੇੜੇ 1,30,000 ਤੋਂ ਵੱਧ ਫ਼ੌਜੀ ਜਮ੍ਹਾਂ ਕਰ ਦਿੱਤੇ ਹਨ। ਅਮਰੀਕਾ ਦਾ ਕਹਿਣਾ ਹੈ ਕਿ ਵਿਰੋਧੀ ਨੂੰ ਨੋਟਿਸ ਦਿੱਤੇ ਬਿਨਾਂ ਹਮਲਾ ਕਰਨ ਲਈ ਐਨੀ ਸੈਨਾ ਕਾਫ਼ੀ ਹੈ। ਜ਼ਿਕਰਯੋਗ ਹੈ ਕਿ ਰੂਸ ਨੇ ਮਾਰੂ ਹਥਿਆਰ ਵੀ ਤਾਇਨਾਤ ਕੀਤੇ ਹੋਏ ਹਨ। ਜੰਗ ਦੇ ਖ਼ਤਰੇ ਦੇ ਮੱਦੇਨਜ਼ਰ ਕੁਝ ਏਅਰਲਾਈਨ ਕੰਪਨੀਆਂ ਨੇ ਕੀਵ ਲਈ ਉਡਾਣਾਂ ਬੰਦ ਕਰ ਦਿੱਤੀਆਂ ਹਨ। ‘ਨਾਟੋ’ ਗੱਠਜੋੜ ਦੇ ਮੈਂਬਰਾਂ ਨੇ ਵੀ ਯੂਕਰੇਨ ਵਿਚ ਹਥਿਆਰ ਲਿਆਉਣੇ ਸ਼ੁਰੂ ਕਰ ਦਿੱਤੇ ਹਨ। ਅਮਰੀਕਾ, ਬਰਤਾਨੀਆ ਤੇ ਹੋਰ ਯੂਰੋਪੀਅਨ ਮੁਲਕਾਂ ਨੇ ਆਪਣੇ ਨਾਗਰਿਕਾਂ ਨੂੰ ਯੂਕਰੇਨ ਛੱਡਣ ਲਈ ਕਹਿ ਦਿੱਤਾ ਹੈ। ਅਮਰੀਕਾ ਆਪਣੇ ਦੂਤਾਵਾਸ ਦੇ ਜ਼ਿਆਦਾਤਰ ਸਟਾਫ਼ ਨੂੰ ਕੀਵ ਵਿਚੋਂ ਕੱਢ ਰਿਹਾ ਹੈ। ਹਾਲਾਂਕਿ ਇੱਥੇ ਸਥਿਤ ਚੀਨ ਦਾ ਦੂਤਾਵਾਸ ਆਮ ਵਾਂਗ ਕੰਮ ਕਰ ਰਿਹਾ ਹੈ। ਚੀਨ ਨੇ ਕਿਹਾ ਹੈ ਕਿ ਉਹ ਆਪਣੇ ਨਾਗਰਿਕਾਂ ਨੂੰ ਕੌਂਸਲਰ ਪਹੁੰਚ ਮੁਹੱਈਆ ਕਰਵਾਏਗਾ। ਉਨ੍ਹਾਂ ਨਾਗਰਿਕਾਂ ਨੂੰ ਜ਼ਮੀਨੀ ਸਥਿਤੀ ’ਤੇ ਨਜ਼ਰ ਰੱਖਣ ਲਈ ਕਿਹਾ ਹੈ। ਯੂਕਰੇਨ ਦੀ ਏਅਰ ਟਰੈਫਿਕ ਸੁਰੱਖਿਆ ਏਜੰਸੀ ਨੇ ਕਾਲਾ ਸਾਗਰ ਉੱਪਰ ਦੀ ਏਅਰਸਪੇਸ ਨੂੰ ਉਡਾਣ ਭਰਨ ਲਈ ‘ਖ਼ਤਰਨਾਕ’ ਕਰਾਰ ਦਿੱਤਾ ਹੈ। ਰੂਸ ਦੀ ਜਲ ਸੈਨਾ ਉੱਥੇ ਗਸ਼ਤ ਤੇ ਜੰਗੀ ਅਭਿਆਸ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਤੇ ਇਸ ਦੇ ਨਾਟੋ ਵਿਚਲੇ ਸਾਥੀ ਰੂਸ ਨੂੰ ਕਈ ਵਾਰ ਕਹਿ ਚੁੱਕੇ ਹਨ ਕਿ ਜੇ ਉਹ ਯੂਕਰੇਨ ਵਿਚ ਵੜਿਆ ਤਾਂ ਗੰਭੀਰ ਸਿੱਟੇ ਭੁਗਤਣੇ ਪੈਣਗੇ। ਪਰ ਕਈ ਵਾਰ ਨਾਟੋ ਮੁਲਕ ਰੂਸ ਖ਼ਿਲਾਫ਼ ਇਕਜੁੱਟ ਨਜ਼ਰ ਨਹੀਂ ਆਏ ਹਨ। ਜਰਮਨੀ ਦੀ ਸਰਕਾਰ ਨੇ ਯੂਕਰੇਨ ਨੂੰ ਹਥਿਆਰ ਦੇਣ ਤੋਂ ਹੱਥ ਪਿਛਾਂਹ ਖਿੱਚਿਆ ਹੈ ਤੇ ਪਾਬੰਦੀਆਂ ਬਾਰੇ ਵੀ ਖੁੱਲ੍ਹ ਕੇ ਗੱਲ ਨਹੀਂ ਕੀਤੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly